ਸਾਰੀਆਂ ਹੀ ਕਹਾਣੀਆਂ ਭੱਖਦੇ ਵਿਸ਼ਿਆਂ ਨੂੰ ਛੂਹਣ ਵਾਲੀਆਂ ਤੇ ਰੋਚਕ ਹਨ ਲੇਕਿਨ ਦੇਸ-ਪਰਦੇਸ ਕਹਾਣੀ ਦੇ ਪਾਤਰਾਂ ਵਿਚਾਲੇ ਸੰਵਾਦ, ਉਨ੍ਹਾਂ ਦਾ ਦਵੰਦ ਅਤੇ ਕਹਾਣੀ ਵਿਚਲੇ ਮੋੜ ਕਹਾਣੀ ਨੂੰ ਖ਼ਾਸ ਬਣਾਉਂਦੇ ਹਨ। ਭਾਸ਼ਾ ਸ਼ੈਲੀ ਵਿਚ ਮਲਵਈ ਮੁਹਾਵਰਾ ਤੇ ਪੇਂਡੂ ਵਾਤਾਵਰਨ ਦੀ ਮੰਜ਼ਰਕਸ਼ੀ ਵਧੀਆ ਹੈ।

ਪੁਸਤਕ - ਦੇਸ-ਪਰਦੇਸ ( ਕਹਾਣੀ ਸੰਗ੍ਰਹਿ)
ਲੇਖਕ - ਮਾ. ਹਰਪਾਲ ਸਿੰਘ ਬਰੌਂਗਾ
ਸਫ਼ੇ - 132, ਮੁੱਲ- 350/-
ਪ੍ਰਕਾਸ਼ਨ - ਲੋਕਗੀਤ ਪ੍ਰਕਾਸ਼ਨ, ਮੁਹਾਲੀ।
ਕਹਾਣੀਕਾਰ ਹਰਦੀਪ ਸਿੰਘ ਬਰੌਂਗਾ ਦੇ ਪਹਿਲੇ ਕਹਾਣੀ ਸੰਗ੍ਰਹਿ ‘ਅੱਛੇ ਦਿਨਾਂ ਦੀ ਉਡੀਕ’ ਮਗਰੋਂ ਦੂਸਰੇ ਕਹਾਣੀ ਸੰਗ੍ਰਹਿ ‘ਦੇਸ-ਪਰਦੇਸ’ ਵਿਚ ਕੁੱਲ 16 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਨੰਗ ਕਿਸੇ ਥਾਂ ਦਾ, ਕੰਧੀ ਉੱਤੇ ਰੁੱਖੜਾ, ਲੇਖਾ-ਜੋਖਾ, ਕੋਹਜਾ ਮਜ਼ਾਕ, ਕਲਯੁੱਗ, ਦੇਸ-ਪਰਦੇਸ, ਹਾਏ! ਮੋਬਾਈਲ, ਮਰੀਆਂ ਜ਼ਮੀਰਾਂ ਵਾਲੇ, ਫ਼ਰਕ, ਬੇਸਬਰਾ, ਨੂੰਹਾਂ-ਧੀਆਂ, ਲੀਹੋਂ ਲੱਥੀ ਗੱਡੀ, ਭੂਤ ਦੀ ਕਹਾਣੀ, ਚੜ੍ਹਦੀ ਕਲਾ, ਸੁੱਕੀਆਂ ਜੜ੍ਹਾਂ ਵਾਲਾ ਰੁੱਖ ਅਤੇ ਅੰਤਿਮ ਰਸਮਾਂ ਕਹਾਣੀਆਂ ’ਚੋਂ ਗੁਜ਼ਰਨ ਮਗਰੋਂ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਲੇਖਕ ਅਜੋਕੇ ਪ੍ਰਸ਼ਾਸਨਿਕ ਢਾਂਚੇ ਦੇ ਉਸ ਕਰੂਰ ਯਥਾਰਥ ਦੀ ਪੂਰੀ ਬੇਬਾਕੀ ਅਤੇ ਦਲੇਰੀ ਨਾਲ ਚੀਰ-ਫਾੜ ਕਰਦਾ ਹੈ ਤੇ ਉਸ ਅੰਦਰਲੇ ਗੰਦ ਨੂੰ ਉਜਾਗਰ ਕਰਨ ਵਿਚ ਕੋਈ ਨਰਮੀ ਨਹੀਂ ਵਰਤਦਾ। ਵਿਸ਼ੇਸ਼ ਕਰਕੇ ਪੁਲਿਸ, ਮਾਲ, ਡਾਕਟਰੀ ਅਤੇ ਹੋਰ ਮਹਿਕਮਿਆਂ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਊਣਾ ਕਿਵੇਂ ਨਰਕ ਬਣਾਇਆ ਹੋਇਆ ਹੈ। ਕੁਝ ਕਹਾਣੀਆਂ ਵਿਚ ਸਮਾਜ ਲਈ ਕੋਹੜ ਸਾਬਿਤ ਹੋ ਰਹੀ ਨਸ਼ੇ ਦੀ ਬਿਮਾਰੀ ਨੇ ਲੋਕਾਂ ਦਾ ਕਿਵੇਂ ਘਾਣ ਕੀਤਾ ਹੈ। ਜਿਹੜੇ ਲੋਕ ਹੱਡ-ਤੋੜਵੀਂ ਮਿਹਨਤ-ਮਜ਼ਦੂਰੀ ਕਰਦੇ ਹਨ, ਉਹ ਇਸ ਪੂੰਜੀਵਾਦੀ ਤੇ ਖਪਤਕਾਰੀ ਨਿਜਾਮ ਵਿਚ ਕਿਵੇਂ ਨਪੀੜੇ ਜਾ ਰਹੇ ਹਨ। ਪੜ੍ਹੇ-ਲਿਖੇ ਉੱਚੀ ਯੋਗਤਾ ਪ੍ਰਾਪਤ ਨੌਜਵਾਨ ਬੇਰੁਜ਼ਗਾਰੀ ਦੇ ਸ਼ਿਕਾਰ ਹੋ ਕੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਔਰਤਾਂ ਵੀ ਮਰਦਾਂ ਵਾਂਗ ਠੱਗੀ ਮਾਰਨ ਤੋਂ ਬਾਜ਼ ਨਹੀਂ ਆਉਂਦੀਆਂ। ਧੀ-ਪੁੱਤਰ ਵਿਚਲਾ ਫ਼ਰਕ, ਕਰਜ਼ੇ ਲੈ ਕੇ ਉਸ ਦੀ ਹੋਰ ਥਾਂ ਵਰਤੋਂ ਕਰ ਕੇ ਖ਼ੁਦਕੁਸ਼ੀ ਕਰਦੇ ਕਿਸਾਨਾਂ ਦਾ ਦੁਖਾਂਤ, ਬਜ਼ੁਰਗਾਂ ਦੀ ਸਾਂਭ-ਸੰਭਾਲ ਆਦਿ ਸਮਾਜਿਕ ਸਮੱਸਿਆਵਾਂ ਨੂੰ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਕਹਾਣੀਆਂ ਦੇ ਪਾਤਰ ਚਾਹੇ ਕੇਸਰ ਸਿੰਘ ਹੋਵੇ, ਸਰਪੰਚ ਹੋਵੇ, ਬਸ਼ੰਬਰ ਹੋਵੇ ਜਾਂ ਗੁਰਸੇਵਕ, ਮੰਜੂ ਹੋਵੇ ਜਾਂ ਸੁਖਵੰਤ ਜਰਨੈਲ ਸਿੰਘ ਹੋਵੇ ਜਾਂ ਅਜਮੇਰ ਸਿੰਘ, ਜਸਬੀਰ ਹੋਵੇ ਜਾਂ ਗੁਰਨਾਮ ਸਿੰਘ। ਇਨ੍ਹਾਂ ਸਾਰੇ ਹੀ ਪਾਤਰਾਂ ਦੀ ਜ਼ਿੰਦਗੀ ਸੰਘਰਸ਼ਮਈ ਅਤੇ ਜ਼ਿੰਦਗੀ ਦੇ ਯਥਾਰਥ ਦੀ ਹਕੀਕਤ ਬਿਆਨ ਕਰਦੀ ਹੈ ਅਤੇ ਸਾਡੇ ਸਮਾਜ ਦਾ ਅਸਲ ਚਿਹਰਾ ਪੂਰੀ ਬੇਬਾਕੀ ਨਾਲ ਨੰਗਾ ਕਰਦੀ ਹੈ। ਸਾਰੀਆਂ ਹੀ ਕਹਾਣੀਆਂ ਭੱਖਦੇ ਵਿਸ਼ਿਆਂ ਨੂੰ ਛੂਹਣ ਵਾਲੀਆਂ ਤੇ ਰੋਚਕ ਹਨ ਲੇਕਿਨ ਦੇਸ-ਪਰਦੇਸ ਕਹਾਣੀ ਦੇ ਪਾਤਰਾਂ ਵਿਚਾਲੇ ਸੰਵਾਦ, ਉਨ੍ਹਾਂ ਦਾ ਦਵੰਦ ਅਤੇ ਕਹਾਣੀ ਵਿਚਲੇ ਮੋੜ ਕਹਾਣੀ ਨੂੰ ਖ਼ਾਸ ਬਣਾਉਂਦੇ ਹਨ। ਭਾਸ਼ਾ ਸ਼ੈਲੀ ਵਿਚ ਮਲਵਈ ਮੁਹਾਵਰਾ ਤੇ ਪੇਂਡੂ ਵਾਤਾਵਰਨ ਦੀ ਮੰਜ਼ਰਕਸ਼ੀ ਵਧੀਆ ਹੈ। ਕਹਾਣੀਕਾਰ ਨੇ ਕਹਾਣੀਆਂ ਰਾਹੀਂ ਸਮਾਜ ਦੀ ਅਸਲ ਤਸਵੀਰ ਦਿਖਾ ਕੇ ਆਪਣਾ ਲੇਖਕੀ ਧਰਮ ਬਾਖ਼ੂਬੀ ਨਿਭਾਇਆ ਹੈ।
- ਡਾ. ਧਰਮਪਾਲ ਸਾਹਿਲ