Book Review : ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਉਜਾਗਰ ਕਰਦਾ ਕਾਵਿ ਸੰਗ੍ਰਹਿ ‘ਤਿਤਲੀਆਂ ਦਾ ਭਾਰ’
ਚਰਚਾ ਅਧੀਨ ਪੁਸਤਕ ‘ਚ ਲੇਖਕ ਨੇ 77 ਛੋਟੀਆਂ ਵੱਡੀਆਂ ਖੁੱਲ੍ਹੀਆਂ ਕਵਿਤਾਵਾਂ,ਗ਼ਜ਼ਲਾਂ,ਗੀਤ ਅਤੇ ਹਾਈਕੂ ਸਮੇਤ ਚੋਣਵੀਂ ਸ਼ਾਇਰੀ ਸ਼ਮਿਲ ਕੀਤੀ ਹੈ। ਕਵੀ ਨੇ ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਪੁਸਤਕ ਦੀ ਪਲੇਠੀ ਕਵਿਤਾ ‘ਮਾਂ’ ਵਿੱਚ ਕਵੀ ਮਾਂ ਨੂੰ ਯਾਦ ਕਰਦਾ ਹੈ।
Publish Date: Sat, 17 Jan 2026 11:09 AM (IST)
Updated Date: Sun, 18 Jan 2026 11:13 AM (IST)
ਪੁਸਤਕ : ਤਿਤਲੀਆਂ ਦਾ ਭਾਰ (ਕਾਵਿ-ਸੰਗ੍ਰਹਿ)
ਪੰਨੇ : 112 ਮੁੱਲ : 300/-
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨ,ਦਿੱਲੀ
ਚਰਚਾ ਅਧੀਨ ਪੁਸਤਕ ‘ਚ ਲੇਖਕ ਨੇ 77 ਛੋਟੀਆਂ ਵੱਡੀਆਂ ਖੁੱਲ੍ਹੀਆਂ ਕਵਿਤਾਵਾਂ,ਗ਼ਜ਼ਲਾਂ,ਗੀਤ ਅਤੇ ਹਾਈਕੂ ਸਮੇਤ ਚੋਣਵੀਂ ਸ਼ਾਇਰੀ ਸ਼ਮਿਲ ਕੀਤੀ ਹੈ। ਕਵੀ ਨੇ ਇਨਸਾਨੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਪੁਸਤਕ ਦੀ ਪਲੇਠੀ ਕਵਿਤਾ ‘ਮਾਂ’ ਵਿੱਚ ਕਵੀ ਮਾਂ ਨੂੰ ਯਾਦ ਕਰਦਾ ਹੈ। ਕਵੀ ਕਵਿਤਾ ’ਚ ਭਾਵਨਤਮਕ ਪੱਖੋਂ ਮਾਂ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਬਿਆਨ ਕਰਦਾ ਹੈ। ਪੰਜਾਬੀਆਂ ਦੀ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਪੈ ਰਹੀ ਦੂਰੀ ਕਵੀ ਨੂੰ ਰਹਿ ਰਹਿ ਕੇ ਪ੍ਰੇਸ਼ਾਨ ਕਰਦੀ ਪ੍ਰਤੀਤ ਹੁੰਦੀ ਹੈ। ਘਰਾਂ ਦੇ ਆਧੁਨਿਕ ਤੌਰ ਤਰੀਕੇ ਨੂੰ ਕਵੀ ਨੇ ਪੁਰਾਣੇ ਸਮਿਆਂ ਨਾਲ ਮੇਲ ਕੇ ਬਹੁਤ ਵਧੀਆ ਕਵਿਤਾਵਾਂ ਲਿਖੀਆਂ ਹਨ। ਕਵੀ ਦਾ ਮਾਂ ਬੋਲੀ ਪ੍ਰਤੀ ਪੰਜਾਬੀ ਪ੍ਰਤੀ ਪਿਆਰ ਵੀ ਕਵਿਤਾਵਾਂ ਵਿੱਚੋਂ ਆਪ ਮੁਹਾਰੇ ਪ੍ਰਗਟ ਹੁੰਦਾ ਹੈ। ਅਸ਼ਲੀਲਤਾ ਦੇ ਪਸਾਰੇ ਨੂੰ ਵੀ ਕਵੀ ਨੇ ਆੜੇ ਹੱਥੀਂ ਲਿਆ ਹੈ। ਦੋਗਲੀ ਅਤੇ ਲੋਕ ਮੁੱਦਿਆਂ ਤੋਂ ਦੂਰ ਹੋ ਰਹੀ ਰਾਜਨੀਤੀ ਨੂੰ ਵੀ ਕਵੀ ਨੇ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਕਵੀ ਬੋਲੀਆਂ ਪ੍ਰਤੀ ਸੰਕੀਰਨ ਸੋਚ ਦਾ ਹਾਮੀ ਨਹੀਂ,ਪਰ ਆਪਣੀ ਮਾਂ ਬੋਲੀ ਦਾ ਝੰਡਾ ਜ਼ਰੂਰ ਬੁਲੰਦ ਵੇਖਣਾ ਚਾਹੁੰਦਾ ਹੈ। ਮਾਂ ਨੂੰ ਯਾਦ ਕਰਨ ਦੇ ਨਾਲ-ਨਾਲ ਕਵੀ ਨੇ ‘ਪਿਤਾ’ ਬਾਰੇ ਵੀ ਖ਼ੂਬਸੂਰਤ ਕਵਿਤਾਵਾਂ ਦਰਜ ਕੀਤੀਆਂ ਹਨ:
ਬਾਪੂ ਦਾ ਵੀ ਰੋਲ ਏ ਜਿਹੜਾ
ਨਾ ਮਾਂ ਤੋਂ ਭੋਰਾ ਘੱਟ।
ਮਾਰ ਖੰਘੂਰਾ
ਮੂਹਰਾ ਲਾਵੇ
ਦੇ ਕੇ ਮੁੱਛਾਂ ਨੂੰ ਵੱਟ
ਕਹਿੰਦਾ ਤੂੰ ਜਾਣਦਾ ਨਹੀਂ ਮੈਨੂੰ
ਮੈਂ ਹਾਂ ਪੇਂਡੂ ਜੱਟ
ਮੈਂ ਤਾਂ ਕੱਢ ਦਿਊਂਗਾ ਵੱਟ
ਬਾਪੂ ਦਾ ਵੀ ਰੋਲ ਏ ਜਿਹੜਾ
ਨਾ ਮਾਂ ਤੋਂ ਭੋਰਾ ਘੱਟ।
ਯਥਾਰਵਾਦ ਪੁਸਤਕ ਦੀਆਂ ਸਾਰੀਆਂ ਹੀ ਰਚਨਾਵਾਂ ਦਾ ਮੀਰੀ ਗੁਣ ਹੈ।ਕਵੀ ਮੁਹੱਬਤ ਦੇ ਕਾਲਪਨਿਕ ਸੰਸਾਰ ਵਿਚ ਉਡਾਰੀਆਂ ਮਾਰਨ ਦੀ ਬਜਾਏ ਆਪਣੀਆਂ ਕਵਿਤਾਵਾਂ ਨੂੰ ਹਕੀਕਤ ਦੇ ਅੰਗ ਸੰਗ ਤੋਰਦਾ ਹੈ।ਕਵੀ ਨੇ ਜਿੱਥੇ ਸਮਾਜ ਦੀਆਂ ਕੌੜੀਆਂ ਹਕੀਕਤਾਂ ਨੂੰ ਕਵਿਤਾ ਵਿਚ ਬਿਆਨ ਕੀਤਾ ਹੈ,ਉੱਥੇ ਹੀ ਕੁਦਰਤ ਦੇ ਸੁਹੱਪਣ ਨੂੰ ਵੀ ਬਾਖੂਬੀ ਚਿਤਰਿਆ ਹੈ। ਪੁਸਤਕ ਦੀਆਂ ਕਵਿਤਾਵਾਂ,ਗ਼ਜ਼ਲਾਂ ਅਤੇ ਗੀਤ ਗੁਣਗਣਾਉਂਦਾ ਪਾਠਕ ਰਚਨਾ ਵਿਚ ਖੋਇਆ ਮਹਿਸੂਸ ਕਰਦਾ ਹੈ।
ਬਿੰਦਰ ਸਿੰਘ ਖੁੱਡੀ ਕਲਾਂ