ਪਿਛਲੇ ਲਗਪਗ ਸਾਢੇ ਚਾਰ ਦਹਾਕਿਆਂ ਤੋਂ ਯੋਨ ਰੋਗਾਂ ਦੀ ਸੂਚੀ ਵਿਚ ‘ਐਕੁਆਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡੋਰਮ’ ਦਾ ਨਾਂ ਜੁੜ ਗਿਆ ਹੈ। ਆਮ ਭਾਸ਼ਾ ’ਚ ਇਸ ਨੂੰ ਏਡਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਜਿਹੀ ਸਥਿਤੀ ਹੈ, ਜਿਸ ਵਿਚ ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ। ਅਜਿਹੀ ਹਾਲਤ ’ਚ ਦੂਜੇ ਰੋਗ ਹਾਵੀ ਹੋ ਜਾਂਦੇ ਹਨ ਤੇ ਅੰਤ ਮਨੁੱਖ ਮੌਤ ਦੇ ਮੂੰਹ ਚਲਿਆ ਜਾਂਦਾ ਹੈ।

ਪਿਛਲੇ ਲਗਪਗ ਸਾਢੇ ਚਾਰ ਦਹਾਕਿਆਂ ਤੋਂ ਯੋਨ ਰੋਗਾਂ ਦੀ ਸੂਚੀ ਵਿਚ ‘ਐਕੁਆਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡੋਰਮ’ ਦਾ ਨਾਂ ਜੁੜ ਗਿਆ ਹੈ। ਆਮ ਭਾਸ਼ਾ ’ਚ ਇਸ ਨੂੰ ਏਡਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਜਿਹੀ ਸਥਿਤੀ ਹੈ, ਜਿਸ ਵਿਚ ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ। ਅਜਿਹੀ ਹਾਲਤ ’ਚ ਦੂਜੇ ਰੋਗ ਹਾਵੀ ਹੋ ਜਾਂਦੇ ਹਨ ਤੇ ਅੰਤ ਮਨੁੱਖ ਮੌਤ ਦੇ ਮੂੰਹ ਚਲਿਆ ਜਾਂਦਾ ਹੈ। ਸ਼ੁਰੂਆਤੀ ਪੜਾਵਾਂ ’ਚ ਐੱਚਆਈਵੀ ਲਾਗ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਜਿਉਂ-ਜਿਉਂ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਘਟਦੀ ਜਾਂਦੀ ਹੈ ਤਾਂ ਇਸ ਲਾਗ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਇਸ ਲਾਗ ਨੂੰ ਏਡਜ਼ ਤਕ ਪਹੁੰਚਣ ਲਈ 5 ਤੋਂ 7 ਸਾਲ ਦਾ ਸਮਾਂ ਲੱਗ ਸਕਦਾ ਹੈ। ਏਡਜ਼ ਦਾ ਕੋਈ ਇਲਾਜ ਤੇ ਵੈਕਸੀਨ ਨਹੀਂ ਪਰ ਪਰਤਾਵਾਂ ਵਾਇਰਸ ਵਿਰੋਧੀ ਇਲਾਜ ਇਸ ਦੀ ਚਾਲ ਨੂੰ ਕਮਜ਼ੋਰ ਕਰ ਦਿੰਦਾ ਹੈ।
ਇਤਿਹਾਸ
ਏਡਜ਼ ਦੀ ਉਤਪਤੀ ਵੀਹਵੀਂ ਸਦੀ ਦੌਰਾਨ ਮੱਧ/ਪੱਛਮੀ ਅਫ਼ਰੀਕਾ ’ਚ ਹੋਈ ਮੰਨੀ ਜਾਂਦੀ ਹੈ। ਇਸ ਬਿਮਾਰੀ ਨੂੰ 1981 ਵਿਚ ਪਛਾਣਿਆ ਗਿਆ। 1980 ਦੇ ਸ਼ੁਰੂ ’ਚ ਸਿਹਤ ਵਿਗਿਆਨੀਆਂ ਨੇ ਸਮਲਿੰਗੀ ਪੁਰਸ਼ਾਂ ਅੰਦਰ ਅਸਾਧਾਰਨ ਲਾਗਾਂ ਤੇ ਕੈਂਸਰ ਦਾ ਵਰਣਨ ਕੀਤਾ। ਇਨ੍ਹਾਂ ਵਿਅਕਤੀਆਂ ਵਿਚ ਨਿਮੋਸਿਸਟਿਸ ਕੈਰੀਨੀ ਤੇ ਕਪੋਸੀ ਵਰਗੇ ਕੈਂਸਰਾਂ ਕਾਰਨ ਅਸਾਧਾਰਨ ਨਿਮੋਨੀਆ ਵਿਕਸਤ ਹੋਇਆ। ਸਾਰਕੋਮਾ ਤੇ ਸਰੀਰਕ ਪ੍ਰਤੀਰੋਧਕ ਸ਼ਕਤੀ ਵਿਚ ਭਾਰੀ ਕਮੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਤੰਬਰ 1982 ਵਿਚ ਇਸ ਸਥਿਤੀ ਨੂੰ ਏਡਜ਼ ਦਾ ਨਾਂ ਦਿੱਤਾ ਗਿਆ। ਇਸ ਖੋਜ ਤੋਂ ਬਾਅਦ ਏਡਜ਼ ਨੇ 2009 ਤਕ ਕੋਈ ਤਿੰਨ ਕਰੋੜ ਲੋਕਾਂ ਦੀ ਜਾਨ ਲੈ ਲਈ। ਅੱਜ ਪੂਰਾ ਵਿਸ਼ਵ ਇਸ ਰੋਗ ਦੀ ਮਾਰ ਹੇਠ ਹੈ। ਭਾਰਤ ’ਚ ਏਡਜ਼ ਦਾ ਫੈਲਾਅ ਮਹਾਮਾਰੀ ਦਾ ਰੂਪ ਲੈ ਸਕਦਾ ਹੈ।
ਕੀ ਹੈ ਐੱਚਆਈਵੀ?
ਐੱਚਆਈਵੀ ਯਾਨੀ ਹਿਊਮਨ ਇਮਿਊਨੋ ਡੈਫੀਸ਼ਿਐਂਸੀ ਵਾਇਰਸ ਹੈ, ਜੋ ਸਰੀਰ ’ਚ ਦਾਖ਼ਲ ਹੋਣ ਤੋਂ ਬਾਅਦ ਵਧਦਾ ਹੈ। ਵਧਣ ਤੋਂ ਬਾਅਦ ਇਹ ਦਸ ਸਾਲ ਤਕ ਦਾ ਸਮਾਂ ਲੈ ਸਕਦਾ ਹੈ। ਅਕਸਰ ਇਹ ਮੰਨਿਆ ਜਾਂਦਾ ਹੈ ਕਿ ਐੱਚਆਈਵੀ ਰੋਗੀ ਨੂੰ ਏਡਜ਼ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਏਡਜ਼ ਹੀ ਹੋਵੇਗੀ। ਵੈਸੇ ਜ਼ਿਆਦਾਤਰ ਐੱਚਆਈਵੀ ਰੋਗੀਆਂ ਨੂੰ ਸਾਲਾਂ ਤਕ ਇਸ ਦੇ ਲੱਛਣਾਂ ਦਾ ਪਤਾ ਨਹੀਂ ਚੱਲਦਾ, ਉਹ ਆਰਾਮ ਨਾਲ ਜ਼ਿੰਦਗੀ ਜਿਉਂਦੇ ਹਨ।
ਕਿਵੇਂ ਫੈਲਦੇ ਏਡਜ਼ ਦੇ ਜੀਵਾਣੂ
- ਉਸ ਵਿਅਕਤੀ ਨਾਲ ਸਰੀਰਕ ਸਬੰਧ ਜਿਸ ਨੂੰ ਏਡਜ਼ ਹੋਵੇ।
- ਬਿਨਾਂ ਉਬਾਲਿਆਂ ਸਰਿੰਜਾਂ ਦੀ ਵਰਤੋਂ ਨਾਲ, ਜਿਨ੍ਹਾਂ ਵਿਚ ਏਡਜ਼ ਦੇ ਜੀਵਾਣੂ ਹੋਣ।
- ਉਸ ਵਿਅਕਤੀ ਦਾ ਖ਼ੂਨ ਦੇਣ ਨਾਲ, ਜਿਸ ’ਚ ਏਡਜ਼ ਦੇ ਲੱਛਣ ਦਿਖਾਈ ਦੇਣ।
- ਏਡਜ਼ ਸੰਕ੍ਰਮਿਤ ਮਾਂ ਰਾਹੀਂ ਬੱਚੇ ਨੂੰ।
ਛੂਤ ਰੋਗ ਨਹੀਂ
- ਹੱਥ ਮਿਲਾਉਣ, ਗਲੇ ਲਗਾਉਣ ਜਾਂ ਚੁੰਮਣ ਨਾਲ।
- ਸਾਂਝੇ ਬਰਤਨ ’ਚ ਖਾਣ ਨਾਲ।
- ਇੱਕੋ ਹਵਾ ’ਚ ਸਾਹ ਲੈਣ ਨਾਲ।
- ਛਿੱਕ ਮਾਰਨ ਜਾਂ ਖਾਂਸੀ ਕਰਨ ਨਾਲ।
- ਇਕੱਠੇ ਰਹਿਣ ਨਾਲ।
- ਇਕ-ਦੂਜੇ ਦੇ ਕੱਪੜੇ ਪਾਉਣ ਨਾਲ।
- ਪਬਲਿਕ ਟਾਇਲਟ ਰਾਹੀਂ।
- ਮੱਛਰ ਦੇ ਕੱਟਣ ਨਾਲ।
ਲੱਛਣ
ਏਡਜ਼ ਦੇ ਵਿਛਾਣੂ ਸਰੀਰ ਵਿਚ ਦਾਖ਼ਲ ਹੁੰਦਿਆਂ ਹੀ ਕੋਈ ਖ਼ਾਸ ਲੱਛਣ ਪੈਦਾ ਨਹੀਂ ਕਰਦੇ ਪਰ ਕੁਝ ਲੋਕਾਂ ਨੂੰ ਬੁਖ਼ਾਰ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਹੋਰ ਲੱਛਣ ਪ੍ਰਗਟ ਹੋਣ ਲੱਗਦੇ ਹਨ, ਜਿਵੇਂ ਲਗਾਤਾਰ ਸਰੀਰ ਦਾ ਵਜ਼ਨ ਘਟਨਾ, ਚਮੜੀ ’ਤੇ ਖਾਰਿਸ਼ ਅਤੇ ਸਜ਼ਿਸ਼, ਮੂੰਹ ਵਿਚ ਕੈਂਡੀਡਿਏਸਿਸ ਦਾ ਹੋਣਾ। ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ ਰਹਿਣਾ ਤੇ ਗਿਲਟੀਆਂ ਵਿਚ ਸੋਜ਼ ਆਦਿ ਇਸ ਦੇ ਖ਼ਾਸ ਲੱਛਣ ਹਨ।
ਬਚਾਅ ਲਈ ਉਪਾਅ
- ਉਨ੍ਹਾਂ ਲੋਕਾਂ ਨਾਲ ਸਰੀਰਕ ਸਬੰਧ ਨਾ ਬਣਾਉਣਾ, ਜਿਨ੍ਹਾਂ ਨੂੰ ਏਡਜ਼ ਹੋਣ ਦੀ ਸੰਭਾਵਨਾ ਹੋਵੇ ਜਾਂ ਉਹ ਲੋਕ ਜੋ ਵੇਸਵਾ ਆਦਿ ਕੋਲ ਜਾਂਦੇ ਹੋਣ ਜਾਂ ਡਰੱਗ ਦੀ ਵਰਤੋਂ ਕਰਦੇ ਹੋਣ।
- ਸਰੀਰਕ ਸਬੰਧ ਬਣਾਉਂਦੇ ਸਮੇਂ ਬਚਾਅ ਸਾਧਨਾਂ ਦੀ ਵਰਤੋਂ ਕਰਨਾ, ਜਿਵੇਂ ਕੰਡੋਮ ਆਦਿ।
- ਖ਼ੂਨ ਲੈਣ ਜਾਂ ਦੇਣ ਤੋਂ ਪਹਿਲਾਂ ਸਾਵਧਾਨੀ ਜ਼ਰੂਰੀ ਹੈ। ਜੇ ਕਦੇ ਬਾਹਰੋਂ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਬਲੱਡ ਬੈਂਕ ਤੋਂ ਹੀ ਖੂਨ ਲਵੋ, ਬਾਜ਼ਾਰੀ ਖੂਨਦਾਤਿਆਂ/ਦਾਨੀਆਂ ਤੋਂ ਨਹੀਂ। ਜੇ ਖ਼ੂਨ ਹਸਪਤਾਲ ਤੋਂ ਲਵੋ ਤਾਂ ਉਹ ਡਾਕਟਰ ਵੱਲੋਂ ਚੰਗੀ ਤਰ੍ਹਾਂ ਜਾਂਚਿਆ ਹੋਣਾ ਚਾਹੀਦਾ ਹੈ।
- ਨਵੀਂ ਤੇ ਡਿਸਪੋਜਬਲ ਸੂਈ ਦੀ ਹੀ ਵਰਤੋਂ ਕਰੋ। ਵਰਤਣ ਤੋਂ ਬਾਅਦ ਸੂਈ ਨੂੰ ਤੋੜ ਕੇ ਸੁੱਟ ਦਿਓ, ਕਿਉਂਕਿ ਕਈ ਵਾਰ ਵਰਤੀ ਗਈ ਸੂਈ ਕਿਸੇ ਨਾ ਕਿਸੇ ਤਰੀਕੇ ਰਾਹੀਂ ਦੁਬਾਰਾ ਬਾਜ਼ਾਰ ਵਿਚ ਪਹੁੰਚ ਸਕਦੀ ਹੈ।
- ਜੇ ਬਿਊਟੀ ਪਾਰਲਰ ਜਾ ਕੇ ਵੈਕਸਿੰਗ ਕਰਵਾਉਂਦੇ ਹੋ ਤਾਂ ਸੈਲੋਫਿਨ ਦੀਆਂ ਪੱਟੀਆਂ ਹੀ ਵਰਤੋ। ਕਿਸੇ ਹੋਰ ਦੁਆਰਾ ਵਰਤੀਆਂ ਪੱਟੀਆਂ ਧੋਣ ’ਤੇ ਵੀ ਬੈਕਟੀਰੀਆ ਰਹਿਤ ਨਹੀਂ ਹੁੰਦੀਆਂ।
- ਜਿਨ੍ਹਾਂ ਔਰਤਾਂ ਨੂੰ ਐੱਚਆਈ ਵੀ ਦੀ ਸ਼ੰਕਾ ਹੋਵੇ, ਉਨ੍ਹਾਂ ਨੂੰ ਮਾਂ ਬਣਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕਿ ਮਾਂ ਰਾਹੀਂ ਬੱਚੇ ਤਕ ਐੱਚਆਈਵੀ ਦੇ ਜਾਣ ਦੀ 30/35 ਫ਼ੀਸਦੀ ਸੰਭਾਵਨਾ ਰਹਿੰਦੀ ਹੈ।
ਮਰੀਜ਼ ਨਾਲ ਵਿਹਾਰ
- ਮਰੀਜ਼ ਨੂੰ ਉਸ ਦੀ ਬਿਮਾਰੀ ਤੋਂ ਹੋਣ ਵਾਲੀਆਂ ਮਾਨਸਿਕ ਤੇ ਸਮਾਜਿਕ ਸਮੱਸਿਆਵਾਂ ਅਤੇ ਭਾਵਨਾਤਮਿਕ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨ ਦਾ ਹੌਸਲਾ ਦੇਣਾ ਤੇ ਭਵਿੱਖ ਬਾਰੇ ਸਹੀ-ਸਹੀ ਜਾਣਕਾਰੀ ਦੇਣਾ ਹੈ।
- ਮਰੀਜ਼ ਵਿਚ ਹੌਸਲਾ ਤੇ ਵਿਸ਼ਵਾਸ ਪੈਦਾ ਕਰਨਾ, ਤਾਂ ਜੋ ਉਹ ਆਪਣਾ ਵਿਹਾਰ ਆਪਣੇ ਹੀ ਫ਼ੈਸਲੇ ਨਾਲ ਬਦਲੇ ਤਾਂ ਜੋ ਉਸ ਦੀ ਆਪਣੀ ਇੱਜ਼ਤ ਬਰਕਰਾਰ ਰਹੇ।
- ਮਰੀਜ਼ ’ਚ ਐਸਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਕਿ ਉਹ ਮਹਿਸੂਸ ਕਰਨ ਲੱਗੇ ਕਿ ਉਸ ਨੂੰ ਏਡਜ਼ ਦੇ ਜਰਾਸੀਮ ਬਾਰੇ ਸਹੀ-ਸਹੀ ਜਾਣਕਾਰੀ ਹੈ ਕਿ ਇਹ ਸਰੀਰ ਵਿਚ ਕਿਵੇਂ ਦਾਖ਼ਲ ਹੁੰਦਾ ਹੈ, ਬਿਮਾਰ ਕਿਵੇਂ ਕਰ ਦਿੰਦਾ ਹੈ, ਇਸ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦੇ ਫੈਲਣ ਦੇ ਕੀ ਕਾਰਨ ਹਨ ਤੇ ਉਹ ਇਸ ਤੋਂ ਬਚਾਅ ਕਿਵੇਂ ਕਰ ਸਕਦਾ ਹੈ?
ਕੁਝ ਹੋਰ ਧਿਆਨ ਰੱਖਣ ਵਾਲੀਆਂ ਗੱਲਾਂ
- ਜਿਨਸੀ ਸਬੰਧ ਇਸ ਰੋਗ ਨੂੰ ਫੈਲਾਉਣ ਵਿਚ ਵੱਡਾ ਕਾਰਨ ਬਣਦੇ ਹਨ। ਇਸ ਮਹਾਮਾਰੀ ਨੂੰ ਰੋਕਣ ਦਾ ਇੱਕੋ ਇਕ ਰਾਸਤਾ ਹੈ ਕਿ ਲੋਕਾਂ ਨੂੰ ਇਸ ਬਾਰੇ ਦੱਸਣਾ ਤੇ ਸੁਰੱਖਿਅਤ ਕਰਨਾ।
- ਏਡਜ਼ ਸਿਹਤ ਸਮੱਸਿਆ ਨਹੀਂ ਸਗੋਂ ਇਹ ਇਕ ਸਮਾਜਿਕ ਸਮੱਸਿਆ ਵੀ ਹੈ। ਇਸ ਲਈ ਏਡਜ਼ ਦੀ ਰੋਕਥਾਮ ਲਈ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ, ਸਮਾਜਸੇਵੀ ਸੰਸਥਾਵਾਂ, ਸਵੈ-ਇੱਛੁਕ ਸੰਸਥਾਵਾਂ ਆਦਿ ਵੱਲੋਂ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ।
- ਏਡਜ਼ ਦੇ ਮਰੀਜ਼ਾਂ ਦਾ ਇਲਾਜ ਬਹੁਤ ਗੁੰਝਲਦਾਰ ਸਮੱਸਿਆ ਹੈ ਕਿਉਂਕਿ ਇਸ ਦਾ ਕੋਈ ਨਿਸ਼ਚਿਤ ਇਲਾਜ ਨਹੀਂ ਹੈ, ਜੋ ਦਵਾਈਆਂ ਹੁਣ ਤਕ ਖੋਜੀਆਂ ਗਈਆਂ ਹਨ, ਉਹ ਮਰੀਜ਼ ਦੀ ਉਮਰ ਵਿਚ ਕੁਝ ਮਹੀਨੇ ਹੀ ਵਾਧਾ ਕਰਦੀਆਂ ਹਨ ਅਤੇ ਇਹ ਮਹਿੰਗੀਆਂ ਵੀ ਬਹੁਤ ਹਨ।
- ਸੁਖਮੰਦਰ ਸਿੰਘ ਤੂਰ