ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਸਿਰਫ਼ 6 ਘੰਟੇ ਦੀ ਨੀਂਦ , ਦਿਮਾਗ 'ਚ ਇਕੱਠੇ ਹੁੰਦੇ ਹਨ ਜ਼ਹਿਰੀਲੇ ਪਦਾਰਥ; ਜਾਣੋ ਮਾਹਿਰਾਂ ਨੇ ਕੀ ਦਿੱਤੇ ਸੁਝਾਅ
ਮਾਹਿਰਾਂ ਮੁਤਾਬਕ ਛੇ ਘੰਟਿਆਂ ਦੀ ਨੀਂਦ ਨੂੰ ਆਮ ਮੰਨਣਾ ਮਹਿਜ਼ ਭਰਮ ਹੈ ਅਤੇ ਘੱਟ ਨੀਂਦ ਦਿਮਾਗ ਅਤੇ ਸਰੀਰ 'ਤੇ ਧੀਮੇ ਜ਼ਹਿਰ ਵਾਂਗ ਅਸਰ ਕਰਦੀ ਹੈ। ਇਸ ਦੇ ਨਤੀਜੇ ਵਜੋਂ ਇਕਾਗਰਤਾ ਵਿਚ ਕਮੀ, ਫ਼ੈਸਲਾ ਕਰਨ ਦੀ ਸਮਰੱਥਾ ਘਟਣਾ, ਮੂਡ ਵਿਚ ਬਦਲਾਅ ਤੋਂ ਇਲਾਵਾ ਰੋਗਾਂ ਨਾਲ ਲੜਣ ਦੀ ਤਾਕਤ ਘਟਦੀ ਹੈ ਤੇ ਸਰੀਰ ਵਿਚ ਹਾਰਮੋਨਾਂ ਦਾ ਤਵਾਜ਼ਨ ਵਿਗੜ ਸਕਦਾ ਹੈ।
Publish Date: Fri, 12 Dec 2025 10:46 AM (IST)
Updated Date: Fri, 12 Dec 2025 10:52 AM (IST)
ਨਈ ਦੁਨੀਆ ਪ੍ਰਤੀਨਿਧੀ, ਇੰਦੌਰ : ਬਾਲੀਵੁੱਡ ਕਲਾਕਾਰ ਆਯੁਸ਼ਮਾਨ ਖੁਰਾਣਾ ਦਾ ਇਕ ਵੀਡੀਓ ਅੱਜਕਲ੍ਹ ਪ੍ਰਸਾਰਤ ਹੋ ਰਿਹਾ ਹੈ, ਜਿਸ ਵਿਚ ਉਹ ਦੱਸਦੇ ਹਨ ਕਿ ਉਨ੍ਹਾਂ ਦੀ ਨੀਂਦ ਵੱਧ ਤੋਂ ਵੱਧ 6 ਘੰਟੇ ਹੀ ਹੁੰਦੀ ਹੈ। ਇਹ ਗੱਲ ਭਾਵੇਂ ਆਮ ਲੱਗੇ ਪਰ ਇਲਾਜ ਮਾਹਿਰਾਂ ਦਾ ਮੰਨਣਾ ਹੈ ਕਿ ਛੇ ਘੰਟਿਆਂ ਦੀ ਨੀਂਦ ਨੌਜਵਾਨਾਂ ਲਈ ਗੰਭੀਰ ਖ਼ਤਰੇ ਦਾ ਸੰਕੇਤ ਹੈ।
ਮਾਹਿਰਾਂ ਮੁਤਾਬਕ ਛੇ ਘੰਟਿਆਂ ਦੀ ਨੀਂਦ ਨੂੰ ਆਮ ਮੰਨਣਾ ਮਹਿਜ਼ ਭਰਮ ਹੈ ਅਤੇ ਘੱਟ ਨੀਂਦ ਦਿਮਾਗ ਅਤੇ ਸਰੀਰ 'ਤੇ ਧੀਮੇ ਜ਼ਹਿਰ ਵਾਂਗ ਅਸਰ ਕਰਦੀ ਹੈ। ਇਸ ਦੇ ਨਤੀਜੇ ਵਜੋਂ ਇਕਾਗਰਤਾ ਵਿਚ ਕਮੀ, ਫ਼ੈਸਲਾ ਕਰਨ ਦੀ ਸਮਰੱਥਾ ਘਟਣਾ, ਮੂਡ ਵਿਚ ਬਦਲਾਅ ਤੋਂ ਇਲਾਵਾ ਰੋਗਾਂ ਨਾਲ ਲੜਣ ਦੀ ਤਾਕਤ ਘਟਦੀ ਹੈ ਤੇ ਸਰੀਰ ਵਿਚ ਹਾਰਮੋਨਾਂ ਦਾ ਤਵਾਜ਼ਨ ਵਿਗੜ ਸਕਦਾ ਹੈ। ਇਸੇ ਕਾਰਨ ਅਗੇ ਚੱਲ ਕੇ ਅਲਜ਼ਾਈਮਰ, ਡਿਮੈਂਸ਼ੀਆ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇੰਦੌਰ ਵਿਚ ਕਰਵਾਈ ਨਿਊਰੋਲੋਜੀਕਲ ਸੋਸਾਇਟੀ ਆਫ ਇੰਡੀਆ ਦੀ 73ਵੀਂ ਕਾਨਫਰੰਸ 'ਐਨਐਸਆਈਕਾਨ-2025' ਵਿਚ ਸ਼ਾਮਲ ਹੋਏ ਮਾਹਿਰਾਂ ਨੇ ਘੱਟ ਨੀਂਦ ਨੂੰ ਚਿੰਤਾਜਨਕ ਦੱਸਿਆ। ਉਨ੍ਹਾਂ ਦਾ ਸੁਝਾਅ ਹੈ ਕਿ ਸੱਤ ਤੋਂ 8 ਘੰਟਿਆਂ ਦੀ ਔਸਤ ਨੀਂਦ ਜ਼ਰੂਰੀ ਹੈ।
ਇਸ ਸਬੰਧ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਚਿਕਿਤਸਾ ਵਿਗਿਆਨ ਅਦਾਰੇ ਵਿਚ 33 ਸਾਲ ਸੇਵਾਵਾਂ ਦੇ ਚੁੱਕੇ ਪ੍ਰੋ. ਸੁਰੇਸ਼ਵਰ ਮੋਹੰਤੀ ਨੇ ਕਿਹਾ ਕਿ ਸਰੀਰ ਅਤੇ ਦਿਮਾਗ ਦੋਹਾਂ ਦੀ ਮੁਰੰਮਤ ਦਾ ਅਸਲੀ ਸਮਾਂ ਰਾਤ ਦੀ ਨੀਂਦ ਹੁੰਦਾ ਹੈ। ਜਦੋਂ ਵਿਅਕਤੀ ਲਗਾਤਾਰ ਛੇ ਘੰਟਿਆਂ ਤੋਂ ਘੱਟ ਜਾਂ ਸਿਰਫ ਛੇ ਘੰਟਿਆਂ ਦੀ ਨੀਂਦ 'ਤੇ ਨਿਰਭਰ ਰਹਿੰਦਾ ਹੈ, ਤਾਂ ਹਿਰਦੇ ਅਤੇ ਮਸਤਿਸ਼ਕ ਨਾਲ ਸੰਬੰਧਿਤ ਖਤਰੇ ਵਧ ਜਾਂਦੇ ਹਨ।
ਨੀਂਦ ਸਰੀਰ ਦਾ ਰੀਸੈੱਟ ਬਟਨ
ਫੋਰਟਿਸ ਮੋਹਾਲੀ ਦੇ ਨਿਊਰੋਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਵੀਕੇ ਖੋਸਲਾ ਮੁਤਾਬਕ ਸੋਣ ਨਾਲ ਉਤਪਾਦਕਤਾ ਵੱਧਦੀ ਹੈ। ਨੀਂਦ ਸਰੀਰ ਦਾ ਰੀਸੈੱਟ ਬਟਨ ਹੈ। ਜੇ ਨੀਂਦ ਘਟਾ ਦੇਵਾਂਗੇ ਤਾਂ ਸਰੀਰ ਦੀ ਸਮਰਥਾ ਘਟੇਗੀ। ਇਕ ਦਿਨ ਵਿਚ 7 ਤੋਂ 9 ਘੰਟਿਆਂ ਦੀ ਨੀਂਦ ਜ਼ਰੂਰੀ ਹੁੰਦੀ ਹੈ।