ਚਰਚਾ ਅਧੀਨ ਪੁਸਤਕ ’ਚ ਗੀਤਕਾਰ ਨੇ 65 ਗੀਤ ਪਾਠਕਾਂ ਦੇ ਰੂਬਰੂ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤੇ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ’ਚ ਰਿਕਾਰਡ ਹੋ ਚੁੱਕੇ ਹਨ। ਇਸ਼ਕ ਮੁਹੱਬਤ, ਜਵਾਨ ਦਿਲਾਂ ’ਚ ਇਕ-ਦੂਜੇ ਨੂੰ ਮਿਲਣ ਦੀ ਤਾਂਘ, ਵਿਛੋੜੇ ਦੀ ਤੜਪ ਅਤੇ ਕੁਦਰਤ ਦੀਆਂ ਗੱਲਾਂ ਕਰਦਿਆਂ ਲੇਖਕ ਨੇ ਟੱਪਿਆਂ ਵਿਚ ਸਮਾਜ ਦਾ ਸੱਚ ਬਿਆਨਣ ਦੇ ਨਾਲ-ਨਾਲ ਬੀਤੇ ਸਮੇਂ ਨੂੰ ਵੀ ਯਾਦ ਕੀਤਾ ਹੈ।

ਪੁਸਤਕ : ਛਾਵਾਂ ਠੰਢੀਆਂ ਨੇ ਬੋਹੜ ਦੀਆਂ
ਗੀਤਕਾਰ : ਨਿਰਮਲ ਸਿੰਘ ਦਿਓਲ
ਪੰਨੇ:140, ਮੁੱਲ: 250/-ਰੁਪਏ
ਪ੍ਰਕਾਸ਼ਨ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਚਰਚਾ ਅਧੀਨ ਪੁਸਤਕ ’ਚ ਗੀਤਕਾਰ ਨੇ 65 ਗੀਤ ਪਾਠਕਾਂ ਦੇ ਰੂਬਰੂ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤੇ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ’ਚ ਰਿਕਾਰਡ ਹੋ ਚੁੱਕੇ ਹਨ। ਇਸ਼ਕ ਮੁਹੱਬਤ, ਜਵਾਨ ਦਿਲਾਂ ’ਚ ਇਕ-ਦੂਜੇ ਨੂੰ ਮਿਲਣ ਦੀ ਤਾਂਘ, ਵਿਛੋੜੇ ਦੀ ਤੜਪ ਅਤੇ ਕੁਦਰਤ ਦੀਆਂ ਗੱਲਾਂ ਕਰਦਿਆਂ ਲੇਖਕ ਨੇ ਟੱਪਿਆਂ ਵਿਚ ਸਮਾਜ ਦਾ ਸੱਚ ਬਿਆਨਣ ਦੇ ਨਾਲ-ਨਾਲ ਬੀਤੇ ਸਮੇਂ ਨੂੰ ਵੀ ਯਾਦ ਕੀਤਾ ਹੈ। ਗੀਤਕਾਰ ਨੇ ਪਿਆਰ ਮੁਹੱਬਤ ਦੇ ਰਸਤੇ ਤੁਰ ਰਹੀ ਕੁੜੀ ਨੂੰ ਮਾਪਿਆਂ ਦੀ ਇੱਜ਼ਤ ਦਾ ਖ਼ਿਆਲ ਰੱਖਣ ਲਈ ਵੀ ਵਰਜਿਆ ਹੈ। ਪਰਵਾਸ ਵੀ ਗੀਤਕਾਰ ਦੇ ਗੀਤਾਂ ਦਾ ਵਿਸ਼ਾ ਬਣਿਆ ਹੈ। ਕੋਈ ਸਮਾਂ ਸੀ ਜਦੋਂ ਸਾਂਝੇ ਟੱਬਰ ਹੁੰਦੇ ਸਨ ਅਤੇ ਸਾਂਝੇ ਟੱਬਰ ਦਾ ਇਕ ਲੰਬਰਦਾਰ ਹੁੰਦਾ ਸੀ। ਸਾਰੇ ਪਰਿਵਾਰਕ ਮੈਂਬਰ ਉਸ ਬਜ਼ੁਰਗ ਦਾ ਕਹਿਣਾ ਮੰਨਦੇ ਸਨ। ਘਰ ਦੇ ਮੁਖੀ ਦੀ ਕਹੀ ਗੱਲ ਪੱਥਰ ’ਤੇ ਲਕੀਰ ਹੁੰਦੀ ਸੀ:
ਜਦੋਂ ਸਾਂਝੇ ਟੱਬਰ ਹੁੰਦੇ ਸੀ
ਵਿਹੜੇ ਵਿਚ ਬਾਬਾ ਬਹਿੰਦਾ ਸੀ
ਤੂੰ ਆ ਕਰ ਲੈ, ਤੂੰ ਓਹ ਕਰ ਲੈ
ਹਰ ਵੱਡੇ ਛੋਟੇ ਨੂੰ ਕਹਿੰਦਾ ਸੀ
ਉਹਦਾ ਹੁਕਮ ਇਲਾਹੀ ਹੁੰਦਾ ਸੀ
ਖ਼ੁਸ਼ੀਆਂ ਦੀ ਗੰਗਾ ਵਗਦੀ ਸੀ
ਕਿਸੇ ਰਾਜੇ ਵਾਂਗੂੰ ਬਾਬੇ ਦੀ
ਹਰ ਰੋਜ਼ ਕਚਹਿਰੀ ਲਗਦੀ ਸੀ।
ਗੀਤਕਾਰ ਨੂੰ ਬੀਤਿਆ ਸਮਾਂ ਮੁੜ-ਮੁੜ ਚੇਤੇ ਆਉਂਦਾ ਹੈ। ਟੌਰੇ ਵਾਲੀਆਂ ਪੱਗਾਂ ਵਾਲੇ ਬਾਬੇ, ਮੂੰਹ ’ਤੇ ਸੱਚ ਕਹਿਣ ਦੀ ਜ਼ੁਰਅਤ ਰੱਖਣ ਵਾਲੇ ਬਖਤੌਰੇ, ਰੱਬ ਦੀ ਰਜ਼ਾ ’ਚ ਰਾਜ਼ੀ ਰਹਿਣ ਵਾਲੀਆਂ ਰੂਹਾਂ ਅਤੇ ਗੁੰਮ ਹੋਈਆਂ ਭੱਠੀਆਂ ਵੀ ਗੀਤਾਂ ਦਾ ਵਿਸ਼ਾ ਬਣੀਆਂ ਹਨ। ਅਜੋਕੇ ਸਮੇਂ ’ਚ ਡੀਜੇ ਦੀ ਹੋਈ ਸਰਦਾਰੀ ਨੇ ਕੁੜੀਆਂ ਨੂੰ ਨੱਚਣ ਦੀ ਥਾਂ ਭੰਗੜਾ ਪਾਉਣ ਲਗਾ ਦਿੱਤਾ ਹੈ, ਗਿੱਧੇ ਦੀਆਂ ਬੋਲੀਆਂ ਭੁਲਾ ਦਿੱਤੀਆਂ ਹਨ, ਤੀਆਂ ਵੀ ਗੁੰਮ ਗਈਆਂ ਹਨ। ਗ਼ਮੀ ਦੌਰਾਨ ਪਾਏ ਜਾਣ ਵਾਲੇ ਵੈਣਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਲੋਪ ਹੋਏ ਖੂਹ, ਮੇਲੇ, ਛਿੰਝਾਂ, ਤਾਸ਼ ਖੇਡਦੀਆਂ ਢਾਣੀਆਂ, ਤਿੰਝਣਾਂ ਅਤੇ ਮੋਹਰਾਂ, ਕਾਂਟੇ, ਗੁੱਤ ਕਲੀਰੇ ਆਦਿ ਗਹਿਣਿਆਂ ਸਮੇਤ ਘੱਗਰੇ, ਘੁੰਡ, ਦੁਪੱਟੇ, ਚੀਰੇ ਆਦਿ ਪਹਿਰਾਵੇ ਵੀ ਲੋਪ ਹੋ ਗਏ ਹਨ:
ਮੁੱਕ ਗਏ ਮਿੱਠੇ ਖੂਹ ਦੇ ਪਾਣੀ
ਮੇਲੇ, ਛਿੰਝਾਂ, ਤਾਸ਼ ਦੀ ਢਾਣੀ
ਮੋਹਰਾਂ, ਕਾਂਟੇ, ਗੁੱਤ ਕਲੀਰੇ
ਘੱਗਰੇ, ਘੁੰਡ, ਦੁਪੱਟੇ, ਚੀਰੇ
ਨਾ ਫੁਲਕਾਰੀਆਂ ਲੱਭਦੀਆਂ ਨੇ
ਹੱਟੀਆਂ, ਭੱਠੀਆਂ ਮੋੜਾਂ ’ਤੇ
ਨਾ ਰੌਣਕਾਂ ਲਗਦੀਆਂ ਨੇ।
ਕੁਦਰਤ ਦੀਆਂ ਬਾਤਾਂ ਪਾਉਂਦੇ, ਵਿਰਸੇ ਨੂੰ ਚਿਤਵਦੇ, ਸੱਚੀ ਮੁਹੱਬਤ ਦੀ ਗੱਲ ਕਰਦੇ ਬੀਤੇ ਸਮੇਂ ਨੂੰ ਚੇਤੇ ਕਰਦੇ ਪਿੰਡਾਂ ਦੀ ਪੁਰਾਤਨ ਨੁਹਾਰ ਦੀ ਵਾਪਸੀ ਦੀ ਗੱਲ ਕਰਦੇ ਸਾਰੇ ਹੀ ਗੀਤ ਨਾ ਕੇਵਲ ਪਰਿਵਾਰਕ ਗੀਤ ਹੋਣ ਦਾ ਦਰਜਾ ਰੱਖਦੇ ਹਨ ਸਗੋਂ ਸਮਾਜ ’ਚ ਕਦਰਾਂ-ਕੀਮਤਾਂ ਪੈਦਾ ਕਰਨ ਦਾ ਵੀ ਹੰਭਲਾ ਮਾਰਦੇ ਪ੍ਰਤੀਤ ਹੁੰਦੇ ਹਨ।
-ਬਿੰਦਰ ਸਿੰਘ ਖੁੱਡੀ ਕਲਾਂ