ਉਜਾਗਰ ਸਿੰਘ ਦੀ ਹੱਥਲੀ ਪੁਸਤਕ ‘ਲੋਕ ਸੰਪਰਕ ਪੰਜਾਬ ਦੇ ਹੀਰੇ’ ਉਨ੍ਹਾਂ ਦੀ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਕਿਰਤ ਹੈ। ਇਹ ਪੁਸਤਕ ਖ਼ਾਸ ਤੌਰ ’ਤੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਕੰਮ ਕਰ ਚੁੱਕੀਆਂ ਅਹਿਮ ਸ਼ਖ਼ਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ’ਤੇ ਕੇਂਦਰਿਤ ਹੈ।

ਪੁਸਤਕ- ਲੋਕ ਸੰਪਰਕ ਪੰਜਾਬ ਦੇ ਹੀਰੇ
ਲੇਖਕ :ਉਜਾਗਰ ਸਿੰਘ
ਸਫ਼ੇ : 195, ਮੁੱਲ : 250 ਰੁਪਏ,
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੋਸ਼ਨ, ਚੰਡੀਗੜ੍ਹ
ਉਜਾਗਰ ਸਿੰਘ ਦੀ ਹੱਥਲੀ ਪੁਸਤਕ ‘ਲੋਕ ਸੰਪਰਕ ਪੰਜਾਬ ਦੇ ਹੀਰੇ’ ਉਨ੍ਹਾਂ ਦੀ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਕਿਰਤ ਹੈ। ਇਹ ਪੁਸਤਕ ਖ਼ਾਸ ਤੌਰ ’ਤੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਕੰਮ ਕਰ ਚੁੱਕੀਆਂ ਅਹਿਮ ਸ਼ਖ਼ਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ’ਤੇ ਕੇਂਦਰਿਤ ਹੈ। ਪੁਸਤਕ ਵਿਚ ਉਜਾਗਰ ਸਿੰਘ ਨੇ ਲੋਕ ਸੰਪਰਕ ਵਿਭਾਗ, ਪੰਜਾਬ ਦੇ 71 ਅਜਿਹੇ ਮੈਂਬਰਾਂ/ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਰਜ ਕੀਤੀ ਹੈ, ਜਿਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਬਿਹਤਰੀਨ ਸੇਵਾਵਾਂ ਨਿਭਾਈਆਂ। ਪੁਸਤਕ ਕੇਵਲ ਇਨ੍ਹਾਂ ਸ਼ਖ਼ਸੀਅਤਾਂ ਦੀ ਸਰਕਾਰੀ ਨੌਕਰੀ ਤੱਕ ਸੀਮਤ ਨਹੀਂ ਹੈ ਸਗੋਂ ਉਨ੍ਹਾਂ ਅਧਿਕਾਰੀਆਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਨੇ ਸਾਹਿਤ, ਪੱਤਰਕਾਰੀ, ਸਮਾਜ ਸੇਵਾ ਜਾਂ ਹੋਰ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਵਿਭਾਗ ਦਾ ਨਾਮ ਰੌਸ਼ਨ ਕੀਤਾ। ਉਜਾਗਰ ਸਿੰਘ ਖ਼ੁਦ ਪੱਤਰਕਾਰੀ ਅਤੇ ਲੋਕ ਸੰਪਰਕ ਦੇ ਖੇਤਰ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਮਕਸਦ ਉਨ੍ਹਾਂ ‘ਪਰਦੇ ਦੇ ਪਿੱਛੇ’ ਰਹਿ ਕੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ ਜੋ ਸਰਕਾਰ ਅਤੇ ਜਨਤਾ ਵਿਚਾਲੇ ਕੜੀ ਦਾ ਕੰਮ ਕਰਦੇ ਹਨ ਪਰ ਅਕਸਰ ਚਰਚਾ ਤੋਂ ਦੂਰ ਰਹਿੰਦੇ ਹਨ। ਲੇਖਕ ਨੇ ਪੁਸਤਕ ਵਿਚ ਸਿਰਫ਼ ਵੱਡੇ ਅਹੁਦਿਆਂ ਵਾਲੇ ਅਧਿਕਾਰੀਆਂ ਨੂੰ ਹੀ ਨਹੀਂ ਲਿਆ ਸਗੋਂ ਉਨ੍ਹਾਂ ਲੋਕ ਸੰਪਰਕ ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਕੇ ਸਰਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ। ਇਨ੍ਹਾਂ ਸ਼ਖ਼ਸੀਅਤਾਂ ਬਾਰੇ ਲਿਖਦਿਆਂ ਉਜਾਗਰ ਸਿੰਘ ਨੇ ਉਨ੍ਹਾਂ ਦੀਆਂ ਨਿੱਜੀ ਖੂਬੀਆਂ, ਕੰਮ ਕਰਨ ਦੇ ਤਰੀਕੇ ਅਤੇ ਪੰਜਾਬੀ ਸਾਹਿਤ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਬਾਖੂਬੀ ਬਿਆਨ ਕੀਤਾ ਹੈ। ਉਜਾਗਰ ਸਿੰਘ ਦੀ ਪੁਸਤਕ ਇਹ ਵੀ ਦੱਸਦੀ ਹੈ ਕਿ ਲੋਕ ਸੰਪਰਕ ਵਿਭਾਗ ਦੇ ਬਹੁਤੇ ਅਧਿਕਾਰੀ ਸਿਰਫ਼ ਸਰਕਾਰੀ ਬਾਬੂ ਨਹੀਂ ਸਨ ਸਗੋਂ ਉੱਚ ਕੋਟੀ ਦੇ ਸਾਹਿਤਕਾਰ, ਕਵੀ ਅਤੇ ਚਿੰਤਕ ਵੀ ਸਨ। ਲੇਖਕ ਨੇ ਦਿਖਾਇਆ ਹੈ ਕਿ ਕਿਵੇਂ ਦਫ਼ਤਰੀ ਫਾਈਲਾਂ ਦੇ ਵਿਚਕਾਰ ਰਹਿ ਕੇ ਵੀ ਇਨ੍ਹਾਂ ਲੋਕਾਂ ਨੇ ਪੰਜਾਬੀ ਸਾਹਿਤ ਦੀ ਨਿੱਠ ਕੇ ਸੇਵਾ ਕੀਤੀ। ਉਜਾਗਰ ਸਿੰਘ ਦੀ ਇਹ ਪੁਸਤਕ ਪੰਜਾਬੀ ਪੱਤਰਕਾਰੀ ਤੇ ਪ੍ਰਸ਼ਾਸਨਿਕ ਇਤਿਹਾਸ ਲਈ ਦਸਤਾਵੇਜ਼ ਵਾਂਗ ਹੈ। ਇਹ ਆਉਣ ਵਾਲੇ ਲੋਕ ਸੰਪਰਕ ਅਧਿਕਾਰੀਆਂ, ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਮਾਰਗ-ਦਰਸ਼ਕ ਵਜੋਂ ਕੰਮ ਕਰੇਗੀ ਤੇ ਉਨ੍ਹਾਂ ਨੂੰ ਦੱਸੇਗੀ ਕਿ ਕਿਵੇਂ ਪੇਸ਼ੇਵਰ ਇਮਾਨਦਾਰੀ ਅਤੇ ਸਿਰੜ ਨਾਲ ਕੰਮ ਕੀਤਾ ਜਾਂਦਾ ਹੈ।
- ਜਸਵਿੰਦਰ ਦੂਹੜਾ