ਪ੍ਰਵਾਸੀ ਲੇਖਕ ਦਲਜੀਤ ਸ਼ਾਹਪੁਰੀ ਦੂਜੇ ਕਹਾਣੀ ਸੰਗ੍ਰਹਿ ਮਸੀਹਾ-ਏ-ਮੁਹੱਬਤ (ਫ਼ਤਹਿ ਸਿੰਘ) ਨਾਲ ਪਾਠਕਾਂ ਦੇ ਸਨਮੁੱਖ ਹੋਇਆ ਹੈ। ਪਹਿਲਾ ਕਹਾਣੀ ਸੰਗ੍ਰਹਿ ਦਾਸਤਾਨ-ਏ-ਹਿਜ਼ਰਤ ਅਤੇ ਕਾਵਿ ਸੰਗ੍ਰਹਿ ਗੱਡੀਆਂ ਵਾਲੀ ਦੋ ਕੁ ਸਾਲ ਪਹਿਲਾਂ ਹੀ ਆਏ ਹਨ। ਪੁਸਤਕ ਦੀ ਪਹਿਲੀ ਕਹਾਣੀ ਦੇ ਆਧਾਰ ’ਤੇ ਹੀ ਉਸ ਨੇ ਪੁਸਤਕ ਦਾ ਨਾਮਕਰਨ ਕੀਤਾ ਹੈ, ਜਿਸ ’ਚ ਉਸ ਨੇ ਛੋਟੀਆਂ-ਵੱਡੀਆਂ ਪੱਚੀ ਕਹਾਣੀਆਂ ਨੂੰ ਸਮੋਇਆ ਹੈ।

ਪੁਸਤਕ : ਮਸੀਹਾ-ਏ-ਮੁਹੱਬਤ
ਲੇਖਕ : ਦਲਜੀਤ ਸ਼ਾਹਪੁਰੀ
ਪੰਨੇ : 200, ਮੁੱਲ : 350/- ਰੁਪਏ
ਪ੍ਰਕਾਸ਼ਨ : ਚੇਤਨ ਪ੍ਰਕਾਸ਼ਨ, ਲੁਧਿਆਣਾ।
ਪ੍ਰਵਾਸੀ ਲੇਖਕ ਦਲਜੀਤ ਸ਼ਾਹਪੁਰੀ ਦੂਜੇ ਕਹਾਣੀ ਸੰਗ੍ਰਹਿ ਮਸੀਹਾ-ਏ-ਮੁਹੱਬਤ (ਫ਼ਤਹਿ ਸਿੰਘ) ਨਾਲ ਪਾਠਕਾਂ ਦੇ ਸਨਮੁੱਖ ਹੋਇਆ ਹੈ। ਪਹਿਲਾ ਕਹਾਣੀ ਸੰਗ੍ਰਹਿ ਦਾਸਤਾਨ-ਏ-ਹਿਜ਼ਰਤ ਅਤੇ ਕਾਵਿ ਸੰਗ੍ਰਹਿ ਗੱਡੀਆਂ ਵਾਲੀ ਦੋ ਕੁ ਸਾਲ ਪਹਿਲਾਂ ਹੀ ਆਏ ਹਨ। ਪੁਸਤਕ ਦੀ ਪਹਿਲੀ ਕਹਾਣੀ ਦੇ ਆਧਾਰ ’ਤੇ ਹੀ ਉਸ ਨੇ ਪੁਸਤਕ ਦਾ ਨਾਮਕਰਨ ਕੀਤਾ ਹੈ, ਜਿਸ ’ਚ ਉਸ ਨੇ ਛੋਟੀਆਂ-ਵੱਡੀਆਂ ਪੱਚੀ ਕਹਾਣੀਆਂ ਨੂੰ ਸਮੋਇਆ ਹੈ। ਇਸ ਅਨੁਸਾਰ ਇਹ ਸੰਘਰਸ਼ੀ ਲੋਕਾਂ ਦੀਆਂ ਜੀਵਨ ਕਹਾਣੀਆਂ ਹਨ ਅਤੇ ਮੱਧ ਵਰਗ ਦੇ ਲੋਕਾਂ ਨੂੰ ਤਿੰਨ ਹਿੱਸਿਆਂ ’ਚ ਵੰਡਦਾ ਹੈ। ਉਸ ਦੀਆਂ ਕਹਾਣੀਆਂ ਦਾ ਮੁਆਇਨਾ ਕਰਨ ’ਤੇ ਕਹਾਣੀਆਂ ਵਿਚ ਕੁਦਰਤੀ ਕਹਿਰ, ਆਜ਼ਾਦੀ ਦੇ ਅਰਥ, ਪਰਵਾਸ, ਮੀਡੀਆ ਅਤੇ ਵਾਤਾਵਰਨ ਵਰਗੇ ਵਿਸ਼ੇ ਛੋਹੇ ਜਾਪਦੇ ਹਨ। ਕੁਝ ਕੁ ਇਹ ਕਹਾਣੀਆਂ ਜਿੱਥੇ ਲੇਖਨੁਮਾ ਮਹਿਸੂਸ ਹੁੰਦੀਆਂ ਹਨ, ਉੱਥੇ ਵਿਅੰਗਾਤਮਿਕ ਅਤੇ ਯਾਤਰਾ ਬਿਰਤਾਂਤ ਪੇਸ਼ ਕਰਦੀਆਂ ਹਨ। ਘਟਨਾਵਾਂ ’ਤੇ ਆਧਾਰਿਤ ਕਹਾਣੀਆਂ ਵਿਅੰਗ ਵੀ ਕਸਦੀਆਂ ਪ੍ਰਤੀਤ ਹੁੰਦੀਆਂ ਹਨ, ਜਿਹੜੀਆਂ ਅੱਜ ਤੋਂ ਪੰਜ-ਛੇ ਦਹਾਕੇ ਪਹਿਲਾਂ ਨੂੰ ਉਜਾਗਰ ਕਰਦੀਆਂ ਹਨ। ਕਈ ਕਹਾਣੀਆਂ ਦਾ ਆਰੰਭ ਵਿਦਵਤਾ ਵਾਲੇ ਸ਼ਬਦਾਂ ਨਾਲ ਕੀਤਾ ਗਿਆ ਹੈ। ਹੁਣ ਜਦੋਂ ਅਸੀਂ ਕਹਾਣੀਆਂ ਦੀ ਗੱਲ ਕਰਦੇ ਹਾਂ ਤਾਂ ਪਲੇਠੀ ਕਹਾਣੀ ਮਸੀਹਾ-ਏ-ਮੁਹੱਬਤ (ਫ਼ਤਹਿ ਸਿੰਘ) ਪਰਿਵਾਰਕ ਰਿਸ਼ਤਿਆਂ ਦੀ ਤੋੜ-ਭੰਨ ਤੇ ਮਿਲਾਪ ਦੀ ਗੱਲ ਕਰਦੀ ਜਾਪਦੀ ਹੈ। ਪਹਿਲਾਂ ਭਰਾਵਾਂ ’ਚ ਜ਼ਮੀਨ ਨੂੰ ਲੈ ਕੇ ਮਨ ਮੁਟਾਅ, ਵਿਤਕਰਾ ਅਤੇ ਫਿਰ ਫ਼ਤਹਿ ਕਰਕੇ ਉਨ੍ਹਾਂ ਵਿਚ ਸਾਂਝ ਦਿਖਾਈ ਗਈ ਹੈ। ਖਾਰੇ ਪਾਣੀਆਂ ਦੀ ਸੈਰ ਦੀ ਗਾਥਾ ’ਚ ਡਰਾਈਵਰਾਂ ਦੀ ਕਾਰਗੁਜ਼ਾਰੀ ਦਾ ਵਰਨਣ ਪੇਸ਼ ਕਰਦੀ ਹੈ। ਜਵਾਨੀ ਦੀ ਕੰਧ ਤੋਂ ਪ੍ਰੇਮ ਵਿਗੁਚੀ ਕਹਾਣੀ ਹੈ। ਪੁਸਤਕ ਵਿਚਲੀ ਕਹਾਣੀ ਤਿੜਕਦੇ ਰਿਸ਼ਤੇ ’ਚ ਕੋਈ ਅਜਿਹੀ ਗੱਲ ਨਹੀਂ ਲੱਗਦੀ, ਜਿਸ ਨਾਲ ਰਿਸ਼ਤੇ ਤਿੜਕਦੇ ਹੋਣ ਸਗੋਂ ਦੀਪੇ ਵੱਲੋਂ ਆਪਣੀ ਭੈਣ ਨਾਲ ਨਿੱਕੋ ਲਈ ਵੀ ਸੰਧਾਰਾ ਲਿਜਾ ਕੇ ਰਿਸ਼ਤੇ ਨੂੰ ਬਣਾਉਣ ਦੀ ਗੱਲ ਕੀਤੀ ਹੈ। ਕਹਾਣੀ ਤਾਰੋਂ ਆਰ-ਪਾਰ ਦੇਸ਼ ਦੀ ਵੰਡ ਅਤੇ ਦੋਵੇਂ ਪੰਜਾਬਾਂ ਦੀ ਗੱਲ ਕਰਦੀ ਹੈ। ਕਹਾਣੀ ਦੀ ਨਾਇਕਾ ਤਨਵੀਰ ਜਿਹੜੀ ਮੁਸਲਿਮ ਪਾਕਿਸਤਾਨੀ ਮੂਲ ਦੀ ਲੜਕੀ ਹੈ, ਉਸ ਦਾ ਸਿੱਖਾਂ ਪ੍ਰਤੀ ਅਪਣਾ ਦ੍ਰਿਸ਼ਟੀਕੋਣ ਦਿਖਾਉਂਦੀ ਹੈ ਤੇ ਪੰਜਾਬੀਆਂ ਪ੍ਰਤੀ ਮੋਹ ਦਰਸਾਉਂਦੀ ਹੈ। ਇਸ ਪੁਸਤਕ ਦੀ ਅੰਤਿਮ ਕਹਾਣੀ ਕੌਣ ਦਿਲਾਂ ਦੀਆਂ ਜਾਣੇ ਦੀ ਗੱਲ ਕਰੀਏ ਤਾਂ ਇਹ ਭੁੱਕੀ ਮਾਜਰਾ ਦੀ ਕਹਾਣੀ ਹੈ, ਜਿੱਥੇ ਸਰਕਾਰ ਵੱਲੋਂ ਜ਼ਮੀਨ ਲਏ ਜਾਣ ’ਤੇ ਸੁੱਖੇ ਵੱਲੋਂ ਡੌਂਕੀ ਲਾ ਕੇ ਅਮਰੀਕਾ ਜਾ ਸੁਪਨੇ ਪੂਰੇ ਕਰਨ ਦੀ ਗੱਲ ਕੀਤੀ ਹੈ ਪਰ ਵਿਦੇਸ਼ ਗਏ ਪੁੱਤ ਵੱਲੋਂ ਮੁੜ ਮਾਂ ਨੂੰ ਮਿਲ ਸਕਣਾ ਰਿਸ਼ਤਿਆਂ ਦੀ ਤ੍ਰਾਸਦੀ ਪੇਸ਼ ਕਰਦੀ ਹੈ। ਹੋਰ ਕਹਾਣੀਆਂ ਵੀ ਸਮਾਜਿਕ ਵਰਤਾਰੇ ਦੀ ਗੱਲ ਕਰਦੀਆਂ ਜਾਪਦੀਆਂ ਹਨ। ਕਹਾਣੀਆਂ ’ਚ ਮਸੀਹਾ-ਏ-ਮੁਹੱਬਤ ਫ਼ਤਹਿ ਸਿੰਘ, ਖਾਰੇ ਪਾਣੀਆਂ ਦੀ ਸੈਰ ਦੀ ਗਾਥਾ, ਸ਼ੱਬੋ ਦਾ ਘੁੰਗਰੂ, ਮਨ ਤਰੰਗਾਂ ਅਤੇ ਵਿਅੰਗਾਤਮਿਕ ਕਹਾਣੀਆਂ ਵਿਚ ਘੜੰਮ ਚੌਧਰੀ, ਮਰੀਜ਼-ਏ-ਖ਼ਾਸ, ਖੁੰਡ ਚਰਚਾ ਅਤੇ ਜਿਗਰੀ ਯਾਰ ਆਦਿ ਸ਼ਾਮਿਲ ਹਨ। ਲੇਖਕ ਨੇ ਕਈ ਥਾਂ ਸ਼ਬਦਾਂ ਨਾਲ ‘ਅ’ ਦੀ ਵਾਧੂ ਵਰਤੋਂ ਕੀਤੀ ਹੈ, ਜਿਵੇਂ ਲੈਅ, ਖਾਅ, ਪੀਅ, ਜਾਅ ਅਤੇ ਫਰੀਅ ਆਦਿ।
- ਤੇਜਿੰਦਰ ਚੰਡਿਹੋਕ