ਕਲਾਸ ਰੂਮ ਸਕੂਲ ਦਾ ਦਿਲ ਹੁੰਦਾ ਹੈ। ਇਹ ਉਹ ਥਾਂ ਹੈ, ਜਿੱਥੇ ਬੱਚੇ ਸਿਰਫ਼ ਪਾਠ ਨਹੀਂ ਸਿੱਖਦੇ ਸਗੋਂ ਜੀਵਨ ਦੇ ਮੁੱਢਲੇ ਗੁਣ, ਜਿਵੇਂ ਅਨੁਸ਼ਾਸਨ, ਸਹਿਕਾਰ, ਆਦਰ–ਸਤਿਕਾਰ, ਆਪਸੀ ਭਰੋਸਾ, ਲੀਡਰਸ਼ਿਪ ਤੇ ਰਚਨਾਤਮਿਕਤਾ ਆਦਿ ਵੀ ਸਿੱਖਦੇ ਹਨ। ਕਲਾਸ ਰੂਮ ਦਾ ਪ੍ਰੇਰਨਾਦਾਇਕ ਮਾਹੌਲ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਕਲਾਸ ਰੂਮ ਸਕੂਲ ਦਾ ਦਿਲ ਹੁੰਦਾ ਹੈ। ਇਹ ਉਹ ਥਾਂ ਹੈ, ਜਿੱਥੇ ਬੱਚੇ ਸਿਰਫ਼ ਪਾਠ ਨਹੀਂ ਸਿੱਖਦੇ ਸਗੋਂ ਜੀਵਨ ਦੇ ਮੁੱਢਲੇ ਗੁਣ, ਜਿਵੇਂ ਅਨੁਸ਼ਾਸਨ, ਸਹਿਕਾਰ, ਆਦਰ–ਸਤਿਕਾਰ, ਆਪਸੀ ਭਰੋਸਾ, ਲੀਡਰਸ਼ਿਪ ਤੇ ਰਚਨਾਤਮਿਕਤਾ ਆਦਿ ਵੀ ਸਿੱਖਦੇ ਹਨ। ਕਲਾਸ ਰੂਮ ਦਾ ਪ੍ਰੇਰਨਾਦਾਇਕ ਮਾਹੌਲ ਬੱਚਿਆਂ ਦੇ ਸਮੂਹਿਕ ਵਿਕਾਸ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਵੇਂ ਬਾਗ਼ ’ਚ ਚੰਗੀ ਮਿੱਟੀ, ਪਾਣੀ ਤੇ ਧੁੱਪ ਹੋਣ ’ਤੇ ਫੁੱਲ ਖਿੜਦੇ ਹਨ, ਉਸੇ ਤਰ੍ਹਾਂ ਚੰਗਾ ਕਲਾਸਰੂਮ ਮਾਹੌਲ ਬੱਚਿਆਂ ਦੇ ਮਨ, ਵਿਚਾਰ ਤੇ ਭਵਿੱਖ ਨੂੰ ਖਿੜਾਉਂਦਾ ਹੈ। ਅੱਜ ਦੇ ਸਮੇਂ ਵਿਚ ਜਿੱਥੇ ਸਿੱਖਿਆ ਸਿਰਫ਼ ਕਿਤਾਬਾਂ ਦੇ ਗਿਆਨ ਤਕ ਸੀਮਿਤ ਨਹੀਂ ਰਹੀ, ਉੱਥੇ ਕਲਾਸ ਰੂਮ ਦੇ ਮਾਹੌਲ ਨੂੰ ਆਧੁਨਿਕ, ਰੋਚਕ, ਤਜਰਬਿਆਂ ਭਰਪੂਰ ਤੇ ਬੱਚਿਆਂ ਲਈ ਆਸਾਨ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਕਲਾਸ ਰੂਮ ਦਾ ਮਾਹੌਲ ਹਮੇਸ਼ਾ ਵਾਤਾਵਰਨ, ਅਧਿਆਪਕ, ਵਿਦਿਆਰਥੀ, ਸਾਧਨਾਂ ਤੇ ਗਤੀਵਿਧੀਆਂ ਦੇ ਮਿਲੇ-ਜੁਲੇ ਪ੍ਰਭਾਵ ਨਾਲ ਤਿਆਰ ਹੁੰਦਾ ਹੈ। ਅਧਿਆਪਕ ਵਰਗ ਦਾ ਮੁੱਢਲਾ ਫ਼ਰਜ਼ ਵੀ ਇਹ ਹੋਣਾ ਚਾਹੀਦਾ ਹੈ ਕਿ ਉਹ ਕਲਾਸਰੂਮ ਨੂੰ ਉਸਾਰੂ ਤੇ ਸਿੱਖਣ ਭਰਪੂਰ ਬਣਾਉਣ।
ਸਾਫ਼-ਸੁਥਰਾ ਤੇ ਸੁਚੱਜਾ ਵਾਤਾਵਰਨ
ਸਾਫ਼–ਸੁਥਰਾ ਕਲਾਸਰੂਮ ਬੱਚਿਆਂ ਦੇ ਮਨ ਵਿਚ ਆਕਰਸ਼ਣ, ਧਿਆਨ ਕੇਂਦਰਿਤ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦਾ ਹੈ। ਜਿੱਥੇ ਫਰਸ਼, ਦੀਵਾਰਾਂ, ਬੈਂਚ ਤੇ ਬਲੈਕ ਬੋਰਡ ਸਾਫ਼ ਹਨ, ਉੱਥੇ ਬੱਚੇ ਵੀ ਸਾਫ਼–ਸੁਥਰੇ ਹੋਣ ਦੀ ਪ੍ਰੇਰਨਾ ਲੈਂਦੇ ਹਨ। ਮਾਹੌਲ ਨੂੰ ਸੁਚੱਜਾ ਰੱਖਣ ਲਈ ਕਲਾਸ ਵਿਚ ਵੱਖ–ਵੱਖ ਤਰ੍ਹਾਂ ਦੀ ਸਿਖਲਾਈ ਸਮੱਗਰੀ ਨੂੰ ਠੀਕ ਥਾਂ ’ਤੇ ਰੱਖਣ ਲਈ ਰੈਕ, ਪੋਸਟਰ ਤੇ ਚਾਰਟ ਲੱਗੇ ਹੋਣ ਚਾਹੀਦੇ ਹਨ। ਇਸ ਤਰ੍ਹਾਂ ਦਾ ਵਾਤਾਵਰਨ ਬੱਚੇ ਨੂੰ ਸਿਖਾਉਂਦਾ ਹੈ ਕਿ ਚੀਜ਼ਾਂ ਨੂੰ ਠੀਕ ਢੰਗ ਨਾਲ ਰੱਖਣਾ ਤੇ ਸੰਭਾਲਣਾ ਵੀ ਜੀਵਨ ਦੀ ਮਹੱਤਵਪੂਰਨ ਕੁਸ਼ਲਤਾ ਹੈ।
ਰੰਗ-ਬਿਰੰਗਾ ਤੇ ਰੋਚਕ ਕਲਾਸ ਰੂਮ
ਕਲਾਸਰੂਮ ਜਿੰਨਾ ਵਧੀਆ ਹੋਵੇਗਾ, ਬੱਚਿਆਂ ਦੀ ਰੁਚੀ ਸਿਖਲਾਈ ਵੱਲ ਓਨੀ ਹੀ ਜ਼ਿਆਦਾ ਵੱਧੇਗੀ। ਦੀਵਾਰਾਂ ’ਤੇ ਸਿੱਖਿਆ ਨਾਲ ਜੁੜੇ ਰੰਗਦਾਰ ਚਾਰਟ, ਗਿਣਤੀ ਤੇ ਅੱਖਰਾਂ ਦੇ ਚਾਰਟ, ਪ੍ਰੇਰਨਾਦਾਇਕ ਸ਼ਬਦ, ਵਿਦਿਆਰਥੀਆਂ ਦੀਆਂ ਬਣਾਈਆਂ ਕਲਾਕ੍ਰਿਤੀਆਂ ਤੇ ਪ੍ਰਾਜੈਕਟ ਲੱਗੇ ਹੋਣ ਚਾਹੀਦੇ ਹਨ। ਮਨੋਵਿਗਿਆਨ ਅਨੁਸਾਰ ਰੰਗ ਬੱਚਿਆਂ ਦੇ ਮਨ ਵਿਚ ਉਤਸ਼ਾਹ ਪੈਦਾ ਕਰਦੇ ਹਨ। ਇਸ ਲਈ ਕਲਾਸ ਰੂਮ ਦਾ ਮਾਹੌਲ ਬੱਚਿਆਂ ਨੂੰ ਖ਼ੁਸ਼ੀ, ਉਤਸੁਕਤਾ ਤੇ ਸਿੱਖਣ ਦੀ ਇੱਛਾ ਨਾਲ ਭਰਪੂਰ ਕਰ ਦੇਣ ਵਾਲਾ ਚਾਹੀਦਾ ਹੈ।
ਅਧਿਆਪਕ–ਵਿਦਿਆਰਥੀ ਵਿਚਕਾਰ ਸਬੰਧ
ਕਲਾਸਰੂਮ ਦਾ ਸਭ ਤੋਂ ਵੱਡਾ ਹਿੱਸਾ ਅਧਿਆਪਕ ਹੁੰਦਾ ਹੈ। ਅਧਿਆਪਕ ਦਾ ਵਿਹਾਰ, ਬੋਲਚਾਲ, ਧੀਰਜ, ਮਮਤਾ ਤੇ ਸਹਿਯੋਗੀ ਰਵੱਈਆ ਕਲਾਸ ਦੇ ਮਾਹੌਲ ਨੂੰ ਨਿਰਧਾਰਤ ਕਰਦਾ ਹੈ। ਜਿੱਥੇ ਅਧਿਆਪਕ, ਵਿਦਿਆਰਥੀ ਨਾਲ ਪਿਆਰ, ਮਮਤਾ ਤੇ ਸੁਝਾਊ ਢੰਗ ਨਾਲ ਗੱਲ ਕਰਦਾ ਹੈ, ਉੱਥੇ ਬੱਚੇ ਖੁੱਲ੍ਹ ਕੇ ਸਵਾਲ ਪੁੱਛਦੇ ਹਨ, ਆਪਣੇ ਵਿਚਾਰ ਦੱਸਦੇ ਹਨ ਤੇ ਸਿੱਖਣ ਲਈ ਖੁਦ ਪ੍ਰੇਰਿਤ ਹੁੰਦੇ ਹਨ। ਅਧਿਆਪਕ ਨੂੰ ਬੱਚਿਆਂ ਦੇ ਮਾਰਗ-ਦਰਸ਼ਕ, ਦੋਸਤ ਅਤੇ ਪ੍ਰੇਰਨਾਸਰੋਤ ਵਜੋਂ ਕੰਮ ਕਰਨਾ ਚਾਹੀਦਾ ਹੈ।
ਡਰ–ਰਹਿਤ ਤੇ ਖੁੱਲ੍ਹਾ ਮਾਹੌਲ
ਵਿਦਿਆਰਥੀ ਜਦੋਂ ਡਰ–ਰਹਿਤ ਮਾਹੌਲ ਵਿਚ ਹੁੰਦੇ ਹਨ, ਤਾਂ ਉਹ ਸਾਰੀਆਂ ਗਤੀਵਿਧੀਆਂ ਵਿਚ ਖੁੱਲ੍ਹ ਕੇ ਹਿੱਸਾ ਲੈਂਦੇ ਹਨ। ਕਲਾਸ ਵਿਚ ਬੱਚਿਆਂ ਨੂੰ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਗਲ਼ਤੀ ’ਤੇ ਡਾਂਟ–ਫਿਟਕਾਰ ਦੀ ਥਾਂ ਪਿਆਰ ਨਾਲ ਸਮਝਾਇਆ ਜਾਣਾ ਚਾਹੀਦਾ ਹੈ। ਜਿੱਥੇ ਬੱਚਾ ਨਿਰਭੀਕ ਹੁੰਦਾ ਹੈ, ਉੱਥੇ ਉਹ ਸਿਖਲਾਈ ਦੇ ਹਰ ਪੱਖ ਵਿੱਚ ਅੱਗੇ ਵਧਦਾ ਹੈ।
ਗਤੀਵਿਧੀਆਂ ਆਧਾਰਿਤ ਸਿਖਲਾਈ
ਆਧੁਨਿਕ ਕਲਾਸਰੂਮ ਸਿਰਫ਼ ਬਲੈਕ ਬੋਰਡ-ਚਾਕ ਤਕ ਹੀ ਸੀਮਤ ਨਹੀਂ ਰਹੇ। ਅੱਜ ਸਿਖਲਾਈ ਦਾ ਮਤਲਬ ਹੈ ਪੜ੍ਹਨਾ, ਲਿਖਣਾ ਤੇ ਪ੍ਰਯੋਗ ਕਰਨਾ। ਬੱਚੇ ਗਤੀਵਿਧੀਆਂ ਦੁਆਰਾ ਜ਼ਿਆਦਾ ਤੇਜ਼ੀ ਨਾਲ ਸਿੱਖਦੇ ਹਨ। ਇਸ ਲਈ ਕਲਾਸ ਰੂਮ ਵਿਚ ਵੱਖ–ਵੱਖ ਗਤੀਵਿਧੀਆਂ, ਜਿਵੇਂ ਕਹਾਣੀ ਕਾਰਨਰ, ਮੈਥ ਲੈਬ, ਕੰਪਿਊਟਰ ਲੈਬ, ਸਾਇੰਸ ਐਕਟੀਵਿਟੀ, ਗੇਮ ਬੇਸਡ, ਕਿਰਿਆ ਆਧਾਰਿਤ ਸਿਖਲਾਈ ਆਦਿ ਹੋਣੀਆਂ ਚਾਹੀਦੀਆਂ ਹਨ। ਅਧਿਆਪਕ ਬੱਚਿਆਂ ਨੂੰ ਸਮੂਹਿਕ ਕੰਮ, ਮਾਡਲ ਬਣਾਉਣ, ਪ੍ਰੈਜ਼ੈਂਟੇਸ਼ਨ, ਪ੍ਰਾਜੈਕਟ ਤੇ ਰੋਲ ਪਲੇਅ ਆਦਿ ਵਿਚ ਸ਼ਾਮਿਲ ਕਰਨ, ਤਾਂ ਜੋ ਬੱਚੇ ਗਤੀਵਿਧੀ ਆਧਾਰਿਤ ਸਿਖਲਾਈ ਵਿਚ ਮੁਹਾਰਤ ਹਾਸਿਲ ਕਰ ਸਕਣ।
ਤਕਨਾਲੋਜੀ ਨਾਲ ਭਰਪੂਰ ਕਲਾਸਰੂਮ
ਅੱਜ ਦਾ ਯੁੱਗ ਡਿਜੀਟਲ ਪ੍ਰਕਿਰਿਆ ਦਾ ਹੈ। ਪਹਿਲਾਂ ਜਮਾਤ ਵਿਚ ਗਰੀਨ ਬੋਰਡ ਉੱਪਰ ਚਾਕ ਨਾਲ ਲਿਖਣ ਦਾ ਰਿਵਾਜ ਪ੍ਰਚੱਲਿਤ ਰਿਹਾ ਹੈ ਪਰ ਹੁਣ ਸਮੇਂ ਦੇ ਬਦਲਣ ਨਾਲ ਪੜ੍ਹਾਈ ਵਿਚ ਤਕਨਾਲੋਜੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਲਈ ਕਲਾਸਰੂਮ ਵਿਚ ਸਮਾਰਟ ਬੋਰਡ, ਪ੍ਰਾਜੈਕਟਰ, ਇੰਟਰੈਕਟਿਵ ਟੱਚ ਪੈਨਲ, ਕੰਪਿਊਟਰ, ਟੈਬ, ਇੰਟਰਨੈੱਟ ਤੇ ਹੋਰ ਡਿਜੀਟਲ ਲਰਨਿੰਗ ਸਮੱਗਰੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵੀਡੀਓ, ਐਨੀਮੇਸ਼ਨ ਅਤੇ ਸਿਮੂਲੇਸ਼ਨ ਬੱਚਿਆਂ ਦੇ ਮਨ ਵਿਚ ਸੰਕਲਪਾਂ ਨੂੰ ਸਪਸ਼ਟ ਕਰਨ ਵਿਚ ਬਹੁਤ ਸਹਾਇਕ ਹੁੰਦੇ ਹਨ। ਤਕਨਾਲੋਜੀ ਨਾਲ ਭਰਪੂਰ ਕਲਾਸ ਰੂਮ ਬੱਚਿਆਂ ਦੀ ਰੁਚੀ ਨੂੰ ਬਣਾਈ ਰੱਖਦਾ ਹੈ ਤੇ ਉਹ ਤੇਜ਼ੀ ਨਾਲ ਸਿੱਖਦੇ ਹਨ।
ਸਿੱਖਣ ਦੇ ਬਰਾਬਰ ਮੌਕੇ
ਜਮਾਤ ਦਾ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਕਿ ਜਿੱਥੇ ਹਰ ਬੱਚੇ ਨੂੰ ਸਿੱਖਣ ਦਾ ਬਰਾਬਰ ਮੌਕਾ ਮਿਲੇ। ਚਾਹੇ ਉਹ ਅਕਾਦਮਿਕ ਤੌਰ ’ਤੇ ਮਜ਼ਬੂਤ ਹੋਵੇ ਜਾਂ ਕਮਜ਼ੋਰ, ਗ਼ਰੀਬ ਹੋਵੇ ਜਾਂ ਅਮੀਰ, ਲੜਕਾ ਹੋਵੇ ਜਾਂ ਲੜਕੀ। ਅਧਿਆਪਕ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਪੱਛੜਿਆ ਨਾ ਰਹੇ। ਕਲਾਸਰੂਮ ਵਿਚ ਵਿਦਿਆਰਥੀਆਂ ਨੂੰ ਇਕ-ਦੂਜੇ ਦੀ ਮਦਦ ਕਰਨ, ਸਹਿਯੋਗੀ ਬਣਨ ਤੇ ਆਪਸੀ ਮਿੱਤਰਤਾ ਨੂੰ ਵਧਾਉਣ ਬਾਰੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ।
ਅਨੁਸ਼ਾਸਿਤ ਪਰ ਲਚਕੀਲਾ ਮਾਹੌਲ
ਅਨੁਸ਼ਾਸਨ ਕਲਾਸਰੂਮ ਦੀ ਰੂਹ ਹੈ। ਅਨੁਸ਼ਾਸਨ ਦਾ ਮਤਲਬ ਸਖ਼ਤੀ ਨਹੀਂ। ਬੱਚੇ ਅਨੁਸ਼ਾਸਨ ਵਿਚ ਰਹਿ ਕੇ ਰਚਨਾਤਮਿਕਤਾ, ਆਪਣਾ ਵਿਚਾਰ ਰੱਖਣ ਅਤੇ ਚੁਸਤ ਚਲਾਕ ਹੋਣ ਦੀ ਆਜ਼ਾਦੀ ਮਹਿਸੂਸ ਕਰਨ। ਮਾਹੌਲ ਵਿਚ ਨਿਯਮ ਹੋਣ ਪਰ ਉਹ ਬੱਚਿਆਂ ਲਈ ਬੋਝ ਨਾ ਬਣਨ। ਸਮੇਂ ਦੀ ਪਾਬੰਦੀ, ਸਾਫ਼–ਸਫ਼ਾਈ, ਕਿਤਾਬਾਂ ਕਾਪੀਆਂ ਦਾ ਧਿਆਨ, ਬੈਠਣ ਦਾ ਢੰਗ ਆਦਿ ਬੱਚਿਆਂ ਨੂੰ ਸਮਝਾਇਆ ਜਾਵੇ। ਇਹ ਸਿਖਲਾਈ ਉਨ੍ਹਾਂ ਦੇ ਭਵਿੱਖ ਲਈ ਤਰੱਕੀ ਤੇ ਵਿਕਾਸ ਦੀ ਸੂਚਕ ਹੋਵੇਗੀ।
ਰਚਨਾਤਮਿਕਤਾ ਨੂੰ ਉਭਾਰਨਾ
ਕਲਾਸਰੂਮ ’ਚ ਬੱਚਿਆਂ ਨੂੰ ਰਚਨਾਤਮਿਕ ਸੋਚ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਚਿੱਤਰਕਲਾ, ਕਹਾਣੀ ਲਿਖਣ, ਕਵਿਤਾ ਬਣਾਉਣ, ਵਿਗਿਆਨਕ ਮਾਡਲ ਤਿਆਰ ਕਰਨ ਅਤੇ ਨਵੇਂ–ਨਵੇਂ ਵਿਚਾਰ ਪ੍ਰਗਟ ਕਰਨ ਦਾ ਸਮਾਂ ਤੇ ਮੌਕਾ ਮਿਲਣਾ ਚਾਹੀਦਾ ਹੈ। ਹਰ ਜਮਾਤ ਵਿਚ ਲੈਕਚਰ ਸਟੈਂਡ ਦਾ ਪ੍ਰਬੰਧ ਹੋਵੇ, ਜਿੱਥੇ ਬੱਚਾ ਠੀਕ ਤਰੀਕੇ ਨਾਲ ਬੋਲ ਸਕਦਾ ਹੋਵੇ ਕਿਉਂਕਿ ਹਰ ਵਿਦਿਆਰਥੀ ਦੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ, ਜਿਸ ਨੂੰ ਅਧਿਆਪਕ ਪਛਾਣ ਕੇ ਨਿਖਾਰ ਸਕਦਾ ਹੈ।
ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣਾ
ਕਲਾਸਰੂਮ ਦਾ ਮਾਹੌਲ ਤਦ ਹੀ ਆਦਰਸ਼ ਬਣਦਾ ਹੈ, ਜਦੋਂ ਅਧਿਆਪਕ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦਾ ਹੈ। ਹਰ ਬੱਚੇ ਦੀ ਸਿੱਖਣ ਦੀ ਰਫ਼ਤਾਰ, ਸੋਚਣ ਦੀ ਸ਼ਕਤੀ ਤੇ ਸਮਝਣ ਦਾ ਤਰੀਕਾ ਵੱਖਰਾ ਹੁੰਦਾ ਹੈ। ਕਲਾਸ ਰੂਮ ਵਿਚ ਬੱਚਿਆਂ ਦਾ ਵੱਖ–ਵੱਖ ਲਰਨਿੰਗ ਸਟਾਈਲ, ਦ੍ਰਿਸ਼ਟੀ, ਸੁਣਨ ਦੀ ਸ਼ਕਤੀ, ਗਤੀਸ਼ੀਲਤਾ ਨੂੰ ਧਿਆਨ ਵਿਚ ਰੱਖ ਕੇ ਪਾਠ ਦੱਸੇ ਜਾਣ। ਇਹ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਲਈ ਬੜਾ ਬਿਹਤਰ ਰਹੇਗਾ।
ਬੱਚਿਆਂ ਦੀ ਭੂਮਿਕਾ
ਸਿਰਫ਼ ਅਧਿਆਪਕ ਦੀ ਹੀ ਨਹੀਂ, ਬੱਚਿਆਂ ਦੀ ਭੂਮਿਕਾ ਵੀ ਕਲਾਸਰੂਮ ਕੇਂਦਰਿਤ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਕਲਾਸ ਦਾ ਮੋਨੀਟਰ, ਬੁੱਕ ਇੰਚਾਰਜ, ਗ੍ਰੀਨ ਕਲੱਬ ਇੰਚਾਰਜ, ਸਮਾਰਟ ਬੋਰਡ ਹੈਲਪਰ ਆਦਿ ਬਣਾ ਕੇ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਨਾਲ ਉਨ੍ਹਾਂ ਵਿਚ ਅਗਵਾਈ, ਜ਼ਿੰਮੇਵਾਰੀ ਤੇ ਟੀਮ ਵਰਕ ਵਧਦਾ ਹੈ ਤੇ ਹੌਸਲਾ ਅਫ਼ਜ਼ਾਈ ਹੁੰਦੀ ਹੈ।
ਪ੍ਰਸ਼ੰਸਾ ਬਣਦੀ ਪ੍ਰੇਰਨਾ
ਅਧਿਆਪਕ ਦੀ ਹਰ ਛੋਟੀ-ਵੱਡੀ ਪ੍ਰਸ਼ੰਸਾ ਬੱਚੇ ਲਈ ਪ੍ਰੇਰਨਾ ਬਣਦੀ ਹੈ। ਕਲਾਸਰੂਮ ਵਿੱਚ ‘ਸਟਾਰ ਆਫ਼ ਦ ਵੀਕ, ਉੱਤਮ ਲਿਖਾਈ’, ਵਧੀਆ ਵਿਹਾਰ ਆਦਿ ਦੇ ਇਨਾਮ ਦੇ ਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪ੍ਰੇਰਨਾਦਾਇਕ ਵਾਤਾਵਰਨ ਬੱਚਿਆਂ ਵਿਚ ਸਿੱਖਣ ਦੀ ਚਾਹਤ ਪੈਦਾ ਕਰਦਾ ਹੈ।
ਪ੍ਰਕਿਰਤੀ ਤੇ ਸਾਂਝੇ ਮੁੱਲਾਂ ਨਾਲ ਜੁੜਿਆ
ਕਲਾਸਰੂਮ ਵਿਚ ਪੌਦੇ, ਹਰਿਆਲੀ, ਕੁਦਰਤ ਨਾਲ ਜੁੜੇ ਪੋਸਟਰ, ਵਾਤਾਵਰਨ ਬਚਾਓ ਆਦਿ ਦੀਆਂ ਮੁਹਿੰਮਾਂ ਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣ ਨਾਲ ਬੱਚਿਆਂ ਦੇ ਅੰਦਰ ਜ਼ਿੰਮੇਵਾਰੀ, ਚੰਗਾ ਸ਼ਿਸ਼ਟਾਚਾਰ ਤੇ ਸਦਾਚਾਰ ਦੀ ਭਾਵਨਾ ਪੈਦਾ ਹੁੰਦੀ ਹੈ।
ਸੋ ਆਦਰਸ਼ ਕਲਾਸਰੂਮ ਦਾ ਮਾਹੌਲ ਉਹ ਹੈ, ਜਿੱਥੇ ਬੱਚਾ ਸਿਰਫ਼ ਵਿਸ਼ੇਸ਼ ਗਿਆਨ ਹੀ ਨਹੀਂ ਸਿੱਖਦਾ ਸਗੋਂ ਜਿਊਣਾ ਵੀ ਸਿੱਖਦਾ ਹੈ। ਜਿੱਥੇ ਅਧਿਆਪਕ ਪ੍ਰੇਰਨਾਸਰੋਤ ਹੁੰਦਾ ਹੈ, ਸਿਖਲਾਈ ਰੁਚੀਕਾਰ ਹੁੰਦੀ ਹੈ, ਬੱਚਿਆਂ ਨੂੰ ਸੁਰੱਖਿਅਤ ਤੇ ਡਰ–ਰਹਿਤ ਵਾਤਾਵਰਨ ਮਿਲਦਾ ਹੈ ਅਤੇ ਉਹ ਆਪਣੇ ਆਪ ਨੂੰ ਮਹੱਤਵਪੂਰਨ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦਾ ਮਾਹੌਲ ਨਾ ਕੇਵਲ ਬੱਚਿਆਂ ਦਾ ਭਵਿੱਖ ਸੰਵਾਰਦਾ ਹੈ ਸਗੋਂ ਸੁਚੇਤ, ਸਿੱਖਿਆਸ਼ੀਲ ਤੇ ਜ਼ਿੰਮੇਵਾਰ ਸਮਾਜ ਦੀ ਰਚਨਾ ਵੀ ਕਰਦਾ ਹੈ।
- ਬੇਅੰਤ ਸਿੰਘ ਮਲੂਕਾ