ਵੈਸੇ ਤਾਂ ਹਰ ਕੋਈ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਜ਼ਿੰਦਗੀ ਦੀ ਭੱਜ-ਦੌੜ ’ਚ ਨਾ ਚਾਹੁੰਦਿਆਂ ਵੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਣਾਅ ਪਰਿਵਾਰਕ ਤੇ ਸਮਾਜਿਕ ਸਰੋਕਾਰਾਂ ਦੀ ਵਜ੍ਹਾ ਨਾਲ ਹੀ ਨਹੀਂ ਸਗੋਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੀ ਹੋ ਸਕਦਾ ਹੈ। ਇਸ ਨਾਲ ਨਕਾਰਾਤਮਿਕ ਵਿਚਾਰ ਪੈਦਾ ਹੁੰਦੇ ਹਨ ਤੇ ਅਸੀਂ ਖ਼ੁਸ਼ ਰਹਿਣਾ ਭੁੱਲਣ ਲਗਦੇ ਹਾਂ।

ਵੈਸੇ ਤਾਂ ਹਰ ਕੋਈ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਹੈ ਪਰ ਜ਼ਿੰਦਗੀ ਦੀ ਭੱਜ-ਦੌੜ ’ਚ ਨਾ ਚਾਹੁੰਦਿਆਂ ਵੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਣਾਅ ਪਰਿਵਾਰਕ ਤੇ ਸਮਾਜਿਕ ਸਰੋਕਾਰਾਂ ਦੀ ਵਜ੍ਹਾ ਨਾਲ ਹੀ ਨਹੀਂ ਸਗੋਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੀ ਹੋ ਸਕਦਾ ਹੈ। ਇਸ ਨਾਲ ਨਕਾਰਾਤਮਿਕ ਵਿਚਾਰ ਪੈਦਾ ਹੁੰਦੇ ਹਨ ਤੇ ਅਸੀਂ ਖ਼ੁਸ਼ ਰਹਿਣਾ ਭੁੱਲਣ ਲਗਦੇ ਹਾਂ। ਨਤੀਜੇ ਵਜੋਂ ਡਿਪਰੈਸ਼ਨ, ਚਿੰਤਾ ਜਿਹੀਆਂ ਮਾਨਸਿਕ ਬਿਮਾਰੀਆਂ ਦੀ ਸ਼ੰਕਾ ਵੱਧ ਜਾਂਦੀ ਹੈ।
ਦਰਅਸਲ ਤਣਾਅ-ਮੁਕਤ ਜਾਂ ਖ਼ੁਸ਼ ਰਹਿਣਾ ਇੰਨਾ ਵੀ ਔਖਾ ਨਹੀਂ ਹੈ। ਮਾਹਿਰਾਂ ਅਨੁਸਾਰ ਮੂਡ ਨੂੰ ਤਾਜ਼ਾ ਕਰਨ ਲਈ ਹੈਪੀ ਹਾਰਮੋਨ, ਆਕਸੀਟੋਸਿਨ ਅਤੇ ਐਸਟ੍ਰੋਜਨ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਕਾਰਾਤਮਿਕ ਸੋਚ ਤੇ ਰਵੱਈਆ ਅਪਣਾਉਣ ਕਾਰਨ ਦਿਮਾਗ਼ ’ਚੋਂ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਸਰੀਰ ’ਚ ਊਰਜਾ ਦਾ ਸੰਚਾਰ ਕਰਨ ਦੇ ਨਾਲ-ਨਾਲ ਮੂਡ ਬੂਸਟਰ ਦਾ ਕੰਮ ਕਰਦੇ ਹਨ। ਮੌਜੂਦਾ ਸਮੇਂ ’ਚ ਮਾਨਸਿਕ ਸਿਹਤ ਨੂੰ ਸਹੀ ਰੱਖਣ ਲਈ ਸਾਨੂੰ ਖ਼ੁਸ਼ ਰਹਿਣ ਦੀ ਆਦਤ ਪਾਉਣੀ ਪਵੇਗੀ। ਇਸ ਲਈ ਸਾਨੂੰ ਰੋਜ਼ਮਰ੍ਹਾ ਦੇ ਕੰਮਾਂ ਦੇ ਨਾਲ-ਨਾਲ ਖ਼ੁਸ਼ ਰਹਿਣ ਦੇ ਛੋਟੇ-ਛੋਟੇ ਬਹਾਨੇ ਵੀ ਲੱਭਣੇ ਹੋਣਗੇ।
ਯੋਜਨਾ ਬਣਾ ਕੇ ਕਰੋ ਕੰਮ
ਦਿਨ ’ਚ ਕਰਨ ਵਾਲੇ ਕੰਮਾਂ ਦੀ ਸੂਚੀ ਬਣਾ ਲਵੋ। ਪਹਿਲ ਦੇ ਆਧਾਰ ’ਤੇ ਆਪਣੇ ਕੰਮਾਂ ਨੂੰ ਪੂਰਾ ਕਰੋ। ਜ਼ਿਆਦਾ ਸਮਾਂ ਲੱਗਣ ਵਾਲੇ ਕੰਮਾਂ ਨੂੰ ਹਫ਼ਤੇ ਦੇ ਆਖ਼ਰ ’ਚ ਕਰੋ। ਇਸ ਤਰ੍ਹਾਂ ਯੋਜਨਾ ਬਣਾ ਕੇ ਸਾਰੇ ਕੰਮ ਪੂਰੇ ਹੁੰਦੇ ਜਾਣਗੇ। ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਸੀਂ ਤਣਾਅ-ਮੁਕਤ ਰਹੋਗੇ।
ਕੁਦਰਤ ਨਾਲ ਜੁੜੋ
ਜਦੋਂ ਵੀ ਮਨ ਅਸ਼ਾਂਤ ਹੋਵੇ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਸੈਰ ’ਤੇ ਨਿਕਲ ਜਾਵੋ। ਕੁਦਰਤ ਨਾਲ ਕੁਝ ਸਮਾਂ ਬਿਤਾਓ। ਪਾਰਕ ਵਿਚ ਜਾਂ ਘਰ ਦੇ ਬਗ਼ੀਚੇ ਵਿਚ ਸਵੇਰੇ-ਸ਼ਾਮ 10-15 ਮਿੰਟ ਟਹਿਲੋ। ਕੁਦਰਤ ਨਾਲ ਮਿਲਣ ’ਤੇ ਤੁਸੀਂ ਖ਼ੁਦ ਨੂੰ ਤਣਾਅ-ਮੁਕਤ ਤੇ ਤਰੋਤਾਜ਼ਾ ਮਹਿਸੂਸ ਕਰੋਗੇ।
ਹਮੇਸ਼ਾ ਹਾਂ-ਪੱਖੀ ਸੋਚੋ
ਦਿਮਾਗ਼ ’ਚ ਜਿੰਨੇ ਨੀ ਨਕਾਰਾਤਮਿਕ ਵਿਚਾਰ ਹਨ, ਉਨ੍ਹਾਂ ਨੂੰ ਬਾਹਰ ਕੱਢੋ। ਇਸ ਲਈ ਹਮੇਸ਼ਾ ਸਿਰਜਣਾਤਮਿਕ ਕਰਨ ਦੀ ਆਦਤ ਵਿਕਸਿਤ ਕਰੋ। ਇਸ ਨਾਲ ਤੁਸੀਂ ਕੁਝ ਨਵਾਂ ਸੋਚੋਗੇ ਤੇ ਪੁਰਾਣੇ ਨਕਾਰਾਤਮਿਕ ਵਿਚਾਰਾਂ ਨੂੰ ਤਰਜੀਹ ਨਹੀਂ ਦੇਵੋਗੇ। ਡਾਇਰੀ ਲਿਖਣੀ ਸ਼ੁਰੂ ਕਰੋ, ਜਿਸ ਵਿਚ ਤੁਹਾਡੇ ਦਿਮਾਗ਼ ’ਚ ਜੋ ਵਿਚਾਰ ਵਾਰ-ਵਾਰ ਆ ਰਹੇ ਹਨ, ਉਨ੍ਹਾਂ ਨੂੰ ਰਾਤ ਨੂੰ ਸੌਂਦੇ ਸਮੇਂ ਲਿਖਣਾ ਸ਼ੁਰੂ ਕਰੋ। ਇਕ ਲੜੀ ਵਿਚ ਲਿਖੋ ਕਿ ਤੁਸੀਂ ਕੀ ਸੋਚ ਰਹੋ ਹੋ, ਇਸ ਸੋਚ ਦਾ ਕੀ ਤਰਕ ਹੈ ਤੇ ਹੱਲ ਕੀ ਹੈ। ਇਸ ਨਾਲ ਮੁੜ ਵਿਚਾਰ, ਸਵੈ-ਨਿਰੀਖਣ ਕਰਨ ਤੇ ਤਣਾਅਪੂਰਨ ਸਥਿਤੀ ਤੋਂ ਬਚਣ ਦਾ ਮੌਕਾ ਮਿਲੇਗਾ।
ਘੱਟ ਖਾਓ ਮਿੱਠਾ
ਤਣਾਅਪੂਰਨ ਸਥਿਤੀ ’ਚ ਘੱਟ ਮਿੱਠੇ ਵਾਲੇ ਸਨੈਕ ਖਾਓ। ਚਾਕਲੇਟ ਤਾਂ ਵੈਸੇ ਵੀ ਖ਼ੁਸ਼ੀ ਦਾ ਅਹਿਸਾਸ ਕਰਵਾਉਂਦੀ ਹੈ। ਇਹ ਸਨੈਕ ਮਨੋਭਾਵਾਂ ਨੂੰ ਸ਼ਾਂਤ ਕਰਦੇ ਹਨ ਤੇ ਗਲੂਕੋਕਾਰਟਿਕਾਇਡ ਨਾਮਕ ਤਣਾਅ ਹਾਰਮੋਨ ਨੂੰ ਰਿਲੀਜ਼ ਹੋਣ ਤੋਂ ਰੋਕਦੇ ਹਨ। ਹਾਲਾਂਕਿ ਇਸ ਦਾ ਸੇਵਨ ਸੀਮਤ ਮਾਤਰਾ ’ਚ ਹੀ ਕਰੋ, ਨਹੀਂ ਤਾਂ ਮੋਟਾਪਾ, ਕੋਲੈਸਟ੍ਰੋਲ, ਸ਼ੂਗਰ ਜਿਹੀਆਂ ਬਿਮਾਰੀਆਂ ਦਾ ਜੋਖ਼ਮ ਵੱਧ ਜਾਂਦਾ ਹੈ।
ਪਸੰਦੀਦਾ ਸੰਗੀਤ ਸੁਣੋ
ਪਸੰਦੀਦਾ ਸੰਗੀਤ ਸੁਣਨ ਨਾਲ ਤਣਾਅ ਤੋਂ ਉਭਰਨ ਵਿਚ ਕਾਫ਼ੀ ਮਦਦ ਮਿਲਦੀ ਹੈ। ਇਹ ਐਕਟੀਵਿਟੀਜ਼ ਦਿਮਾਗ਼ ’ਤੇ ਤੁਰੰਤ ਅਸਰ ਕਰਦੀਆਂ ਹਨ। ਇਸ ਨਾਲ ਸਟ੍ਰੈੱਸ ਪੱਧਰ ਘੱਟ ਹੁੰਦਾ ਹੈ।
ਮਨ ਦੀ ਕਰੋ
ਆਪਣਾ ਪੰਸਦੀਦਾ ਕੰਮ ਕਰਨ ਜਾਂ ਸ਼ੌਕ ਨੂੰ ਪਹਿਲ ਦਿਉ। ਸੰਗੀਤਕ ਧੁਨਾਂ, ਕ੍ਰਿਏਟਿਵ ਰਾਈਟਿੰਗ, ਪੜ੍ਹਨਾ, ਪੇਂਟਿੰਗ ਕਰਨਾ, ਘਰ ਦੇ ਬਗ਼ੀਚੇ ’ਚ ਕੰਮ ਕਰਨਾ, ਫੈਸ਼ਨ ਡਿਜ਼ਾਈਨਿੰਗ, ਕੁਕਿੰਗ ਆਦਿ ਕਰਨ ’ਚ ਆਪਣਾ ਮਨ ਲਗਾਓ।
ਸਾਹ ਦੀ ਕਸਰਤ ਕਰੋ
ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਰੋਜ਼ਾਨਾ 10-15 ਮਿੰਟ ਸਾਹ ਦੀ ਕਸਰਤ ਕਰੋ ਜਾਂ ਯੋਗ ਕਰੋ। ਯੋਗਾ ਵਿਚ ਡੂੰਘੇ ਸਾਹ ਲੈਂਦਿਆਂ ਸਾਹ ਦੀ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।
ਭਰਪੂਰ ਨੀਂਦ
ਦਿਨ ਵੇਲੇ 5-10 ਮਿੰਟ ਸੌਣ ਨਾਲ ਤੁਸੀਂ ਤਾਜ਼ਗੀ ਮਹਿਸੂਸ ਕਰੋਗੇ। ਥੋੜ੍ਹੀ ਪਰ ਡੂੰਘੀ ਨੀਂਦ ਵਾਲੀ ਝਪਕੀ ਤੁਹਾਨੂੰ ਚਿੰਤਾ ਤੇ ਤਣਾਅ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਜਦੋਂ ਵੀ ਮੌਕਾ ਮਿਲੇ, ਛੋਟੀ ਜਿਹੀ ਝਪਕੀ ਤੋਂ ਨਾ ਝਿਜਕੋ।
ਕਸਰਤ ਕਰੋ
ਰੋਜ਼ਾਨਾ ਕਸਰਤ ਕਰਨ ਨਾਲ ਸਰੀਰਕ ਤੇ ਮਾਨਸਿਕ ਤੌਰ ’ਤੇ ਤੁਸੀਂ ਸਿਹਤਮੰਦ ਰਹੋਗੇ। ਇਸ ਨਾਲ ਸਰੀਰ ’ਚ ਐਂਡੋਫਰਿਨ ਰਿਲੀਜ਼ ਹੁੰਦਾ ਹੈ, ਜੋ ਤਣਾਅ ਨੂੰ ਘੱਟ ਕਰਨ ’ਚ ਮਦਦਗਾਰ ਹੈ। ਤਣਾਅ-ਮੁਕਤ ਰਹਿਣ ਲਈ 20 ਤੋਂ 30 ਮਿੰਟ ਪਾਰਕ ’ਚ ਕਸਰਤ, ਜਾਗਿੰਗ ਜਾਂ ਪਸੰਦੀਦਾ ਐਕਟੀਵਿਟੀਜ਼ ਨੂੰ ਰੋਜ਼ਾਨਾ ਕੰਮਾਂ ’ਚ ਸ਼ਾਮਿਲ ਕਰੋ।
ਖੁੱਲ੍ਹ ਕੇ ਹੱਸੋ
ਹੱਸਣਾ ਬਿਹਤਰ ਕਿਰਿਆ ਹੈ। ਅੱਜ-ਕੱਲ੍ਹ ਪਾਰਕ ਵਿਚ ਜ਼ੋਰ-ਜ਼ੋਰ ਨਾਲ ਹੱਸਣ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਨਾਲ ਦਿਲ, ਫੇਫੜੇ ਤੇ ਮਾਸਪੇਸ਼ੀਆਂ ਵਿਚ ਆਕਸੀਜਨ ਦਾ ਸੰਚਾਰ ਵੱਧ ਜਾਂਦਾ ਹੈ। ਇਸ ਨਾਲ ਬ੍ਰੇਨ ਐਂਡੋਫਰਿਨ ਹਾਰਮੋਨ ਜ਼ਿਆਦਾ ਮਾਤਰਾ ਵਿਚ ਰਿਲੀਜ਼ ਹੁੰਦੇ ਹਨ, ਜੋ ਤਣਾਅ-ਮੁਕਤ ਰੱਖਣ ਵਿਚ ਸਹਾਇਕ ਹੈ।
ਹਰਬਲ ਚਾਹ ਪੀਓ
ਦਿਨ ਵਿਚ ਘੱਟੋ-ਘੱਟ ਇਕ ਵਾਰ ਇਕ ਕੱਪ ਹਰਬਲ ਚਾਹ, ਇਕ ਗਲਾਸ ਸੰਤਰੇ ਦਾ ਜੂਸ ਪੀਓ। ਇਹ ਸਰੀਰ ਨੂੰ ਹਾਈਡ੍ਰੇਟ ਤੇ ਊਰਜਾ ਪ੍ਰਦਾਨ ਕਰਦੇ ਹਨ। ਇਸ ਨਾਲ ਤਣਾਅ ਦਾ ਪੱਧਰ ਘੱਟ ਕਰਨ ’ਚ ਵੀ ਮਦਦ ਮਿਲਦੀ ਹੈ। ਵੱਧ ਤੋਂ ਵੱਧ ਪਾਣੀ ਪੀਓ, ਤਾਂ ਜੋ ਸਰੀਰ ਵਿਚ ਡੀਟਾਕਸੀਫਿਕੇਸ਼ਨ ਹੁੰਦਾ ਰਹੇ।
ਦੋਸਤਾਂ ਨਾਲ ਕਰੋ ਗੱਲਬਾਤ
ਤਣਾਅ ਘੱਟ ਕਰਨ ’ਚ ਕਰੀਬੀ ਦੋਸਤਾਂ ਦਾ ਸਾਥ ਤੇ ਗੱਲਬਾਤ ਜਾਦੂ ਵਾਂਗ ਕੰਮ ਕਰਦੀ ਹੈ। ਇਸ ਨਾਲ ਹੈਪੀ ਹਾਰਮੋਨ ਦਾ ਰਿਸਾਅ ਹੁੰਦਾ ਹੈ। ਜਦੋਂ ਵੀ ਤੁਸੀਂ ਪਰੇਸ਼ਾਨ ਹੋਵੋ ਤਾਂ ਆਪਣੇ ਕਰੀਬੀ ਨਾਲ ਕੁਝ ਪਲ ਬਿਤਾਓ।
ਸਮਾਜਿਕ ਬਣੋ
ਪਰੇਸ਼ਾਨੀਆਂ ਨੂੰ ਸ਼ੇਅਰ ਕਰੋ, ਇਸ ਨਾਲ ਤਣਾਅ ਘੱਟ ਹੋਵੇਗਾ। ਸਕਾਰਾਤਮਿਕ ਵਿਚਾਰਾਂ ਵਾਲੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰੋ। ਉਨ੍ਹਾਂ ਦੇ ਹੌਸਲੇ ਤੇ ਮਦਦ ਨਾਲ ਤੁਹਾਨੂੰ ਮਜ਼ਬੂਤੀ ਮਿਲੇਗੀ। ਆਪਣੇ ਰਿਸ਼ਤੇਦਾਰਾਂ, ਦੋਸਤਾਂ ਨਾਲ ਮੇਲ-ਮਿਲਾਪ ਵਧਾਓ। ਉਨ੍ਹਾਂ ਨਾਲ ਸਮਾਂ ਬਿਤਾਓ ਜਾਂ ਫੋਨ, ਇੰਟਰਨੈੱਟ ਜ਼ਰੀਏ ਸੋਸ਼ਲ ਕੁਨੈਕਟੀਵਿਟੀ ਬਣਾਈ ਰੱਖੋ।
- ਡਾ. ਜਗਦੀਸ਼