ਪੰਜਾਬੀਆਂ ਦੀਆਂ ਖ਼ੁਸ਼ੀਆਂ-ਗ਼ਮੀਆਂ ਕਵਿਤਾ ਦੇ ਅੰਗ-ਸੰਗ ਤੁਰਦੀਆਂ ਹਨ। ਖ਼ੁਸ਼ੀਆਂ ਮੌਕੇ ਗਾਏ ਜਾਂਦੇ ਸੁਹਾਗ, ਘੋੜੀਆਂ, ਟੱਪੇ ਤੇ ਬੋਲੀਆਂ ਅਤੇ ਗ਼ਮੀ ਮੌਕੇ ਪਾਏ ਜਾਂਦੇ ਵੈਣ ਇਸ ਦਾ ਪ੍ਰਤੱਖ ਪ੍ਰਮਾਣ ਹਨ। ਬਦਲਦੇ ਦੌਰ ’ਚ ਇਹ ਸਾਰਾ ਕੁਝ ਬੜੀ ਤੇਜ਼ੀ ਨਾਲ ਸਿਮਟਦਾ ਜਾ ਰਿਹਾ ਹੈ। ਹੁਣ ਖ਼ੁਸ਼ੀਆਂ ਮੌਕੇ ਸੁਹਾਗ, ਟੱਪੇ, ਘੋੜੀਆਂ ਗਾਉਣ ਅਤੇ ਗਿੱਧੇ ਦੀਆਂ ਬੋਲੀਆਂ ਪਾਉਣ ਦੀ ਜ਼ਿੰਮੇਵਾਰੀ ਡੀਜੇ ’ਤੇ ਆਣ ਪਈ ਹੈ।

ਪੁਸਤਕ : ਮੈਂ ਪੰਜਾਬ ਬੋਲਦਾਂ
ਲੇਖਕ : ਰਾਜਬੀਰ ਰੰਧਾਵਾ
ਸਫ਼ੇ-266, ਮੁੱਲ-300/-ਰੁਪਏ
ਪ੍ਰਕਾਸ਼ਨ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਪੰਜਾਬੀਆਂ ਦੀਆਂ ਖ਼ੁਸ਼ੀਆਂ-ਗ਼ਮੀਆਂ ਕਵਿਤਾ ਦੇ ਅੰਗ-ਸੰਗ ਤੁਰਦੀਆਂ ਹਨ। ਖ਼ੁਸ਼ੀਆਂ ਮੌਕੇ ਗਾਏ ਜਾਂਦੇ ਸੁਹਾਗ, ਘੋੜੀਆਂ, ਟੱਪੇ ਤੇ ਬੋਲੀਆਂ ਅਤੇ ਗ਼ਮੀ ਮੌਕੇ ਪਾਏ ਜਾਂਦੇ ਵੈਣ ਇਸ ਦਾ ਪ੍ਰਤੱਖ ਪ੍ਰਮਾਣ ਹਨ। ਬਦਲਦੇ ਦੌਰ ’ਚ ਇਹ ਸਾਰਾ ਕੁਝ ਬੜੀ ਤੇਜ਼ੀ ਨਾਲ ਸਿਮਟਦਾ ਜਾ ਰਿਹਾ ਹੈ। ਹੁਣ ਖ਼ੁਸ਼ੀਆਂ ਮੌਕੇ ਸੁਹਾਗ, ਟੱਪੇ, ਘੋੜੀਆਂ ਗਾਉਣ ਅਤੇ ਗਿੱਧੇ ਦੀਆਂ ਬੋਲੀਆਂ ਪਾਉਣ ਦੀ ਜ਼ਿੰਮੇਵਾਰੀ ਡੀਜੇ ’ਤੇ ਆਣ ਪਈ ਹੈ। ਗ਼ਮੀ ਮੌਕੇ ਵੀ ਵੈਣ ਪਾਉਣ ਵਾਲੀਆਂ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਸ ਲੋਪ ਹੋ ਰਹੀ ਪੰਜਾਬੀ ਲੋਕਧਾਰਾ ਨੂੰ ਲੇਖਿਕਾ ਨੇ ਹੱਥਲੀ ਪੁਸਤਕ ਵਿਚ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਲੋਕ ਗੀਤਾਂ ਸਮੇਤ ਖ਼ੁਸ਼ੀਆਂ ਮੌਕੇ ਗਾਏ ਜਾਣ ਵਾਲੇ ਗੀਤਾਂ ਤੇ ਬੋਲੀਆਂ ਸਮੇਤ ਵੱਖ-ਵੱਖ ਵੰਨਗੀਆਂ ਦੀਆਂ 170 ਰਚਨਾਵਾਂ ਪੁਸਤਕ ’ਚ ਸ਼ੁਮਾਰ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕਈ ਪੀੜ੍ਹੀ-ਦਰ-ਪੀੜ੍ਹੀ ਚੱਲਦੇ ਆ ਰਹੇ ਗੀਤਾਂ ਨੂੰ ਸ਼ਾਮਿਲ ਕਰਨ ਦੇ ਨਾਲ ਕਈ ਮੌਲਿਕ ਰਚਨਾਵਾਂ ਨੂੰ ਵੀ ਲੇਖਿਕਾ ਨੇ ਪਾਠਕਾਂ ਦੇ ਰੂਬਰੂ ਕੀਤਾ ਹੈ। ਰਚਨਾਵਾਂ ਪ੍ਰਦੇਸਣ ਹੋਈ, ਖਿੜਿਆ ਚੰਬਾ, ਮੇਰੇ ਬਾਬਲਾ, ਧੀਏ ਖੇਡਦੀਏ, ਤੂੰ ਅੱਡੀਆਂ ਬਹਿ ਕੇ ਕੂਚ, ਨੀਂ ਮਾਏ ਮੇਰੀਏ, ਕਾਲਿਆਂ ਬਾਗ਼ਾਂ ਦੀ ਮਹਿੰਦੀ, ਰਹਿ ਗਏ ਦਿਨ ਚਾਰ, ਨੀਂ ਅੱਜ ਰਸਮ ਕਲੀਰੇ, ਵਰ ਹੋਵੇ ਪਸੰਦ ਦਾ, ਮੈਂ ਭਾਬੋ ਮੇਰੀਏ, ਮੈਂ ਆਪਣਾ ਵਰ ਵੇਖਣ ਜਾਣਾ, ਮੈਂ ਪ੍ਰਦੇਸਣ ਹੋ ਰਹੀ ਹਾਂ, ਬਾਬਲਾ ਡੋਲਾ ਨਹੀਂ ਲੰਘਣਾ, ਬਾਬਲ ਸਾਹਾ ਸਿਧਾਇਆ, ਹਰੀਏ ਨੀ ਰਸ ਭਰੀਏ ਖਜੂਰੇ, ਬਾਬਲ ਧਰਮੀ ਤੇ ਮੇਰਾ ਮੋਰ ਨਾ ਆਇਆ ਵਿਆਹ ਦੇ ਯੋਗ ਹੋਈ ਨੌਜਵਾਨ ਕੁੜੀ ਦੇ ਮਨ ਦੀਆਂ ਭਾਵਨਾਵਾਂ ਅਤੇ ਵਿਆਹ ਨਾਲ ਸਬੰਧਿਤ ਹਨ। ਸੱਸ-ਨੂੰਹ ਦੀ ਨੋਕ-ਝੋਕ ਦੇ ਨਾਲ ਨਾਲ ਅੜਬ ਸੱਸ ਦੀ ਮੌਤ ਉਪਰੰਤ ਨੂੰਹ ਦੇ ਪੇਕਿਆਂ ਵੱਲੋਂ ਖ਼ੁਸ਼ੀ ਮਨਾਉਣ ਬਾਰੇ ਲੇਖਿਕਾ ਨੇ ਲਿਖਿਆ ਹੈ:
ਨੀ ਧੀ ਨੂੰ ਸੁੱਖ ਦਾ ਸਾਹ ਆਇਆ,
ਰੱਬ ਵੇਲੇ ਸਿਰ ਕੁੰਡਾ ਲਾਹਿਆ,
ਸਾਡੀ ਧੀ ਘਰ ਵਾਲੀ ਹੋਈ,
ਧੀ ਦਾ ਕੋਈ ਨਹੀਂ ਸੀ ਹਾਲ,
ਸਾਹ ਸੂਤ ਕੇ ਰੱਖੇ ਚਾਬੀ ਨਾਲੇ ਨਾਲ ਟੰਗੇ,
ਧੀ ਤਾਂ ਖੰਡ ਮੰਗਦੀ ਵੀ ਸੰਗੇ,
ਨੀ ਧੀ ਘਰ ਵਾਲੀ ਬਣੀ।
ਬੋਲੀਆਂ ਤੇ ਹੋਰ ਵੰਨਗੀਆਂ ਔਰਤ ਮਨ ਦੀਆਂ ਵੇਦਨਾਵਾਂ ਤੇ ਇੱਛਾਵਾਂ ਦੀ ਬਾਖ਼ੂਬੀ ਤਰਜ਼ਮਾਨੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਲੋਕ ਧਾਰਾਈ ਕਾਵਿ ਟੂਕਾਂ ਜ਼ਰੀਏ ਔਰਤਾਂ ਮਨ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਈ ਵਾਰ ਹੱਦਾਂ ਬੰਨ੍ਹੇ ਵੀ ਟੱਪ ਜਾਂਦੀ ਹੈ, ਜਿਸ ਨੂੰ ਕਈ ਵਾਰ ਅਸ਼ਲੀਲਤਾ ਵੀ ਕਹਿ ਦਿੰਦੇ ਹਨ ਪਰ ਕੁੜੀਆਂ ਅਤੇ ਔਰਤਾਂ ਵੱਲੋਂ ਆਪਣੇ ਅੰਤਰ ਭਾਵ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੁੰਦਾ। ਪੁਸਤਕ ਵਿਚ ਸੱਚਮੁੱਚ ਹੀ ਪੰਜਾਬ ਬੋਲਦਾ ਹੈ। ਪੰਜਾਬੀਆਂ ਦੀਆਂ ਖ਼ੁਸ਼ੀਆਂ-ਗ਼ਮੀਆਂ ਦੇ ਅੰਗ-ਸੰਗ ਤੁਰਦੀ ਹਰ ਵੰਨਗੀ ਦੇ ਕਾਵਿ ਨੂੰ ਪੁਸਤਕ ਵਿਚ ਸ਼ਾਮਿਲ ਕਰ ਕੇ ਲੇਖਿਕਾ ਨੇ ਵਧੀਆ ਉਪਰਾਲਾ ਕੀਤਾ ਹੈ।
- ਬਿੰਦਰ ਸਿੰਘ ਖੁੱਡੀ ਕਲਾਂ