ਬੁੱਲ੍ਹੇ ਸ਼ਾਹ ਸਾਰੀ ਉਮਰ ਕੁਆਰਾ ਰਿਹਾ ਸੀ। ਜਦੋਂ ਸ਼ਾਹ ਅਨਾਇਤ ਹੁਰਾਂ ਦਾ ਇੰਤਕਾਲ ਹੋਇਆ ,ਉੁਦੋਂ ਬੁੱਲ੍ਹੇ ਸ਼ਾਹ ਗੱਦੀ ਦਾ ਵਾਰਿਸ ਬਣਿਆ। 1758 ਦੇ ਕਰੀਬ ਬੁੱਲ੍ਹੇ ਸ਼ਾਹ ਵੀ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਸੀ....

ਬਾਬਾ ਬੁੱਲੇ ਸ਼ਾਹ ਇਕ ਅਲਮਸਤ ਫ਼ਕੀਰ ਤੇ ਸੂਫ਼ੀ ਦਰਵੇਸ਼ ਸੀ। ਉਸ ਦਾ ਕਲਾਮ, ਉਸਦੀ ਪਾਕ ਰੂਹ ਤੇ ਪ੍ਰਭੂ ਪ੍ਰੀਤਮ ਦੇ ਦਰਸ਼ਨਾਂ ਦੀ ਤਾਂਘ ਅਤੇ ਪ੍ਰਭੂ ਮਿਲਾਪ ਦੀ ਸਿੱਕ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਉਹ ਮੁਰਸ਼ਦ ਭਾਵ ਗੁਰੂ ਅਤੇ ਰੱਬ ਨੂੰ ਇਕ ਹੀ ਮੰਨਦਾ ਸੀ। ਉਹ ਆਪਣੇ ਪਿਆਰੇ ਕੰਤ ਤੋਂ ਵਿਛੜੀ ਕਿਸੇ ਨਾਰ ਦੀ ਵੇਦਨਾ ਰਾਹੀਂ ਆਪਣੇ ਧੁਰ ਅੰਦਰ ਧੁੱਖ਼ਦੀ ਉਸ ਅੱਲ੍ਹਾ ਨਾਲ ਇਕਮਿਕ ਹੋਣ ਦੀ ਚਾਹਤ ਨੂੰ ਬੜੇ ਹੀ ਭਾਵਪੂਰਤ ਅਤੇ ਸਰਲ ਲਫ਼ਜ਼ਾਂ ਵਿੱਚ ਬਿਆਨ ਕਰਨ ਦਾ ਹੁਨਰ ਰੱਖਦਾ ਸੀ। ਉਸਦੀਆਂ ਕਾਵਿ ਰਚਨਾਵਾਂ ਵਿੱਚੋਂ ਮਨੁੱਖੀ ਜੀਵਨ ਦੇ ਉਦੇਸ਼ ਅਤੇ ਕਾਰਜ ਸ਼ੈਲੀ ਦਾ ਫ਼ਲ਼ਸਫ਼ਾ ਬਾਖ਼ੂਬੀ ਝਲਕਦਾ ਹੈ। ਉਸਨੇ ਆਪਣੀ ਸਮਕਾਲੀ ਰਾਜ ਭਾਗ ਵਿਵਸਥਾ,ਮਜ਼ਲੂਮਾਂ ’ਤੇ ਹੁੰਦੇ ਜ਼ੁਲਮ ਅਤੇ ਸਿੱਖ ਗੁਰੂ ਸਾਹਿਬਾਨ ਦੀ ਸੂਰਮਤਾਈ ਨੂੰ ਆਪਣੀਆਂ ਕਾਵਿ ਰਚਨਾਵਾਂ ਵਿਚ ਬਾਖ਼ੂਬੀ ਕਲਮਬੱਧ ਕੀਤਾ ਸੀ। ਉਸਦੀ ਪੁਰਨੂਰ ਸ਼ਾੲਰੀ ਨੂੰ ਸੂਫ਼ੀ ਕਾਵਿ ਦਾ ਸਿਖ਼ਰ ਵੀ ਕਿਹਾ ਜਾ ਸਕਦਾ ਹੈ।
ਬੁੱਲ੍ਹੇ ਸ਼ਾਹ ਦਾ ਅਸਲ ਨਾਂ ‘ਅਬਦੁੱਲਾ’ ਸੀ ਤੇ ਉਸਦਾ ਜਨਮ ਸੰਨ 1680 ਦੇ ਕਰੀਬ ਉਸ ਵਕਤ ਹਿੰਦੁਸਤਾਨ ਤੇ ਇਸ ਵਕਤ ਪਾਕਿਸਤਾਨ ’ਚ ਪੈਂਦੇ ਸ਼ਹਿਰ ਕਸੂਰ ਤੋਂ 24 ਕੁ ਮੀਲ ਦੂਰ ‘ਪਾਂਡੋਕੇ’ ਜਾਂ ‘ਪੰਡੋਕ’ ਕਹਾਉਂਦੇ ਇਕ ਪਿੰਡ ਵਿਚ ਹੋਇਆ ਸੀ। ਉਹ ਮੁਸਲਮਾਨਾਂ ਵਿਚ ਉੁਚੇ ਤਬਕੇ ਵਜੋਂ ਜਾਣੇ ਜਾਂਦੇ ‘ਸੱਯਦਾਂ’ ਦੇ ਸੰਤ ਸੁਭਾਅ ਸਖ਼ੀ ਮੁਹੰਮਦ ਦਰਵੇਸ਼ ਦੇ ਘਰ ਪੈਦਾ ਹੋਇਆ ਸੀ। ਉਹ ਮੁਗ਼ਲ ਬਾਦਸ਼ਾਹ ਔਰੰਗਜ਼ੇਬ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਤੇ ਅਧਿਆਤਮਵਾਦ ਤੋਂ ਇਲਾਵਾ ਆਪਣੇ ਸਮੇਂ ਦੇ ਸਿਆਸੀ ਤੇ ਸਮਾਜਿਕ ਹਾਲਾਤ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਸੀ। ਉਸ ਨੇ ਤੁਅੱਸਬੀ ਸ਼ਾਸਕ ਔਰੰਗਜ਼ੇਬ ਵੱਲੋਂ ਹਿੰਦੂਆਂ ਅਤੇ ਸਿੱਖਾਂ ਉੁਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਕਲਮ ਚੁੱਕਣ ਤੋਂ ਰਤਾ ਵੀ ਗੁਰੇਜ਼ ਨਹੀਂ ਕੀਤਾ ਸੀ। ਉਸਨੇ ਲਿਖ਼ਿਆ ਸੀ :
ਬੁੱਲ੍ਹਾ ਕਸਰ ਨਾਮ ਕਸੂਰ ਦਾ
ਉੁਥੇ ਮੂੰਹੋਂ ਨਾ ਸਕਣ ਬੋਲ।
ਉੁਥੇ ਸੱਚੇ ਗਰਦਨ ਮਾਰੀਏ
ਉੁਥੇ ਝੂਠੇ ਕਰਨ ਕਲੋਲ।
ਇਕ ਹੱਥ ਤਸਬੀਹ ਭਾਵ ਨਾਮ ਸਿਮਰਨ ਦੀ ਮਾਲਾ ਤੇ ਦੂਜੇ ਹੱਥ ਤਲਵਾਰ ਫੜਨ ਵਾਲੇ੍ਹ ਜ਼ਾਲਮ ਸੁਭਾਅ ਔਰੰਗਜ਼ੇਬ ਨੇ ਤਖ਼ਤ ਹਾਸਿਲ ਕਰਨ ਲਈ ਆਪਣੇ ਭਰਾਵਾਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਲਹੂ ਨਾਲ ਆਪਣੇ ਹੱਥ ਰੰਗਣ ਤੋਂ ਗੁਰੇਜ਼ ਨਹੀਂ ਕੀਤਾ ਸੀ। ਉਸ ਵੱਲ ਇਸ਼ਾਰਾ ਕਰਦਿਆਂ ਬੁੱਲੇ੍ਹ ਨੇ ਲਿਖਿਆ ਸੀ :
ਉਲਟੇ ਹੋਰ ਜ਼ਮਾਨੇ ਆਏ,
ਹੁਣ ਅਸਾਂ ਭੇਦ ਸੱਜਣ ਦੇ ਪਾਏ। ਆਪਣਿਆਂ ਵਿਚ ਉਲਫ਼ਤ ਨਾਹਿ
ਕਿਆ ਚਾਚੇ, ਕਿਆ ਤਾਏ।
ਅਤੇ
ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ,
ਬੁਰਾ ਹਾਲ ਹੋਇਆ ਪੰਜਾਬ ਦਾ। ਵਿਦਵਾਨ ਸ਼ਾਇਰ ਮੌਲਵੀ ਮੁਹੰਮਦ ਦੀਨ ਨੇ ਬੁੱਲ੍ਹੇ ਸ਼ਾਹ ਵੱਲੋਂ ਸ਼ਾਹ ਅਨਾਇਤ ਨੂੰ ਆਪਣਾ ਮੁਰਸ਼ਦ,ਆਪਣਾ ਗੁਰੂ ਤਸਲੀਮ ਕਰ ਲੈਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ :
ਵਿਚ ਕਸੂਰ ਪਠਾਣਾਂ ਦੇ,
ਇਹ ਹੋਇਆ ਮਰਦ ਹੱਕਾਨੀ।
ਖ਼ਾਸ ਅਲ ਰਸੂਲ ਅੱਲਾਹ ਦਿਉ,
ਪੋਤਾ ਪੀਰ ਜੀਲਾਨੀ।
ਹਜ਼ਰਤ ਸ਼ਾਹ ਅਨਾਇਤ ਪਾਸੋਂ
ਅਜ਼ਮਤ ਉਸਨੇ ਪਾਈ।
ਹਜ਼ਰਤ ਸ਼ਾਹ ਅਨਾਇਤ ਸਾਹਿਬ ਨੂੰ ਮੁਰਸ਼ਦ ਧਾਰਨ ਕਰਨ ਦਾ ਬੱਲ੍ਹੇ ਸ਼ਾਹ ਦਾ ਕਿੱਸਾ ਵੀ ਬੜਾ ਦਿਲਚਸਪ ਹੈ। ਆਖ਼ਦੇ ਨੇ ਕਿ ਇਕ ਵਾਰ ਬੁੱਲ੍ਹਾ ਚੱਲਦਾ-ਚੱਲਦਾ ਬਟਾਲਾ ਪੁੱਜ ਗਿਆ ਤੇ ਇਥੇ ਆਣ ਕੇ ਬੜੇ ਵਜਦ ਵਿਚ ਆ ਕੇ ਉੁਚੀ-ਉੁਚੀ “ਮੈਂ ਅੱਲ੍ਹਾ ਹਾਂ, ਮੈਂ ਅੱਲ੍ਹਾ ਹਾਂ” ਕੂਕਣ ਲੱਗ ਪਿਆ। ਲੋਕ ਉਸ ਨੂੰ ਫੜ ਕੇ ਇਥੇ ਰਹਿੰਦੇ ਇਕ ਦਰਵੇਸ਼ ਸੰਤ ਮੀਆਂ ਸਾਹਿਬ ਕੋਲ ਲੈ ਗਏ।
ਬੁੱਲ੍ਹੇ ਦੇ ਉਕਤ ਬੋਲ ਸੁਣ ਕੇ ਮੀਆਂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, ‘ ਸੱਚ ਹੀ ਤੇ ਬੋਲਦਾ ਪਿਆ ਏ..ਇਹ ਆਖ਼ ਰਿਹਾ ਏ..ਮੈਂ ਅੱਲ੍ਹਾ ਹਾਂ.. ..ਅੱਲ੍ਹਾ ਦਾ ਮਤਲਬ ਰੱਬ ਵੀ ਹੁੰਦੈ ਤੇ ‘ਕੱਚਾ’ ਵੀ.. .. ਇਹ ਵਿਚਾਰਾ ਤਾਂ ਕੂਕਦਾ ਪਿਐ ਕਿ ਇਹ ਅਜੇ ਕੱਚਾ ਏ.।’ ਉਨ੍ਹਾਂ ਬੁੱਲ੍ਹੇ ਦੇ ਸਿਰ ’ਤੇ ਹੱਥ ਰੱਖਿਆ ਤੇ ਬੜੇ ਪਿਆਰ ਨਾਲ ਕਿਹਾ, ‘ਜਾ ਬੁੱਲ੍ਹਿਆ.. ਸ਼ਾਹ ਅਨਾਇਤ ਕੋਲ ਚਲਾ ਜਾ.. ਤੇ ਪੱਕ ਕੇ ਆ.”।’ ਮੀਆਂ ਸਾਹਿਬ ਦਾ ਹੁਕਮ ਮੰਨ ਕੇ ਬੁੱਲ੍ਹਾ, ਸ਼ਾਹ ਅਨਾਇਤ ਹੁਰਾਂ ਕੋਲ ਜਾ ਪੁੱਜਾ ਤੇ ਉੁਥੇ ਜਾ ਕੇ ਕੀ ਵੇਖ਼ਦਾ ਹੈ ਕਿ ਜਨਾਬ ਅਨਾਇਤ ਸ਼ਾਹ ਜੀ ਗੰਢਿਆਂ ਦੀ ਪਨੀਰੀ ਲਗਾ ਰਹੇ ਸਨ।
ਉਨ੍ਹਾਂ ਬਿਨਾਂ ਬੁੱਲ੍ਹੇ ਵੱਲ ਤੱਕਿਆਂ ਹੀ ਪੁੱਛ ਲਿਆ, ‘ਕੀ ਚਾਹੁੰਨੈ,” ਬੁੱਲ੍ਹੇ ਨੇ ਆਖਿਆ, ‘ਜੀ ਮੈਂ ਫ਼ਕੀਰ ਬਣਨਾ ਚਾਹੁੰਨੈ।’ ਅਨਾਇਤ ਸ਼ਾਹ ਹੁਰੀ ਮੁਸਕਰਾਏ ਤੇ ਬੋਲੇ, ‘ਫ਼ਕੀਰ ਕਿਉਂ ਬਣਨਾ ਚਾਹੁੰਨੈ, ਬੁੱਲ੍ਹੇ ਸ਼ਾਹ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕਰਦਿਆਂ ਕਿਹਾ,‘“ਅੱਲ੍ਹਾ ਨੂੰ ਪਾਉਣ ਲਈ।’ ਉਸਦੀ ਇਹ ਗੱਲ ਸੁਣ ਕੇ ਸ਼ਾਹ ਅਨਾਇਤ ਜੀ ਖਿੜਖਿੜਾ ਕੇ ਹੱਸ ਪਏ ਤੇ ਉਨ੍ਰਾ ਨੇ ਹੱਥ ਵਿਚ ਫੜੀ ਹੋਈ ਪਨੀਰੀ ਵੱਲ ਇਸ਼ਾਰਾ ਕਰਦਿਆਂ ਗੁਰਮੰਤਰ ਦਿੱਤਾ, ‘ਬੁੱਲ੍ਹਿਆ, ਰੱਬ ਦਾ ਕੀ ਪਾਉਣਾ,ਇਧਰੋਂ ਪੁੱਟਣਾ ਤੇ ਉਧਰ ਲਾਉਣਾ।’ ਉਨ੍ਹਾਂ ਦਾ ਭਾਵ ਸੀ ਕਿ ਭਗਤੀ ਹੋਰ ਕੁਝ ਨਹੀਂ ਹੈ। ਬਸ ਮਨ ਨੂੰ ਭਾਵ ਕਿ ਆਪਣੇ ਖ਼ਿਆਲ ਨੂੰ ਦੁਨੀਆ ਵਾਲੇ ਪਾਸਿਉਂ ਪੁੱਟ ਕੇ ਪਰਮੇਸ਼ਰ ਵਾਲੇ ਪਾਸੇ ਲਗਾਉਣਾ ਹੈ। ਅਜਿਹੇ ਮਹਾਨ ਮੁਰਸ਼ਦ ਕੋਲ ਜਾ ਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰਦਿਆਂ ਹੋਇਆਂ ਬੁੱਲ੍ਹੇ ਸ਼ਾਹ ਨੇ ਕਿਹਾ ਸੀ :
ਬੁੱਲ੍ਹਾ, ਸ਼ਹੁ ਅਨਾਇਤ ਆਰਫ਼ ਹੈ
ਉਹ ਦਿਲ ਮੇਰੇ ਦਾ ਵਾਰਸ ਹੈ
ਮੈਂ ਲੋਹਾ ਤੇ ਉਹ ਪਾਰਸ ਹੈ
ਸ਼ਾਹ ਅਨਾਇਤ ਜੀ ਪਾਸੋਂ ਗਿਆਨ ਦਾ ਚਾਨਣ ਲੈ ਕੇ ਬੁੱਲ੍ਹਾ ਧੁਰ ਅੰਦਰ ਤੱਕ ਰੌਸ਼ਨ ਹੋ ਗਿਆ। ਉਸਨੂੰ ਪਤਾ ਲੱਗ ਗਿਆ ਕਿ ਰੱਬ ਤਾਂ ਸਾਡੇ ਅੰਦਰ ਹੈ ਤੇ ਜਿਸ ਨੂੰ ਵੀ ਮਿਲਿਆ ਹੈ,ਅੰਦਰੋਂ ਹੀ ਮਿਲਿਆ ਹੈ। ਬੁੱਲ੍ਹੇ ਨੇ ਇਸ ਪ੍ਰਥਾਇ ਖ਼ੁਦ ਹੀ ਲਿਖ਼ਿਆ ਸੀ :
ਵੇਦ ਪੁਰਾਣ ਪੜ੍ਹ ਪੜ੍ਹ ਥੱਕੇ।
ਸਿਜਦੇ ਕਰਦਿਆਂ ਘਸ ਗਏ ਮੱਥੇ।
ਨਾ ਰੱਬ ਤੀਰਥ, ਨਾ ਰੱਬ ਮੱਕੇ।
ਜਿਸ ਪਾਇਆ ਤਿਸ ਨੂਰ ਅਨਵਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ.।
ਆਪਣੇ ਅੰਦਰੋਂ ਉਸ ਖ਼ੁਦਾ ਦਾ ਦੀਦਾਰ ਕਰਕੇ ਉਸ ਨੇ ਬਿਲਕੁਲ ਸੱਚ ਕਿਹਾ ਸੀ :
‘ਭੱਠ ਨਮਾਜ਼ਾਂ,ਚਿੱਕੜ ਰੋਜ਼ੇ,
ਕਲਮੇ ਫਿਰੀ ਸਿਆਹੀ।
ਬੁੱਲ੍ਹਾ ਸ਼ਾਹ ਸ਼ਹੁ ਅੰਦਰ ਮਿਲਿਆ,
ਭੁੱਲੀ ਫਿਰੇ ਲੋਕਾਈ।
ਬੁੱਲ੍ਹੇ ਸ਼ਾਹ ਸਾਰੀ ਉਮਰ ਕੁਆਰਾ ਰਿਹਾ ਸੀ। ਜਦੋਂ ਸ਼ਾਹ ਅਨਾਇਤ ਹੁਰਾਂ ਦਾ ਇੰਤਕਾਲ ਹੋਇਆ ,ਉੁਦੋਂ ਬੁੱਲ੍ਹੇ ਸ਼ਾਹ ਗੱਦੀ ਦਾ ਵਾਰਿਸ ਬਣਿਆ। 1758 ਦੇ ਕਰੀਬ ਬੁੱਲ੍ਹੇ ਸ਼ਾਹ ਵੀ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਸੀ।
-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
97816-46008