ਪੁਸਤਕ : ਕੀ ਲੱਗੀ ਨਜ਼ਰ ਪੰਜਾਬ ਨੂੰ!
ਲੇਖਕ : ਭਜਨ ਸਿੰਘ ਸਿੱਧੂ
ਪੰਨੇ : 200 ਮੁੱਲ : 325/-
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਨਾਵਲ, ਸਫ਼ਰਨਾਮਾ ਤੇ ਸਵੈ-ਜੀਵਨੀ ਸਮੇਤ ਦਰਜਨ ਕਿਤਾਬਾਂ ਦੇ ਲੇਖਕ ਜ਼ਿਲ੍ਹਾ ਅਫ਼ਸਰ ਰਿਟਾਇਰ ਹੋਏ ਭਜਨ ਸਿੰਘ ਸਿੱਧੂ ਦਾ ਇਹ ਨਵਾਂ ਨਾਵਲ ਹੈ। ਇਸ ਦੇ 65 ਚੈਪਟਰ ਹਨ। ਨਾਵਲ ਦੇ ਕਲਾਵੇ ਅੰਦਰ, ਦੂਜੇ ਵਿਸ਼ਵਯੁੱਧ ’ਚ ਭਾਰਤ ਦੇ ਪੰਜਾਬ ਦੀ ਸ਼ਮੂਲੀਅਤ 1939 ਤੋਂ ਲੈ ਕੇ ਲਹਿੰਦੇ-ਚੜ੍ਹਦੇ ਪੰਜਾਬ ਬਣਨ ਦੀ 1947 ਦੀ ਕਰੁਣਗਾਥਾ, ਮੁੜ ਵਸੇਬਾ, ਨੀਲਾ ਤਾਰਾ, ਪ੍ਰਧਾਨ ਮੰਤਰੀ ਕਤਲ, ਦਿੱਲੀ ਦੰਗੇ, ਪੰਜਾਬ ’ਚ ਪੁਲਿਸ ਰਾਜ ਦਾ ਦੌਰ, ਪੜ੍ਹੇ-ਲਿਖੇ ਨੌਜਵਾਨਾਂ ਦੀ ਬੇਰੁਜ਼ਗਾਰੀ, ਨਸ਼ਿਆਂ ਦਾ ਦੌਰ ਤੇ ਵਿਦੇਸ਼ ਪਰਵਾਸ ਤੱਕ ਸਭ ਘਟਨਾਵਾਂ ਆ ਗਈਆਂ ਹਨ।
ਨਾਵਲਕਾਰ ਨੇ ਵੰਡ ਤੋਂ ਪਹਿਲਾਂ ਵਾਲਾ ਸਾਂਝਾ ਸਭਿਆਚਾਰ, ਫਿਰਕੂ ਵਖਰੇਵੇਂ ਦੇ ਬੀਜ, ਵਿਆਹਾਂ ਦੇ ਸੰਸਕਾਰ, ਰਸਮਾਂ-ਰਿਵਾਜ, ਕੁੜੀਆਂ ਦੀ ਉੱਚ ਵਿੱਦਿਆ, ਹੋਸਟਲ ਜੀਵਨ, ਪਿਆਰ ਕਿੱਸੇ, ਨਿਪੰੁਸਕ ਅਫ਼ਸਰ ਪਤੀ ਵੱਲੋਂ ਬੇਕਸੂਰ ਪਤਨੀ ਦੀ ਹੱਤਿਆ ਕਰਾਉਣੀ, ਪੰਚਾਇਤੀ ਚੋਣਾਂ ਤੇ ਸਰਪੰਚ, ਨਕਲ, ਕੇਸ ਆਦਿ ਬਹੁਤ ਕੁੱਝ ਵਿਸਥਾਰ ਨਾਲ ਵਰਣਨ ਕੀਤਾ ਹੈ। ਚੁਸਤ ਸੰਵਾਦ ਵੀ ਹਨ, ਲੰਮੇਰੇ ਭਾਸ਼ਣ, ਬੇਲੋੜਾ ਵਿਸਥਾਰ ਵੀ ਹੈ। ਗੁਰਬਾਣੀ ਸ਼ਬਦ, ਵਾਰਿਸ ਦੀ ਹੀਰ, ਅੰਮਿ੍ਰਤਾ ਦਾ ਗੀਤ, ਲੋਕ ਗੀਤ, ਸਦੀਵੀ ਕਥਨ, ਟੱਪੇ, ਵਿਆਹ ਦੇ ਗੀਤ ਹਨ। ਇਹ ਰਚਨਾ ਨੂੰ ਰੌਚਿਕ ਬਣਾਉਦੇ ਹਨ। ਨਾਵਲ ’ਚ ਘਟਨਾਕ੍ਰਮ ਦੇ ਵਿਕਾਸ ਲਈ ਕਈ ਥਾਂ ਚਿੱਠੀਆਂ ਦੀ ਵਰਤੋਂ ਵੀ ਕੀਤੀ ਗਈ ਹੈ। ਪੁਲਿਸ ਵਧੀਕੀਆਂ, ਤੇ ਅਦਾਲਤੀ ਤੇ ਵਕਾਲਤੀ ਹਾਲ ਵੀ ਸ਼ਾਮਿਲ ਹਨ। ਵੱਡਾ ਕੈਨਵਸ ਹੋਣ ਕਰਕੇ ਕਈ ਵਾਰ ਘਟਨਾ ਕੜੀਆਂ ਜੋੜਨੀਆਂ ਪੈਂਦੀਆਂ ਹਨ। ਪ੍ਰੌੜ ਅਨੁਭਵ ਗ਼ਲਪਕਾਰ ਇਸ ਨੂੰ ਏਕਤਾ ’ਚ ਬੰਨ੍ਹੇ ਰੱਖਣ ਵਿੱਚ ਸਫ਼ਲ ਰਿਹਾ ਹੈ। ਪੁਸਤਕ ਵਿੱਚ ਸ਼ਬਦਾਂ ਦੇ ਅਸ਼ੁੱਧ ਲਿਖੇ ਜਾਣ ਦੀਆਂ ਕਮੀਆਂ ਜ਼ਰੂਰ ਰੜਕਦੀਆਂ ਹਨ। ਬਾਰੇ ਨੂੰ ‘ਵਾਰੇ’ ਸਸਕਾਰ ਨੂੰ ‘ਸੰਸਕਾਰ’ ਅਨੇਕਾਂ ਵਾਰ ਲਿਖਿਆ ਗਿਆ ਹੈ। ਨਾਵਲ ਦਾ ਵਿਸ਼ਾ ਵਰਤਮਾਨ ਤੱਕ ਆਉਦਾ ਹੈ। ਪਰਵਾਸ ਦਾ ਵੱਡਾ ਦੁਖਾਂਤ ਅੰਤ ਸਮੇਂ ਬੱਚਿਆਂ ਤੇ ਮਾਪਿਆਂ ਦਾ ਨਾ ਮੇਲ ਹੋ ਸਕਣਾ ਦਰਸਾਇਆ ਗਿਆ ਹੈ। ਪਰੰਤੂ ਮਾਤਾ ਦਾ ਦੇਹ ਨੂੰ ਰੱਖ ਕੇ ਉਡੀਕਣ ਦੀ ਥਾਂ ਸਸਕਾਰ ਕਰ ਦੇਣ ਲਈ ਇੱਛਾ ਕਰਨੀ ਤੇ ਪੂਰਤੀ ਚੰਗੀ ਪ੍ਰੇਰਨਾ ਹੈ। ਨਾਵਲ ਨਸ਼ਿਆਂ, ਨਕਲ ਤੇ ਦੰਗਿਆਂ ਵਿਰੋਧੀ, ਜਬਰ ਜ਼ੁਲਮ ਦੇ ਮਾੜੇ ਅੰਤ ਦਾ ਨਿਰਣਾ ਦਿੰਦਾ ਹੈ।
- ਤੇਜਾ ਸਿੰਘ ਤਿਲਕ
Posted By: Harjinder Sodhi