ਲੇਖਕ ਨੇ ਸਫ਼ਰਨਾਮਾ ਲਿਖਣ ਦੇ ਸਬੱਬ, ਵੀਜ਼ਾ ਲੱਗਣ ਤੇ ਅੰਬੈਸੀ ਵੱਲੋਂ ਕੀਤੀ ਜਾਂਦੀ ਪੁੱਛਗਿੱਛ ਤੋਂ ਲੈ ਕੇ ਹਵਾਈ ਅੱਡਿਆਂ ’ਤੇ ਪੰਜਾਬੀਆਂ ਦੇ ਲੱਗ ਰਹੇ ਜਮਾਵੜੇ ਤਕ ਦੀ ਗੱਲ ਕਰਨ ਦੇ ਨਾਲ-ਨਾਲ ਕੈਨੇਡਾ ਦੇ ਇਤਿਹਾਸਕ ਅਤੇ ਯਾਤਰਾ ਸਥਾਨਾਂ ਬਾਰੇ ਵਧੀਆ ਤਰੀਕੇ ਨਾਲ ਜਾਣਕਾਰੀ ਸ਼ਾਮਿਲ ਕੀਤੀ ਹੈ।

ਪੁਸਤਕ : ਸੁਪਨਿਆਂ ਦੀ ਧਰਤੀ ਕੈਨੇਡਾ (ਸਫ਼ਰਨਾਮਾ)
ਲੇਖਕ : ਡਾ.ਸੰਦੀਪ ਘੰਡ
ਪੰਨੇ : 116, ਮੁੱਲ:250/-ਰੁਪਏ
ਪ੍ਰਕਾਸ਼ਨ: ਸੁਮਿਤ ਪ੍ਰਕਾਸ਼ਨ, ਲੁਧਿਆਣਾ।
ਪੁਸਤਕ ‘ਸੁਪਨਿਆਂ ਦੀ ਧਰਤੀ ਕੈਨੇਡਾ’ ਵਿਚ ਲੇਖਕ ਨੇ ਕੁੱਲ ਵੀਹ ਅਧਿਆਇ ਵਿਚ ਵੰਡ ਕੇ ਆਪਣੀ ਕੈਨੇਡਾ ਦੀ ਯਾਤਰਾ ਨੂੰ ਸਫ਼ਰਨਾਮੇ ਦੇ ਰੂਪ ਵਿਚ ਪਾਠਕਾਂ ਦੇ ਰੂਬਰੂ ਕੀਤਾ ਹੈ। ਲੇਖਕ ਨੇ ਸਫ਼ਰਨਾਮਾ ਲਿਖਣ ਦੇ ਸਬੱਬ, ਵੀਜ਼ਾ ਲੱਗਣ ਤੇ ਅੰਬੈਸੀ ਵੱਲੋਂ ਕੀਤੀ ਜਾਂਦੀ ਪੁੱਛਗਿੱਛ ਤੋਂ ਲੈ ਕੇ ਹਵਾਈ ਅੱਡਿਆਂ ’ਤੇ ਪੰਜਾਬੀਆਂ ਦੇ ਲੱਗ ਰਹੇ ਜਮਾਵੜੇ ਤਕ ਦੀ ਗੱਲ ਕਰਨ ਦੇ ਨਾਲ-ਨਾਲ ਕੈਨੇਡਾ ਦੇ ਇਤਿਹਾਸਕ ਅਤੇ ਯਾਤਰਾ ਸਥਾਨਾਂ ਬਾਰੇ ਵਧੀਆ ਤਰੀਕੇ ਨਾਲ ਜਾਣਕਾਰੀ ਸ਼ਾਮਿਲ ਕੀਤੀ ਹੈ। ਲੇਖਕ ਨੇ ਅਧਿਆਇ ‘ਕੈਨੇਡਾ ਇਤਿਹਾਸ ਅਤੇ ਪੰਜਾਬੀਆਂ ਦਾ ਯੋਗਦਾਨ’ ਵਿਚ ਕੈਨੇਡਾ ਦੇ ਇਤਿਹਾਸ ਬਾਰੇ ਵਿਸਥਾਰਤ ਜਾਣਕਾਰੀ ਦਰਜ ਕੀਤੀ ਹੈ। ਲੇਖਕ ਨੇ ਦੱਸਿਆ ਹੈ ਕਿ ਵਿਕਸਤ ਮੁਲਕ ਹੋਣ ਦੇ ਬਾਵਜੂਦ ਕੈਨੇਡਾ ’ਚ ਡਾਕਟਰੀ ਸਹੂਲਤਾਂ ਦੀ ਘਾਟ ਹੈ। ਖ਼ਾਸ ਕਰਕੇ ਇਲਾਜ ਲਈ ਡਾਕਟਰ ਤੋਂ ਸਮਾਂ ਲੈਣਾ ਬਹੁਤ ਮੁਸ਼ਕਿਲ ਹੈ। ਪੁਸਤਕ ਪੜ੍ਹਦਿਆਂ ਮੈਨੂੰ ਰੜਕੀਆਂ ਇਕ-ਦੋ ਗੱਲਾਂ ਵੱਲ ਲੇਖਕ ਦਾ ਧਿਆਨ ਜ਼ਰੂਰ ਦਿਵਾਉਣਾ ਚਾਹੁੰਦਾ ਹਾਂ। ਪੰਨਾ ਨੰਬਰ 50 ’ਤੇ ਲੇਖਕ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ’ਤੇ ਕੈਨੇਡਾ ਵਿਚ ਵਾਹਨ ਨੂੰ ਦਿੱਤੀ ਜਾਣ ਵਾਲੀ ‘ਟਿਕਟ’ ਦਾ ਜ਼ਿਕਰ ਕੀਤਾ ਹੈ ਪਰ ਲੇਖਕ ਨੇ ਇਹ ਨਹੀਂ ਦੱਸਿਆ ਕਿ ਕੈਨੇਡਾ ਵਿਚ ਟਿਕਟ ਦਾ ਕੀ ਅਰਥ ਹੈ ਕਿਉਂਕਿ ਸਾਡੇ ਮੁਲਕ ਵਿਚ ਟਿਕਟ ਨੂੰ ਹੋਰ ਅਰਥਾਂ ’ਚ ਲਿਆ ਜਾਂਦਾ ਹੈ, ਜਦੋਂਕਿ ਕੈਨੇਡਾ ਵਿਚ ਟਿਕਟ ਦਾ ਅਰਥ ਸਾਡੇ ਮੁਲਕ ’ਚ ਕੱਟੇ ਜਾਣ ਵਾਲੇ ਵਾਹਨ ਦੇ ‘ਚਲਾਨ’ ਤੋਂ ਲਿਆ ਜਾਂਦਾ ਹੈ। ਚੰਗਾ ਹੁੰਦਾ ਜੇ ਲੇਖਕ ਇਸ ਦੇ ਅਰਥ ਸਪੱਸ਼ਟ ਕਰ ਦਿੰਦਾ। ਪੁਸਤਕ ਦੇ ਸ਼ੁਰੂ ਵਿਚ ਧੰਨਵਾਦੀ ਸ਼ਬਦਾਂ ਵਿਚਲਾ ਦੁਹਰਾਅ ਵੀ ਠੀਕ ਨਹੀਂ ਲੱਗਦਾ। ਭਾਗ ਪਹਿਲਾ ‘ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ ਕੈਨੇਡਾ’ ਵਿਚਲੀ ਸਮੱਗਰੀ ਆਪਣੇ ਸਿਰਲੇਖ ਨਾਲ ਮੇਲ ਨਹੀਂ ਖਾਂਦੀ। ਲੇਖਕ ਨੇ ਇਸ ਵਿਚ ਨੌਜਵਾਨਾਂ ਦੇ ਕੈਨੇਡਾ ’ਚ ਪ੍ਰਵਾਸ ਦੇ ਅੰਕੜੇ ਸ਼ਾਮਿਲ ਕਰ ਕੇ ਜਾਂ ਹੋਰ ਕਿਸੇ ਤਰੀਕੇ ਕੈਨੇਡਾ ਨੂੰ ਨੌਜਵਾਨਾਂ ਦੇ ਸੁਪਨਿਆਂ ਦੀ ਧਰਤੀ ਸਿੱਧ ਕਰਨ ਬਾਰੇ ਲਿਖਣ ਦੀ ਬਜਾਏ ਆਪਣੇ ਸਫ਼ਰਨਾਮੇ ਲਿਖਣ ਦੇ ਸਬੱਬਾਂ ਤੇ ਵੀਜ਼ਾ ਲੱਗਣ ਜਾਂ ਫਿਰ ਅੰਬੈਸੀ ਵੱਲੋਂ ਕੀਤੀ ਜਾਂਦੀ ਪੁੱਛਗਿੱਛ ਬਾਰੇ ਲਿਖਿਆ ਹੈ। ਸਫ਼ਰਨਾਮਾ ਵਿਧਾ ਸਾਹਿਤ ਦੀਆਂ ਬਾਕੀ ਵਿਧਾਵਾਂ ਨਾਲੋਂ ਮੂਲੋਂ ਵੱਖਰੀ ਵਿਧਾ ਹੈ। ਇਸ ਵਿਚ ਪਾਠਕ ਨੂੰ ਨਾਲ ਜੋੜ ਕੇ ਰੱਖਣ ਲਈ ਲਿਖਤ ਵਿਚ ਦਿਲਚਸਪੀ ਬਣਾਈ ਰੱਖਣਾ ਸੌਖਾ ਨਹੀਂ ਹੁੰਦਾ ਪਰ ਡਾ. ਸੰਦੀਪ ਘੰਡ ਵੱਲੋਂ ਅਪਣਾਈ ਸ਼ੈਲੀ ਪਾਠਕ ਨੂੰ ਨਾਲ ਤੋਰਨ ਦੀ ਸਮਰੱਥਾ ਰਖਦੀ ਹੈ। ਪਾਠਕਾਂ ਨੂੰ ਘਰ ਬੈਠੇ ਹੀ ਕੈਨੇਡਾ ਦੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਪੁਸਤਕ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਰਹੇ ਲੋਕਾਂ ਲਈ ਰਾਹ-ਦਸੇਰਾ ਵੀ ਹੈ।
- ਬਿੰਦਰ ਸਿੰਘ ਖੁੱਡੀ ਕਲਾਂ