ਕੈਂਸਰ ਦਾ ਖ਼ੌਫ ਬਹੁਤ ਜ਼ਿਆਦਾ ਹੈ। ਜਦੋਂ ਇਹ ਖ਼ਬਰ ਮਿਲਦੀ ਹੈ ਕਿ ਕਿਸੇ ਆਪਣੇ ਨਜ਼ਦੀਕੀ ਨੂੰ ਕੈਂਸਰ ਹੈ ਤਾਂ ਸਾਡੇ ਸਰੀਰ ਅੰਦਰ ਝਰਨਾਹਟ ਛਿੜ ਜਾਂਦੀ ਹੈ, ਦਿਮਾਗ਼ ਦਹਿਸ਼ਤ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਦਿਲ ਸਹਿਮਿਆ ਜਾਂਦਾ ਹੈ, ਜਿਵੇਂ ਕੋਈ ਬਹੁਤ ਭਿਆਨਕ ਅਣਹੋਣੀ ਘਟਨਾ ਵਾਪਰ ਗਈ ਹੋਵੇ। ਇਸ ਤੋਂ ਉਪਰੋਂ ਜਦੋਂ ਇਹ ਕਿਹਾ ਜਾਵੇ ਕਿ ਇਹ ਕੈਂਸਰ ਕਿਸੇ ਜਮਾਂਦਰੂ ਨੁਕਸ ਕਰਕੇ ਜਾਂ ਜੈਨੇਟਿਕ ਕਾਰਨਾਂ ਕਰਕੇ ਹੈ ਤੇ ਪੁਸ਼ਤ-ਦਰ-ਪੁਸ਼ਤ ਵੀ ਚੱਲ ਸਕਦਾ ਹੈ ਤਾਂ ਜ਼ਮੀਨ ਪੈਰਾਂ ਥੱਲਿਓਂ ਖਿਸਕਣ ਲੱਗਦੀ ਹੈ।

ਕੈਂਸਰ ਦਾ ਖ਼ੌਫ ਬਹੁਤ ਜ਼ਿਆਦਾ ਹੈ। ਜਦੋਂ ਇਹ ਖ਼ਬਰ ਮਿਲਦੀ ਹੈ ਕਿ ਕਿਸੇ ਆਪਣੇ ਨਜ਼ਦੀਕੀ ਨੂੰ ਕੈਂਸਰ ਹੈ ਤਾਂ ਸਾਡੇ ਸਰੀਰ ਅੰਦਰ ਝਰਨਾਹਟ ਛਿੜ ਜਾਂਦੀ ਹੈ, ਦਿਮਾਗ਼ ਦਹਿਸ਼ਤ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਦਿਲ ਸਹਿਮਿਆ ਜਾਂਦਾ ਹੈ, ਜਿਵੇਂ ਕੋਈ ਬਹੁਤ ਭਿਆਨਕ ਅਣਹੋਣੀ ਘਟਨਾ ਵਾਪਰ ਗਈ ਹੋਵੇ। ਇਸ ਤੋਂ ਉਪਰੋਂ ਜਦੋਂ ਇਹ ਕਿਹਾ ਜਾਵੇ ਕਿ ਇਹ ਕੈਂਸਰ ਕਿਸੇ ਜਮਾਂਦਰੂ ਨੁਕਸ ਕਰਕੇ ਜਾਂ ਜੈਨੇਟਿਕ ਕਾਰਨਾਂ ਕਰਕੇ ਹੈ ਤੇ ਪੁਸ਼ਤ-ਦਰ-ਪੁਸ਼ਤ ਵੀ ਚੱਲ ਸਕਦਾ ਹੈ ਤਾਂ ਜ਼ਮੀਨ ਪੈਰਾਂ ਥੱਲਿਓਂ ਖਿਸਕਣ ਲੱਗਦੀ ਹੈ। ਇਸ ਲੇਖ ਰਾਹੀਂ ਕੈਂਸਰ ਬਾਰੇ ਭੁਲੇਖੇ, ਵਹਿਮ, ਗ਼ਲਤ ਧਾਰਨਾਵਾਂ ਨੂੰ ਦੂਰ ਕਰਦਿਆਂ ਇਸ ਦੀ ਅਸਲੀਅਤ, ਬਚਾਅ, ਹੋਂਦ ਦੇ ਕਾਰਨਾਂ ਤੇ ਇਸ ਦੇ ਹੋਣ ’ਚ ਜੀਨਾਂ ਦੀ ਅਹਿਮੀਅਤ ਬਾਰੇ ਜ਼ਿਕਰ ਕਰਾਂਗੇ।
ਕੀ ਹੈ ਕੈਂਸਰ ਤੇ ਕਿਉਂ ਹੁੰਦੈ?
ਸਾਡਾ ਜੀਵਨ ਇਕ ਸਾਂਝੇ ਸੈੱਲ ਤੋਂ ਸ਼ੁਰੂ ਹੁੰਦਾ ਹੈ। ਇਸ ਸੈੱਲ ਵਿਚ ਸਾਡੇ ਮਾਪਿਆਂ ਦੀ ਬਰਾਬਰ ਦੀ ਦੇਣ ਹੁੰਦੀ ਹੈ ਆਂਡੇ ਤੇ ਜੀਵਾਣੂ ਦੇ ਰੂਪ ਵਿਚ। ਇਹ ਸਾਂਝਾ ਪਹਿਲਾ ਸੈੱਲ ਵਧਦਾ ਹੈ ਤੇ ਵੱਧ ਕੇ ਵਿਭਾਜਿਤ ਹੋ ਕੇ ਇਸ ਸੈੱਲ ਤੋਂ ਦੋ ਸੈੱਲ ਬਣ ਜਾਂਦੇ ਹਨ। ਫਿਰ ਦੋ ਤੋਂ ਚਾਰ ਤੇ ਇਸ ਤਰ੍ਹਾਂ ਵਧਦਿਆਂ-ਵਧਦਿਆਂ ਜਨਮ ਵੇਲੇ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਤਕਰਬੀਨ 17 ਲੱਖ ਕਰੋੜ ਸੈੱਲਾਂ ਨਾਲ ਬਣਿਆ ਹੁੰਦਾ ਹੈ। ਇਹ ਸਾਰੇ ਸੈੱਲ ਜਿਨਸੀ/ਜੈਨੇਟਿਕ ਪੱਧਰ ’ਤੇ ਸ਼ੁਰੂ ਵਾਲੇ ਪਹਿਲੇ ਸਾਂਝੇ ਸੈੱਲ ਵਰਗੇ ਹੁੰਦੇ ਹਨ। ਜਵਾਨੀ ਵੇਲੇ ਸਰੀਰ ਤਕਰੀਬਨ 40 ਲੱਖ ਕਰੋੜ ਸੈੱਲਾਂ ਦਾ ਬਣਿਆ ਹੁੰਦਾ ਹੈ। ਜਦੋਂ ਇਕ ਸੈੱਲ ਤੋਂ ਸ਼ੁਰੂ ਹੋ ਕੇ ਵਿਭਾਜਿਤ ਹੋ ਕੇ ਏਨੇ ਲੱਖ ਕਰੋੜ ਸੈੱਲ ਬਣਨੇ ਹਨ ਤਾਂ ਕਿਤੇ ਨਾ ਕਿਤੇ ਗ਼ਲਤੀ ਹੋ ਵੀ ਸਕਦੀ ਹੈ। ਸੈੱਲਾਂ ਦਾ ਵਧਣਾ ਤੇ ਵਿਭਾਜਿਤ ਹੋਣਾ ਬਹੁਤ ਹੀ ਸੂਖ਼ਮ ਵਿਧੀਆਂ ਅਨੁਸਾਰ ਹੁੰਦਾ ਹੈ, ਜਿਨ੍ਹਾਂ ਵਿਚ ਸੈਂਕੜੇ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ। ਇਸ ਵਿਭਾਜਨ ਵਾਲੀ ਪ੍ਰਕਿਰਿਆ ਵਿਚ ਬਹੁਤ ਗ਼ਲਤੀਆਂ ਹੁੰਦੀਆਂ ਹਨ ਪਰ ਸਰੀਰ ਨੇ ਆਪਣੇ ਹਰ ਸੈੱਲ ਅੰਦਰ ਕਈ ਤਰ੍ਹਾਂ ਦੀਆਂ ਸੁਰੱਖਿਆ ਪ੍ਰਣਾਲੀਆਂ ਬਣਾਈਆਂ ਹੋਈਆਂ ਹਨ, ਜੋ ਇਸ ਗੱਲ ਨੂੰ ਨਿਸ਼ਚਿਤ ਕਰਦੀਆਂ ਹਨ ਕਿ ਇਹ ਵਧਣ ਤੇ ਵਿਭਾਜਨ ਵਾਲੀਆਂ ਕਿਰਿਆਵਾਂ ਨਿਰਵਿਘਨ ਤੇ ਬਿਨਾਂ ਗ਼ਲਤੀ ਤੋਂ ਹੋਣ। ਇਸ ਲਈ ਜਦੋਂ ਵੀ ਕੋਈ ਗ਼ਲਤੀ ਹੁੰਦੀ ਹੈ ਤਾਂ ਉਸ ਦੀ ਉਸ ਵੇਲੇ ਮੁਰੰਮਤ ਕਰ ਲਈ ਜਾਂਦੀ ਹੈ। ਜੇ ਗ਼ਲਤੀ ਠੀਕ ਨਾ ਹੋਣ ਵਾਲੀ ਹੋਵੇ ਤਾਂ ਉਸ ਸੈੱਲ ਨੂੰ ਹੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਪਰ ਗੜਬੜ ਉਸ ਵੇਲੇ ਹੋ ਜਾਂਦੀ ਹੈ, ਜਦੋਂ ਇਨ੍ਹਾਂ ਸੁਰੱਖਿਆ ਪ੍ਰਣਾਲੀਆਂ ਨੂੰ ਬਣਾਉਣ ਤੇ ਚਲਾਉਣ ਵਾਲੇ ਜੀਨਾਂ ਅਂਦਰ ਹੀ ਤਬਦੀਲੀ ਆ ਜਾਵੇ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਸੈੱਲ ਦੀ ਕੋਈ ਇਕ ਸੁਰੱਖਿਆ ਪ੍ਰਣਾਲੀ ਆਪਣਾ ਕੰਮ ਬੰਦ ਕਰ ਦੇਵੇ ਜਾਂ ਬਾਗ਼ੀ ਹੋ ਜਾਵੇ। ਅਜਿਹੇ ਕਾਰਨਾਂ ਕਰਕੇ ਖ਼ਰਾਬ ਸੈੱਲ ਬਣ ਜਾਂਦਾ ਹੈ, ਜੋ ਬਿਨਾਂ ਰੋਕ-ਟੋਕ ਦੇ ਆਪਣੇ ਆਪ ਨੂੰ ਵਧਾਉਂਦਾ ਰਹਿੰਦਾ ਹੈ ਤੇ ਬਿਨਾਂ ਕਿਸੇ ਬੰਦਿਸ਼ ਦੇ ਵਿਭਾਜਿਤ ਹੁੰਦਾ ਰਹਿੰਦਾ ਹੈ। ਅਜਿਹੇ ਖ਼ਰਾਬ ਬਾਗ਼ੀ ਸੈੱਲ ਵਿਭਾਜਿਤ ਹੋ-ਹੋ ਕੇ ਜਦੋਂ ਕਾਫ਼ੀ ਸਾਰੇ ਹੋ ਜਾਣ ਤਾਂ ਇਕ ਗਿਲਟੀ ਦੀ ਸ਼ਕਲ ਅਖ਼ਤਿਆਰ ਕਰ ਲੈਂਦੇ ਹਨ। ਜੇ ਇਸ ਸੈੱਲ ਦਾ ਸੁਭਾਓ ਜਾਂ ਪ੍ਰਕਿਰਤੀ ਇਹ ਹੋਵੇ ਕਿ ਇਸ ਨੇ ਦੂਸਰੇ ਸੈੱਲਾਂ ਉਪਰ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਆਪਣੀ ਬਾਗ਼ੀ ਫ਼ੌਜ ਵਿਚ ਰਲਾ ਲੈਣਾ ਹੈ ਤਾਂ ਇਹ ਸੈੱਲ ਇਕ ਕੈਂਸਰ ਸੈੱਲ ਬਣ ਜਾਂਦਾ ਹੈ। ਅਜਿਹੇ ਵਿਗੜੇ ਹੋਏ ਕੈਂਸਰ ਸੈੱਲ ਖ਼ੂਨ ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਅੰਗਾਂ ਵਿਚ ਜਾ ਕੇ ਉਥੋਂ ਦੇ ਠੀਕ ਸੈੱਲਾਂ ਉਪਰ ਕਬਜ਼ਾ ਕਰ ਕੇ ਉਨ੍ਹਾਂ ਨੂੰ ਵੀ ਕੈਂਸਰ ਸੈੱਲ ਬਣਾ ਦੇਂਦੇ ਹਨ। ਜੇ ਇਸ ਵਿਗੜੇ ਸੈੱਲ ਦੀ ਤਾਸੀਰ ਦੂਸਰੇ ਸੈੱਲਾਂ ਉਪਰ ਕਬਜ਼ਾ ਕਰਨ ਦੀ ਨਾ ਹੋਵੇ ਤਾਂ ਇਹ ਇੱਕੋ ਜਗ੍ਹਾ ਬੈਠਾ ਆਪਣੇ ਵਰਗੇ ਸੈੱਲ ਵਧਾ-ਵਧਾ ਕੇ ਇਕ ਗਿਲਟੀ ਬਣਾ ਲੈਂਦਾ ਹੈ। ਅਜਿਹੀਆਂ ਗਿਲਟੀਆਂ ਕੈਂਸਰ ਵਾਲੀਆਂ ਨਹੀਆਂ ਹੁੰਦੀਆਂ ਤੇ ਨਾ ਹੀ ਉਨ੍ਹਾਂ ਤੋਂ ਹੋਰ ਗਿਲਟੀਆਂ ਵਧਦੀਆਂ ਹਨ।
ਕੈਂਸਰ ਨਾ ਛੂਤ ਤੇ ਨਾ ਹੀ ਲਾਗ ਦੀ ਬਿਮਾਰੀ ਹੈ। ਸਾਇੰਸਦਾਨਾਂ ਵਿਚ ਇਸ ਗੱਲ ’ਤੇ ਸਹਿਮਤੀ ਹੈ ਕਿ ਕੈਂਸਰ ਕਿਸੇ ਇਕ ਇਕੱਲੇ ਕਾਰਨ ਕਰਕੇ ਨਹੀਂ ਹੁੰਦਾ ਸਗੋਂ ਇਸ ਦੇ ਹੋਣ ਵਿਚ ਕਈ ਤਰ੍ਹਾਂ ਦੇ ਕਾਰਨਾਂ ਦਾ ਸਾਂਝਾ ਯੋਗਦਾਨ ਹੁੰਦਾ ਹੈ। ਇਸ ਵਿਚ ਵਿਅਕਤੀ ਦੇ ਸਰੀਰ ਦੀ ਅੰਦਰੂਨੀ ਬਣਤਰ, ਉਸ ਦੀ ਜੈਨੇਟਿਕ ਬਣਤਰ, ਰਹਿਣ-ਸਹਿਣ ਦੇ ਤੌਰ-ਤਰੀਕੇ, ਵਾਤਾਵਰਨ ਦੇ ਅਸਰ ਤੇ ਸਰੀਰ ਅੰਦਰ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਕਿਰਿਆਵਾਂ ਦੇ ਸਾਂਝੇ ਅਸਰ ਆਦਿ ਆ ਜਾਂਦੇ ਹਨ।
ਦੁਨੀਆ ’ਚ ਫੈਲਦਾ ਜਾਲ
24 ਸਤੰਬਰ 2025 ਨੂੰ ਡਾਕਟਰੀ ਦੇ ਮਸ਼ਹੂਰ ਰਸਾਲੇ Lancet ਵਿਚ ਛਪੀ ਰਿਪੋਰਟ ਮੁਤਾਬਿਕ ਅਗਲੇ 25 ਸਾਲਾਂ ’ਚ ਦੁਨੀਆ ਅੰਦਰ ਕੈਂਸਰ ਦੇ ਨਵੇਂ ਮਰੀਜ਼ਾਂ ਦਾ 61 ਫ਼ੀਸਦੀ ਵਾਧਾ ਹੋ ਜਾਣ ਦੀ ਉਮੀਦ ਹੈ। ਸੰਨ 2050 ਵਿਚ ਕੈਂਸਰ ਦੇ ਤਕਰੀਬਨ ਤਿੰਨ ਕਰੋੜ 50 ਲੱਖ ਮਰੀਜ਼ ਹੋਣਗੇ। ਕੈਂਸਰ ਨਾਲ ਗੁਜ਼ਰਨ ਵਾਲਿਆਂ ਦੀ ਨਫ਼ਰੀ ਵਿਚ 75 ਫ਼ੀਸਦੀ ਵਾਧਾ ਹੋਵੇਗਾ ਤੇ ਸਾਲ 2050 ਵਿਚ ਇਕ ਕਰੋੜ 86 ਲੱਖ ਲੋਕ ਇਸ ਰੋਗ ਨਾਲ ਫੌਤ ਹੋਣਗੇ। ਇਨ੍ਹਾਂ ਵਿੱਚੋਂ ਅੱਧੇ ਨਵੇਂ ਮਰੀਜ਼ ਤੇ ਦੋ-ਤਿਹਾਈ ਮੌਤਾਂ ਗ਼ਰੀਬ ਜਾਂ ਘੱਟ ਆਮਦਨੀ ਵਾਲੇ ਮੁਲਕਾਂ ਵਿਚ ਹੋਣਗੀਆਂ।
ਭਾਰਤ ’ਚ ਰੋਗ ਦੀ ਸਥਿਤੀ
ਭਾਰਤ ਸਰਕਾਰ ਨੇ 21 ਮਾਰਚ 2025 ਨੂੰ ਲੋਕ ਸਭਾ ਵਿਚ ਦੱਸਿਆ ਕਿ ਮੁਲਕ ਅੰਦਰ ਕੈਂਸਰ ਨਾਲ ਪੀੜਤ ਰੋਗੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2020 ਵਿਚ ਮੁਲਕ ਅੰਦਰ 13,92,179 ਕੈਂਸਰ ਵਾਲੇ ਮਰੀਜ਼ ਸਨ ਤੇ ਇਨ੍ਹਾਂ ਦਾ ਨੰਬਰ 2024 ਵਿਚ 15,33,055 ਹੋ ਗਿਆ ਸੀ। ਪੰਜਾਬ ਵਿਚ ਇਸ ਸਮੇਂ ਦੌਰਾਨ ਕੈਂਸਰ ਵਾਲੇ ਮਰੀਜ਼ਾਂ ਦਾ ਨੰਬਰ 38,636 ਤੋਂ ਵੱਧ ਕੇ 42,288 ਹੋ ਗਿਆ ਸੀ।
ਛਾਤੀ ਦੇ ਕੈਂਸਰ ਦੇ ਸੰਕੇਤ
ਜੇ ਕੈਂਸਰ ਵਾਲੇ ਪਹਿਲੇ ਸੈੱਲ ਦੀ ਸ਼ੁਰੂਆਤ ਛਾਤੀ ਦੇ ਕਿਸੇ ਵੀ ਹਿੱਸੇ ਤੋਂ ਸ਼ੁਰੂ ਹੋਈ ਹੋਵੇ ਤਾਂ ਅਜਿਹੇ ਕੈਂਸਰ ਨੂੰ ਛਾਤੀ ਦਾ ਕੈਂਸਰ ਕਿਹਾ ਜਾਂਦਾ ਹੈ ਭਾਵੇਂ ਉਹ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਫੈਲ ਗਿਆ ਹੋਵੇ। ਛਾਤੀ ਵਾਲੇ ਕੈਂਸਰ ਦੇ ਸ਼ੁਰੂ ਵਿਚ ਹੀ ਛਾਤੀ ਅੰਦਰ ਕਈ ਤਰ੍ਹਾਂ ਦੇ ਲੱਛਣ ਸ਼ੁਰੂ ਹੋ ਜਾਂਦੇ ਹਨ। ਜੇ ਇਹ ਲੱਛਣ ਸ਼ੁਰੂ ਵਿਚ ਹੀ ਭਾਂਪ ਲਏ ਜਾਣ ਜਾਂ ਪਛਾਣ ਲਏ ਜਾਣ ਤਾਂ ਇਸ ਰੋਗ ਨੂੰ ਸ਼ੁਰੂ ਵਿਚ ਹੀ ਜੜ੍ਹੋਂ ਖ਼ਤਮ ਕੀਤਾ ਜਾ ਸਕਦੀ ਹੈ।
ਲੱਛਣ
- ਛਾਤੀ ’ਚ ਕੋਈ ਗਿਲਟੀ ਬਣਨੀ, ਜੋ ਭਾਵੇਂ ਦਰਦ ਨਾ ਕਰੇ।
- ਛਾਤੀ ਦੀ ਸ਼ਕਲ ’ਚ ਕੋਈ ਤਬਦੀਲੀ।
- ਛਾਤੀ ’ਚ ਕੋਈ ਉਭਾਰ ਹੋਣਾ।
- ਛਾਤੀ ਦੀ ਚਮੜੀ ਵਿਚ
ਕੋਈ ਟੋਆ ਜਾਂ ਡੂੰਘ ਬਣਨਾ।
ਕੋਈ ਲਾਲ ਰੰਗੇ ਜਾਂ ਪੇਪੜੀ (ਛਿਲਕੇ) ਵਾਲੇ ਵੱਡੇ ਦਾਗ਼ ਦਿਸਣੇ।
ਖ਼ੁਰਦਰਾਪਣ ਜਾਂ ਦਰਦ ਹੋਣੀ।
- ਨਿੱਪਲ ਵਿੱਚੋਂ ਕਿਸੇ ਤਰਲ ਪਦਾਰਥ ਦਾ ਵਗਣਾ।
- ਨਿੱਪਲ ਦਾ ਅੰਦਰ ਵੱਲ ਨੂੰ ਉਲਟ ਹੋ ਜਾਣਾ।
ਜੇ ਛਾਤੀ ਦਾ ਕੈਂਸਰ ਦੂਸਰੇ ਅੰਗਾਂ ’ਚ ਵੀ ਫੈਲ ਗਿਆ ਹੈ ਤਾਂ ਹੱਡੀਆਂ ਵਿਚ ਦਰਦ, ਸਰੀਰ ਅੰਦਰਲੀਆਂ ਗੰਢਾਂ ’ਚ ਸੋਜ਼ਿਸ਼ ਖ਼ਾਸ ਕਰਕੇ ਕੱਛਾਂ ਵਿਚਲੀਆਂ ਗੰਢਾਂ ਵਿਚ, ਸਾਹ ਦਾ ਫੁੱਲਣਾ, ਚਮੜੀ ਦਾ ਰੰਗ ਬਦਲ ਜਾਣਾ ਆਦਿ ਇਸ ਦੇ ਸੰਕੇਤ ਦਿੰਦੇ ਹਨ।
ਬਹੁਤੇ ਛਾਤੀ ਦੇ ਕੈਂਸਰ ਵਾਲੇ ਮਰੀਜ਼ਾਂ ਅੰਦਰ ਸ਼ੁਰੂ-ਸ਼ੁਰੂ ਵਿਚ ਕੋਈ ਵੀ ਸੰਕੇਤ ਜਾਂ ਲੱਛਣ ਨਹੀਂ ਹੁੰਦੇ ਤੇ ਕੈਂਸਰ ਕਿਸੇ ਹੋਰ ਕਾਰਨ ਹੋਈ ਛਾਣ-ਬੀਣ (ਸਕਰੀਨਿੰਗ) ਵੇਲੇ ਹੀ ਫੜਿਆ ਜਾਂਦਾ ਹੈ। ਇਸ ਲਈ ਡਾਕਟਰਾਂ ਵੱਲੋਂ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਜਦੋਂ ਔਰਤ ਦੀ ਉਮਰ 40 ਸਾਲ ਹੋ ਜਾਵੇ ਤਾਂ ਉਸ ਨੂੰ ਆਪਣੀਆਂ ਛਾਤੀਆਂ ਦੀ ਮੈਮੋਗ੍ਰਾਫ਼ੀ (ਇਕ ਕਿਸਮ ਦੇ ਐਕਸ-ਰੇ) ਰਾਹੀਂ ਪੜਤਾਲ ਕਰਵਾ ਲੈਣੀ ਚਾਹੀਦੀ ਹੈ। ਇਸ ਰਾਹੀਂ ਜੇ ਹਾਲੇ ਕੈਂਸਰ ਦੀ ਸ਼ੁਰੂਆਤ ਹੀ ਹੋਈ ਹੈ ਤਾਂ ਪਤਾ ਲੱਗ ਜਾਂਦਾ ਹੈ। ਜੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛਾਤੀ ਦਾ ਕੈਂਸਰ ਜਾਂ ਕੋਈ ਹੋਰ ਕੈਂਸਰ ਹੋਇਆ ਹੈ ਤਾਂ ਵੀ ਇਸੇ ਤਰ੍ਹਾਂ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਜੇ ਪਰਿਵਾਰ ਵਿਚ ਹੀ ਕਿਸੇ ਨੂੰ ਕੈਂਸਰ ਹੋਇਆ ਹੈ ਤਾਂ ਜਿਨਸੀ/ਜੈਨੇਟਿਕ ਕਾਰਨਾਂ ਦੀ ਜਾਂਚ ਜ਼ਰੂਰੀ ਹੋ ਜਾਂਦੀ ਹੈ।
ਕਈ ਡਾਕਟਰਾਂ ਦੀ ਇਹ ਵੀ ਮਾਨਤਾ ਹੈ ਕਿ ਨੇਮਬੱਧ ਤਰੀਕੇ ਨਾਲ ਛਾਤੀਆਂ ਵਿਚ ਬਣਦੀ ਗਿਲਟੀ ਬਾਰੇ ਸਵੈ-ਜਾਂਚ (ਆਪਣੇ ਆਪ) ਕਰਨਾ ਸਭ ਤੋਂ ਅਹਿਮ ਹੈ। ਉਹ ਇਹ ਮੰਨਦੇ ਹਨ ਕਿ ਛਾਤੀਆਂ ਦੀ ਹਰ ਸਾਲ ਮੈਮੋਗ੍ਰਾਫ਼ੀ ਕਰਨੀ ਨੁਕਸਾਨਦੇਹ ਹੋ ਸਕਦੀ ਹੈ।
ਛਾਤੀ ਦੇ ਕੈਂਸਰ ਦਾ ਖ਼ੌਫ਼ ਤੇ ਅਭਿਨੇਤਰੀਆਂ
1975 ਵਿਚ ਜੰਮੀ ਇਕ ਅਮਰੀਕਨ ਅਭਿਨੇਤਰੀ ਏਂਜੇਲੀਨਾ ਜੌਲੀ ਨੂੰ ਬਹੁਤ ਸਾਰੇ ਅਦਾਰਿਆਂ ਨੇ ਦੁਨੀਆ ਦੀ ਸਭ ਤੋਂ ਹਸੀਨ ਹੋਣ ਦਾ ਸਿਹਰਾ ਕਈ ਵਾਰ ਬੰਨ੍ਹਿਆ ਹੈ। 2013 ਵਿਚ ਜਦੋਂ ਉਹ 38 ਸਾਲਾਂ ਦੀ ਹੋਈ ਤਾਂ ਉਸ ਨੇ ਓਪਰੇਸ਼ਨ ਕਰਵਾ ਕੇ ਆਪਣੀਆਂ ਦੋਵੇਂ ਛਾਤੀਆਂ ਨੂੰ ਕਟਵਾ ਦਿੱਤਾ ਕੈਂਸਰ ਦੇ ਖ਼ੌਫ਼ ਤੋਂ। ਉਸ ਦੀ ਮਾਂ ਛਾਤੀ ਦੇ ਕੈਂਸਰ ਕਰਕੇ ਪੂਰੀ ਹੋਈ ਸੀ ਤੇ ਇਸ ਅਭਿਨੇਤਰੀ ਅੰਦਰ ਵੀ ਇਸ ਦੀ ਮਾਂ ਵਾਲੇ ਉਹ ਜੀਨ ਹੀ ਮੌਜੂਦ ਸਨ, ਜਿਨ੍ਹਾਂ ਕਰਕੇ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਇਸ ਅਭਿਨੇਤਰੀ ਨੇ ਆਪਣੀਆਂ ਅਸਲੀ ਛਾਤੀਆਂ ਦੀ ਥਾਂ ਓਪਰੇਸ਼ਨਾਂ ਰਾਹੀਂ ਨਕਲੀ ਛਾਤੀਆਂ ਲੁਆ ਲਈਆਂ। ਇੰਜ ਉਸ ਨੂੰ ਜੋ ਕੈਂਸਰ ਹੋਣ ਦੀ ਸੰਭਾਵਨਾ 87 ਫ਼ੀਸਦੀ ਸੀ, ਉਹ ਘੱਟ ਕੇ ਪੰਜ ਫ਼ੀਸਦੀ ਰਹਿ ਗਈ। ਕਈ ਭਾਰਤੀ ਬੇਹੱਦ ਸੋਹਣੀਆਂ ਅਭਿਨੇਤਰੀਆਂ ਮੁਮਤਾਜ, ਮਹਿਮਾ ਚੌਧਰੀ, ਹੀਨਾ ਖ਼ਾਨ ਵਰਗੀਆਂ ਵੀ ਛਾਤੀ ਦੇ ਕੈਂਸਰ ਦੇ ਕਾਬੂ ਆਈਆਂ ਸਨ। ਇਨ੍ਹਾਂ ਵਿੱਚੋਂ ਜਿਸ ਨੇ ਦਸੰਬਰ 2021 ਵਿਚ ਇਹ ਆਪ ਕਬੂਲਿਆ ਕਿ ਉਸ ਦੇ ਅੰਦਰ ਛਾਤੀ ਦੇ ਕੈਂਸਰ ਵਾਲਾ ਜੀਨ ਹੈ, ਉਹ ਹੈ ਤਾਮਿਲ ਅਦਾਕਾਰਾ ਹਮਸਾ ਨਾਂਦਿਨੀ।
ਛਾਤੀ ਦੇ ਕੈਂਸਰ ਦਾ ਫੈਲਾਓ
ਭਾਰਤ ਵਿਚਲੀ ਡਾਕਟਰੀ ਦੀ ਸਰਬੋਤਮ ਅਕੈਡਮੀ, ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਦੀ 2025 ਵਾਲੀ ਅਤੇ 2020 ਵਾਲੀ ‘ਗਲੋਬਲ ਕੈਂਸਰ ਓਬਜ਼ਰਵੇਟਰੀ’ (GLOBOCAN) ਦੀਆਂ ਰਿਪੋਰਟਾਂ ਅਨੁਸਾਰ ਸਾਲ 2020 ਵਿਚ ਦੁਨੀਆ ਅੰਦਰ ਛਾਤੀ ਦੇ ਕੈਂਸਰ ਵਾਲੇ ਇਕ ਕਰੋੜ ਤਰਾਨਵੇਂ ਲੱਖ ਨਵੇਂ ਮਰੀਜ਼ ਦਰਜ ਹੋਏ ਸਨ। ਇਸੇ ਸਾਲ ਤਕਰੀਬਨ ਇਕ ਕਰੋੜ ਮੌਤਾਂ ਛਾਤੀ ਦੇ ਕੈਂਸਰ ਕਾਰਨ ਹੋਈਆਂ ਸਨ। ਇਹ ਅਨੁਮਾਨ ਹੈ ਕਿ ਸਾਲ 2040 ਵਿਚ ਅਜਿਹੇ ਨਵੇਂ ਮਰੀਜ਼ਾਂ ਦਾ ਨੰਬਰ ਦੋ ਕਰੋੜ ਸੱਠ ਲੱਖ ਹੋਵੇਗਾ।
ਪੰਜਾਬ ’ਚ ਸਥਿਤੀ
ਉਪਰ ਦਰਸਾਈਆਂ ਰਿਪੋਰਟਾਂ ਅਨੁਸਾਰ ਭਾਰਤ ਵਿਚ ਸਾਲ 2020 ਵਿਚ ਛਾਤੀ ਦੇ ਕੈਂਸਰ ਵਾਲੇ ਦੋ ਲੱਖ ਪੰਜ ਹਜ਼ਾਰ ਨਵੇਂ ਮਰੀਜ਼ ਦਰਜ ਹੋਏ ਹਨ। 2025 ਵਿਚ ਇਨ੍ਹਾਂ ਨਵੇਂ ਮਰੀਜ਼ਾਂ ਦਾ ਨੰਬਰ 2,32,832 ਹੋਣ ਦੀ ਉਮੀਦ ਹੈ। ਇਸ ਦਾ ਮਤਲਬ ਹੈ ਕਿ ਹਰ ਦਿਨ 638 ਨਵੇਂ ਮਰੀਜ਼ ਜਾਂ ਹਰ ਘੰਟੇ 26 ਤੋਂ 27 (26.57) ਨਵੇਂ ਮਰੀਜ਼। ਸਾਲ 2040 ਵਿਚ ਮੁਲਕ ਅੰਦਰ 20 ਲੱਖ 80 ਹਜ਼ਾਰ ਲੋਕ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੋਏ ਹੋਣਗੇ।
ਲੋਕ ਸਭਾ ਵਿਚ 9 ਫਰਵਰੀ 2024 ਨੂੰ ਪੇਸ਼ ਕੀਤੇ ਸੰਨ 2019 ਤੋਂ 2023 ਦੇ ਅੰਕੜਿਆਂ ਮੁਤਾਬਿਕ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦਾ ਨੰਬਰ ਤੇ ਇਸ ਕਾਰਨ ਗੁਜ਼ਰ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਸਾਲ - ਛਾਤੀ ਦੇ ਕੈਂਸਰ ਦੇ ਨਵੇਂ ਮਰੀਜ਼ - ਗੁਜ਼ਰਨ ਵਾਲਿਆਂ ਦਾ ਨੰਬਰ
ਮੁਲਕ ਅੰਦਰ - ਪੰਜਾਬ ਅੰਦਰ - ਮੁਲਕ ਅੰਦਰ - ਪੰਜਾਬ ਅੰਦਰ
2019 - 2,00,218 - 6037 - 74,481 - 2246
2020 - 2,05, 424 - 6192 - 76,414 - 2303
2021 - 2,10,714 - 6347 - 78,387 - 2361
2022 - 2,16,108 - 6507, 80,390 - 2421
2023- 2,21,579- 6667 - 82,429 - 2480
ਅੰਗਰੇਜ਼ੀ ਦੇ ਅਖ਼ਬਾਰ ਟਾਈਮਜ਼ ਆਫ ਇੰਡੀਆ ਦੀ 10 ਜੂਨ 2025 ਦੀ ਖ਼ਬਰ ਮੁਤਾਬਿਕ ਪੰਜਾਬ ਵਿਚਲੀਆਂ ਕੈਂਸਰ ਤੋਂ ਪੀੜਤ ਔਰਤਾਂ ਵਿੱਚੋਂ 30 ਫ਼ੀਸਦੀ ਔਰਤਾਂ ਛਾਤੀ ਦੇ ਕੈਂਸਰ ਵਾਲੀਆਂ ਹਨ। ਜੇ ਇਨ੍ਹਾਂ ਦੇ ਮੌਤ ਦਾ ਨੰਬਰ ਉਮਰ-ਅਨੁਕੂਲ (ਉਮਰ-ਸਹਿਜਿਤ ਮੌਤ-ਦਰ) ਨਾਪਿਆ ਜਾਵੇ ਤਾਂ ਇਹ ਪ੍ਰਤੀ ਇਕ ਲੱਖ ਪਿੱਛੇ 37.5 ਬਣਦਾ ਹੈ, ਜੋ ਮੁਲਕ ਵਿਚ ਸਭ ਤੋਂ ਵੱਧ ਹੈ।
ਸੰਭਾਵਨਾ ਵਧਾਉਣ ਵਾਲੇ ਕਾਰਨ
ਉਮਰ : ਆਮ ਤੌਰ ’ਤੇ ਦੂਸਰੇ ਕੈਂਸਰਾਂ ਵਾਂਗ, ਵੱਧਦੀ ਉਮਰ ਨਾਲ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੀ ਵੱਧਦੀ ਹੈ। ਦਸੰਬਰ 2025 ਨੂੰ ਨਸ਼ਰ ਹੋਈ ਇਕ ਖੋਜ ਮੁਤਾਬਿਕ ਅਮਰੀਕਾ ਵਿਚ ਛਾਤੀ ਦੇ ਕੈਂਸਰ ਦੀ ਸ਼ੁਰੂਆਤ ਪਹਿਲਾਂ ਨਾਲੋਂ ਜਲਦੀ ਉਮਰ ਵਿਚ ਹੋਣ ਲੱਗ ਪਈ ਹੈ। ਇਸ ਅਨੁਸਾਰ ਅਮਰੀਕਾ ਵਿਚ ਛਾਤੀ ਦੇ ਕੈਂਸਰ ਵਾਲੀਆਂ ਔਰਤਾਂ ਵਿੱਚੋਂ 20-24 ਫ਼ੀਸਦੀ ਔਰਤਾਂ ਦੀ ਉਮਰ 18 ਤੋਂ 49 ਸਾਲ ਹੀ ਸੀ।
ਪਰਿਵਾਰਕ ਸਾਂਝ (ਰਿਸ਼ਤਾ) : ਜੇ ਕਿਸੇ ਰਿਸ਼ਤੇਦਾਰ, ਸਕੇ-ਸਬੰਧੀ ਜਾਂ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਛਾਤੀ ਦਾ ਕੈਂਸਰ ਜਾਂ ਕੋਈ ਹੋਰ ਕੈਂਸਰ ਹੋਇਆ ਹੋਵੇ ਤਾਂ ਛਾਤੀ ਦਾ ਕੈਂਸਰ ਦਾ ਖ਼ਤਰਾ ਆਮ ਨਾਲੋਂ ਵੱਧ ਜਾਂਦਾ ਹੈ। ਮੋਟੇ ਤੌਰ ’ਤੇ ਜਿੰਨਾ ਨਜ਼ਦੀਕੀ ਜਿਨਸੀ ਰਿਸ਼ਤਾ, ਓਨੀ ਹੀ ਸੰਭਾਵਨਾ ਵੱਧ।
ਛਾਤੀਆਂ ਦਾ ਅੰਦਰਲਾ ਸੰਘਣਾਪਣ : ਇਹ ਮੰਨਿਆ ਜਾਂਦਾ ਹੈ ਕਿ ਛਾਤੀਆਂ ਦਾ ਅੰਦਰਲਾ ਸੰਘਣਾਪਣ ਜੈਨੇਟਿਕ ਬਣਤਰ ਉਪਰ ਨਿਰਭਰ ਕਰਦਾ ਹੈ। ਜੇ ਇਹ ਸੰਘਣਾਪਣ, ਜਿਸ ਦਾ ਛਾਤੀਆਂ ਦੇ ਐਕਸ-ਰੇ (ਮੈਮੋਗ੍ਰਾਫ਼ੀ) ਰਾਹੀਂ ਹੀ ਪਤਾ ਲੱਗਦਾ ਹੈ, ਜ਼ਿਆਦਾ ਹੋਵੇ ਤਾਂ ਦੂਸਰਿਆਂ ਦੇ ਮੁਕਾਬਲੇ ਖ਼ਤਰਾ ਵੱਧ ਹੁੰਦਾ ਹੈ।
ਪਹਿਲਾ ਬੱਚਾ ਹੋਣ ਵੇਲੇ ਮਾਂ ਦੀ ਉਮਰ : ਛੋਟੀ ਉਮਰ ਵਿਚ ਮਾਂ ਬਣਨ ਵਾਲੀਆਂ ਔਰਤਾਂ ਨੂੰ ਛਾਤੀ ਦੇ ਕੈਂਸਰ ਘੱਟ ਅਨੁਪਾਤ ਵਿਚ ਹੁੰਦੇ ਹਨ।
ਮਾਹਵਾਰੀ ਨਾਲ ਰਿਸ਼ਤਾ : ਆਮ ਤੌਰ ’ਤੇ ਇਹ ਵੇਖਿਆ ਗਿਆ ਹੈ ਕਿ ਜਿਨ੍ਹਾਂ ਔਰਤਾਂ ਵਿਚ ਮਾਹਵਾਰੀ ਛੋਟੀ ਉਮਰ ਵਿਚ ਹੀ ਸ਼ੁਰੂ ਹੋ ਗਈ ਹੋਵੇ ਤੇ ਵੱਡੀ ਉਮਰ ਤਕ ਚੱਲੇ, ਉਨ੍ਹਾਂ ਵਿਚ ਛਾਤੀਆਂ ਦਾ ਕੈਂਸਰ ਜ਼ਿਆਦਾ ਹੁੰਦਾ ਹੈ।
ਬੱਚਿਆਂ ਨੂੰ ਛਾਤੀ ਰਾਹੀਂ ਦੁੱਧ ਪਿਲਾਉਣਾ
ਜਿਨ੍ਹਾਂ ਔਰਤਾਂ ਵਿਚ ਇਕ ਖ਼ਾਸ ਜੀਨ (BRCA1) ਖ਼ਰਾਬ ਹੋਵੇ ਤੇ ਉਹ ਆਪਣੇ ਬੱਚਿਆਂ ਨੂੰ ਦੇਰ ਤਕ ਆਪਣਾ ਦੁੱਧ ਪਿਲਾਉਂਦੀਆਂ ਰਹਿਣ ਤਾਂ ਕੈਂਸਰ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਪਰ ਜੇ ਇਕ ਦੂਸਰਾ ਜੀਨ (BRCA2) ਖ਼ਰਾਬ ਹੋਵੇ ਤਾਂ ਫ਼ਰਕ ਨਹੀਂ ਪੈਂਦਾ।
ਐਕਸ-ਰੇ ਆਦਿ ਕਿਰਨਾਂ ਦਾ ਪ੍ਰਭਾਵ
ਸਾਰੇ ਤਰ੍ਹਾਂ ਦੀਆਂ ਅਣੂ-ਕਿਰਣਾਂ (ਐਕਸ-ਰੇ ਆਦਿ) ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ।
ਸ਼ਰਾਬ ਤੇ ਸਿਗਰਟ
ਇਨ੍ਹਾਂ ਦੋਵਾਂ ਚੀਜ਼ਾਂ ਦੇ ਸੇਵਨ ਨਾਲ ਕੈਂਸਰ ਦੇ ਖ਼ਤਰੇ ਵਿਚ ਇਜ਼ਾਫ਼ਾ ਹੁੰਦਾ ਹੈ।
ਮੋਟਾਪਾ
ਇਹ ਵੇਖਿਆ ਗਿਆ ਹੈ ਕਿ ਮਾਹਵਾਰੀ ਖ਼ਤਮ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਵੱਧ ਭਾਰ ਵਾਲੀਆਂ ਜਾਂ ਮੋਟਾਪੇ ਨਾਲ ਪ੍ਰਭਾਵਿਤ ਹੁੰਦੀਆਂ ਹਨ, ਉਨ੍ਹਾਂ ਵਿਚ ਛਾਤੀ ਦਾ ਕੈਂਸਰ ਆਮ ਔਰਤਾਂ ਦੇ ਅਨੁਪਾਤਕ ਵੱਧ ਹੁੰਦਾ ਹੈ।
ਵਰਜ਼ਿਸ਼
ਨੇਮਬੱਧ ਵਰਜ਼ਿਸ਼ ਕਰਨ ਵਾਲੀਆਂ ਔਰਤਾਂ ਅੰਦਰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ।
ਗਰਭ-ਰੋਕੂ ਦਵਾਈਆਂ
ਅਜਿਹੀਆਂ ਦਵਾਈਆਂ ਨੂੰ ਲੰਬੇ ਅਰਸੇ ਤਕ ਵਰਤਣ ਵੇਲੇ ਇਨ੍ਹਾਂ ਦੇ ਛਾਤੀ ਦੇ ਕੈਂਸਰ ਲਈ ਮਾੜੇ ਅਸਰਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਵਾਤਾਵਰਨ
ਖ਼ਰਾਬ ਵਾਤਾਵਰਨ ਖ਼ਾਸ ਕਰਕੇ ਪ੍ਰਦੂਸ਼ਣ ਨਾਲ ਛਾਤੀ ਦੇ ਕੈਂਸਰ ਦੇ ਹੋਣ ਦੀ ਸੰਭਾਵਨਾ ਵਿਚ ਵਾਧੇ ਨਾਲ ਸਬੰਧਿਤ ਕਈ ਰਿਪੋਰਟਾਂ ਹਨ। 2023 ਤੇ 2025 ਨੂੰ ਛਪੀਆਂ ਖੋਜਾਂ ਮੁਤਾਬਿਕ ਸਾਫ਼ ਵਾਤਾਵਰਨ ਵਿਚ ਰਹਿਣ ਵਾਲੀਆਂ ਔਰਤਾਂ ਜਾਂ ਹਰਿਆਲੀ ਵਿਚ ਰਹਿਣ ਵਾਲੀਆਂ ਔਰਤਾਂ ਛਾਤੀ ਦਾ ਕੈਂਸਰ ਘੱਟ ਹੋਇਆ ਸੀ।
ਮਿਲਾਵਟੀ ਖਾਣਾ
ਬਹੁਤ ਸਾਰੇ ਰਸਾਇਣ ਜੋ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਏ ਜਾਂਦੇ ਹਨ, ਉਹ ਕੈਂਸਰ ਨੂੰ ਉਤਸ਼ਾਹਿਤ ਕਰਦੇ ਹਨ। ਦਵਾਈਆਂ, ਕੀਟਨਾਸ਼ਕ ਰਸਾਇਣਕ, ਮਿਲਾਵਟਾਂ ਵਾਲਾ ਜਾਂ ਨਕਲੀ ਦੁੱਧ, ਦਹੀਂ, ਪਨੀਰ, ਰਸਾਇਣਾਂ ਦੀ ਵਰਤੋਂ ਰਾਹੀਂ ਲੰਬੇ ਅਰਸੇ ਤਕ ਸਾਂਭੀਆਂ ਖਾਣ-ਪੀਣ ਦੀਆਂ ਚੀਜ਼ਾਂ, ਫਲ-ਸਬਜ਼ੀਆਂ ਉਪਰ ਛਿੜਕੇ ਗਏ ਰਸਾਇਣ ਆਦਿ ਤੇ ਹੋਰ ਬਹੁਤ ਤਰ੍ਹਾਂ ਦੀਆਂ ਮਿਲਾਵਟਾਂ ਛਾਤੀ ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।
ਕੈਂਸਰ ਵਾਲੇ ਜੀਨਾਂ ਦੀਆਂ ਕਿਸਮਾਂ
24 ਨਵੰਬਰ 2025 ਤਕ 1209 ਜੀਨ ਅਜਿਹੇ ਪਛਾਣੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਜੈਨੇਟਿਕ ਤਬਦੀਲੀ ਆਉਣ ਕਰਕੇ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ। ਅਜਿਹੇ ਜੀਨਾਂ ਨੂੰ ਔਕੋਜੀਨ ਆਖਦੇ ਹਨ। ਇਨ੍ਹਾਂ ਸਾਰਿਆਂ ਜੀਨਾਂ ਦੀਆਂ ਅੱਗੇ ਵੱਖ-ਵੱਖ ਵੰਨਗੀਆਂ ਹਨ। ਮੋਟੋ ਤੌਰ ’ਤੇ ਇਨ੍ਹਾਂ ਜੀਨਾਂ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ।
1. ਕੈਂਸਰ ਵਾਲੇ ਮੂਲ ਜੀਨ (ਪ੍ਰੋਟੋ-ਔਂਕੋਜੀਨ, Proto Oncogenes Proto ਮੂਲ) : ਇਹ ਜੀਨ ਸੈੱਲ ਦੇ ਸਾਧਾਰਨ ਤੌਰ ’ਤੇ ਵਧਣ-ਫੁੱਲਣ ਲਈ ਤੇ ਇਸ ਦੇ ਵਿਕਸਿਤ ਹੋਣ ਵਿਚ ਜ਼ਰੂਰੀ ਹੁੰਦੇ ਹਨ। ਪਰ ਜੇ ਇਨ੍ਹਾਂ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਲੋੜ ਤੋਂ ਵੱਧ ਕੰਮ ਕਰਨਾ ਸ਼ੁਰੂ ਕਰ ਦੇਣ (ਜ਼ਿਆਦਾ ਸਰਗਰਮ ਹੋ ਜਾਣ) ਤਾਂ ਇਹ ਜੀਨ ਕੈਂਸਰ ਵਾਲੇ ਜੀਨ, ਔਂਕੋਜੀਨ ਵਿਚ ਬਦਲ ਜਾਂਦੇ ਹਨ।
2. ਗਿਲਟੀਆਂ ਨੂੰ ਰੋਕਣ ਜਾ ਕੁਚਲਣ ਵਾਲੇ ਜੀਨ (Tumor Suppressor Genes) : ਇਨ੍ਹਾਂ ਜੀਨਾਂ ਦੀ ਅਸਲ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਇਨ੍ਹਾਂ ਨੇ ਸੈੱਲ ਦੇ ਵਧਣ, ਵਿਕਸਿਤ ਤੇ ਵਿਭਾਜਿਤ ਹੋਣ ਨੂੰ ਨਿਯੰਤ੍ਰਿਤ ਕਰਨਾ ਤੇ ਬੇਲੋੜੇ ਵਾਧੇ ਤੋਂ ਵਰਜਿਤ ਕਰਨਾ। ਜਿਨ੍ਹਾਂ ਸੈੱਲਾਂ ਵਿਚਲੇ ਅਜਿਹੇ ਜੀਨ ਵਿਗੜੀ ਹਾਲਤ ਵਿਚ ਹੋਣ ਤਾਂ ਉਹ ਸੈੱਲ ਬਿਨਾਂ ਰੋਕ-ਟੋਕ ਦੇ ਵੱਧਦੇ-ਫੁੱਲਦੇ ਹਨ।
3. ਡੀਐੱਨਏ ਦੀ ਮੁਰੰਮਤ ਕਰਨ ਵਾਲੇ ਜੀਨ : ਇਨ੍ਹਾਂ ਜੀਨਾਂ ਦਾ ਅਸਲ ਮੰਤਵ ਇਹ ਹੁੰਦਾ ਹੈ ਕਿ ਸੈੱਲ ਅੰਦਰ ਜਿੱਥੇ ਕਿਤੇ ਕੋਈ ਵਿਗਾੜ ਹੋਵੇ ਤਾਂ ਉਸ ਦੀ ਤੁਰੰਮ ਮੁਰੰਮਤ ਕਰਨੀ। ਜੇ ਇਨ੍ਹਾਂ ਜੀਨਾਂ ਅੰਦਰ ਹੀ ਕੋਈ ਨੁਕਸ ਪੈ ਜਾਵੇ ਤਾਂ ਇਹ ਆਪਣਾ ਅਸਲ ਕੰਮ ਭੁੱਲ ਕੇ ਹੋਰ ਜੀਨਾਂ ਅੰਦਰ ਵੀ ਨੁਕਸ ਪਾਉਣ ਲੱਗ ਪੈਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਉਹ ਮੂਲ ਸਧਾਰਨ ਸੈੱਲ ਇਕ ਕੈਂਸਰ ਵਾਲੇ ਸੈੱਲ ਵਿਚ ਤਬਦੀਲ ਹੋ ਜਾਂਦਾ ਹੈ।
ਜਿਨਸੀ/ਜੈਨੇਟਿਕ ਕਾਰਨ
ਛਾਤੀ ਦਾ ਕੈਂਸਰ ਸਿਰਫ਼ ਔਰਤਾਂ ਵਿਚ ਨਹੀਂ ਹੁੰਦਾ, ਮਰਦ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੇ ਕੈਂਸਰ ਦੇ ਹੋਣ ਵਿਚ ਸਰੀਰ ਦੇ ਅੰਦਰਲੇ ਤੇ ਬਾਹਰਲੇ ਕਾਰਨਾਂ ਤੋਂ ਇਲਾਵਾ ਜਿਨਸੀ/ਜੈਨੇਟਿਕ ਕਾਰਨ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ। ਔਰਤਾਂ ਵਿਚ ਤਕਰਬੀਨ 70-75 ਫ਼ੀਸਦੀ ਛਾਤੀ ਦੇ ਕੈਂਸਰ ਇਤਫ਼ਾਕੀਆ ਹੀ ਹੁੰਦੇ ਹਨ ਤੇ ਅਜਿਹਿਆਂ ਦਾ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਇਸ ਰੋਗ ਨਾਲ ਪੀੜਤ ਨਹੀਂ ਹੁੰਦਾ। ਤਕਰੀਬਨ 20-25 ਫ਼ੀਸਦੀ ਮਰੀਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਕਿਸੇ ਨਾ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਵੀ ਇਹ ਬਿਮਾਰੀ ਹੋਈ ਹੁੰਦੀ ਹੈ। ਸਿਰਫ਼ 5-10 ਫ਼ੀਸਦੀ ਮਰੀਜ਼ਾਂ ਵਿਚ ਛਾਤੀ ਦਾ ਕੈਂਸਰ ਜੈਨੇਟਿਕ (ਜਿਨਸੀ) ਕਾਰਨਾਂ ਕਰਕੇ ਹੁੰਦਾ ਹੈ। ਜਿਸ ਪਰਿਵਾਰ ਵਿਚ ਇਹਨੂੰ ਕਰਨ ਵਾਲੇ ਜੀਨ ਹੋਣ ਤਾਂ ਇਸ ਤੋਂ ਪ੍ਰਭਾਵਿਤ ਹੋਏ ਵਿਅਕਤੀ ਵਿਚ ਇਹ ਜੀਨ ਪੀੜ੍ਹੀ-ਦਰ-ਪੀੜ੍ਹੀ ਚੱਲਦੇ ਹਨ।
ਇਹ ਜ਼ਰੂਰੀ ਨਹੀਂ ਹੈ ਕਿ ਜਿਸ ਵਿਚ ਇਹ ਕੈਂਸਰ ਕਰਨ ਵਾਲੇ ਜੀਨ ਹੋਣ ਤਾਂ ਉਨ੍ਹਾਂ ਨੂੰ ਜ਼ਰੂਰ ਕੈਂਸਰ ਹੋਵੇਗਾ। ਇਨ੍ਹਾਂ ਜੀਨਾਂ ਕਰਕੇ ਕੈਂਸਰ ਹੋਣ ਦੀ ਸੰਭਾਵਨਾ ਵਧਦੀ ਹੈ ਪਰ ਇਸ ਰੋਗ ਨੂੰ ਪ੍ਰਗਟ ਹੋਣ ਲਈ ਕਈ ਹੋਰ ਕਾਰਨਾਂ ਦਾ ਯੋਗਦਾਨ ਮਿਲਣਾ ਵੀ ਜ਼ਰੂਰੀ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਕਾਰਨ ਉੱਪਰ ਦਰਸਾਏ ਗਏ ਹਨ।
ਕੈਂਸਰ (ਕਰਨ) ਵਾਲੇ ਜੀਨਾਂ ਦੀ ਮਹੱਤਤਾ
ਜਿਨ੍ਹਾਂ ਜੀਨਾਂ ਕਰਕੇ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧਦੀ ਹੈ, ਇਹ ਸਾਰੇ ਜੀਨ ਅਸਲ ਵਿਚ ਸਰੀਰ ਨੂੰ ਤੰਦਰੁਸਤ ਤੇ ਬਿਮਾਰੀ-ਰਹਿਤ ਰੱਖਣ ਲਈ ਜ਼ਰੂਰੀ ਹੁੰਦੇ ਹਨ, ਖ਼ਾਸ ਕਰਕੇ ਕੈਂਸਰ ਤੋਂ ਬਚਾਉਣ ਲਈ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਮਕਸਦ ਇਹ ਹੁੰਦਾ ਹੈ ਕਿ ਸਰੀਰ ਅੰਦਰਲਾ ਕੋਈ ਸੈੱਲ ਜੇ ਬੇਲੋੜਾ ਵਧਣਾ ਸ਼ੁਰੂ ਹੋ ਜਾਵੇ ਜਾਂ ਉਸ ਸੈੱਲ ਅੰਦਰ ਕੋਈ ਅਜਿਹਾ ਪਰਿਵਰਤਨ ਆ ਜਾਵੇ ਕਿ ਉਹ ਕੈਂਸਰ ਵਾਲੇ ਸੈੱਲ ਵਿਚ ਤਬਦੀਲ ਹੋ ਜਾਵੇ ਤਾਂ ਅਜਿਹੇ ਸੈੱਲਾਂ ਨੂੰ ਸ਼ੁਰੂ ਵਿਚ ਹੀ ਠੀਕ ਕਰ ਦਿੱਤਾ ਜਾਵੇ ਤੇ ਜੇ ਠੀਕ ਨਾ ਹੋਣ ਵਾਲਾ ਹੋਵੇ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇ। ਇਹ ਸਾਰੇ ਜੀਨ ਸੈੱਲਾਂ ਅੰਦਰਲੀਆਂ ਵੱਖਰੀਆਂ-ਵੱਖਰੀਆਂ ਕਿਰਿਆਵਾਂ ਨੂੰ ਨਿਯੰਤਰਨ ਕਰਦੇ ਹਨ। ਜਦੋਂ ਇਨ੍ਹਾਂ ਵਿੱਚੋਂ ਕਿਸੇ ਇਕ ਜੀਨ ਵਿਚ ਮਾੜਾ ਪਰਿਵਰਤਨ ਹੋ ਜਾਵੇ, ਭਾਵੇਂ ਇਹ ਜਮਾਂਦਰੂ ਕਾਰਨਾਂ ਕਰਕੇ ਹੋਵੇ, ਭਾਵੇਂ ਪੁਸ਼ਤੀ ਕਾਰਨਾਂ ਕਰਕੇ ਜਾਂ ਹੁਣ ਕਿਸੇ ਕਾਰਨ ਕਰਕੇ ਹੋਇਆ ਹੋਵੇ ਤਾਂ ਉਹ ਜੀਨ ਆਪਣਾ ਨਿਰਧਾਰਤ ਕੰਮ ਨਹੀਂ ਕਰਦਾ। ਇਸ ਦੀ ਬਦੌਲਤ ਵਿਗੜੇ ਸਧਾਰਨ ਸੈੱਲ ਨੂੰ ਕੈਂਸਰ ਸੈੱਲ ਵਿਚ ਬਦਲਣ ਤੋਂ ਰੁਕਵਾਟ ਨਹੀਂ ਹੁੰਦੀ।
ਛਾਤੀ ਦਾ ਕੈਂਸਰ ਕਰਨ ਵਾਲੇ ਜੀਨ
ਜਿਨ੍ਹਾਂ ਜੀਨਾਂ ਕਰਕੇ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਉਨ੍ਹਾਂ ਵਿੱਚੋਂ ਸਭ ਤੋਂ ਵੱਧ ਅਸਰਦਾਰ BRAC1 ਅਤੇ BRAC2 ਜੀਨ ਹਨ। ਹੋਰ ਮੋਡੀ ਕੈਂਸਰ ਵਾਲੇ ਜੀਨਾਂ ਦੇ ਨਾਂ ਹਨ : PALB2, TP53, ATM ਤੇ CHEK2 ਜੀਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੀਨ ਹਨ, ਜੋ ਛਾਤੀ ਦੇ ਕੈਂਸਰ ਨੂੰ ਕਰਨ ਵਿਚ ਸਹਾਈ ਹੁੰਦੇ ਹਨ। ਇਨ੍ਹਾਂ ਦੇ ਨਾਂ ਹਨ : CDH1, NF1, PTEN, BARD1, RAD51C, RAD51D, STK11, BRIP1, CASP8, CTLA4, CYP19A1, FGFR2, H19, LSP1, MAP3K1, MRE11A, NBN, ERBB2 (HER2) ਅਤੇ TERT1 । ਇਨ੍ਹਾਂ ਸਾਰੇ ਜੀਨਾਂ ਦੀਆਂ ਅੱਗੇ ਕਈ-ਕਈ ਕਿਸਮਾਂ ਹਨ।
ਇਨ੍ਹਾਂ ਸਾਰੇ ਜੀਨਾਂ ਦੇ ਆਪਣੇ-ਆਪਣੇ ਫ਼ਰਜ਼ ਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਇਹ ਸਾਰੇ ਆਪਸੀ ਸਹਿਯੋਗ ਨਾਲ ਸੈੱਲ ਨੂੰ ਤੰਦਰੁਸਤ ਤੇ ਕਿਰਿਆਸ਼ੀਲ ਰੱਖਣ ਵਿਚ ਸਹਾਈ ਹੁੰਦੇ ਹਨ। ਕੋਈ ਸੈੱਲ ਦੇ ਵਧਣ-ਫੁੱਲਣ ਵਿਚ ਯੋਗਦਾਨ ਪਾਉਂਦੇ ਹਨ, ਕੋਈ ਇਸ ਦੇ ਵਿਭਾਜਿਤ ਹੋਣ ਵਿਚ, ਕੋਈ ਆਪਸੀ ਮੇਲ-ਮਿਲਾਪ ਕਾਇਮ ਰੱਖਣ ਵਿਚ, ਕਈ ਸੈੱਲ ਅੰਦਰ ਅਲੱਗ-ਅਲੱਗ ਪੱਧਰ ਉੱਪਰ ਜੋ ਅਨੇਕਾਂ ਤਰ੍ਹਾਂ ਦੀਆਂ ਵੱਖ-ਵੱਖ ਕਿਰਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਨਿਯੰਤਰਨ ਕਰਦੇ ਹਨ, ਕੋਈ ਇਨ੍ਹਾਂ ਕਿਰਿਆਵਾਂ ਦਾ ਸੰਤੁਲਨ ਕਾਇਮ ਰੱਖਦੇ ਹਨ, ਕੋਈ ਇਨ੍ਹਾਂ ਦੇ ਕੰਮ ਦੀ ਰਫ਼ਤਾਰ ਨੂੰ ਨੇਮਤ ਰੱਖਦੇ ਹਨ, ਕੋਈ ਸੈੱਲ ਅੰਦਰਲੀਆਂ ਆਈਆਂ ਖ਼ਰਾਬੀਆਂ ਭਾਵੇਂ ਉਹ ਕਿਸੇ ਕਿਰਿਆ ਵਿਚ ਹੋਈ ਹੈ ਜਾਂ ਡੀਐੱਨਏ ਅੰਦਰ, ਉਸ ਨੂੰ ਸੋਧਦੇ ਹਨ ਤੇ ਮੁੜ ਤਰਤੀਬ ਨੂੰ ਬਿਹਾਲ ਕਰਦੇ ਹਨ ਤੇ ਜੇ ਸੈੱਲ ਮੁਰੰਮਤਯੋਗ ਨਹੀਂ ਹੈ ਤਾਂ ਉਸ ਨੂੰ ਸ਼ਹੀਦ ਕਰਦੇ ਹਨ, ਤਾਂ ਜੋ ਉਸ ਦਾ ਵਿਗਾੜ ਦੂਸਰੇ ਸੈੱਲਾਂ ਵਿਚ ਨਾ ਫੈਲੇ। ਇਨ੍ਹਾਂ ਸਾਰੇ ਕਾਰਨਾਂ ਕਰਕੇ ਇਨ੍ਹਾਂ ਜੀਨਾਂ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਜਦੋਂ ਇਨ੍ਹਾਂ ਦੇ ਆਪਣੇ ਅੰਦਰ ਹੀ ਕਿਸੇ ਵਿਚ ਪੱਕਾ ਨੁਕਸ ਹੋ ਜਾਵੇ ਤਾਂ ਇਨ੍ਹਾਂ ਦਾ ਬਦਲਿਆ ਰੂਪ ਕੈਂਸਰ ਕਰਨ ਵਿਚ ਸਹਾਈ ਹੁੰਦਾ ਹੈ।
ਵਿਗੜੇ ਜੀਨਾਂ ਕਾਰਨ ਉਮਰ ਭਰ ਵਿਚ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ
ਵਿਗੜੇ ਜੀਨ ਦਾ ਨਾਂ - ਕੈਂਸਰ ਹੋਣ ਦੀ ਸੰਭਾਵਨਾ
BRCA1 - 50 - 65%
BRCA2 - 40 - 55%
PALB2 - 35%
TP53 - 54%
ATM - 33 - 38%
CHEK 2 - 28 - 37%
BRCA ਜੀਨਾਂ ਦੀ ਮਹੱਤਤਾ
ਛਾਤੀ ਦੇ ਕੈਂਸਰ ਨੂੰ ਅੰਗਰੇਜ਼ੀ ਵਿਚ ਬਰੈਸਟ ਕੈਂਸਰ (BReast CAncer) ਆਖਦੇ ਹਨ। ਇਸ ਦੇ ਅੰਗਰੇਜ਼ੀ ਵਾਲੇ ਚਾਰ ਅੱਖਰ ਚੁਣ ਕੇ Breast Cancer, ਇਸ ਦੇ ਕੈਂਸਰ ਨੂੰ ਕਰਨ ਵਾਲੇ ਜੀਨਾਂ ਦਾ ਨਾਂ BRCA ਬਣਿਆ ਹੈ। ਛਾਤੀ ਦੇ ਕੈਂਸਰ ਲਈ ਇਹ ਸਭ ਤੋਂ ਅਹਿਮ ਜੀਨ ਹਨ।
BRCA ਜੀਨ ਦੀਆਂ ਮੋਟੇ ਤੌਰ ’ਤੇ ਦੋ ਕਿਸਮਾਂ ਹਨ BRCA 1 ਅਤੇ BRCA2। ਇਨ੍ਹਾਂ ਦੋਵੇਂ ਜੀਨਾਂ ਦਾ ਅਸਲ ਕੰਮ ਇਹ ਹੈ ਕਿ ਜੇ ਸੈੱਲ ਅੰਦਰਲੇ ਡੀਐੱਨਏ ਵਿਚ ਕੋਈ ਖ਼ਰਾਬੀ ਜਾਂ ਵਿਗਾੜ ਹੋ ਜਾਂਦਾ ਹੈ ਤਾਂ ਇਹ ਉਸ ਦੀ ਤੁਰੰਤ ਮੁਰੰਮਤ ਕਰ ਕੇ ਦਰੁਸਤ ਕਰ ਦਿੰਦੇ ਹਨ। ਇਸ ਤੋਂ ਇਲਾਵਾ ਇਹ ਸੈੱਲ ਦੇ ਵਾਧੇ (ਵਧਣ-ਫੁੱਲਣ) ਨੂੰ ਕ੍ਰਮਬੱਧ ਕਰਦੇ ਹੋਏ ਸੂਤ ਰੱਖਦੇ ਹਨ ਪਰ ਜਦੋਂ ਇਨ੍ਹਾਂ ਦੇ ਆਪਣੇ ਅੰਦਰ ਹੀ ਕੋਈ ਪੱਕਾ ਵਿਗਾੜ ਪੈ ਜਾਵੇ, ਜੋ ਜਮਾਂਦਰੂ, ਜੈਨੇਟਿਕ ਜਾਂ ਵਾਤਾਵਰਨ ਦੇ ਕਾਰਨਾਂ ਕਰਕੇ ਹੋ ਸਕਦਾ ਹੈ ਤਾਂ ਸੈੱਲ ਅੰਦਰ ਵਿਗੜਿਆ ਡੀਐੱਨਏ ਠੀਕ ਨਹੀਂ ਹੁੰਦਾ ਤੇ ਨਾ ਹੀ ਸੈੱਲ ਦਾ ਵਾਧਾ ਨੇਮਤ ਜਾਂ ਕ੍ਰਮਬੱਧ ਹੁੰਦਾ ਹੈ। ਅਜਿਹਾ ਸੈੱਲ ਕੈਂਸਰ ਵਾਲਾ ਬਣ ਸਕਦਾ ਹੈ। ਜਦੋਂ ਕਿਸੇ ਕੈਂਸਰ ਵਾਲੇ ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਉਸ ਦਾ ਕੈਂਸਰ BRCA ਜੀਨ ਕਰਕੇ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਦੇ ਸੈੱਲਾਂ ਵਿਚ ਖ਼ਰਾਬ ਜਾਂ ਵਿਗੜਿਆ ਹੋਇਆ BRCA ਜੀਨ ਹੈ, ਕਿਉਂਕਿ ਇਨ੍ਹਾਂ ਜੀਨਾਂ ਦੀਆਂ ਠੀਕ ਕਿਸਮਾਂ ਤਾਂ ਹਰੇਕ ਵਿਚ ਹੁੰਦੀਆਂ ਹਨ ਤੇ ਜ਼ਰੂਰੀ ਵੀ ਹਨ ਕਿਉਂਕਿ BRCA 1 ਅਤੇ BRCA2 ਜੀਨ ਛਾਤੀ ਦੇ ਕੈਂਸਰ ਵਾਲੇ ਹੋਰ ਜੀਨਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਹਨ, ਇਸ ਲਈ ਜਦੋਂ ਕਿਸੇ ਛਾਤੀ ਦੇ ਕੈਂਸਰ ਦੇ ਮਰੀਜ਼ ਦੀ ਜਿਨਸੀ/ਜੈਨੇਟਿਕ ਜਾਣਕਾਰੀ ਵੇਖਣੀ ਹੋਵੇ ਤਾਂ ਪਹਿਲਾਂ ਇਹ ਦੋ ਜੀਨਾਂ ਦੀ ਹੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਵਿਚ ਕੋਈ ਤਬਦੀਲੀ ਆਈ ਹੈ ਕਿ ਨਹੀਂ। ਜੇ ਇਨ੍ਹਾਂ ਦੋਵਾਂ ਜੀਨਾਂ ਕੋਈ ਬਦਲਾਓ ਆਇਆ ਹੋਵੇ ਤਾਂ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਇਸੇ ਕਰਕੇ ਜੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛਾਤੀ ਦਾ ਕੈਂਸਰ ਹੋਵੇ ਤੇ ਉਹਦੇ ਵਿਚ ਇਨ੍ਹਾਂ ਦੋਵੇਂ ਜੀਨਾਂ ਵਿੱਚੋਂ ਕੋਈ ਵਿਗੜਿਆ/ਬਦਲਿਆ ਹੋਵੇ ਤਾਂ ਨੇੜਲੇ ਸਬੰਧੀਆਂ ਨੂੰ ਆਪਣੀ ਜਿਨਸੀ/ਜੈਨੇਟਿਕ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਇਸ ਰੋਗ ਤੋਂ ਵਕਤ ਰਹਿੰਦਿਆਂ ਹੀ ਬਚਿਆ ਜਾ ਸਕੇ।
ਜਿਸ ਔਰਤ ਅੰਦਰ ਵਿਗੜੇ ਹੋਏ BRCA ਦੇ ਜੀਨ ਹੋਣ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਜ਼ਰੂਰ ਛਾਤੀ ਦਾ ਕੈਂਸਰ ਹੋਵੇਗਾ ਸਗੋਂ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਦੂਸਰਿਆਂ ਤੋਂ ਵੱਧ ਹੈ। BRCA1 ਤੇ BRCA2 ਜੀਨਾਂ ਦੀ ਮੌਜੂਦਗੀ ਵਿਚ ਛੋਟੀ ਉਮਰ ’ਚ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਹੋਰ ਅੰਗਾਂ (ਅੰਡੇਦਾਨੀ, ਗਦੂਦ) ਵਿਚ ਕੈਂਸਰ ਹੋਣ ਦਾ ਖ਼ਤਰਾਂ ਵੀ ਵੱਧ ਜਾਂਦਾ ਹੈ।
ਇਲਾਜ
ਇਸ ਰੋਗ ਬਾਰੇ ਜਿੰਨੀ ਜਲਦੀ ਤੋਂ ਜਲਦੀ ਪਤਾ ਲੱਗੇ ਤੇ ਇਲਾਜ ਸ਼ੁਰੂ ਕਰਵਾ ਦਿੱਤਾ ਜਾਵੇ ਤਾਂ ਇਲਾਜ ਓਨਾ ਹੀ ਲਾਭਵੰਦ ਹੁੰਦਾ ਹੈ ਤੇ ਨਤੀਜੇ ਵੀ ਬਿਹਤਰ ਨਿਕਲਦੇ ਹਨ। ਆਮ ਤੌਰ ’ਤੇ ਇਸ ਦੇ ਇਲਾਜ ਲਈ ਤਿੰਨ-ਚਾਰ ਤਰੀਕੇ ਹੀ ਅਪਣਾਏ ਜਾਂਦੇ ਹਨ। ਓਪਰੇਸ਼ਨ, ਰੇਡੀਓਥੈਰੇਪੀ (ਕਿਰਣਾਂ ਨਾਲ ਇਲਾਜ), ਕੀਮੋਥੈਰੇਪੀ (ਰਸਾਇਣਕ ਦਵਾਈਆਂ ਰਾਹੀਂ ਇਲਾਜ) ਤੇ ਹਾਰਮੋਨਾਂ ਦੇ ਸੇਵਨ ਰਾਹੀਂ ਇਲਾਜ। ਬਹੁਤੀ ਵਾਰ ਇਨ੍ਹਾਂ ਵਿੱਚੋਂ ਇਕ ਤੋਂ ਵੱਧ ਉਪਾਅ ਵਰਤੇ ਜਾਂਦੇ ਹਨ ਤੇ ਕਈਆਂ ’ਚ ਇਹ ਚਾਰੋ ਓਪਾਅ ਹੀ। ਇਨ੍ਹਾਂ ਦੇ ਵਰਤਮਾਨ ਦੀ ਵਿਧੀ ਤੇ ਤਰਤੀਬ ਬਾਰੇ ਫ਼ੈਸਲਾ, ਕੈਂਸਰ ਦੀ ਕਿਸਮ, ਕੈਂਸਰ ਦਾ ਫੈਲਾਓ, ਕੈਂਸਰ ਦੀ ਅਵਸਥਾ, ਮਰੀਜ਼ ਦੀ ਉਮਰ, ਸਿਹਤ ਆਦਿ ਕਈ ਪੱਖਾਂ ਉੱਪਰ ਨਿਰਭਰ ਕਰਦਾ ਹੈ। ਇਨ੍ਹਾਂ ਸਾਰੀਆਂ ਵਿਧੀਆਂ ਵਿਚ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੈਂਸਰ ਵਾਲੇ ਸੈੱਲ ਵੱਧ ਤੋਂ ਵੱਧ ਸ਼ਹੀਦ ਕੀਤੇ ਜਾਣ ਤੇ ਤੰਦਰੁਸਤ ਸੈੱਲ ਘੱਟ ਤੋਂ ਘੱਟ ਪ੍ਰਭਾਵਿਤ ਹੋਣ। ਜੇ ਮਰੀਜ਼ ਦੇ ਕੈਂਸਰ ਦੀ ਜੈਨੇਟਿਕ ਬਣਤਰ ਬਾਰੇ ਪੂਰਾ ਪਤਾ ਹੋਵੇ ਤਾਂ ਕੁਝ ਤਰ੍ਹਾਂ ਦੇ ਕੈਂਸਰਾਂ ਵਿਚ ਇਮਿਊਨੋ ਥੈਰੇਪੀ ਵੀ ਦਿੱਤੀ ਜਾਂਦੀ ਹੈ।
ਛਾਤੀ ਦੇ ਕੈਂਸਰ ਵਿਰੁੱਧ ਇਮਿਊਨੋ ਥੈਰੇਪੀ
ਸਾਡੀ ਅੰਦਰੂਨੀ ਸੁਰੱਖਿਆ ਪ੍ਰਣਾਲੀਆਂ ਦਾ ਵੱਡਾ ਮਕਸਦ ਇਹ ਹੈ ਕਿ ਇਨ੍ਹਾਂ ਨੇ ਸੈੱਲ ਦੇ ਅੰਦਰ ਵਿਗਾੜ ਹੋਣ ਤੋਂ ਰੋਕਣਾ ਤੇ ਠੀਕ ਕਰਨਾ ਹੈ ਤੇ ਵਿਗੜ ਗਏ ਸੈੱਲ ਨੂੰ ਹੋਰ ਵਧਣ-ਫੁੱਲਣ ਤੋਂ ਰੋਕਣਾ ਜਾਂ ਖ਼ਤਮ ਕਰਨਾ। ਜੇ ਕਿਸੇ ਸੈੱਲ ਅੰਦਰਲੀ ਕਿਸੇ ਸੁਰੱਖਿਆ ਪ੍ਰਣਾਲੀ ਦਾ ਕੋਈ ਖੰਡ/ਭਾਗ ਠੀਕ ਕੰਮ ਨਾ ਕਰੇ ਤਾਂ ਉਹ ਸੈੱਲ ਕੈਂਸਰ ਵਾਲਾ ਸੈੱਲ ਬਣ ਸਕਦਾ ਹੈ। ਸੋ ਜੇ ਸਾਡੇ ਸਰੀਰ ਦੀਆਂ ਸਾਰੀਆਂ ਅੰਦਰੂਨੀ ਸੁਰੱਖਿਆ ਪ੍ਰਣਾਲੀਆਂ ਹਰ ਪੱਖੋਂ ਠੀਕਠਾਕ ਕੰਮ ਕਰ ਰਹੀਆਂ ਹੋਣ ਤਾਂ ਅਸੀਂ ਕੈਂਸਰ ਤੋਂ ਬਚੇ ਰਹਿੰਦੇ ਹਾਂ।
ਇਮਿਊਨੋ ਥੈਰੇਪੀ (ਇਮਿਊਨ ਸਿਸਟਮ ਨੂੰ ਵਰਤਦਿਆਂ ਇਲਾਜ) ਵਾਲੀ ਵਿਧੀ ਅੰਦਰ ਸਰੀਰ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਹੀ ਵਰਤਦਿਆਂ ਕੈਂਸਰ ਵਾਲੇ ਸੈੱਲਾਂ ਨੂੰ ਮਾਰਿਆ ਜਾਂਦਾ ਹੈ। ਇਸ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸੁਰੱਖਿਆ ਪ੍ਰਣਾਲੀ ਦੇ ਕਿਸ ਭਾਗ ਵਿਚ ਵਿਘਨ ਹੈ। ਇਸ ਥੈਰੇਪੀ ਵਿਚ ਵੀ ਕਈ ਵਿਧੀਆ ਅਪਣਾਈਆਂ ਜਾਂਦੀਆਂ ਹਨ, ਜੋ ਕੈਂਸਰ ਵਾਲੇ ਸੈੱਲ ਦੀ ਜੈਨੇਟਿਕ ਬਣਤਰ ਨੂੰ ਧਿਆਨ ਵਿਚ ਰੱਖਦਿਆਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਹਾਲੇ ਤਕ ਸਿਰਫ਼ ਕੁਝ ਤਰ੍ਹਾਂ ਦੇ ਛਾਤੀ ਦੇ ਕੈਂਸਰਾਂ, ਜਿਵੇਂ ਕਿ HER2 ਤੇ PD-1/PD-L1 ਵਿਚ ਹੀ ਕੁਝ ਸਫਲਤਾ ਮਿਲੀ ਹੈ। ਇਸ ਵਿਧੀ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਸਿਰਫ਼ ਕੈਂਸਰ ਵਾਲੇ ਸੈੱਲਾਂ ਉਪਰ ਹੀ ਹਮਲਾ ਕਰਦੀ ਹੈ ਤੇ ਤੰਦਰੁਸਤ ਸੈੱਲ ਬਚੇ ਰਹਿੰਦੇ ਹਨ।
ਕੈਂਸਰ ਖ਼ਿਲਾਫ਼ ਵੈਕਸੀਨ
ਰੂਸ ਦੀ ਡਾਕਟਰੀ ਤੇ ਜੀਵ ਵਿਗਿਆਨ ਦੀ ਕੇਂਦਰੀ ਏਜੰਸੀ (Federal Medical Biological Agency; FMBA) ਦੀ ਪ੍ਰਧਾਨ ਡਾ. ਵੈਰੋਨੀਕਾ ਸਕੋਵੋਰੱਤਸੋਵਾ ਨੇ 6 ਸਤੰਬਰ 2025 ਨੂੰ ਐਲਾਨ ਕੀਤਾ ਸੀ ਕਿ ਰੂਸ ਨੇ ਇਕ ਕਿਸਮ ਦੇ ਕੈਂਸਰ ਨੂੰ ਰੋਕਣ ਲਈ ਇਕ ਵੈਕਸੀਨ ਤਿਆਰ ਕਰ ਲਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ 100 ਫ਼ੀਸਦੀ ਰੋਗੀਆਂ ਅੰਦਰ ਕੈਂਸਰ ਵਾਲੀਆਂ ਗਿਲਟੀਆਂ ਦਾ ਆਕਾਰ ਘੱਟ ਗਿਆ ਤੇ 60-80 ਫ਼ੀਸਦੀ ਰੋਗੀਆਂ ਵਿਚ ਕੈਂਸਰ ਦੇ ਵਧਣ ਦੀ ਰਫ਼ਤਾਰ ਘੱਟ ਗਈ। ਇਹ ਬਹੁਤ ਹੀ ਹੈਰਾਨੀਜਨਕ ਤੇ ਸਾਰੀ ਦੁਨੀਆ ਅੰਦਰ ਸਨਸਨੀ ਪੈਦਾ ਕਰਨ ਵਾਲੇ ਨਤੀਜੇ ਸਨ ਪਰ ਇਹ ਵੈਕਸੀਨ ਵਾਲੇ ਨਤੀਜੇ ਉਸ ਆਧਾਰ ’ਤੇ ਸਨ, ਜੋ ਖੋਜ ਜਾਨਵਰਾਂ ਉਪਰ ਕੀਤੀ ਗਈ ਸੀ। ਇਸ ਦੀ ਇਨਸਾਨਾਂ ਉਪਰ ਪੂਰੀ ਤਰ੍ਹਾਂ ਅਜ਼ਮਾਇਸ਼ ਹੋਣੀ ਬਾਕੀ ਹੈ। ਜਦੋਂ ਵੀ ਕੋਈ ਦੁਆਈ ਇਨਸਾਨਾਂ ਉੱਪਰ ਵਰਤਣ ਲਈ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਉਹ ਜਾਨਵਰਾਂ ਉੱਪਰ ਟੈਸਟ ਕਰਨ ਤੋਂ ਬਾਅਦ ਤਿੰਨ ਪੜਾਵਾਂ ਵਿਚ ਇਨਸਾਨਾਂ ਉੱਪਰ ਅਜ਼ਮਾਈ ਜਾਂਦੀ ਹੈ। ਇਹ ਵੈਕਸੀਨ ਵਾਲੀ ਦਵਾਈ ਰੂਸੀ ਏਜੰਸੀ ਮੁਤਾਬਿਕ ਜਦੋਂ ਪਹਿਲੇ ਪੜਾਅ ਅੰਦਰ 48 ਮਰੀਜ਼ਾਂ ਉਪਰ ਅਜ਼ਮਾਈ ਗਈ ਤਾਂ ਨਤੀਜੇ ਆਸ਼ਾਜਨਕ ਸਨ। ਇਨ੍ਹਾਂ ਨਤੀਜਿਆਂ ਬਾਰੇ ਹਾਲੇ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਦੇ ਦੂਸਰੇ ਤੇ ਤੀਸਰੇ ਪੜਾਓ ਵਿਚ ਹੋਣ ਵਾਲੀਆਂ ਅਜ਼ਮਾਇਸ਼ਾਂ ਬਾਰੇ ਕੁਝ ਦੱਸਿਆ ਗਿਆ ਹੈ। ਇਸ ਕਰਕੇ ਬਹੁਤੇ ਸਾਇੰਸਦਾਨ ਹੋਰ ਨਤੀਜੇ ਨਸ਼ਰ ਹੋਣ ਦੀ ਉਡੀਕ ਵਿਚ ਹਨ। ਕੁਝ ਵੀ ਹੋਵੇ ਇਹ ਕੈਂਸਰ ਦੀ ਰੋਕਥਾਮ ਦੀ ਰੇਸ ਵਿਚ ਨਵਾਂ ਪੜਾਓ ਹੈ।
ਇਹ ਵੈਕਸੀਨ ਤਿਆਰ ਕਰਨ ਲਈ ਜਿਹੜੀ ਪ੍ਰਣਾਲੀ ਅਪਣਾਈ ਗਈ ਹੈ, ਉਹ ਉਹੀ ਹੈ ਜੋ ਕੋਵਿਡ-19 ਵਾਸਤੇ ਵੈਕਸੀਨ ਬਣਾਉਣ ਲਈ ਵਰਤੀ ਗਈ ਸੀ। ਇਸ ਵਿਚ ਸੈੱਲ ਅੰਦਰਲੇ ਡੀਐੱਨਏ ਤੋਂ ਸੁਨੇਹਾ ਲੈ ਕੇ ਆਣ ਵਾਲੇ ਆਰਐੱਨਏ (Messanger RNA, mRNA) ਨੂੰ ਹੀ ਵਰਤਿਆ ਗਿਆ ਹੈ। ਇਹ ਵੈਕਸੀਨ ਕੈਂਸਰ ਨੂੰ ਹੋਣ ਤੋਂ ਨਹੀਂ ਰੋਕਦੀ ਸਿਰਫ਼ ਕੈਂਸਰ ਹੋਣ ਤੋਂ ਬਾਅਦ ਇਲਾਜ ਲਈ ਹੈ। ਇਸ ਵੈਕਸੀਨ ਦੀ ਅਜ਼ਮਾਇਸ਼ ਹਾਲੇ ਸਿਰਫ਼ ਵੱਡੀ ਆਂਤੜੀ ਨਾਲ ਸਬੰਧਿਤ ਕੋਲੋ ਰੈਕਟੱਲ (Colorectal) ਕੈਂਸਰ ਉਪਰ ਹੀ ਕੀਤੀ ਗਈ ਹੈ। ਅਗਲੇ ਪੜਾਓ ਵਿਚ ਇਹ ਇਕ ਕਿਸਮ ਦੇ ਦਿਮਾਗ਼ ਦੇ ਕੈਂਸਰ ਗਲਾਇਓ ਬਲਾਸਟੋਮਾ (Glioblastoma) ਅਤੇ ਖ਼ਾਸ ਕਿਸਮਾਂ ਦੇ ਮੈਲੋਨੋਮਾ (Melonoma) ਨਾਮੀ ਕੈਂਸਰਾਂ ਉਪਰ ਪਰਖੀ ਜਾਵੇਗੀ। ਛਾਤੀ ਦੇ ਕੈਂਸਰ ਲਈ ਵੈਕਸੀਨਾਂ ਉਪਰ ਖੋਜਾਂ ਚੱਲ ਰਹੀਆਂ ਹਨ ਪਰ ਹਾਲੇ ਕੋਈ ਸਫਲਤਾ ਨਹੀਂ ਮਿਲੀ ਹੈ।
ਡਾ. ਜੈ ਰੂਪ ਸਿੰਘ
98769-55155