ਇਸ ਰਿਸਰਚ ਤੋਂ ਉਮੀਦ ਹੈ ਕਿ ਆਈਵੀਐੱਫ ਵਰਗੀਆਂ ਆਧੁਨਿਕ ਗਰਭ ਧਾਰਣ ਤਕਨੀਕਾਂ ਦੀ ਸਫਲਤਾ ਦਰ ਨੂੰ ਕਈ ਗੁਣਾ ਬਿਹਤਰ ਕੀਤਾ ਜਾ ਸਕੇਗਾ। ਗਰਭ ਧਾਰਣ ਦੀ ਸ਼ੁਰੂਆਤ ਲਈ ਭਰੂਣ ਨੂੰ ਸਭ ਤੋਂ ਪਹਿਲਾਂ ਮਾਂ ਦੇ ਗਰਭ ਦੀ ਦੀਵਾਰ ਨਾਲ ਜੁੜਨਾ ਅਤੇ ਉਸ ਵਿਚ ਜੜ੍ਹ ਜਮਾਉਣਾ ਜ਼ਰੂਰੀ ਹੈ। ਪਰ ਇਹ ਕਿਵੇਂ ਹੁੰਦਾ ਹੈ, ਇਸ ਬਾਰੇ ਭੇਤ ਬਰਕਰਾਰ ਹੈ।

ਨਵੀਂ ਦਿੱਲੀ (ਪੀਟੀਆਈ) : ਸੰਤਾਨ ਸੁੱਖ ਤੋਂ ਵਾਂਝੇ ਪਰਿਵਾਰ ਕੀ ਕੁਝ ਨਹੀਂ ਕਰਦੇ। ਗਰਭ ਧਾਰਣ ਲਈ ਕਈ ਤਕਨੀਕੀ ਉਪਾਅ, ਕਠਿਨ ਪ੍ਰਕਿਰਿਆਵਾਂ ਦੇ ਨਾਲ-ਨਾਲ ਲੱਖਾਂ ਰੁਪਏ ਖ਼ਰਚ ਕਰਨੇ ਪੈ ਜਾਂਦੇ ਹਨ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਵਿਗਿਆਨੀਆਂ ਨੇ ਇਸ ਸਮੱਸਿਆ ਦੇ ਹੱਲ ਦੀ ਦਿਸ਼ਾ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਗਰਭ ਧਾਰਣ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਉਨ੍ਹਾਂ ਨੇ ਇਕ ‘ਜੈਨੇਟਿਕ ਸਵਿੱਚ’ ਖੋਜਿਆ ਹੈ ਜਿਹੜਾ ਭਰੂਣ ਨੂੰ ਬੱਚੇਦਾਨੀ ਦੀ ਦੀਵਾਰ ’ਤੇ ਟਰਾਂਸਪਲਾਂਟ ਹੋਣ ਦੀ ਆਗਿਆ ਦਿੰਦਾ ਹੈ। ਇਸ ਤੋਂ ਬਾਅਦ ਗਰਭ ਧਾਰਣ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ।
ਇਸ ਰਿਸਰਚ ਤੋਂ ਉਮੀਦ ਹੈ ਕਿ ਆਈਵੀਐੱਫ ਵਰਗੀਆਂ ਆਧੁਨਿਕ ਗਰਭ ਧਾਰਣ ਤਕਨੀਕਾਂ ਦੀ ਸਫਲਤਾ ਦਰ ਨੂੰ ਕਈ ਗੁਣਾ ਬਿਹਤਰ ਕੀਤਾ ਜਾ ਸਕੇਗਾ। ਗਰਭ ਧਾਰਣ ਦੀ ਸ਼ੁਰੂਆਤ ਲਈ ਭਰੂਣ ਨੂੰ ਸਭ ਤੋਂ ਪਹਿਲਾਂ ਮਾਂ ਦੇ ਗਰਭ ਦੀ ਦੀਵਾਰ ਨਾਲ ਜੁੜਨਾ ਅਤੇ ਉਸ ਵਿਚ ਜੜ੍ਹ ਜਮਾਉਣਾ ਜ਼ਰੂਰੀ ਹੈ। ਪਰ ਇਹ ਕਿਵੇਂ ਹੁੰਦਾ ਹੈ, ਇਸ ਬਾਰੇ ਭੇਤ ਬਰਕਰਾਰ ਹੈ। ਵਿਗਿਆਨੀਆਂ ਦਾ ਇਹ ਅਧਿਐਨ ਕੌਮਾਂਤਰੀ ਜਰਨਲ ‘ਸੈੱਲ ਡੈਥ ਡਿਸਕਵਰੀ’ ਵਿਚ ਪ੍ਰਕਾਸ਼ਿਤ ਹੋਇਆ ਹੈ ਜਿਸ ਵਿਚ ਇਸ ਮੂਲਭੂਤ ਜੈਵਿਕ ਸਵਿੱਚ ’ਤੇ ਨਵੀਂ ਰੋਸ਼ਨੀ ਪਾਈ ਗਈ ਹੈ ਜੋ ਭਰੂਣ ਦੇ ਟਰਾਂਸਪਲਾਂਟ ਨੂੰ ਕੰਟਰੋਲ ਕਰਦਾ ਹੈ।
ਕਿਵੇਂ ਕੰਮ ਕਰਦੇ ਹਨ ਇਹ ਜੈਨੇਟਿਕ ਸਵਿੱਚ
ਆਈਸੀਐੱਮਆਰ-ਐੱਨਆਈਆਰਆਰਸੀਐੱਚ ਦੇ ਵਿਗਿਆਨੀ ਡਾਕਟਰ ਦੀਪਕ ਮੋਦੀ ਨੇ ਦੱਸਿਆ ਕਿ ਦੋ ਜੀਨ- ਐੱਚਓਐਕਸਏ 10 ਅਤੇ ਟੀਡਬਲਯੂਆਈਐੱਸਟੀ2 ਬੱਚੇਦਾਨੀ ਦੀ ਦੀਵਾਰ ’ਤੇ ਸਹੀ ਸਮੇਂ ’ਤੇ ਖੁੱਲ੍ਹੇ ਅਤੇ ਬੰਦ ਛੋਟੇ ‘ਦੁਆਰ’ ਦਾ ਕੰਮ ਕਰਦੇ ਹਨ। ਬੱਚੇਦਾਨੀ ਦੀ ਅੰਦਰੂਨੀ ਪਰਤ ਇਕ ਕਿਲ੍ਹੇ ਦੀ ਦੀਵਾਰ ਵਾਂਗ ਹੁੰਦੀ ਹੈ ਤਾਂ ਜੋ ਕਿਸੇ ਵੀ ਚੀਜ਼ ਨੂੰ ਅੰਦਰ ਪ੍ਰਵੇਸ਼ ਕਰਨ ਤੋਂ ਰੋਕਿਆ ਜਾ ਸਕੇ। ਅਧਿਐਨ ਦੀ ਮੁੱਖ ਲੇਖਕ ਨੈਂਸੀ ਅਸ਼ਾਰੀ ਨੇ ਦੱਸਿਆ ਕਿ ਭਰੂਣ ਦੇ ਟਰਾਂਸਪਲਾਂਟ ਦੀ ਸਫਲਤਾ ਲਈ ਇਹ ਜ਼ਰੂਰੀ ਹੈ ਕਿ ਇਸ ਦੀਵਾਰ ਨੂੰ ਇਕ ਛੋਟੇ ਦੁਆਰ ਰਾਹੀਂ ਕੁਝ ਸਮੇਂ ਲਈ ਖੋਲ੍ਹਿਆ ਜਾਵੇ। ਜੀਨ ਐੱਚਓਐਕਸਏ10 ਇਸ ਦੀਵਾਰ ਨੂੰ ਬੰਦ ਰੱਖਦਾ ਹੈ ਅਤੇ ਸੁਰੱਖਿਆ ਕਰਦਾ ਹੈ।
ਆਈਆਈਐੱਸਸੀ, ਬੈਂਗਲੂਰ ਦੇ ਡਾਕਟਰ ਮੋਹਿਤ ਜੋਲੀ ਨੇ ਦੱਸਿਆ ਕਿ ਜਦੋਂ ਕੋਈ ਭਰੂਣ ਬੱਚੇਦਾਨੀ ਦੀ ਅੰਦਰੂਨੀ ਪਰਤ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਸਥਾਨ ’ਤੇ ਐੱਚਓਐਕਸਏ10 ਅਸਥਾਈ ਤੌਰ ’ਤੇ ਬੰਦ ਹੋ ਜਾਂਦਾ ਹੈ। ਇਸ ਦੇ ਬੰਦ ਹੋਣ ਨਾਲ ਇਕ ਹੋਰ ਜੀਨ ਟੀਡਬਲਯੂਆਈਐੱਸਟੀ2 ਸਰਗਰਮ ਹੋ ਜਾਂਦਾ ਹੈ। ਇਸ ਜੀਨ ਦੀ ਸਰਗਰਮੀ ਬੱਚੇਦਾਨੀ ਦੀਆਂ ਕੋਸ਼ਿਕਾਵਾਂ ਨੂੰ ਨਰਮ ਤੇ ਲਚਕੀਲਾ ਬਣਾ ਕੇ ਦੁਆਰ ਖੋਲ੍ਹਦੀ ਹੈ, ਜਿਸ ਨਾਲ ਭਰੂਣ ਨੂੰ ਅੰਦਰ ਜਾਣ ਦਾ ਮੌਕਾ ਮਿਲਦਾ ਹੈ।
ਗਰਭਪਾਤ ਵਰਗੀਆਂ ਸਮੱਸਿਆਵਾਂ ਦੂਰ ਕਰਨ ਵਿਚ ਮਿਲ ਸਕਦੀ ਹੈ ਮਦਦ
ਆਈਸੀਐੱਮਆਰ-ਐੱਨਆਈਆਰਆਰਸੀਐੱਚ ਦੀ ਡਾਇਰੈਕਟਰ ਡਾਕਟਰ ਗੀਤਾਂਜਲੀ ਸਚਦੇਵਾ ਨੇ ਕਿਹਾ ਕਿ ਇਸ ਰਿਸਰਚ ਨਾਲ ਇਹ ਸਮਝਣ ਵਿਚ ਆਸਾਨੀ ਹੋਵੇਗੀ ਕਿ ਕਿਉਂ ਕੁਝ ਔਰਤਾਂ ਨੂੰ ਸਿਹਤਮੰਦ ਭਰੂਣ ਹੋਣ ਦੇ ਬਾਵਜੂਦ ਵਾਰ-ਵਾਰ ਟਰਾਂਸਪਲਾਂਟ ਦੀ ਅਸਫਲਤਾ ਜਾਂ ਬਹੁਤ ਜਲਦੀ ਗਰਭ ਅਵਸਥਾ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇ ਬੱਚੇਦਾਨੀ ਦੀ ਦੀਵਾਰ ਬਹੁਤ ਛੋਟੀ ਖੁੱਲ੍ਹਦੀ ਹੈ ਤਾਂ ਭਰੂਣ ਟਰਾਂਸਪਲਾਂਟ ਨਹੀਂ ਹੋ ਸਕਦਾ, ਜਦਕਿ ਜੇ ਇਹ ਦੁਆਰ ਬਹੁਤ ਜ਼ਿਆਦਾ ਖੁੱਲ੍ਹ ਜਾਵੇ ਤਾਂ ਵੀ ਗਰਭ ਧਾਰਣ ਟਿਕ ਨਹੀਂ ਸਕੇਗਾ। ਦੋਵਾਂ ਜੀਨਾਂ ਵਿਚ ਸੰਤੁਲਨ ਨੂੰ ਕੰਟਰੋਲ ਕਰ ਕੇ ਭਵਿੱਖ ਵਿਚ ਆਈਵੀਐੱਫ (ਇਨ ਵਿਟ੍ਰੋ ਫਰਟੀਲਾਈਜ਼ੇਸ਼ਨ) ਦੀ ਸਫਲਤਾ ਦਰ ਵਿਚ ਸੁਧਾਰ ਲਈ ਨਵੀਂ ਰਣਨੀਤੀ ਬਣਾਈ ਜਾ ਸਕਦੀ ਹੈ।