ਕੈਂਸਰ ਵਿਰੁੱਧ ਜੰਗ 'ਚ ਵੱਡੀ ਸਫਲਤਾ: ਹੁਣ ਸਿਰਫ਼ 'ਬਲੱਡ ਟੈਸਟ' ਨਾਲ ਹੋਵੇਗੀ ਗਾਲ ਬਲੈਡਰ ਕੈਂਸਰ ਦੀ ਪਛਾਣ
ਇਹ ਖੋਜ ਸਭ ਤੋਂ ਹਮਲਾਵਰ ਤੇ ਅਕਸਰ ਅਣਦੇਖੇ ਕੈਂਸਰਾਂ ’ਚੋਂ ਇਕ ਦੀ ਸ਼ੁਰੂਆਤੀ ਪਛਾਣ ’ਚ ਮਦਦਗਾਰ ਹੋ ਸਕਦੀ ਹੈ। ਖੋਜ ਰਿਪੋਰਟ ’ਚ ਖ਼ੂਨ ਨਾਲ ਸਬੰਧਤ ਵਿਲੱਖਣ ਮੈਟਾਬੋਲਿਕ ਸੰਕੇਤਾਂ ਦੀ ਪਛਾਣ ਕੀਤੀ ਗਈ ਹੈ, ਜੋ ਗਾਲ ਬਲੈਡਰ ਦੇ ਕੈਂਸਰ ਲਈ ਸੰਭਾਵੀ ਬਾਇਓਮਾਰਕਰ ਦੇ ਤੌਰ ’ਤੇ ਕੰਮ ਕਰ ਸਕਦੇ ਹਨ।
Publish Date: Sun, 11 Jan 2026 08:38 AM (IST)
Updated Date: Sun, 11 Jan 2026 08:42 AM (IST)
ਨਵੀਂ ਦਿੱਲੀ (ਪੀਟੀਆਈ) : ਅਸਾਮ ਦੀ ਤੇਜਪੁਰ ਯੂਨੀਵਰਸਿਟੀ ਦੇ ਖੋਜੀਆਂ ਨੇ ਖ਼ੂਨ ’ਚ ਵਿਲੱਖਣ ਰਸਾਇਣਕ ਸੰਕੇਤਾਂ ਦੀ ਪਛਾਅ ਕੀਤੀ ਹੈ, ਜੋ ਗਾਲ ਬਲੈਡਰ ਦੇ ਕੈਂਸਰ ਦੇ ਉਨ੍ਹਾਂ ਮਾਮਲਿਆਂ ’ਚ ਅੰਤਰ ਕਰ ਸਕਦੇ ਹਨ, ਜਿਨ੍ਹਾਂ ’ਚ ਪਿੱਤੇ ’ਚ ਪੱਥਰੀ ਹੁੰਦੀ ਹੈ ਤੇ ਜਿਨ੍ਹਾਂ ’ਚ ਨਹੀਂ ਹੁੰਦੀ। ਇਹ ਖੋਜ ਸਭ ਤੋਂ ਹਮਲਾਵਰ ਤੇ ਅਕਸਰ ਅਣਦੇਖੇ ਕੈਂਸਰਾਂ ’ਚੋਂ ਇਕ ਦੀ ਸ਼ੁਰੂਆਤੀ ਪਛਾਣ ’ਚ ਮਦਦਗਾਰ ਹੋ ਸਕਦੀ ਹੈ। ਖੋਜ ਰਿਪੋਰਟ ’ਚ ਖ਼ੂਨ ਨਾਲ ਸਬੰਧਤ ਵਿਲੱਖਣ ਮੈਟਾਬੋਲਿਕ ਸੰਕੇਤਾਂ ਦੀ ਪਛਾਣ ਕੀਤੀ ਗਈ ਹੈ, ਜੋ ਗਾਲ ਬਲੈਡਰ ਦੇ ਕੈਂਸਰ ਲਈ ਸੰਭਾਵੀ ਬਾਇਓਮਾਰਕਰ ਦੇ ਤੌਰ ’ਤੇ ਕੰਮ ਕਰ ਸਕਦੇ ਹਨ।
ਗਾਲ ਬਲੈਡਰ ਕੈਂਸਰ ਸਭ ਤੋਂ ਖ਼ਤਰਨਾਕ ਗੈਸਟ੍ਰੋਇੰਟੈਸਟਾਈਨਲ ਕੈਂਸਰਾਂ ’ਚੋਂ ਇਕ ਹੈ ਤੇ ਉੱਤਰ ਪੂਰਬੀ ਭਾਰਤ ’ਚ ਇਸਦੀ ਦਰ ਬਹੁਤ ਜ਼ਿਆਦਾ ਹੈ। ਇਥੇ ਇਹ ਤੀਜਾ ਸਭ ਤੋਂ ਆਮ ਕੈਂਸਰ ਹੈ। ਇਹ ਬਿਮਾਰੀ ਚੁੱਪਚਾਪ ਵਧਦੀ ਰਹਿੰਦੀ ਹੈ ਤੇ ਜ਼ਿਆਦਾਤਰ ਮਰੀਜ਼ਾਂ ਨੂੰ ਐਡਵਾਂਸ ਸਟੇਜ ’ਚ ਪਤਾ ਲੱਗਦਾ ਹੈ, ਜਦੋਂ ਇਲਾਜ ਦੇ ਬਦਲ ਸੀਮਤ ਹੁੰਦੇ ਹਨ। ਤੇਜਪੁਰ ਯੂਨੀਵਰਸਿਟੀ ’ਚ ਸਹਾਇਕ ਪ੍ਰੋਫੈਸਰ ਪੰਕਜ ਬਰਾਹ ਤੇ ਖੋਜਾਰਥੀ ਸਿਨਮੋਯੀ ਬਰੂਆ ਦੀ ਅਗਵਾਈ ’ਚ ਕੀਤੇ ਗਏ ਅਧਿਐਨ ਨੂੰ ਅਮੇਰਿਕਨ ਕੈਮੀਕਲ ਸੁਸਾਇਟੀ ਦੇ ਜਰਨਲ ਆਫ ਪ੍ਰੋਟੀਓਮ ਰਿਸਰਚ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਪੰਕਜ ਨੇ ਕਿਹਾ ਕਿ ਸਾਡੇ ਨਤੀਜੇ ਦੱਸਦੇ ਹਨ ਕਿ ਖ਼ੂਨ ’ਚ ਕ੍ਰਿਏਟਿਨਿਨ ਰਸਾਇਣ (ਮੈਟਾਬੋਲਾਈਟਸ) ’ਚ ਹੋਣ ਵਾਲੇ ਬਦਲਾਅ ਗਾਲ ਬਲੈਡਰ ਕੈਂਸਰ ਦੇ ਮਾਮਲਿਆਂ ਨੂੰ, ਜਿਨ੍ਹਾਂ ’ਚ ਪੱਥਰੀ ਹੋਵੇ ਜਾਂ ਨਾ, ਸਪੱਸ਼ਟ ਤੌਰ ’ਤੇ ਵੱਖ ਕਰ ਸਕਦੇ ਹਨ। ਇਸ ਨਾਲ ਆਸਾਨ ਖ਼ੂਨ ਆਧਾਰਿਤ ਪ੍ਰੀਖਣ ਵਿਕਸਿਤ ਕਰਨ ਦੀ ਸੰਭਾਵਨਾ ਪੈਦਾ ਹੋਈ ਹੈ, ਜੋ ਕੈਂਸਰ ਦੀ ਛੇਤੀ ਪਤਾ ਲਗਾਉਣ ’ਚ ਮਦਦਗਾਰ ਹੋ ਸਕਦੇ ਹਨ।