ਮਨਮੋਹਨ ਸਿੰਘ ਢਿੱਲੋਂ ਦਾ ਪੰਜਾਬੀ ਪੱਤਰਕਾਰੀ ਤੇ ਸਾਹਿਤਕ ਹਲਕਿਆਂ ਵਿਚ ਚਰਚਿਤ ਤੇ ਉੱਘਾ ਨਾਂ ਹੈ। ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਸਲਿਆਂ ਨੂੰ ਸਾਰਥਿਕ, ਗੁਣਾਤਮਿਕ ਅਤੇ ਤੱਥਾਂ ਭਰਪੂਰ ਜਾਣਕਾਰੀ ਨਿਬੰਧ ਰੂਪ ਵਿਚ ਪਾਠਕਾਂ ਦੇ ਰੂਬਰੂ ਕਰਨ ਦਾ ਉਸ ਵਿਚ ਵਧੀਆ ਹੁਨਰ ਹੈ ਤੇ ਸੱਚਾਈ ਆਧਾਰਿਤ ਅੰਕੜਿਆਂ ਸਮੇਤ ਪੇਸ਼ਕਾਰੀ ਉਸ ਦਾ ਉਦੇਸ਼ ਰਿਹਾ ਹੈ।

ਪੁਸਤਕ ਅੱਖੀਂ ਡਿੱਠੇ ਪਲਾਂ ਦੀ ਗਾਥਾ (ਭਾਗ-ਦੂਜਾ)
ਲੇਖਕ : ਮਨਮੋਹਨ ਸਿੰਘ ਢਿੱਲੋਂ
ਪੰਨੇ:176, ਕੀਮਤ:275/- ਰੁਪਏ
ਪ੍ਰਕਾਸ਼ਨ: ਡੀਪੀ ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ।
ਮਨਮੋਹਨ ਸਿੰਘ ਢਿੱਲੋਂ ਦਾ ਪੰਜਾਬੀ ਪੱਤਰਕਾਰੀ ਤੇ ਸਾਹਿਤਕ ਹਲਕਿਆਂ ਵਿਚ ਚਰਚਿਤ ਤੇ ਉੱਘਾ ਨਾਂ ਹੈ। ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਸਲਿਆਂ ਨੂੰ ਸਾਰਥਿਕ, ਗੁਣਾਤਮਿਕ ਅਤੇ ਤੱਥਾਂ ਭਰਪੂਰ ਜਾਣਕਾਰੀ ਨਿਬੰਧ ਰੂਪ ਵਿਚ ਪਾਠਕਾਂ ਦੇ ਰੂਬਰੂ ਕਰਨ ਦਾ ਉਸ ਵਿਚ ਵਧੀਆ ਹੁਨਰ ਹੈ ਤੇ ਸੱਚਾਈ ਆਧਾਰਿਤ ਅੰਕੜਿਆਂ ਸਮੇਤ ਪੇਸ਼ਕਾਰੀ ਉਸ ਦਾ ਉਦੇਸ਼ ਰਿਹਾ ਹੈ। ਅੰਮ੍ਰਿਤਸਰ ਦੀਆਂ ਰਾਜਨੀਤਕ ਤੇ ਧਾਰਮਿਕ ਗਤੀਵਿਧੀਆਂ ਨੂੰ ਉਸ ਨੇ ਬਹੁਤ ਨੇੜੇ ਤੋਂ ਅੱਖੀਂ ਡਿੱਠਾ, ਵਾਚਿਆ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਰਾਹੀਂ ਪਾਠਕਾਂ ਦੇ ਰੂਬਰੂ ਕੀਤਾ ਹੈ। ਪੱਤਰਕਾਰੀ ਦੇ ਨਾਲ-ਨਾਲ ਸਾਹਿਤਕ ਖੇਤਰ ਵਿਚ ਵੀ ਉਸ ਦੀ ਚੰਗੀ ਪੈਂਠ ਹੈ। ਉਸ ਦੀਆਂ ਅੱਖੀਂ ਡਿੱਠੇ ਪਲਾਂ ਦੀ ਗਾਥਾ ਭਾਗ ਪਹਿਲਾ ਸਮੇਤ ਛੇ ਪੁਸਤਕਾਂ ਛਪ ਚੁੱਕੀਆਂ ਹਨ। ਹੱਥਲੀ ਪੁਸਤਕ ਅੱਖੀਂ ਡਿੱਠੇ ਪਲਾਂ ਦੀ ਗਾਥਾ-ਭਾਗ ਦੂਜਾ ਸਿੱਖ ਧਰਮ ਦੀਆਂ ਸੰਕੀਰਨ ਦਰਦਨਾਕ ਇਤਿਹਾਸਕ ਘਟਨਾਵਾਂ ਦਾ ਅਖ਼ਬਾਰਾਂ ’ਚ ਛਪੇ ਨਿਬੰਧਾਂ ਦਾ ਖਰੜਾ ਹੈ, ਜਿਸ ਬਾਬਤ ਉਨ੍ਹਾਂ ਮੁੱਢਲੇ ਲੇਖ ’ਚ ਹੀ ਵਰਣਨ ਕੀਤਾ ਹੈ। ਇਸ ਪੁਸਤਕ ਵਿਚ ਜੂਨ 1984 ’ਚ ਵਾਪਰੇ ਘਿਨਾਉਣੇ ਸਾਕਾ ਨੀਲਾ ਤਾਰਾ ਦਾ ਅੱਖੀਂ ਡਿੱਠਾ ਵਰਣਨ ਵੀ ਹੈ। ਜੂਨ 1984 ਤੋਂ ਦਸੰਬਰ 2002 ਤਕ ਦੀਆਂ ਹਕੂਮਤ ਦੀਆਂ ਦਰਿੰਦਗੀ ਭਰੀਆਂ ਅਣਮਨੁੱਖੀ ਅੱਖੀਂ ਡਿੱਠੀਆਂ ਘਟਨਾਵਾਂ ਦਾ ਮਿਤੀਬੱਧ ਵਰਣਨ ਇਸ ਹੱਥਲੀ ਪੁਸਤਕ ’ਚ ਕੀਤਾ ਗਿਆ ਹੈ। ਸਾਕਾ ਨੀਲਾ ਤਾਰਾ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਿਲ ਦੁਖਾਉਣ ਵਾਲੀ ਸਥਿਤੀ ਦਾ ਅੱਖੀਂ ਦੇਖਿਆ ਵਰਨਣ “ਨੀਲਾ ਤਾਰਾ ਸਾਕਾ: ਜੂਨ 1984” ਅਤੇ ‘ਨੀਲਾ ਤਾਰਾ ਸਾਕਾ’ ਦੇ ਸਿਰਲੇਖ ਅਧੀਨ ਕੀਤਾ ਗਿਆ ਹੈ। ਸਿੱਖ ਤਵਾਰੀਖ਼ ਦੇ ਪੰਨਿਆਂ ’ਤੇ ਉੱਕਰੇ ਇਸ ਦੁਖਦਾਈ ਘੱਲੂਘਾਰੇ ਦੇ ਦਰਦ ਦਾ ਪੰਨਾ ਸਿੱਖਾਂ ਦੇ ਵਲੂੰਧਰੇ ਹਿਰਦਿਆਂ ਦੇ ਜ਼ਖ਼ਮਾਂ ’ਚ ਮੁੜ ਚੀਸ ਉਠਾ ਦਿੰਦਾ ਹੈ। ਸਿੱਖ ਧਰਮ ਨਾਲ ਸਬੰਧਿਤ ਸਾਰੀਆਂ ਸਰਗਰਮੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ, ਚੋਣ ਪ੍ਰਕਿਰਿਆ, ਉਥਲ-ਪੁਥਲ ਹੋਈ ਕਮੇਟੀ ਦੀ ਮੁੜ ਬਹਾਲੀ ਲਈ ਯਤਨਸ਼ੀਲਤਾ, ਹੋਰ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਯੋਗਦਾਨ, ਰਾਜਨੀਤਕ ਮਸਲਿਆਂ ਅਤੇ ਘਟਨਾਵਾਂ, ਹਿੰਦ-ਪਾਕਿ ਦੋਸਤੀ ਮੰਚ ਵੱਲੋਂ 18ਵੇਂ ਹਿੰਦ-ਪਾਕਿ ਦੋਸਤੀ ਮੇਲੇ ਮੌਕੇ ਦੱਖਣੀ-ਏਸ਼ੀਆ ਵਿਚ ਅਤਿਵਾਦ ਦੀ ਚੁਣੌਤੀ ਅਤੇ ਭਾਰਤ ਪਾਕਿਸਤਾਨ ਸੰਬੰਧ’ ਵਿਸ਼ੇ ’ਤੇ ਗੋਸ਼ਟੀ ਵਿਚ ਵਿਦਵਾਨਾਂ ਦੀ ਦੋਸਤੀ ਦੀ ਕਾਇਮੀ ਲਈ ਯਤਨਾਂ ਦੀ ਹਮਾਇਤ, ਕੇਂਦਰੀ ਗ੍ਰਹਿ ਮੰਤਰੀ ਨੂੰ ਪੰਥ ’ਚੋਂ ਛੇਕਣਾ ਅਤੇ ਮੁੜ ਸ਼ਾਮਿਲ ਕਰਨਾ, ਦਲਾਈਲਾਮਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਰੋਹ ’ਚ ਭਾਰਤੀਆਂ ਨੂੰ ਪੱਛਮੀ ਸਮਾਜ ਦੇ ਪ੍ਰਭਾਵ ਤੋਂ ਬਚਣ ਦੀ ਸਲਾਹ, ਗੁਰੂ ਗੋਬਿੰਦ ਸਿੰਘ ਜੀ ਦਾ ਗੰਗਾ ਸਾਗਰ ਇੰਗਲੈਂਡ ਦੇ ਬੈਂਕ ਲਾਕਰ ’ਚ, ਸਿੰਘ ਸਹਿਬਾਨ ਵੱਲੋਂ ਵਿਵਾਦਪੂਰਨ ਹੁਕਮਨਾਮੇ ਰੱਦ, ਇਕ ਮੁਲਾਕਾਤ ਭਾਈ ਲਾਲ ਨਾਲ, ਤਲਵੰਡੀ ਤੇ ਸੰਤ ਮੱਦੋਕੇ ਸ਼੍ਰੋਮਣੀ ਅਕਾਲੀ ਦਲ ’ਚੋਂ ਖਾਰਜ ਆਦਿ ਘਟਨਾਵਾਂ ਨੂੰ ਪੜ੍ਹ ਕੇ ਮਹਿਸੂਸ ਕਰਨ ਅਤੇ ਪਾਠਕਾਂ ਨੂੰ ਉਨ੍ਹਾਂ ਬਾਬਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਹਰ ਨਵੀ ਘਟਨਾ ਨੂੰ ਨਵੇਂ ਸਿਰਲੇਖ ਅਧੀਨ ਵਰਣਨ ਕੀਤਾ ਗਿਆ ਹੈ, ਜੋ ਪਾਠਕ ਨੂੰ ਪੁਸਤਕ ਨਾਲ ਜੁੜੇ ਰਹਿਣ ’ਚ ਸੌਖ ਮਹਿਸੂਸ ਕਰਵਾਉਂਦੀ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਦੀ ਪ੍ਰਵਾਨਗੀ, ਰਾਜਨੀਤਕ ਪਾਰਟੀਆਂ ਦੇ ਸਿੱਖੀ ਪ੍ਰਤੀ ਯੋਗਦਾਨ ਤੇ ਢਾਹ ਆਦਿ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਲੇਖਕ ਮਨਮੋਹਨ ਸਿੰਘ ਢਿੱਲੋਂ ਨੇ ‘ਪੱਤਰਕਾਰੀ ਉਦੋਂ ਤੇ ਹੁਣ’ ਸਿਰਲੇਖ ਅਧੀਨ ਆਪਣੇ ਨਿੱਜੀ ਤਜਰਬਿਆਂ ਨੂੰ ਵਿਆਖਾਨ ਕੀਤਾ ਹੈ। ਲੇਖਕ ਦੀ ਇਹ ਕੋਸ਼ਿਸ਼ ਪਾਠਕ ਨੂੰ ਇਤਿਹਾਸਕ ਪੰਨਿਆਂ ਦੀ ਤੱਥਾਂ ਭਰਪੂਰ ਜਾਣਕਾਰੀ ਹਾਸਿਲ ਕਰਵਾਉਂਦੀ ਹੈ।
-ਇੰਜ. ਸਤਨਾਮ ਸਿੰਘ ਮੱਟੂ