Health Tips : ਗਰਮੀਆਂ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਪੱਥਰੀ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ 'ਚ ਸਾਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ। ਗਰਮੀਆਂ ਵਿਚ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੱਥਰੀ ਹੋਣ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

ਕਿਡਨੀ ਅਤੇ ਯੂਰੋਲਾਜਿਸਟ ਡਾ. ਦੇਵੇਸ਼ ਬਾਂਸਲ ਨੇ ਦੱਸਿਆ ਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਨਮਕ ਘੱਟ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ। ਸਾਨੂੰ ਆਪਣੇ ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬੇਵਜ੍ਹਾ ਖਾਣਾ ਵੀ ਪੱਥਰੀ ਦਾ ਇਕ ਕਾਰਨ ਹੈ। ਪੱਥਰੀ ਦੇ ਲੱਛਣ ਪੇਟ ਵਿਚ ਤੇਜ਼ ਦਰਦ, ਉਲਟੀਆਂ, ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਵਿਚ ਖੂਨ ਆਉਣਾ ਆਦਿ ਹਨ। ਜੇਕਰ ਅਜਿਹੇ ਕੋਈ ਲੱਛਣ ਨਜ਼ਰ ਆਉਣ ਤਾਂ ਸਾਨੂੰ ਲਾਪਰਵਾਹੀ ਨਾ ਕਰਦੇ ਹੋਏ ਮਾਹਿਰਾਂ ਦੀ ਸਲਾਹ ਲੈ ਕੇ ਉਨ੍ਹਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੋ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ ਜਾਂ ਮਾਸਾਹਾਰੀ ਭੋਜਨ ਖਾਂਦੇ ਹਨ ਜਾਂ ਜਿੰਮ ਜਾ ਕੇ ਪ੍ਰੋਟੀਨ ਲੈਂਦੇ ਹਨ, ਉਨ੍ਹਾਂ ਲੋਕਾਂ ਨੂੰ ਪੱਥਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਹੈਂਡਪੰਪ ਦੇ ਪਾਣੀ ਨਾਲ ਵੀ ਪੱਥਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪਾਲਕ ਅਤੇ ਟਮਾਟਰ ਦਾ ਸੇਵਨ ਵੀ ਇਸ ਦਾ ਕਾਰਨ ਹੋ ਸਕਦਾ ਹੈ। ਪੱਥਰੀ ਦੀ ਬਿਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ, ਪਰ 30 ਤੋਂ 50 ਸਾਲ ਦੀ ਉਮਰ ਵਿਚ ਪੱਥਰੀ ਬਣਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਹਾਲਾਂਕਿ ਹੁਣ ਨਵੀਂ ਤਕਨੀਕ ਨਾਲ ਪੱਥਰੀ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਪੱਥਰੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ।

Posted By: Seema Anand