ਢਾਹਾਂ ਕਲੇਰਾਂ ਦੀ ਕੱਲਰੀ ਧਰਤੀ ਨੂੰ ਜਰਖੇਜ਼ ਬਣਾ ਸੇਵਾ ਦੇ ਵੱਡੇ ਸਤੰਭ ਖੜ੍ਹੇ ਕਰਨ ਉਪਰੰਤ ਬਾਬਾ ਬੁੱਧ ਸਿੰਘ ਜੀ ਦੀ ਅਗਵਾਈ ਹੇਠ ਬੀਤ ਤੇ ਕੰਢੀ ਦੇ ਲੋੜਵੰਦ ਇਲਾਕੇ ਵਿਚ ਸ਼ੁਰੂ ਹੋਈ ਸੇਵਾ ਨਿਵੇਕਲੀ ਪਹਿਲਕਦਮੀ ਨਵੇਂ ਇਤਿਹਾਸ ਦੀ ਗਵਾਹ ਬਣੀ, ਜੋ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਰਾਹੀਂ ਰੂਪਮਾਨ ਹੈ।

ਬਾਬਾ ਬੁੱਧ ਸਿੰਘ ਢਾਹਾਂ ਸੇਵਾ, ਸਿਮਰਨ, ਸਾਧਨਾ ਸਮਰਪਣ ਤੇ ਸੁਕਿਰਤ ਦੀ ਸਾਕਾਰ ਮੂਰਤ ਸਨ। ਉਨ੍ਹਾਂ ਦਾ ਜਨਮ 5 ਦਸੰਬਰ, 1925 ਨੂੰ ਮਾਤਾ ਨੰਦ ਕੌਰ ਤੇ ਪਿਤਾ ਸ਼ੇਰ ਸਿੰਘ ਦੇ ਘਰ ਪਿੰਡ ਢਾਹਾਂ, ਜ਼ਿਲ੍ਹਾ ਨਵਾਸ਼ਹਿਰ ਵਿਖੇ ਹੋਇਆ ਤੇ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਸਮਾਜ ਸੇਵਾ ਨੂੰ ਸਮਰਪਿਤ ਕੀਤੀ। ਬਾਬਾ ਜੀ ਦਾ ਪਰਿਵਾਰ ਗ਼ਦਰੀ ਬਾਬਿਆਂ ਤੇ ਦੇਸ਼ ਭਗਤਾਂ ਨਾਲ ਸਬੰਧਿਤ ਸੀ। ਉਨ੍ਹਾਂ ਦੇ ਚਾਚਾ ਬਾਵਾ ਸਿੰਘ ਉੱਘੇ ਸਮਾਜ ਸੇਵੀ ਤੇ ਦੇਸ਼ ਭਗਤ ਸਨ, ਜਿਨ੍ਹਾਂ ਦਾ ਉਨ੍ਹਾਂ ’ਤੇ ਬਹੁਤ ਜ਼ਿਆਦਾ ਪ੍ਰਭਾਵ ਸੀ। ਉਸ ਵਕਤ ਦੇਸ਼ ਦਾ ਮਾਹੌਲ ਆਜ਼ਾਦੀ ਪ੍ਰਾਪਤੀ ਦੀ ਰੰਗਤ ’ਚ ਰੰਗਿਆ ਪਿਆ ਸੀ। ਕੌਮੀ ਤੇ ਧਾਰਮਿਕ ਲਹਿਰਾਂ ਸਿਖ਼ਰ ਉਪਰ ਸਨ। ਬਾਬਾ ਬੁੱਧ ਸਿੰਘ ਦਾ ਬਚਪਨ ਇਸੇ ਮਾਹੌਲ ’ਚ ਗੁਜ਼ਰਿਆਂ ਤੇ ਸੇਵਾ ਦੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਮਿਲੀ।
ਬਚਪਨ ’ਚ ਕਾਨਫਰੰਸਾਂ ’ਤੇ ਕੀਤਾ ਬੋਲਣਾ ਸ਼ੁਰੂ
ਬਚਪਨ ’ਚ ਹੀ ਬਾਬਾ ਬੁੱਧ ਸਿੰਘ ਨੇ ਧਾਰਮਿਕ ਜੋੜ ਮੇਲਿਆਂ ਤੇ ਕਾਨਫਰੰਸਾਂ ’ਚ ਬੋਲਣਾ ਸ਼ੁਰੂ ਕਰ ਦਿੱਤਾ ਸੀ। 14 ਸਾਲ ਦੀ ਉਮਰ ’ਚ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਸਮੁੱਚੇ ਪੰਜਾਬ ਦੇ ਧਾਰਮਿਕ ਤੇ ਰਜਨੀਤਕ ਮਸਲਿਆਂ ’ਚ ਆਪਣਾ ਯੋਗਦਾਨ ਪਾਉਂਦੇ ਰਹੇ। ਰਾਜਨੀਤਕ ਖੇਤਰ ’ਚ ਇਸ ਸਿਰਲੱਥ ਤੇ ਸਿਰਕੱਢ ਸਖ਼ਸੀਅਤ ਨੇ ਖ਼ੂਬ ਮੱਲਾਂ ਮਾਰੀਆਂ। ਪੰਜਾਬੀ ਸੂਬੇ ਤੇ ਹੋਰ ਅਕਾਲੀ ਮੋਰਚਿਆਂ ਸਮੇਤ ਉਹ ਕਈ ਵਾਰ ਜੇਲ੍ਹ ਗਏ ਤੇ ਲੰਬਾ ਸਮਾਂ ਜੇਲ੍ਹ ਵੀ ਕੱਟੀ। ਕੁਰਬਾਨੀਆਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਅਮਨ ਕੌਂਸਲ ਦਾ ਮੀਤ ਚੇਅਰਮੈਨ, ਜ਼ਿਲ੍ਹਾ ਅਕਾਲੀ ਜਥੇ ਦਾ ਪ੍ਰਧਾਨ ਅਤੇ ਸਟੇਟ ਅਕਾਲੀ ਦਲ ਕੌਂਸਲ ਦੇ ਕਾਰਜਕਾਰਨੀ ਦੇ ਮੈਂਬਰ ਹੋਣ ਦਾ ਮਾਣ ਪ੍ਰਾਪਤ ਸੀ। ਉਨ੍ਹਾਂ ਨੇ ਆਪਣੀ ਪ੍ਰਤਿਭਾ ਸਦਕੇ ਸਰਕਾਰੇ ਦਰਬਾਰੇ ਆਪਣੀ ਚੰਗੀ ਪਹੁੰਚ ਬਣਾ ਲਈ ਸੀ, ਜਿਸ ਸਦਕਾ ਉਨ੍ਹਾਂ ਆਪਣੇ ਇਲਾਕੇ ਤੇ ਪਿੰਡ ਢਾਹਾਂ ਦੇ ਬਹੁਤ ਸਾਰੇ ਕੰਮ, ਜਿਨ੍ਹਾਂ ’ਚ ਪਿੰਡ ਵਿਚ ਪ੍ਰਇਮਰੀ ਸਕੂਲ, ਬੱਸ ਅੱਡਾ ਅਤੇ ਡਾਕਖ਼ਾਨਾ ਆਦਿ ਬਣਵਾਏ ਤੇ ਹੋਰ ਬਹੁਤ ਸਾਰੇ ਕਾਰਜ ਜੋ ਲੋਕਾਂ ਨੂੰ ਰਾਹਤ ਦਿਵਾਉਂਦੇ ਸਨ, ਉਹ ਕਰਵਾਉਂਦੇ ਰਹੇ।
ਹਮੇਸ਼ਾ ਰੜਕਦੀ ਸੀ ਉੱਚ ਵਿੱਦਿਆ ਦੀ ਘਾਟ
ਆਪਣੀ ਉੱਚ ਵਿੱਦਿਆ ਦੀ ਘਾਟ ਉਨ੍ਹਾਂ ਨੂੰ ਹਮੇਸ਼ਾ ਰੜਕਦੀ ਸੀ ਤੇ ਇਹ ਘਾਟ ਉਹ ਆਪਣੇ ਬੱਚਿਆਂ ਰਾਹੀਂ ਪੂਰੀ ਕਰਨਾ ਚਾਹੁੰਦੇ ਸਨ। 1960 ’ਚ ਬਾਬਾ ਬੁੱਧ ਸਿੰਘ ਜੀ ਕੈਨੇਡਾ ਜਾ ਵਸੇ, 18-18 ਘੰਟੇ ਹੱਡ ਭੰਨਵੀਂ ਮਿਹਨਤ ਕਰ ਕੇ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸੰਭਾਲਿਆ, ਉੱਥੇ ਆਪਣੇ ਬੱਚਿਆਂ ਨੂੰ ਉੱਚ ਪਾਏ ਦੀ ਵਿੱਦਿਆ ਦਵਾਈ ਅਤੇ ਨਾਲ ਹੀ ਆਪਣੇ ਸਮਾਜਿਕ ਤੇ ਧਾਰਮਿਕ ਫ਼ਰਜ਼ ਨੂੰ ਸਮਝਦਿਆਂ ਬੱਚਿਆਂ ਨੂੰ ਗੁਰਮਤਿ ਤੇ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ। ਪੰਜਾਬੀ ਦੇ ਸਕੂਲ ਖੋਲ੍ਹੇ ਤੇ ਪੰਜਾਬੀ ਦਾ ਪਹਿਲਾ ਮੈਗਜ਼ੀਨ ‘ਦ ਸਿੱਖ ਸਮਾਚਾਰ’ ਕੱਢਿਆ। ਆਪਣੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਪੋਰਟ ਐਲਬਰਨੀ ਸਾਅ ਮਿੱਲ ਤੇ ਪਲਾਈਵੁੱਡ ਮਿੱਲ ’ਚ ਮਜ਼ਦੂਰੀ ਕਰਕੇ ਆਪਣੇ ਬੱਚੇ ਕੈਨੇਡਾ ਵੈਨਕੂਵਰ ਵਿਚ ਸੈਟਲ ਕੀਤੇ। ਬਾਬਾ ਜੀ ਦੀ ਬਦੌਲਤ ਹੀ ਅੱਜ ਸਾਰਾ ਪਰਿਵਾਰ ਕੈਨੇਡਾ ’ਚ ਖ਼ੁਸ਼ਹਾਲ ਜੀਵਨ ਜੀਅ ਰਿਹਾ ਹੈ।
ਸਮਾਜ ਸੇਵਾ ਕਰਨ ਦਾ ਬਣਾਇਆ ਮਨ
ਬਾਬਾ ਬੁੱਧ ਸਿੰਘ ਲੰਬਾ ਸਮਾ ਕੈਨੇਡਾ ’ਚ ਰਹੇ, ਉੱਥੇ ਰਹਿੰਦਿਆਂ ਆਪਣੇ ਵਤਨ, ਕੌਮ ਦੀ ਤੜਪ ਹਮੇਸ਼ਾ ਉਨ੍ਹਾਂ ਦੇ ਅੰਦਰ ਰਹੀ। ਉਨ੍ਹਾਂ ਨੇ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਦੀ ਸਥਾਪਤੀ ਲਈ ਹਰ ਕੁਦਰਤੀ ਆਫ਼ਤ ਅਤੇ ਵਿਦੇਸ਼ੀ ਹਮਲਿਆਂ ਵੇਲੇ ਲੱਖਾਂ-ਲੱਖਾਂ ਰੁਪਏ ਕੈਨੇਡਾ ਦੀਆਂ ਸੰਗਤਾਂ ਤੋਂ ਆਪਣੇ ਪ੍ਰਭਾਵ ਨਾਲ ਇਕੱਠੇ ਕਰ ਕੇ ਭਾਰਤ ਉਪਰੋਕਤ ਕਾਰਜਾਂ ਲਈ ਭੇਜੇ। ਉਨ੍ਹਾਂ ਬਹੁਤ ਹੀ ਸੰਜੀਦਾ ਹੋ ਕੇ ਆਪਣੇ ਦੇਸ਼ ਖ਼ਾਸ ਕਰਕੇ ਦੁਆਬੇ ’ਚ ਵਿੱਦਿਅਕ ਅਦਾਰਿਆਂ ਦੀ ਘਾਟ ਨੂੰ ਮਹਿਸੂਸ ਕੀਤਾ। ਇਹ ਵੱਡਾ ਕਾਰਨ ਸੀ ਕਿ ਉਨ੍ਹਾਂ ਆਪਣੇ ਵਤਨ ਵਾਪਸ ਪਰਤ ਕੇ ਸਮਾਜ ਸੇਵਾ ਕਰਨ ਦਾ ਮਨ ਬਣਾਇਆ। ਉਨ੍ਹਾਂ ਦਾ ਮਨ ਤਾਂ ਪੰਜਾਬ ਤੇ ਪੰਜਾਬੀਅਤ ਲਈ ਪਹਿਲਾਂ ਹੀ ਤੜਪ ਰਿਹਾ ਸੀ। ਉਨ੍ਹਾਂ ਮਨ ਬਣਾਇਆ ਕਿ ਆਪਣੇ ਫ਼ਰਜ਼ਾਂ ਤੋਂ ਵਿਹਲੇ ਹੋ ਕੇ ਵਤਨ ਵਾਪਸ ਆਇਆ ਜਾਵੇ ਤੇ ਏਥੇ ਪੇਂਡੂ ਏਰੀਏ ’ਚ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਉੱਚ ਵਿਦਿਆ ਮੁਹੱਈਆ ਕਰਵਾਈ ਜਾਵੇ। ਇਹ ਵੱਡੀ ਸੋਚ ਮਨ ’ਚ ਲੈ ਕੇ ਉਹ ਵਾਪਸ ਕੈਨੇਡਾ ਪਰਤ ਗਏ।
ਸਿੱਖੀ ਦੇ ਸੱਚੇ ਅਰਥਾਂ ’ਚ ਸਨ ਆਚਾਰੀਆ
ਬਾਬਾ ਜੀ ਵਿਚਾਰਾਂ ਕਰਨ ’ਚ ਹੀ ਯੋਗ ਫ਼ੈਸਲਾ ਨਹੀਂ ਸੀ ਕਰਦੇ। ਉਨ੍ਹਾਂ ਦੇ ਵਿਚਾਰਾਂ ਤੇ ਅਮਲਾਂ ਵਿਚ ਬਹੁਤ ਘੱਟ ਫ਼ਾਸਲਾ ਰਿਹਾ। ਸਾਰੀ ਉਮਰ ਸ਼ੁਭ ਅਮਲਾਂ ’ਤੇ ਉਨ੍ਹਾਂ ਡਟ ਕੇ ਪਹਿਰਾ ਦਿੱਤਾ। ਉਹ ਪੂਰਨ ਗੁਰਸਿੱਖ ਤੇ ਸਿੱਖੀ ਦੇ ਸੱਚੇ ਅਰਥਾਂ ’ਚ ਆਚਾਰੀਆ ਸਨ। ਉਨ੍ਹਾਂ ਦੀ ਘਾਲਣਾ ਅਦੁੱਤੀ ਹੈ। ਉਹ ਉਨ੍ਹਾਂ ਰਾਹਾਂ ਦੇ ਪਾਂਧੀ ਸਨ, ਜਿਸ ਦੀ ਵਾਟ ਨਹੀਂ ਸੀ ਨਾਪੀ ਜਾਂਦੀ ਸਗੋਂ ਮੀਲ ਪੱਥਰ ਗੱਡੇ ਜਾਂਦੇ ਸਨ। 1977 ’ਚ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਉਹ ਵਾਪਸ ਜਾ ਕੇ ਇੰਗਲੈਂਡ, ਕੈਨੇਡਾ ਨਿਕਲ ਤੁਰੇ ਤੇ ਆਪਣੇ ਭਾਈਚਾਰੇ ਤੇ ਮਾਇਕ ਤੌਰ ’ਤੇ ਮੱਲਾਂ ਮਾਰ ਚੁੱਕੇ ਸਾਥੀਆਂ ਨਾਲ ਆਪਣਾ ਮਿਸ਼ਨ ਸਾਂਝਾ ਕੀਤਾ ਕਿ ਕਿਵੇਂ ਉਹ ਹੁਣ ਦੇਸ਼ ਜਾ ਕੇ ਆਪਣੇ ਵਤਨ ਦੀ ਮਿੱਟੀ ਦਾ ਕਰਜ਼ਾ ਲਾਹੁਣਾ ਚਾਹੁੰਦੇ ਹਨ ਤੇ ਪੇਂਡੂ ਏਰੀਆ ਵਿਚ ਸਿਹਤ ਤੇ ਸਿੱਖਿਆ ਦੇ ਅਦਾਰੇ ਬਣਾਉਣੇ ਚਾਹੁੰਦੇ ਹਨ। ਸਭ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਸਾਰਿਆਂ ਨੇ ਹਾਂ-ਪੱਖੀ ਹੁੰਗਾਰਾ ਦਿੱਤਾ।
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ
ਆਪਣੇ ਪਰਿਵਾਰਕ ਫ਼ਰਜ਼ ਨਿਬੇੜਦਿਆਂ ਤੇ ਆਪਣਾ ਕਾਰੋਬਾਰ ਸਮੇਟਦਿਆਂ ਬਾਬਾ ਜੀ ਨੇ 1979 ਵਿਚ ਆਪਣੇ ਪਿੰਡ ਢਾਹਾਂ ਆਣ ਡੇਰੇ ਲਾਏ, ਜਿੱਥੇ ਉਹਨਾਂ ਨੇ ਆਪਣੇ ਸਾਥੀਆ ਨੂੰ ਨਾਲ ਲੈ ਕੇ ਦ੍ਰਿੜ੍ਹਤਾ ਨਾਲ ਕਾਰਜ ਕੀਤੇ। ਪਿੰਡਾਂ (ਢਾਹਾਂ ਕਲੇਰਾਂ) ਦੀਆਂ ਪੰਚਾਇਤਾਂ ਤੋਂ ਤੀਹ ਏਕੜ ਜ਼ਮੀਨ ਦਾਨ ਵਜੋਂ ਲੈ ਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਰਜਿ. ਕਰਵਾਇਆ। ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਤੋਂ ਇਸ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ। 1984 ’ਚ ਗਵਰਨਰ ਬੀਡੀ ਪਾਂਡੇ ਤੋਂ ਹਸਪਤਾਲ ਦਾ ਉਦਘਾਟਨ ਕਰਵਾਇਆ। ਬਾਬਾ ਜੀ ਨੇ ਸਮੁੱਚੇ ਟਰੱਸਟ ਮੈਂਬਰਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਸੇਵਾਵਾਂ ਸਦਕਾ ਦਸ ਬਿਸਤਰਿਆਂ ਦੀਆਂ ਸੇਵਾਵਾਂ ਤੋਂ ਸ਼ੁਰੂ ਹੋ ਕੇ ਢਾਈ ਸੌ ਬਿਸਤਰਿਆਂ ਦਾ ਮਲਟੀ ਸਪੈਸ਼ਲਟੀ ਹਸਪਤਾਲ, ਨਰਸਿੰਗ ਸਕੂਲ, ਨਰਸਿੰਗ ਕਾਲਜ, ਪਬਲਿਕ ਸਕੂਲ, ਡੀ ਅਡਿਕਸ਼ਨ ਸੈਂਟਰ ਸਥਾਪਿਤ ਕੀਤੇ, ਜੋ ਵੱਡੇ ਪੱਧਰ ’ਤੇ ਚੱਲ ਰਹੇ ਹਨ। ਸਮਾਜ ਦੇ ਭਲੇ ਲਈ ਸੁਪਨੇ ਲੈਣੇ ਤੇ ਫਿਰ ਲੱਖਾਂ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੂੰ ਪੂਰਿਆਂ ਕਰਨਾ ਇਹ ਬਾਬਾ ਬੁੱਧ ਸਿੰਘ ਦੀ ਸਮੁੱਚੀ ਸ਼ਖ਼ਸੀਅਤ ਦਾ ਸਾਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਸੁਪਨਿਆਂ ਨੂੰ ਸ਼ਾਨ ਨਾਲ ਪੂਰਾ ਕਰਨ ਲਈ ਸਮੁੱਚੇ ਸਿੱਖ ਤੇ ਪੰਜਾਬੀ ਜਗਤ ਨੇ ਉਨ੍ਹਾਂ ਦਾ ਸਾਥ ਦਿੱਤਾ।
ਲੋੜਵੰਦ ਇਲਾਕੇ ’ਚ ਸ਼ੁਰੂ ਕੀਤੀ ਸੇਵਾ
ਢਾਹਾਂ ਕਲੇਰਾਂ ਦੀ ਕੱਲਰੀ ਧਰਤੀ ਨੂੰ ਜਰਖੇਜ਼ ਬਣਾ ਸੇਵਾ ਦੇ ਵੱਡੇ ਸਤੰਭ ਖੜ੍ਹੇ ਕਰਨ ਉਪਰੰਤ ਬਾਬਾ ਬੁੱਧ ਸਿੰਘ ਜੀ ਦੀ ਅਗਵਾਈ ਹੇਠ ਬੀਤ ਤੇ ਕੰਢੀ ਦੇ ਲੋੜਵੰਦ ਇਲਾਕੇ ਵਿਚ ਸ਼ੁਰੂ ਹੋਈ ਸੇਵਾ ਨਿਵੇਕਲੀ ਪਹਿਲਕਦਮੀ ਨਵੇਂ ਇਤਿਹਾਸ ਦੀ ਗਵਾਹ ਬਣੀ, ਜੋ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਰਾਹੀਂ ਰੂਪਮਾਨ ਹੈ। ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ’ਤੇ ਸਥਿਤ ਸੇਵਾ ਦਾ ਇਹ ਕੇਂਦਰ ਦੇਸ਼-ਵਿਦੇਸ਼ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਸਦਕਾ ਇਸ ਖੇਤਰ ਦੇ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। 25 ਬਿਸਤਰਿਆਂ ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਮੈਡੀਸਨ, ਜਨਰਲ ਅਤੇ ਲੈਪ੍ਰੋਸਕੋਪਿਕ ਸਰਜਰੀ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ, ਦੰਦਾਂ ਦੇ ਮਾਹਿਰ, ਅੱਖਾਂ ਦੇ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਡਾਇਲਸਿਸ ਵਿਭਾਗ ਰਾਹੀਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਬੱਚਿਆਂ ਨੂੰ ਸਸਤੀ ਅਤੇ ਉੱਚਪਾਏ ਦੀ ਸਿੱਖਿਆ ਦੇਣ ਵੱਲ ਕਦਮ ਪੁੱਟਦਿਆਂ ਕੇਂਦਰ ਸਰਕਾਰ ਦੀ ਮਦਦ ਨਾਲ ਸਕਿੱਲ ਡਿਵੈਲਪਮੈਂਟ ਵਿਭਾਗ ਰਾਹੀਂ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ, ਜਿਸ ਤਹਿਤ ਹੁਣ ਤਕ ਬੱਚੇ ਲੈਬੋਰਟਰੀ ਤਕਨੀਸ਼ੀਅਨ, ਡਾਟਾ ਨੈੱਟਵਰਕਿੰਗ ਆਦਿ ਕੋਰਸਾਂ ਦੀ ਮੁਫ਼ਤ ਸਿੱਖਿਆ ਲੈ ਚੁੱਕੇ ਹਨ ਤੇ ਹੋਰ ਪੈਰਾਮੈਡੀਕਲ ਨਾਲ ਸਬੰਧਿਤ ਕੋਰਸ ਚੱਲ ਰਹੇ ਹਨ।
100 ਸਾਲਾ ਮਨਾ ਰਹੇ ਜਨਮ ਦਿਨ
ਪੇਂਡੂ ਖੇਤਰ ’ਚ ਸਿਹਤ ਅਤੇ ਸਿੱਖਿਆ ਆਮ ਲੋਕਾਂ ਤਕ ਪਹੁੰਚਾਉਣ ਲਈ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਜਨ ਸਮਾਜ ਨੂੰ ਨਾਲ ਲੈ ਕੇ ਕੀਤੀਆਂ ਸੇਵਾਵਾਂ ਕਿਸੇ ਵੀ ਦੇਸ਼-ਵਿਦੇਸ਼ ਦੇ ਪੰਜਾਬੀਆਂ ਤੋਂ ਗੁੱਝੀਆਂ ਨਹੀਂ ਹਨ। 20 ਅਪ੍ਰੈਲ 2018 ਨੂੰ ਬਾਬਾ ਬੁੱਧ ਸਿੰਘ ਜੀ ਢਾਹਾਂ ਸਦੀਵੀ ਵਿਛੋੜਾ ਦੇ ਗਏ। ਆਪਣਾ ਸਾਰਾ ਜੀਵਨ ਇਨ੍ਹਾਂ ਸੇਵਾਵਾਂ ਨੂੰ ਨਿਭਾਉਦਿਆਂ ਜਿੱਥੇ ਉਨ੍ਹਾਂ ਆਪਣੇ ਮਿਸ਼ਨ ਦੇ ਸਾਰੇ ਕੰਮਾਂ ਨੂੰ ਬੜੀ ਸ਼ਾਨ ਨਾਲ ਪੂਰਿਆਂ ਕੀਤਾ, ਉੱਥੇ ਉਨ੍ਹਾਂ ਨੇ ਇਨ੍ਹਾਂ ਸੇਵਾਵਾਂ ਨੂੰ ਨਿਤੰਤਰਤਾ ਦੇਣ ਲਈ ਉਨ੍ਹਾਂ ਸ਼ਖ਼ਸੀਅਤਾਂ ਦੀ ਚੋਣ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨਾਲ ਹਰ ਔਖ-ਸੌਖ ਵਿੱਚ ਕੰਮ ਕੀਤਾ। ਸੇਵਾ ਦੇ ਮਾਰਗ ’ਤੇ ਚੱਲਣ ਲਈ ਉਨ੍ਹਾਂ ਲੰਬਾ ਸਮਾਂ ਆਪਣੀ ਨਿਗਰਾਨੀ ਹੇਠ ਟਰੱਸਟ ਮੈਂਬਰ ਚੁਣ ਕੇ ਨਵੇਂ ਅਦਾਰੇ ਨੂੰ ਅੱਗੇ ਤੋਰਨ ਦਾ ਵੱਡਾ ਫ਼ੈਸਲਾ ਲਿਆ। ਬੀਬੀ ਸੁਸ਼ੀਲ ਕੌਰ, ਜਿਨ੍ਹਾਂ ਨੇ ਲੰਬਾ ਸਮਾਂ ਬਾਬਾ ਬੁੱਧ ਸਿੰਘ ਜੀ ਨਾਲ ਦ੍ਰਿੜ੍ਹਤਾ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ, ਉਨ੍ਹਾਂ ਨੂੰ ਇਸ ਟਰਸੱਟ ਦੀ ਵਾਗਡੋਰ ਬਲਬੀਰ ਸਿੰਘ ਬੈਂਸ, ਮਹਿੰਦਰ ਸਿੰਘ ਭਾਟੀਆ, ਰਘਬੀਰ ਸਿੰਘ, ਦੀਪਕ ਬਾਲੀ ਅਤੇ ਬਾਬਾ ਸਤਪਾਲ ਸਿੰਘ ਦੇ ਸਹਿਯੋਗ ਨਾਲ ਸੰਭਾਲੀ। ਇਹ ਸਾਰੇ ਟਰੱਸਟ ਮੈਂਬਰ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲ ਕੇ ਸੱਚਮੁੱਚ ਸਮਾਜ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸੰਗਤਾਂ ਦੇ ਸਾਥ ਸਦਕਾ ਬਾਬਾ ਜੀ ਵੱਲੋਂ ਲਏ ਸੁਪਨੇ ਬਹੁਤ ਜਲਦ ਪੂਰੇ ਹੋਣਗੇ। 5 ਦਸੰਬਰ, 2025 ਨੂੰ ਸਮੂਹ ਟਰੱਸਟ ਅਤੇ ਇਲਾਕਾ ਨਿਵਾਸੀ ਉਨ੍ਹਾਂ ਦਾ 100 ਸਾਲਾ ਜਨਮ ਦਿਨ ਮਨਾ ਰਹੇ ਹਨ, ਜਿਸ ਲਈ ਤਿੰਨ ਦਿਨ ਦੇ ਪ੍ਰੋਗਰਾਮ ਉਲੀਕੇ ਗਏ ਹਨ।
- ਰਘਬੀਰ ਸਿੰਘ