ਹੱਥਲੀ ਵਾਰਤਕ ਪੁਸਤਕ ‘ਕਿਤਾਬ ਵਿਚ ਪਈ ਚਿੱਠੀ’ ਕਈ ਪੱਖਾਂ ਨੂੰ ਲੈ ਕੇ ਚਰਚਾ ’ਚ ਹੈ ਜਿਸ ’ਚ ਲੇਖਕ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਸੁਹਜਮਈ ਸ਼ਬਦਾਂ ਦੇ ਰੰਗ ’ਚ ਰੰਗ ਕੇ ਪਾਠਕਾਂ ਨਾਲ ਗਹਿਰੀ ਸਾਂਝ ਪਾਉਂਦਾ ਹੈ। ਪੁਸਤਕ ਵਿਚ 100 ਦੇ ਕਰੀਬ ਛੋਟੇ-ਛੋਟੇ ਲੇਖ ਵੱਡੀ ਸੋਚ ਅਤੇ ਜੀਵਨ ਸਚਾਈ ਨੂੰ ਬਿਆਨ ਕਰਦੇ ਵੱਡੇ ਪ੍ਰਤੀਤ ਹੁੰਦੇ ਦਿਸਦੇ ਹਨ।

ਪਰਮਿੰਦਰ ਸੋਢੀ ਜਾਪਾਨ ’ਚ ਵੱਸਦੇ ਪਰਵਾਸੀ ਲੇਖਕ ਹਨ ਜਿਨ੍ਹਾਂ ਨੇ ਹੋਰ ਪੁਸਤਕਾਂ ਤੋਂ ਇਲਾਵਾ ਵਾਰਤਕ ਕਿਤਾਬਾਂ ‘ਰੱਬ ਦੇ ਡਾਕੀਏ’, ‘ਕੁਦਰਤ ਦੇ ਡਾਕੀਏ’, ‘ਮੈਂ ਚਰਖਾ ਤੂੰ ਕੱਤਣ ਵਾਲੀ’,‘ਦੌੜ ਕੇ ਕੌਣ ਮਿਲਦਾ’,ਝਰਨੇ ਦੀ ਆਤਮ ਕਥਾ’, ਮਾਫ਼ੀ ਕਿਸ ਤੋਂ ਮੰਗਾਂ’, ‘ਤਿਣਕਾ’ ਮਾਂ-ਬੋਲੀ ਦੀ ਝੋਲੀ ’ਚ ਪਾਈਆਂ ਹਨ। ਹੱਥਲੀ ਵਾਰਤਕ ਪੁਸਤਕ ‘ਕਿਤਾਬ ਵਿਚ ਪਈ ਚਿੱਠੀ’ ਕਈ ਪੱਖਾਂ ਨੂੰ ਲੈ ਕੇ ਚਰਚਾ ’ਚ ਹੈ ਜਿਸ ’ਚ ਲੇਖਕ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਸੁਹਜਮਈ ਸ਼ਬਦਾਂ ਦੇ ਰੰਗ ’ਚ ਰੰਗ ਕੇ ਪਾਠਕਾਂ ਨਾਲ ਗਹਿਰੀ ਸਾਂਝ ਪਾਉਂਦਾ ਹੈ। ਪੁਸਤਕ ਵਿਚ 100 ਦੇ ਕਰੀਬ ਛੋਟੇ-ਛੋਟੇ ਲੇਖ ਵੱਡੀ ਸੋਚ ਅਤੇ ਜੀਵਨ ਸਚਾਈ ਨੂੰ ਬਿਆਨ ਕਰਦੇ ਵੱਡੇ ਪ੍ਰਤੀਤ ਹੁੰਦੇ ਦਿੱਸਦੇ ਹਨ। ਪੁਸਤਕ ਦੇ ਸਾਰੇ ਲੇਖ ਹੀ ਜੀਵਨ ਦੀਆਂ ਬਰੀਕ ਪਰਤਾਂ ਨਾਲ ਮਨੁੱਖ ਦੀ ਸਾਂਝ ਪਾਉਂਦੇ ਹਨ। ਲੇਖਕ ਜਿੱਥੇ ਜੀਵਨ ਯਥਾਰਥ ਦੀ ਪੇਸ਼ਕਾਰੀ ਕਰਦਾ ਹੈ ਉੱਥੇ ਆਧੁਿਨਕ ਵਸੀਲਿਆਂ ਦੇ ਸੰਦਰਭ ’ਚ ਮਨੁੱਖੀ ਜ਼ਿੰਦਗੀ ਦੇ ਚੰਗੇ ਭਵਿੱਖ ਦੀ ਉਮੀਦ ਵੀ ਕਰਦਾ ਹੈ। ਕੋਈ ਵੀ ਲੇਖ ਪੜ੍ਹਦਿਆਂ ਅਕਾਊਪੁਣਾ ਪੈਦਾ ਨਹੀਂ ਹੁੰਦਾ ਸਗੋਂ ਜਗਿਆਸਾ ਵਧਦੀ ਜਾਂਦੀ ਹੈ। ਲੇਖਕ ‘ਚੰਗੇ ਭਵਿੱਖ ਦੀ ਆਸ ਕਰਦਿਆਂ’ ਲੇਖ ਵਿਚ ਲਿਖਦਾ ਹੈ...‘ਹੁਣ ਦੁਨੀਆ ਦੇ ਮਨੁੱਖਾਂ ’ਚ ਫ਼ਾਸਲਿਆਂ ਨੂੰ ਖ਼ਤਮ ਕਰਨਾ ਸੰਭਵ ਹੁੰਦਾ ਜਾ ਰਿਹਾ ਹੈ। ਫ਼ਾਸਲੇ ਘਟਾਉਣ ਵਿਚ ਸਭ ਤੋਂਂ ਵੱਡਾ ਪੁਲ ਇੰਟਰਨੈੱਟ ਬਣ ਸਕਦਾ ਹੈ। ‘ਕੰਧ ਓਹਲੇ ਪਰਦੇਸ’ ਦੀ ਮਾਨਸਿਕਤਾ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਭੂਗੋਲਿਕ ਹੱਦਾਂ ਦੇ ਹੁੰਦੇ ਵੀ ਦੁਨੀਆ ਭਰ ਦੇ ਲੋਕ ਇਕ-ਦੂਜੇ ਬਾਰੇ ਵਧੇਰੇ ਚੰਗੀ ਤਰ੍ਹਾਂ ਜਾਣੂ ਹੋ ਰਹੇ ਹਨ।’ ਇੰਜ ਸੋਢੀ ਦੀ ਵਾਰਤਕ ਉਨ੍ਹਾਂ ਨੌਜਵਾਨ-ਮੁੰਡਿਆਂ ਕੁੜੀਆਂ ਲਈ ਢਾਰਸ ਬਣਦੀ ਹੈ ਜੋ ਪਰਾਈ ਧਰਤੀ ’ਤੇ ਨਾਲੇ ਪੜ੍ਹ ਰਹੇ ਹਨ ਅਤੇ ਨਾਲੇ ਰੋਜ਼ੀ-ਰੋਟੀ ਲਈ ਮੁਸ਼ੱਤਕ ਵੀ ਕਰ ਰਹੇ ਹਨ। ਪੁਸਤਕ ਵਿਚਲੇ ਹੋਰ ਲੇਖਾਂ ਰਾਹੀਂ ਜੀਵਨ ਦੇ ਯਥਾਰਥ ਨੂੰ ਬੜੇ ਸਰਲ ਅਤੇ ਬੇਬਾਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ-
-‘ਚੰਗੀਆਂ ਥਾਵਾਂ ਅਤੇ ਚੰਗੇ ਲੋਕਾਂ ਨੂੰ ਿਵਦਾ ਕਹਿਣਾ ਸੌਖਾ ਨਹੀਂ ਹੁੰਦਾ। ਿਵਦਾ ਹੁੰਦੇ ਸਮੇਂ ਬੰਦੇ ਦੇ ਅੰਦਰ ਸੁੰਨ ਸਮਾਧੀ ਉਤਰ ਆਉਂਦੀ ਹੈ ਅਤੇ ਅੱਖਾਂ ’ਚ ਹਲਕੀ ਜਿਹੀ ਨਮੀ। ਿਜਵੇਂ ਕੋਈ ਕਿਸ਼ਤੀ ਕਿਨਾਰੇ ਤੋਂ ਦੂਰ ਜਾ ਰਹੀ ਹੋਵੇ ਅਤੇ ਸਾਹਮਣੇ ਅਥਾਹ ਸਮੁੰਦਰ ਫੈਲਿਆ ਹੋਵੇ’ (‘ਵਿਦਾਈ’)। -‘ਪੈਸਾ ਉਹ ਿਖਡਾਉਣਾ ਹੈ ਜੋ ਿਮਲ ਜਾਵੇ ਤਾਂ ਿਮੱਟੀ ਹੈ ਨਾ ਿਮਲਿਆ ਤਾਂ ਸੋਨਾ ਪਰ ਅਗਲੀ ਗੱਲ ਇਹ ਹੈ ਿਕ ਜੇ ਤੁਹਾਨੂੰ ਪੈਸਾ ਖ਼ਰਚਣਾ ਨਹੀਂ ਆਉਂਦਾ ਤਾਂ ਉਹ ਵੀ ਿਮੱਟੀ ਹੀ ਹੁੰਦਾ ਹੈ’ (‘ਪੈਸੇ ਦੀ ਮਾਇਆ’)।
-‘ਸੰਸਾਰ ਦੇ ਰੌਲੇ-ਗੌਲੇ ਵਿਚ ਕੋਈ ਹੌਲੀ ਜਿਹੀ ਆਵਾਜ਼ ’ਚ ਅਪਣੱਤ ਵਾਲੀ ਸੁਰ ਵਿਚ ਗੱਲ ਕਰੇ ਤਾਂ ਉਸ ਗੱਲ ਨੂੰ ਆਪਣੇ ਅੰਦਰ ਸਾਂਭ ਲੈਣਾ ਚਾਹੀਦਾ ਹੈ’,(‘ਸਾਂਭਣ ਵਾਲੀ ਗੱਲ’)। -‘ਕਈ ਵਾਰ ਮੈਨੂੰ ਲੱਗਦਾ ਹੈ ਿਕ ਇਹ ਸੰਸਾਰ ਿਕਸੇ ਲੰਬੇ ਮਾਰੂਥਲ ਵਰਗਾ ਹੈ। ਜਿੱਥੇ ਸਾਨੂੰ ਤੁਰੇ ਰਹਿਣ ਦਾ ਸਰਾਪ ਲੱਗਾ ਹੁੰਦਾ ਹੈ। ਸੁੱਕੀ ਰੇਤ। ਨੇਰ੍ਹੀਆਂ। ਕੰਡਿਆਂ ਵਾਲੇ ਝਾੜ। ਪਿਆਸ ਨਾਲ ਸੁੱਕਦੇ ਬੁੱਲ। ਿਫਰ ਹਰਿਆਲੀ ਆ ਜਾਂਦੀ। ਮੀਂਹ ਦੀ ਕਿਣਮਿਣ ਹੋ ਜਾਂਦੀ। ਪਰ ਇਹ ਪਲ ਛਿਣ ਲਈ ਹੁੰਦਾ’ (‘ਕਈ ਵਾਰ ਲੱਗਦਾ ਹੈ’)।-‘ਸਾਨੂੰ ਆਪਣਾ ਜੀਵਨ ਨਾਵਲ ਵਰਗਾ ਲੱਗ ਸਕਦਾ ਹੈ। ਲੰਬਾ...ਪਰ ਹੁੰਦਾ ਇਹ ਕਿਤੇ ਵੀ ਨਹੀਂ। ਆਖ਼ਰ ਵਿਚ ਇਹ ਦੋ ਸਤਰੀ ਟੱਪੇ ਜਾਂ ਇਕ ਸਤਰੀ ਕਵਿਤਾ ’ਚ ਸਿਮਟ ਜਾਂਦਾ ਹੈ। ਮਨੁੱਖ ਦੀ ਹਓਮੈ ਲਈ ਇਸ ਤੋਂ ਵੱਧ ਕੇ ਉਦਾਸ ਹਾਦਸਾ ਕੀ ਹੋ ਸਕਦਾ ?’ (‘ਦੋ ਸਤਰੀ ਟੱਪਾ’)।
-ਭਾਰਤ ਦੇ ਇਕ ਪੁਰਾਣੇ ਗ੍ਰੰਥ ਮਹੋ-ਉਪਨਿਸ਼ਦ ’ਚ ਇਕ ਮੰਤਰ ਦਰਜ ਹੈ ਜਿਸ ਦਾ ਅਰਥ ਹੈ ਕਿ ਇਹ ਮੇਰਾ ਆਪਣਾ ਹੈ ਅਤੇ ਇਹ ਪਰਾਇਆ ਹੈ, ਇਸ ਤਰ੍ਹਾਂ ਦੀ ਗਿਣਤੀ-ਿਮਣਤੀ ਛੋਟੇ ਚਿੱਤ ਵਾਲੇ ਲੋਕ ਕਰਦੇ ਹਨ। ਵੱਡੇ ਦਿਲੋਂ-ਿਦਮਾਗ਼ ਵਾਲੇ ਲੋਕਾਂ ਲਈ ਤਾਂ ਪੂਰੀ ਧਰਤੀ ਹੀ ਆਪਣਾ ਪਰਿਵਾਰ ਹੁੰਦੀ ਹੈ...ਵਸੂਧੈਵ ਕੁਟੁੰਬਕਮ ਦਾ ਸਿੱਧਾ ਅਰਥ ਹੈ ਕਿ ਇਹ ਪੂਰੀ ਦੁਨੀਆ ਇਕ ਪਰਿਵਾਰ ਹੈ। (‘ਵਸੂਧੈਵ ਕੁਟੰੁਬਕਮ’)। ਜ਼ਿੰਦਗੀ ਦੀ ਸਚਾਈ ਹੈ ਕਿ ਸਾਰੀ ਉਮਰ ਬੰਦੇ ਦੀਆਂ ਇੱਛਾਵਾਂ ਨਹੀਂ ਮੁੱਕਦੀਆਂ। ਇਸ ਸਚਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਿਬਆਨ ਕਰਦਾ ਲੇਖ ‘ਅਰੋਕ ਹਨੇਰੀ’ ਹੈ ਜਿਸ ’ਚ ਲੇਖਕ ਲਿਖਦਾ ਹੈ-‘ਬੁੱਧ ਵੱਡਾ ਬੰਦਾ ਸੀ ਤੇ ਵੱਡਾ ਹੀ ਰਹੇਗਾ। ਉਸ ਦੇ ਗਿਆਨ ਨੂੰ ਇਕ ਸ਼ਬਦ ’ਚ ਸਮੇਟਣਾ ਹੋਵੇ ਤਾਂ ਉਹ ਸ਼ਬਦ ‘ਤਨਹਾ’ ਹੈ। ਇਹ ਸ਼ਬਦ ਪਾਲੀ ਬੋਲੀ ਦਾ ਹੈ। ਤਨਹਾ ਭਾਵ ਤ੍ਰਿਸ਼ਨਾ ਜਾਂ ਇੱਛਾ। ਤੁਸੀਂ ਗ਼ੁਲਾਬ ਦੀਆਂ ਪੱਤੀਆਂ ਦੇ ਬਣੇ ਿਬਸਤਰੇ ’ਚੋਂ ਿਨਕਲ ਕੇ ਆਏ ਹੋ ਸਕਦੇ ਹੋ। ਪੂਰੇ ਅਨੰਦ ਵਿਚ ਹੋ ਸਕਦੇ ਹੋ ਪਰ ਅਗਲੇ ਹੀ ਪਲ਼ ਤੁਹਾਡੇ ਅੰਦਰ ਗੇਂਦੇ ਦੇ ਫੁੱਲ ਦੀ ਪੱਤੀ ਲਈ ਤ੍ਰਿਸ਼ਣਾ ਜਾਗ ਸਕਦੀ ਹੈ। ਤਨਹਾ ਜਾਂ ਤ੍ਰਿਸ਼ਣਾ ਦੀ ਹਨੇਰੀ ਅਰੋਕ ਹੈ ਅਤੇ ਅਸੀਂ ਇਸ ਹਨੇਰੀ ਮੋਹਰੇ ਬੇਬਸ ਪੱਤੇ।’
ਡਾ. ਪਰਮਜੀਤ ਢੀਂਗਰਾ ਦੇ ਸ਼ਬਦਾਂ ’ਚ ‘ਪਰਮਿੰਦਰ ਸੋਢੀ ਕਵੀ ਹੋਣ ਦੇ ਨਾਲ-ਨਾਲ ਸ਼ਬਦਾਂ ਦਾ ਖੋਜੀ ਅਤੇ ਵਾਰਤਕ ਲੇਖਕ ਹੈ। ਉਹਦੀ ਵਾਰਤਕ ਸੁਹਜਮਈ ਤੇ ਸਲੀਕੇ ਵਾਲੀ ਹੁੰਦੀ ਹੈ। ਉਹ ਕਿਤਾਬ ‘ਕਿਤਾਬ ਵਿਚ ਪਈ ਚਿੱਠੀ’ ’ਚ ਨਿੱਕੇ ਨਿੱਕੇ ਫਿਕਰਿਆਂ ਵਿਚ ਉਹ ਫ਼ਲਸਫ਼ੇ ਤੇ ਜ਼ਿੰਦਗੀ ਦੇ ਉਨ੍ਹਾਂ ਛਿੰਨਾਂ ਨੂੰ ਫੜਨ ਦਾ ਯਤਨ ਕਰਦਾ ਹੈ ਜੋ ਵਰਤਮਾਨ ’ਚ ਸਾਹ ਲੈਂਦਿਆਂ ਕਿਣਿਕਆਂ ਵਾਂਗ ਚਮਕਦੇ ਹਨ। ਉਹ ਛੋਟੇ-ਛੋਟੇ ਲੇਖਾਂ ’ਚ ਉਹ ਕਲਾਤਮਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਅਸਲ ’ਚ ਵਾਰਤਕ ਲੇਖਕ ਕੋਲ ਭਾਸ਼ਾ ਦਾ ਸੰਜਮੀ ਹੋਣਾ ਜ਼ਰੂਰੀ ਹੈ। ਜੇ ਉਹ ਕਵੀ ਵੀ ਹੋਵੇ ਤਾਂ ਸੋਨੇ ’ਤੇ ਸੁਹਾਗਾ ਹੁੰਦਾ ਹੈ। ਸੋਢੀ ਕਵੀ ਹੈ ਤੇ ਉਹਦੇ ਕੋਲ ਭਾਸ਼ਾ ਦਾ ਸੰਜਮੀ ਮੁਹਾਵਰਾ ਹੈ। ਇਸੇ ਕਰਕੇ ਸੰਖੇਪ ਵਿਚ ਵੀ ਉਹ ਵੱਡੀ ਗੱਲ ਕਹਿ ਜਾਂਦਾ ਹੈ।
ਇਹੀ ਉਹਦੀ ਵਾਰਤਕ ਦੀ ਵਿਸ਼ੇਸ਼ਤਾ ਤੇ ਹਾਸਲ ਹੈ।’ ਪੁਸਤਕ ਦੇ ਅਖ਼ੀਰ ’ਚ ‘ਕੁਝ ਸਵਾਲ ਜਵਾਬ’ ਰਾਹੀਂ ਵਾਰਤਕ ਕਲਾ ਦਾ ਇਕ ਵੱਖਰਾ ਰੂਪ ਪੇਸ਼ ਕੀਤਾ ਹੈ ਅਤੇ ਲੇਖਕ ਨੇ ਪਾਠਕਾਂ/ਸੱਜਣਾਂ ਬੇਲੀਆਂ ਦਾ ਧੰਨਵਾਦ ਵੀ ਿਵਲੱਖਣ ਅੰਦਾਜ਼ ਵਿਚ ਦਿੱਤਾ ਹੈ। ਛੋਟੇ-ਛੋਟੇ ਿਫਕਰਿਆਂ ਵਾਲੀ ਪਰਮਿੰਦਰ ਸੋਢੀ ਦੀ ਉਕਤ ਵਾਰਤਕ ਪੁਸਤਕ ਪਾਠਕ ਵਰਗ ਉੱਤੇ ਆਪਣਾ ਸਦੀਵੀ ਪ੍ਰਭਾਵ ਪਾਉਣ ਦੇ ਸਮਰੱਥ ਹੈ। ਸੋਢੀ ਹੁਰਾਂ ਦੀ ਇਹ ਪੁਸਤਕ ਆਕਾਰ ਪੱਖੋਂ ਵੀ ਛੋਟੀ ਜਿਹੀ ਹੈ ਅਤੇ ਦਿੱਖ ਪੱਖੋਂ ਮੋਹ ਪੈਦਾ ਕਰਨ ਵਾਲੀ। ਪੁਸਤਕ ਨੂੰ 158 ਪੰਨਿਆਂ ’ਤੇ ਦਿਲਕਸ਼ ਸਰੂਪ ’ਚ ਵਿਸਥਾਰ ਦਿੱਤਾ ਗਿਆ ਹੈ। ਜਿਸ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਿਧਆਣਾ ਨੇ ਕੀਤਾ ਹੈ। ਪੁਸਤਕ ਦੀ ਕੀਮਤ 325 ਰੁਪਏ ਹੈ। ਗਿਆਨ ਦੇ ਸਾਗਰ ਵਿਚ ਚੁੱਭੀ ਲਾਉਣ ਵਾਲੀਆਂ ਰੂਹਾਂ ਨੂੰ ਇਸ ਪੁਸਤਕ ਦਾ ਦੀਦਾਰ ਪਹਿਲ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ।
• ਜਸਵਿੰਦਰ ਸਿੰਘ ਬਹੋੜੂ