ਅਜੋਕੇ ਸਮਾਜ ’ਚ ਔਰਤਾਂ ਦਾ ਜੀਵਨ ਪੱਧਰ ਚਾਹੇ ਓਨਾ ਬਿਹਤਰ ਨਹੀਂ, ਜਿੰਨਾ ਹੋਣਾ ਚਾਹੀਦਾ ਹੈ ਪਰ ਜੇ ਇਸ ਸਮੇਂ ਔਰਤਾਂ ਦੇ ਸਾਹਿਤਕ ਖੇਤਰ ’ਚ ਪ੍ਰਵੇਸ਼ ਦੀ ਗੱਲ ਕਰੀਏ ਤਾਂ ਇਹ ਸਮਾਂ ਬੜਾ ਅਨੁਕੂਲ ਚੱਲ ਰਿਹਾ ਹੈ। ਚਰਚਾ ਅਧੀਨ ਪੁਸਤਕ ਦਨਿੰਦਰ ਕੌਰ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਸ ’ਚ ਉਸਦੀਆਂ ਕੁੱਲ ਅੱਸੀ ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ।

ਪੁਸਤਕ : ਵਸਲ ਦੇ ਕੰਢੇ(ਕਾਵਿ ਸੰਗ੍ਰਹਿ)
ਲੇਖਿਕਾ : ਦਨਿੰਦਰ ਕੌਰ
ਪੰਨੇ : 128 ਮੁੱਲ : 200/-
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ।
ਅਜੋਕੇ ਸਮਾਜ ’ਚ ਔਰਤਾਂ ਦਾ ਜੀਵਨ ਪੱਧਰ ਚਾਹੇ ਓਨਾ ਬਿਹਤਰ ਨਹੀਂ, ਜਿੰਨਾ ਹੋਣਾ ਚਾਹੀਦਾ ਹੈ ਪਰ ਜੇ ਇਸ ਸਮੇਂ ਔਰਤਾਂ ਦੇ ਸਾਹਿਤਕ ਖੇਤਰ ’ਚ ਪ੍ਰਵੇਸ਼ ਦੀ ਗੱਲ ਕਰੀਏ ਤਾਂ ਇਹ ਸਮਾਂ ਬੜਾ ਅਨੁਕੂਲ ਚੱਲ ਰਿਹਾ ਹੈ। ਚਰਚਾ ਅਧੀਨ ਪੁਸਤਕ ਦਨਿੰਦਰ ਕੌਰ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਸ ’ਚ ਉਸਦੀਆਂ ਕੁੱਲ ਅੱਸੀ ਦੇ ਕਰੀਬ ਕਵਿਤਾਵਾਂ ਸ਼ਾਮਿਲ ਹਨ। ਰਚਨਾਵਾਂ ਦਾ ਪਾਠ ਕਰਦਿਆਂ ਬੜਾ ਸੁਖਦ ਅਨੁਭਵ ਹੁੰਦਾ ਹੈ। ਦਨਿੰਦਰ ਸੁਪਨਿਆਂ ਦਾ ਭਰਮ ਨਹੀਂ ਪਾਲਦੀ, ਸਿਦਕ ਨਾਲ ਸੁਪਨੇ ਸਾਕਾਰ ਕਰਦੀ ਅੱਗੇ ਵਧਦੀ ਹੈ। ਉਸਦੀ ਕਵਿਤਾ ਜ਼ਿੰਦਗੀ ਦੇ ਯਥਾਰਥ ਦੁਆਲੇ ਘੁੰਮਦੀ ਹੈ। ਕਵਿੱਤਰੀ ਦੇ ਤਿਤਲੀਆਂ ਵਰਗੇ ਅਹਿਸਾਸ ਬੜਾ ਕੁਝ ਕਹਿੰਦੇ ਵਿਖਾਈ ਦਿੰਦੇ ਹਨ। ਰਚਨਾਵਾਂ ਅੰਦਰ ਕਵਿੱਤਰੀ ਦੀ ਖ਼ਿਆਲ ਉਡਾਰੀ ਬੜੀ ਕਮਾਲ ਦੀ ਹੈ। ਉਹ ਧਰਤੀ ’ਤੇ ਰਹਿ ਕੇ ਵੀ ਚੰਨ ਦੀ ਪਰਕਰਮਾ ਕਰ ਲੈਣ ਵਾਲੀ ਕਵਿੱਤਰੀ ਹੈ। ਉਸਦੀ ਸੋਚ ਸ਼ਬਦਾਂ ’ਚ ਸਿਮਟਦੀ ਅੰਬਰ ਤੱਕ ਫ਼ੈਲਦੀ ਅਦਭੁਤ ਦਿ੍ਰਸ਼ ਸਿਰਜਦੀ ਹੈ....
ਸਿਮਟਦੀ ਕਦੇ ਅੱਖਰਾਂ ਤੱਕ
ਉੱਡਦੀ ਕਦੇ ਉੱਚੇ ਅੰਬਰੀਂ
ਤੇਰੀ ਤੇ ਮੇਰੀ ਦੋਸਤੀ
ਜਿਉ ਛਾਂ ਦੀ ਤੇ ਧੁੱਪ ਦੀ।
ਦਨਿੰਦਰ ਦੀ ਕਵਿਤਾ ਮੈਂ, ਤੂੰ ਤੋਂ ਸਮੂਹ ਤੱਕ ਦਾ ਸਫ਼ਰ ਤੈਅ ਕਰਦੀ ਹੈ ਜਿਸ ’ਚ ਜ਼ਿੰਦਗੀ ਅਤੇ ਸਮਾਜ ਨਾਲ ਗਿਲੇ, ਸ਼ਿਕਵੇ, ਰੋਸੇ, ਨਹੋਰੇ, ਤਿਆਗ, ਸਮਰਪਣ ਸੁਪਨੇ, ਸਧਰਾਂ, ਤਾਂਘਾਂ, ਤਰਬਾਂ ਮੋਹ- ਮੁਹੱਬਤ, ਵਸਲ, ਵਿਯੋਗ ਤੇ ਜੀਵਨ ਨਾਲ ਜੁੜੇ ਹੋਰ ਅਨੇਕਾਂ ਰੰਗ ਜਲਵਾਗਰ ਹੁੰਦੇ ਹਨ। ਦਨਿੰਦਰ ਦੀਆਂ ਕਵਿਤਾਵਾਂ ਦੀ ਇੱਕ ਆਪਣੀ ਮੜਕ ਹੈ ਜੋ ਉਸ ਨੂੰ ਦੂਸਰੇ ਕਵੀਆਂ ਤੋਂ ਵੱਖਰਾ ਤੋਰਦੀ ਹੈ। ਉਸ ਦੀ ਕਾਗਜ਼ ’ਤੇ ਲਿਖੀ ਚੁੱਪ ਦੀ ਇਬਾਰਤ ਵੀ ਸ਼ੋਰ ਕਰਦੀ ਵਿਖਾਈ ਦਿੰਦੀ ਹੈ। ਕਿਸੇ ਚੰਗੀ ਕਵਿਤਾ ਦਾ ਇਹੋ ਹਾਸਲ ਹੁੰਦਾ ਹੈ। ਦਨਿੰਦਰ ਕੋਲ ਦਿਸਦੇ, ਅਣਦਿਸਦੇ ਨੂੰ ਸ਼ਬਦਾਂ ’ਚ ਢਾਲਣ ਦਾ ਬੜਾ ਹੁਨਰ ਹੈ। ਪੁਸਤਕ ਦੀਆਂ ਕਵਿਤਾਵਾਂ ਨਾਲ ਉਹ ਜਿੱਥੇ ਆਪਣੀ ਪਿਆਸ ਬੁਝਾਉਦੀ ਵਿਖਾਈ ਦਿੰਦੀ ਹੈ ਉੱਥੇ ਰਚਨਾਵਾਂ ਪਾਠਕ ਦੀ ਰੂਹ ਨੂੰ ਵੀ ਤਿ੍ਰਪਤ ਕਰਦੀਆਂ ਹਨ। ਦਨਿੰਦਰ ਦੀਆਂ ਸਿਫ਼ਤਯੋਗ ਰਚਨਾਵਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਪੁਸਤਕ ਦਾ ਸਾਹਿਤਕ ਖੇਤਰ ’ਚ ਆਉਣਾ ਗੁਣਾਤਮਿਕ ਵੀ ਹੈ ਅਤੇ ਗਿਣਾਤਮਿਕ ਵੀ। ਦਨਿੰਦਰ ਤੋਂ ਭਵਿੱਖ ਵਿੱਚ ਹੋਰ ਵਧੀਆ ਸਾਹਿਤ ਦੀ ਆਸ ਹੈ।
- ਕੁਲਦੀਪ ਸਿੰਘ ਬੰਗੀ