ਪੰਜਾਬੀ ਲੋਕ-ਕਾਵਿ ਦੀ ਸਿਰਜਣਾ ਪੜਾਅ-ਦਰ-ਪੜਾਅ ਸਦੀਆਂ ਤੋਂ ਹੁੰਦੀ ਆ ਰਹੀ ਹੈ। ਦਿਲ ਦੀ ਵੇਦਨਾ ਨੂੰ ਪ੍ਰਗਟ ਕਰਨ ਦਾ ਸਭ ਤੋਂ ਉੱਤਮ ਵਸੀਲਾ ਕਾਵਿ ਹੀ ਤਾਂ ਹੁੰਦਾ ਹੈ,ਇਸੇ ਤਰ੍ਹਾਂ ਸਹਿਜੇ ਹੀ ਬੜੇ ਸੁਚੱਜੇ ਢੰਗ ਨਾਲ ਆਪਣੀ ਕਾਵਿ-ਰਚਨਾ ’ਚ ਬਾਤ ਕਹਿ ਜਾਣਾ ਤਾਂ ਕੋਈ 20ਵੀਂ ਸਦੀ ਦੇ ਬੇਹੱਦ ਮਕਬੂਲ ਹੋਏ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੋਂ ਸਿੱਖੇ।

ਪੰਜਾਬੀ ਲੋਕ-ਕਾਵਿ ਦੀ ਸਿਰਜਣਾ ਪੜਾਅ-ਦਰ-ਪੜਾਅ ਸਦੀਆਂ ਤੋਂ ਹੁੰਦੀ ਆ ਰਹੀ ਹੈ। ਦਿਲ ਦੀ ਵੇਦਨਾ ਨੂੰ ਪ੍ਰਗਟ ਕਰਨ ਦਾ ਸਭ ਤੋਂ ਉੱਤਮ ਵਸੀਲਾ ਕਾਵਿ ਹੀ ਤਾਂ ਹੁੰਦਾ ਹੈ,ਇਸੇ ਤਰ੍ਹਾਂ ਸਹਿਜੇ ਹੀ ਬੜੇ ਸੁਚੱਜੇ ਢੰਗ ਨਾਲ ਆਪਣੀ ਕਾਵਿ-ਰਚਨਾ ’ਚ ਬਾਤ ਕਹਿ ਜਾਣਾ ਤਾਂ ਕੋਈ 20ਵੀਂ ਸਦੀ ਦੇ ਬੇਹੱਦ ਮਕਬੂਲ ਹੋਏ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੋਂ ਸਿੱਖੇ। ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਜੰਮੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਪਿਤਾ ਕਿਸ਼ਨ ਗੋਪਾਲ ਦੇ ਘਰ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਸ਼ੱਕਰਗੜ੍ਹ ਦੇ ਬੜਾ ਪਿੰਡ ਲੋਹਟੀਆ (ਪਾਕਿਸਤਾਨ) ’ਚ 23 ਜੁਲਾਈ 1936 ਨੂੰ ਹੋਇਆ। ਮੁੱਡਲੀ ਸਿੱਖਿਆ ਸ਼ਿਵ ਕੁਮਾਰ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਸੰਨ 1947 ਦੀ ਭਾਰਤ, ਪਾਕਿਸਤਾਨ ਵੰਡ ਦੌਰਾਨ ਸ਼ਿਵ ਕੁਮਾਰ ਆਪਣੇ ਪਰਿਵਾਰ ਨਾਲ ਭਾਰਤ ਆ ਗਿਆ ਤੇ ਪੰਜਾਬ ’ਚ ਪੈਂਦੇ ਸ਼ਹਿਰ ਬਟਾਲੇ ਆ ਵਸੇ, ਉਸ ਵਕਤ ਸ਼ਿਵ ਦੀ ਉਮਰ ਲਗਪਗ 10-11 ਸਾਲ ਦੀ ਹੋਵੇਗੀ। ਸ਼ਿਵ ਨੇ ਬਟਾਲੇ ਆ ਕੇ ਆਪਣੀ ਸਿੱਖਿਆ ਮੁੜ ਸ਼ੁਰੂ ਕੀਤੀ ਤੇ ਬਟਾਲੇ ਆਰਮੀ ਹਾਈ ਸਕੂਲ ਤੋਂ ਸੰਨ 1953 ’ਚ ਦਸਵੀਂ ਪਾਸ ਕੀਤੀ।
ਜ਼ਿੰਦਗੀ ਦੇ ਅਗਲੇ ਪੜਾਅ ’ਚ ਫ਼ਕੀਰਾਨਾ ਸੁਭਾਅ ਦਾ ਮਾਲਕ ਪਟਵਾਰੀ ਲੱਗ ਗਿਆ। ਸ਼ਾਇਰਾਨਾ ਮਿਜ਼ਾਜ਼ ਦੇ ਸ਼ਿਵ ਨੇ ਸੰਨ 1960 ’ਚ ਪਟਵਾਰੀ ਦੀ ਨੌਕਰੀ ਨੂੰ ਅਲਵਿਦਾ ਆਖ ਦਿੱਤਾ ਅਤੇ ਲਗਪਗ ਛੇ ਸਾਲ ਸੰਨ 1966 ਤੱਕ ਬੇਰੁਜ਼ਗਾਰ ਰਿਹਾ ਤੇ ਦੂਜੇ ਪਾਸੇ ਉਸ ਦੀ ਗੀਤ, ਗ਼ਜ਼ਲਾਂ, ਕਵਿਤਾਵਾਂ ’ਚ ਪਕੜ ਹੋਰ ਮਜ਼ਬੂਤ ਹੁੰਦੀ ਗਈ ਤੇ ਹੁਣ ਸ਼ਿਵ ਕੁਮਾਰ ਸ਼ਿਵ ਨਾ ਰਿਹਾ ਤੇ ਹੁਣ ਉਹ ਸ਼ਿਵ ਕੁਮਾਰ ਬਟਾਲਵੀ ਬਣ ਚੁੱਕਾ ਸੀ। ਉਹ ਕਵੀ ਦਰਬਾਰਾ ਦੀ ਸ਼ਾਨ ਬਣ ਗਿਆ ਸੀ। ਸੰਨ 1966 ’ਚ ਸ਼ਿਵ ਕੁਮਾਰ ਬਟਾਲਵੀ ਨੇ ਸ਼ਹਿਰ ਬਟਾਲੇ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ’ਚ ਕਲਰਕ ਦੀ ਨੌਕਰੀ ਅਰੰਭ ਕੀਤੀ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਮੰਗਿਆਲ ਦੀ ਕੁੜੀ ਅਰੁਣਾ ਨਾਲ ਸੰਨ 1967 ’ਚ ਵਿਆਹ ਬੰਧਨ ’ਚ ਬੱਝ ਗਿਆ।
ਸੰਨ 1968 ’ਚ ਸ਼ਿਵ ਕੁਮਾਰ ਬਟਾਲਵੀ ਦੀ ਬਦਲੀ ਸਟੇਟ ਬੈਂਕ ਆਫ ਇੰਡੀਆ ਦੀ ਚੰਡੀਗੜ੍ਹ ਬ੍ਰਾਂਚ ਵਿਚ ਹੋ ਗਈ। ਫ਼ਕੀਰਾਨਾ ਸੁਭਾਅ ਦਾ ਮਾਲਕ ਸ਼ਿਵ ਦਾ ਮਨ ਕਲਰਕ ਦੀ ਨੌਕਰੀ ’ਚ ਨਹੀਂ ਸੀ ਲੱਗ ਰਿਹਾ। ਚੰਡੀਗੜ੍ਹ ਦੇ 21 ਸੈਕਟਰ ਦੇ ਇਕ ਕਿਰਾਏ ਦੇ ਘਰ ’ਚ ਰਹਿ ਸ਼ਿਵ ਕੁਮਾਰ ਗੀਤ, ਗ਼ਜ਼ਲਾਂ, ਕਵਿਤਾਵਾਂ ਲਿਖ ਰਿਹਾ ਸੀ ‘ਜੋ ਅੱਜ ਦੇ ਦਿਨ ਤੱਕ ਕੋਈ ਲਿਖ ਨਾ ਸਕਿਆ। ਸ਼ਿਵ ਨੇ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ’ਤੇ ਕਵਿਤਾ ਕਹੀ ਤੇ ਆਪ ਹੰਢਾਈ, ਸ਼ਿਵ ਦੀਆਂ ਕਈ ਕਾਵਿ-ਰਚਨਾਵਾਂ ’ਚੋਂ ਇਕ ਅਣਪੁੱਗੀ ਰੀਝ ਦਾ ਅਹਿਸਾਸ ਹੁੰਦਾ ਜਾਪਦਾ ਹੈ। ਸ਼ਿਵ ਦੀ ਸੁਰੀਲੀ ਆਵਾਜ਼ ਨੇ ਉਸ ਨੂੰ ਅਤੇ ਉਸ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਨੂੰ ਬਹੁਤ ਹੀ ਹਰਮਨ-ਪਿਆਰਾ ਬਣਾ ਦਿੱਤਾ ਸੀ। ਸ਼ਿਵ ਕੁਮਾਰ ਬਟਾਲਵੀ ਦੀਆਂ ਕਾਵਿ ਰਚਨਾਵਾਂ : ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ ਬੇਹੱਦ ਮਕਬੂਲ ਹੋਈਆਂ ਕਾਵਿ ਰਚਨਾਵਾਂ ਸਨ ਤੇ ਇਹ ਹੁਣ ਵੀ ਉਨ੍ਹੀਆਂ ਹੀ ਮਕਬੂਲ ਹਨ। ਵਧੇਰੇ ਕਰਕੇ ਸ਼ਿਵ ਕੁਮਾਰ ਬਟਾਲਵੀ ਆਪਣੀ ਰੋਮਾਂਟਿਕ ਕਵਿਤਾ ਲਈ ਜਾਣੇ ਜਾਂਦੇ ਸਨ ਤੇ ਅੱਜ ਵੀ ਜਾਣੇ ਜਾਂਦੇ ਹਨ। ਸ਼ਿਵ ਕੁਮਾਰ ਬਟਾਲਵੀ ਨੂੰ ਸੰਨ 1967 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲ ਗਿਆ ਸੀ ਤੇ ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਸਨ। ਇਸ ਪੰਜਾਬੀ ਜ਼ੁਬਾਨ ਦੇ ਮਕਬੂਲ ਤੇ ਮਹਿਬੂਬ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਉਸ ਦੇ ਕੁਦਰਤ ਨਾਲ ਪ੍ਰੇਮ ਨੇ ਉਸ ਤੋਂ ਬਿਰਖਾਂ ਦੀ ਹੋਂਦ ਨੂੰ ਕੁੁਝ ਇੰਜ ਲਿਖਵਾਇਆ :
ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ,
ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗਲ ਲਾਵਾਂ,
ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ,
ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ,
ਕੁਝ ਰੁੱਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ,
ਕੁਝ ਰੁੱਖ ਜਦ ਵੀ ਰਲ ਕੇ ਝੂਮਣ ਤੇਜ਼ ਵਗਣ ਜਦ ’ਵਾਵਾਂ,
ਸਾਵੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ,
ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ,
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ,
ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ।’
ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਸ ਪਾਰ ਵੱਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ ਤੇ ਅੱਜ ਵੀ ਅਸੀ ‘ਸ਼ਿਵ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ ’ਚ ਸਿਰਫ਼ ਪੰਜਾਬ ਨਹੀਂ ਸਗੋਂ ਸਮੁੱਚ ਕੁਦਰਤ ਦੇ ਦਰਸ਼ਨ ਕਰ ਸਕਦੇ ਹਾਂ। ਸ਼ਿਵ ਕੁਮਾਰ ਬਟਾਲਵੀ ਦੇ ਬੇਹੱਦ ਨਜ਼ਦੀਕ ਰਹਿਣ ਵਾਲੇ ਲੋਕ ਕਹਿੰਦੇ ਸਨ ਕਿ ਉਹ ਸਦਾ ਬਣ-ਠਣ ਕੇ ਰਹਿੰਦਾ ਸੀ। ਇਥੇ ਅਸੀਂ ਇਹ ਵੀ ਕਿਹਾ ਸਕਦੇ ਹਾਂ ਕਿ ਸ਼ਿਵ ਪੰਜਾਬੀ ਸ਼ਾਇਰੀ ਦਾ ਪਹਿਲਾ ਮਾਡਰਨ ਸ਼ਾਇਰ ਸੀ। ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਵੀ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਬਹੁਤ ਵਾਰ ਆਪਣੀਆਂ ਕਵਿਤਾਵਾਂ ’ਚ ਕੀਤਾ ਹੈ ਤੇ ਸ਼ਾਇਰ ਸ਼ਿਵ ਕੁੁਝ ਇੰਜ ਲਿਖਦਾ :
‘ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ
ਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ।
ਲੋਕ ਕਹਿਣ ਮੈਂ ਸੂਰਜ ਬਣਿਆ ਲੋਕ ਕਹਿਣ ਮੈਂ ਰੋਸ਼ਨ ਹੋਇਆ
ਸਾਨੂੰ ਕੇਹੀ ਲਾ ਗਿਆ ਅੱਗ ਵੇ ਤੇਰਾ ਬਿਰਹੜਾ।’
ਪੰਜਾਬੀ ਦੇ ਹਰਮਨ ਪਿਆਰੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਅੱਜ ਵੀ ਲੋਕਾਂ ਦੇ ਦਿਲਾਂ ’ਚ ਆਪਣੀਆਂ ਅਣਗਿਣਤ ਲਿਖਤਾਂ ਰਾਹੀਂ ਧੜਕ ਰਹੇ ਹਨ। ਆਖ਼ਰੀ ਸਮੇਂ ਉਨ੍ਹਾਂ ਨੂੰ ਇੰਗਲੈਂਡ ਦੀ ਆਬੋ-ਹਵਾ ਰਾਸ ਨਾ ਆਈ ਤੇ ਜਦੋਂ ਉਹ ਭਾਰਤ ਆਪਣੇ ਵਤਨ ਵਾਪਸ ਆਏ ਤਾਂ ਦਿਨ 6 ਮਈ, ਸੰਨ 1973 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਲਗਪਗ 37 ਸਾਲ ਦੀ ਭਰ ਜਵਾਨੀ ’ਚ ਇਸ ਸੰਸਾਰ ਨੂੰ ਛੱਡ ਜਾਣ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਾਪਦਾ ਹੈ ਅੱਜ ਵੀ ਸਾਡੇ ਵਿਚ ਆਪਣੀਆਂ ਲਿਖਤਾਂ ਰਾਹੀਂ ਹਾਜ਼ਰ ਹੈ ਤੇ ਮਹਿਸੂਸ ਹੋ ਰਿਹਾ ਹੈ ਅਤੇ ਉਹ ਕਹਿ ਰਿਹਾ ਹੈ :
‘ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ ਕਿ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਕ ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।’
ਰਾਵੀ ਦਰਿਆ ਦੇ ਲਾਡਲੇ ਪੁੱਤਰ ਸ਼ਿਵ ਦੇ ਲਿਖੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਅੱਜ ਦੇ ਦਿਨ ਤੱਕ ਲੋਕਾਂ ਦੀ ਜ਼ੁਬਾਨ ’ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀਆਂ ਅਨੇਕਾਂ ਹੀ ਲਿਖਤਾਂ ਅੱਜ ਵੀ ਪੜ੍ਹਦਿਆਂ, ਸੁਣਦਿਆਂ ਰੂਹ ਨਸ਼ਿਆਈ ਜਾਂਦੀ। ਸ਼ਿਵ ਸੁਰੀਲੀ ਆਵਾਜ਼ ’ਚ ਜਦੋਂ ਮਹਿਫ਼ਿਲ ’ਚ ਗਾਉਂਦਾ ਤਾਂ ਉਸ ਦਾ ਰੂਪ-ਰੰਗ ਹੋਰ ਵੀ ਨਿਖ਼ਰ ਕੇ ਸਾਹਮਣੇ ਆਉਂਦਾ। ਸ਼ਿਵ ਦਾ ਭਰ ਜਵਾਨੀ ’ਚ ਜਹਾਨੋਂ ਚਲੇ ਜਾਣ ਦਾ ਜ਼ਖ਼ਮ ਸਾਹਿਤਕਾਰਾਂ ਤੇ ਪਾਠਕਾਂ ਲਈ ਸਦਾ ਹਰਿਆ ਹੀ ਰਹੇਗਾ।
‘ਪੀੜਾਂ ਦਾ ਪਰਾਗਾ’
ਦਰਦ ਬਿਆਨਦਿਆਂ ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ :
‘ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ।
ਹੋ ਗਿਆ ਕੁਵੇਲਾ ਮੈਨੂੰ ਢੱਲ ਗਈਆਂ ਛਾਵਾਂ ਨੀਂ,
ਬੇਲਿਆਂ ’ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀਂ,
ਪਾਇਆ ਚਿੜੀਆਂ ਨੇ ਚੀਕ-ਚਿਹਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ।’
- ਹਰਮਨਪ੍ਰੀਤ ਸਿੰਘ