ਪ੍ਰੀਤ ਕੰਵਲ ਦਾ ਕਾਵਿ ਸੰਗ੍ਰਹਿ ‘ਮਿਲਾਂਗੇ ਜ਼ਰੂਰ ਕਦੇ ਖ੍ਵਾਬਾਂ ਵਿਚ ਕਦੇ ਖਿਆਲਾਂ ਵਿਚ’ ਕਵਿਤਾ ਦਾ ਬਿਰਹਾਮਈ ਰੰਗ ਉਘੜਵੇਂ ਰੂਪ ਵਿਚ ਪੇਸ਼ ਹੋਇਆ ਹੈ। ਕਵਿਤਾ ਵਿਚਲੀ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਦਰਦ ਹੰਢਾਉਂਦੀ ਨਜ਼ਰ ਆਉਂਦੀ ਹੈ। ਸਮਾਜਿਕ ਅਸਾਵੇਂਪਣ ਅਤੇ ਊਚ-ਨੀਚ ਦੇ ਭੇਦ-ਭਾਵ ਕਰ ਕੇ ਇਹ ਵਿਛੋੜੇ ਦੀ ਸਥਿਤੀ ਪੈਦਾ ਹੋਈ ਜਾਪਦੀ ਹੈ।

ਪੁਸਤਕ : ਮਿਲਾਂਗੇ ਜ਼ਰੂਰ...
ਲੇਖਕ : ਪ੍ਰੀਤ ਕੰਵਲ
ਪੰਨੇ : 144 ਮੁੱਲ : 220/-
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਪ੍ਰੀਤ ਕੰਵਲ ਦਾ ਕਾਵਿ ਸੰਗ੍ਰਹਿ ‘ਮਿਲਾਂਗੇ ਜ਼ਰੂਰ ਕਦੇ ਖ੍ਵਾਬਾਂ ਵਿਚ ਕਦੇ ਖਿਆਲਾਂ ਵਿਚ’ ਕਵਿਤਾ ਦਾ ਬਿਰਹਾਮਈ ਰੰਗ ਉਘੜਵੇਂ ਰੂਪ ਵਿਚ ਪੇਸ਼ ਹੋਇਆ ਹੈ। ਕਵਿਤਾ ਵਿਚਲੀ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ ਵਿਚ ਦਰਦ ਹੰਢਾਉਂਦੀ ਨਜ਼ਰ ਆਉਂਦੀ ਹੈ। ਸਮਾਜਿਕ ਅਸਾਵੇਂਪਣ ਅਤੇ ਊਚ-ਨੀਚ ਦੇ ਭੇਦ-ਭਾਵ ਕਰ ਕੇ ਇਹ ਵਿਛੋੜੇ ਦੀ ਸਥਿਤੀ ਪੈਦਾ ਹੋਈ ਜਾਪਦੀ ਹੈ। ਇਸ ਪੁਸਤਕ ਵਿਚਲੀਆਂ ਜਿੰਨੀਆਂ ਵੀ ਕਵਿਤਾਵਾਂ ਹਨ ਉਨ੍ਹਾਂ ਦੀ ਮੂਲ ਸੁਰ ਵਿਯੋਗਾਤਮਕ ਸਥਿਤੀ ਨੂੰ ਹੀ ਪੇਸ਼ ਕਰਦੀ ਹੈ ਪਰ ਇਹ ਕਵਿਤਾ ਇਸ਼ਕ ਮਿਜਾਜ਼ੀ ਰੰਗਣ ਵਾਲੀ ਘੱਟ ਅਤੇ ਇਸ਼ਕ ਹਕੀਕੀ ਵਾਲੇ ਰੰਗ ਨੂੰ ਜ਼ਿਆਦਾ ਪੇਸ਼ ਕਰਦੀ ਹੈ। ਕਦੇ-ਕਦੇ ਤਾਂ ਕਵਿਤਾ ਵਿਚ ਸੂਫ਼ੀਆਨਾ ਕਵਿਤਾ ਵਾਲਾ ਦਾਰਸ਼ਨਿਕ ਰੰਗ ਵੀ ਪੇਸ਼ ਹੋਇਆ ਮਿਲਦਾ ਹੈ ਜਿਥੇ ਭਾਸ਼ਾਈ ਵਲਗਣਾਂ ਨੂੰ ਤੋੜਦੀ ਹੋਈ ਕਵਿਤਾ ਸਿਰਫ਼ ਤੇ ਸਿਰਫ਼ ਕਾਵਿ ਰੰਗ ਨੂੰ ਹੀ ਪੇਸ਼ ਕਰਦੀ ਹੈ ਜਿਵੇਂ -
ਮਨ ਜ਼ਹਿਮਤ ਲਾਗੀ ਹਿਜ਼ਰ ਕੀ
ਤਨ ਕੀਆ ਜ਼ਖ਼ਮੀ ਮੀਤ ਨੇ
ਮਜ਼ਹਬ ਸਭ ਦਾ ਏਕ ਹੈ
ਸ਼ੋਰ ਮਚਾਇਆ ਠੰਢੀ ਸੀਤ ਨੇ।
ਕਵੀ ਕੋਲ ਸ਼ਾਬਦਿਕ ਪਕੜ ਹੈ ਜਿਸ ਕਰ ਕੇ ਉਹ ਸ਼ਬਦਾਂ ਨੂੰ ਉਨ੍ਹਾਂ ਦੀ ਮਿਠਾਸ ਮੁਤਾਬਕ ਤੋੜ ਕੇ ਵੀ ਆਪਣਾ ਕਾਵਿ ਅਨੁਭਵ ਪੇਸ਼ ਕਰਦਾ ਹੈ ਮੈਂਡੜਾ, ਦੈਂਡੜਾ, ਤੈਂਕੜਾ ਆਦਿ ਸ਼ਬਦ ਉਸ ਦੀ ਸ਼ਬਦ ਪਕੜ ਨੂੰ ਹੀ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ ਜਿੱੱਥੇ ਕਵਿਤਾ ਵਿਚ ਸੂਫ਼ੀਆਨਾ ਰੰਗਣ ਪੇਸ਼ ਹੋਈ ਹੈ। ਉੱਥੇ ਅਰਬੀ, ਫਾਰਸੀ ਸ਼ਬਦਾਂ ਦਾ ਪ੍ਰਯੋਗ ਵੀ ਬਾਖੂਬੀ ਕੀਤਾ ਗਿਆ ਹੈ। ਕਈ ਵਾਰੀ ਕਵੀ ਨਿੱਕੀ ਕਵਿਤਾ ਵਿਚ ਵੱਡੇ ਆਗੂਆਂ ਨੂੰ ਸਹਿਜ ਰੂਪ ਵਿਚ ਹੀ ਪੇਸ਼ ਕਰ ਜਾਂਦਾ ਹੈ ਜਿਵੇਂ-
‘ਹੈ’ ਅਤੇ ‘ਸੀ’ ’ਚ ਫ਼ਰਕ ਬਸ ਇੰਨਾ ਹੀ ਫ਼ਰਕ ਏ, ਹੈ ਨਾਲ ਮਿਲਣ ਦੀਆਂ ਤਰੀਕਾਂ ਆੳਂੁਦੀਆਂ ਨੇ/ਅਤੇ/ ਸੀ ਦੀਆਂ ਬਸ ਯਾਦਾਂ। ਪੁਸਤਕ ਦਾ ਟਾਈਟਲ ਤੇ ਛਪਾਈ ਬਹੁਤ ਵਧੀਆ ਹੈ ਜੋ ਆਪਣਾ ਪ੍ਰਭਾਵ ਛੱਡਦੇ ਹਨ। ਕਵਿਤਾ ਨਾਲ ਜੁੜੇ ਤਾਂਘਵਾਨ ਸੱਜਣਾਂ ਲਈ ਇਹ ਪੁਸਤਕ ਲਾਭਦਾਇਕ ਸਾਬਤ ਹੋ ਸਕਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਪ੍ਰੀਤ ਕੰਵਲ ਦੀਆਂ ਵੱਡੀ ਗਿਣਤੀ ਵਿਚ ਗੀਤਕ ਰਚਨਾਵਾਂ ਪੇਸ਼ ਹੋਈਆਂ ਹਨ ਜਿਨ੍ਹਾਂ ਵਿਚਲਾ ਸਰੋਦੀਪਣ ਪ੍ਰਭਾਵਿਤ ਕਰਦਾ ਹੈ। ਇਹ ਸਰੋਦੀਪਣ ਪੜ੍ਹਨ ਵਾਲੇ ਨੂੰ ਕਵੀ ਅਤੇ ਉਸ ਦੀ ਕਵਿਤਾ ਨਾਲ ਪੱਕੇ ਤੌਰ ’ਤੇ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ।
- ਸਰਦੂਲ ਸਿੰਘ ਔਜਲਾ