ਪੰਜਾਬੀ ਕਹਾਣੀ ਨੇ ਕੁਦਰਤ ਦੇ ਨਿਯਮ ਬਦਲਾਓ ਨਾਲ ਆਪਣੇ ਆਪ ਨੂੰ ਸਮੇਂ-ਸਮੇਂ ’ਤੇ ਬਦਲਿਆ ਹੈ। ਮੌਜੂਦਾ ਕਹਾਣੀ ਦੀ ਗੱਲ ਕਰੀਏ ਤਾਂ ਇਹ ਸਥੂਲ ਦੀਆਂ ਵਲਗਣਾਂ ’ਚੋਂ ਨਿਕਲ ਕੇ ਸੂਖ਼ਮਤਾ ਵੱਲ ਅਹੁੜਦੀ ਹੈ। ਇਸੇ ਹੀ ਪਗਡੰਡੀ ਦਾ ਸਫ਼ਰ ਕਰਦੀਆਂ ਹਨ ਗੁਰਮੇਲ ਸਿੰਘ ਬੌਡੇ ਦੀਆਂ ਕਹਾਣੀਆਂ, ਜਿਹੜੀਆਂ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਦਿਆਲਾ ਬੰਦੇ ਵੱਢ’ ਵਿਚ ਦਰਜ ਹਨ।

ਪੁਸਤਕ - ਦਿਆਲਾ ਬੰਦੇ ਵੱਢ (ਕਹਾਣੀ ਸੰਗ੍ਰਹਿ)
ਲੇਖਕ - ਗੁਰਮੇਲ ਸਿੰਘ ਬੌਡੇ
ਸਫ਼ੇ - 111, ਮੁੱਲ - 250 ਰੁਪਏ
ਪ੍ਰਕਾਸ਼ਨ - ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਪੰਜਾਬੀ ਕਹਾਣੀ ਨੇ ਕੁਦਰਤ ਦੇ ਨਿਯਮ ਬਦਲਾਓ ਨਾਲ ਆਪਣੇ ਆਪ ਨੂੰ ਸਮੇਂ-ਸਮੇਂ ’ਤੇ ਬਦਲਿਆ ਹੈ। ਮੌਜੂਦਾ ਕਹਾਣੀ ਦੀ ਗੱਲ ਕਰੀਏ ਤਾਂ ਇਹ ਸਥੂਲ ਦੀਆਂ ਵਲਗਣਾਂ ’ਚੋਂ ਨਿਕਲ ਕੇ ਸੂਖ਼ਮਤਾ ਵੱਲ ਅਹੁੜਦੀ ਹੈ। ਇਸੇ ਹੀ ਪਗਡੰਡੀ ਦਾ ਸਫ਼ਰ ਕਰਦੀਆਂ ਹਨ ਗੁਰਮੇਲ ਸਿੰਘ ਬੌਡੇ ਦੀਆਂ ਕਹਾਣੀਆਂ, ਜਿਹੜੀਆਂ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਦਿਆਲਾ ਬੰਦੇ ਵੱਢ’ ਵਿਚ ਦਰਜ ਹਨ। ਅਫ਼ਸਾਨਾ ਨਿਗਾਰ ਦੀ ਗੱਲ ਕਰੀਏ ਤਾਂ ਕਥਾਕਾਰ ਨੂੰ ਸਾਹਿਤ ਦੀ ਪ੍ਰੋੜਤਾ ਹਾਸਿਲ ਹੈ। ਹੱਥਲਾ ਕਹਾਣੀ ਸੰਗ੍ਰਹਿ ‘ਦਿਆਲਾ ਬੰਦੇ ਵੱਢ’ ਦੀਆਂ ਕਹਾਣੀਆਂ ਉਨ੍ਹਾਂ ਦੀ ਤੀਖਣਬੁੱਧੀ ਅਤੇ ਤਜਰਬੇ ਵਿੱਚੋਂ ਜਨਮ ਲੈਂਦੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚ ਉਸ ਦੀਆਂ 11 ਕਹਾਣੀਆਂ ਦਰਜ ਹਨ। ਸਾਰੀਆਂ ਕਹਾਣੀਆਂ ਆਪਣੀ ਪ੍ਰਵਿਰਤੀ ਤੇ ਵਿਸ਼ੇ ਅਨੁਸਾਰ ਸਮਾਜ ਦੀਆਂ ਉਨ੍ਹਾਂ ਪ੍ਰਸਥਿਤੀਆਂ ਵੱਲ ਇਸ਼ਾਰਾ ਕਰਦੀਆਂ ਹਨ, ਜਿਹੜੀਆਂ ਕਿਸੇ ਨਾ ਕਿਸੇ ਪੱਖ ਤੋਂ ਸਮਾਜ ਨੂੰ ਪ੍ਰਭਾਵਿਤ ਕਰਦੀਆਂ ਹਨ। ਕਹਾਣੀਆਂ ਵਿਚਲੇ ਪਾਤਰ ਸਾਡੇ ਚੌਗਿਰਦੇ ਦੀ ਵਲਗਣਾ ਦੇ ਘੇਰੇ ਵਿਚ ਤੁਰਦੇ ਫਿਰਦੇ ਨਜ਼ਰ ਆਉਂਦੇ ਹਨ। ਸਮਾਜਿਕ ਬਦਲਾਓ ਕਹਾਣੀਆਂ ’ਚ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਮੁਖੜਾ ਕਹਾਣੀ ‘ਦਿਆਲਾ ਬੰਦੇ ਵੱਢ’ ਇਤਿਹਾਸਕ ਝਰੋਖਿਆ ਵਿੱਚੋਂ ਸਫ਼ਰ ਕਰਦੀ ਹੋਈ ਬਟਵਾਰੇ ਦੀ ਚੀਸ ਰਾਹੀਂ ਮਨੁੱਖੀ ਪ੍ਰਵਿਰਤੀ ਦੀ ਕਰੂਰਤਾ ਵਾਲੀ ਤਸਵੀਰ ਪੇਸ਼ ਕਰਦੀ ਹੈ। ‘ਬਾਰਾਂ ਸਿੰਗਾ’ ਕਹਾਣੀ ਦਾ ਪਾਤਰ ਬਾਬਾ ਪਾਖਰ ਸਿੰਘ ਜਾਗਰੂਕ ਪ੍ਰਵਿਰਤੀ ਦਾ ਹੋਣ ਕਰਕੇ ਸਮਾਜ ਦੀ ਆਰਥਿਕਤਾ ਦੀ ਪੜਚੋਲ ਵੀ ਕਰਦਾ ਹੈ। ‘ਐਨੀ ਮੇਰੀ ਬਾਤ’ ਕਹਾਣੀ ਵਿਚ ਲੇਖਕ ਦੀ ਸੰਵੇਦਨਸ਼ੀਲ ਤੇ ਭਾਵੁਕਤਾ ਉਮੜ ਪੈਂਦੀ ਹੈ। ਅਧਿਆਪਕ ਦੇ ਕਿਰਦਾਰ ਨੂੰ ਉੱਚਤਾ ਨਾਲ ਵੰਡਿਆਇਆ ਹੈ। ‘ਜਗਦੀਪ’ ਵਰਗੇ ਪਾਤਰ ਸਮਾਜ ਵਿਚ ਪ੍ਰਤਿਭਾ ਨਾਲ ਭਰੇ ਪਏ ਹਨ। ਸਮੁੱਚੇ ਕਹਾਣੀ ਸੰਗ੍ਰਹਿ ਵਿਚ ਪੇਂਡੂ ਜੀਵਨ ਤੇ ਮੌਜੂਦਾ ਕਿਰਤੀ ਕਿਸਾਨ ਦੀ ਤਰਾਸਦੀ ਝਲਕਦੀ ਹੈ। ਇਸ ਕਹਾਣੀ ਸੰਗ੍ਰਹਿ ਦੀ ਕਹਾਣੀ ‘ਚਿਣਗ’ ਸਮਕਾਲ ਦੇ ਸਮਾਜ ਵਿਚ ਆਪਣੇ ਪੈਰ ਪਸਾਰ ਰਹੇ ਗੈਂਗਸਟਰਬਾਦ ਦੇ ਕੌੜੇ ਸੱਚ ਨੂੰ ਬਿਆਨ ਕਰਦੀ ਹੈ। ਇਸ ਕਹਾਣੀ ਵਿਚਲੇ ਪੱਖ ਨੂੰ ਸਮਕਾਲ ਦੇ ਸਮਾਜ ਵਿਚ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਸਮੁੱਚੇ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਸਮਾਜ ਦੀਆਂ ਪਰਤਾਂ ਨੂੰ ਪਰਤ ਦਰ ਪਰਤ ਖੋਲ੍ਹਦੀਆਂ ਹਨ। ਕਹਾਣੀ ‘ਫ਼ਰਾਕ’ ਸਦੀਆਂ ਤੋਂ ਚੱਲੇ ਆ ਰਹੇ ਲਿੰਗ ਭੇਦ ਦੀ ਗੱਲ ਕਰਦੀ ਹੈ। ਇਸ ਕਹਾਣੀ ਨੂੰ ਆਦਰਸ਼ ਪਾਤਰ ਪ੍ਰੋਫੈਸਰ ਸੁਰਜੀਤ ਸਿੰਘ ਨਵਜੰਮੀ ਬੱਚੀ ਨੂੰ ਨਵੀਂ ਫ਼ਰਾਕ ਪਹਿਨਾ ਕੇ ਉਸ ਦਾ ਨਾਮਕਰਨ ਕਰਦਾ ਹੈ ਅਤੇ ਸਮਾਜਿਕ ਪਛਾਣ ਦਿੰਦਾ ਹੈ। ‘ਬੂਥ’ ਕਹਾਣੀ ਨਵੇਂ ਵਿਸ਼ੇ ਦੀ ਤਰਜ਼ਮਾਨੀ ਕਰਦੀ ਹੈ। ਕਹਾਣੀਆਂ ਦੀ ਭਾਸ਼ਾ ਪੇਂਡੂ, ਸਰਲ ਅਤੇ ਮੁਹਾਵਰੇਦਾਰ ਹੈ, ਜਿਸ ਨਾਲ ਪਾਠਕ ਦੀ ਮਾਨਸਿਕਤਾ ਸਹਿਜੇ ਹੀ ਜੁੜ ਜਾਂਦੀ ਹੈ। ਕਹਾਣੀਆਂ ਦੀ ਭਾਸ਼ਾ ਮਲਵਈ ਹੈ। ਹਰ ਕਹਾਣੀ ਦਾ ਸਥਾਨਕ ਚਿਤਰਨ ਆਪਣੀ ਵੱਖਰੀ ਪਛਾਣ ਦਰਸਾਉਂਦਾ ਹੈ। ਪਾਤਰਾਂ ਦੇ ਵਾਰਤਾਲਾਪ ਰੌਚਿਕ ਤੇ ਉਤਸੁਕਤਾ ਪੈਦਾ ਕਰਦੇ ਹਨ। ਕਹਾਣੀ ਪੜ੍ਹਦਿਆਂ ਪਾਠਕ ਨੂੰ ਉਤਸੁਕਤਾ ਬਣੀ ਰਹਿੰਦੀ ਹੈ, ਕਿ ਅੱਗੇ ਕੀ ਹੋਵੇਗਾ? ਪਾਠਕ ਨੂੰ ਲੇਖਕ ਦੁਆਰਾ ਆਪਣੀ ਰਚਨਾ ਨਾਲ ਜੋੜਨਾ ਹੀ ਕਿਸੇ ਰਚਨਾ ਦਾ ਸਾਰਥਿਕ ਸੰਦੇਸ਼ ਹੁੰਦਾ ਹੈ। ਸਮੁੱਚੇ ਕਹਾਣੀ ਸੰਗ੍ਰਹਿ ਵਿੱਚ ਸਥਾਨ ਅਤੇ ਚਿੱਤਰਾਂ ਦਾ ਸੁਮੇਲ ਸਲਾਹਣ ਯੋਗ ਹੈ।
- ਅੰਮ੍ਰਿਤਪਾਲ ਕਲੇਰ