ਅਜੋਕਾ ਯੁੱਗ ਵਿਗਿਆਨ ਤੇ ਤਕਨਾਲੋਜੀ ਦਾ ਹੈ। ਜ਼ਿੰਦਗੀ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ, ਜਿਸ ’ਚ ਬਹੁਤ ਸਾਰੀਆਂ ਭਟਕਣਾਂ, ਰਿਸ਼ਤਿਆਂ ’ਚ ਅਸੰਤੁਲਨ ਤੇ ਹੋਰ ਸਮਾਜਿਕ ਵਰਤਾਰਿਆਂ ਵਿਚ ਅਸਮੰਜਸ ਦੀ ਸਥਿਤੀ ਬਣਦੀ ਜਾ ਰਹੀ ਹੈ। ਅਜਿਹੀਆਂ ਹਾਲਤਾਂ ’ਚ ਸੰਤੁਲਨ ਬਣਾਉਣ ਵਿਚ ਨੈਤਿਕ ਕਦਰਾਂ-ਕੀਮਤਾਂ ਅਦ੍ਰਿਸ਼ ਸਾਧਨ ਵਜੋਂ ਕੰਮ ਕਰਦੀਆਂ ਹਨ।

ਅਜੋਕਾ ਯੁੱਗ ਵਿਗਿਆਨ ਤੇ ਤਕਨਾਲੋਜੀ ਦਾ ਹੈ। ਜ਼ਿੰਦਗੀ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ, ਜਿਸ ’ਚ ਬਹੁਤ ਸਾਰੀਆਂ ਭਟਕਣਾਂ, ਰਿਸ਼ਤਿਆਂ ’ਚ ਅਸੰਤੁਲਨ ਤੇ ਹੋਰ ਸਮਾਜਿਕ ਵਰਤਾਰਿਆਂ ਵਿਚ ਅਸਮੰਜਸ ਦੀ ਸਥਿਤੀ ਬਣਦੀ ਜਾ ਰਹੀ ਹੈ। ਅਜਿਹੀਆਂ ਹਾਲਤਾਂ ’ਚ ਸੰਤੁਲਨ ਬਣਾਉਣ ਵਿਚ ਨੈਤਿਕ ਕਦਰਾਂ-ਕੀਮਤਾਂ ਅਦ੍ਰਿਸ਼ ਸਾਧਨ ਵਜੋਂ ਕੰਮ ਕਰਦੀਆਂ ਹਨ। ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਇਨਸਾਨ ’ਚ ਇਮਾਨਦਾਰੀ, ਸਤਿਕਾਰ, ਦਿਆਲਤਾ, ਸ਼ੁਕਰਾਨਾ, ਟੀਮਵਰਕ, ਸਵੈ-ਅਨੁਸ਼ਾਸਨ, ਹਮਦਰਦੀ, ਨਿਰਪੱਖਤਾ, ਨਿਆਂ ਪਸੰਦ ਆਦਿ ਦੇ ਗੁਣ ਪਾਏ ਜਾਂਦੇ ਹਨ। ਇਹ ਇਨਸਾਨ ਨੂੰ ਪਰਿਭਾਸ਼ਿਤ ਕਰਦੇ ਹਨ ਕਿ ਉਹ ਕੌਣ ਹੈ ਜਾਂ ਇੰਝ ਕਿਹਾ ਜਾ ਸਕਦਾ ਹੈ ਕਿ ਇਹ ਕੀਮਤਾਂ ਸਥਾਈ ਤੌਰ ’ਤੇ ਵਿਅਕਤੀ ਦੀ ਸ਼ਖ਼ਸੀਅਤ ਅਤੇ ਸੁਨਿਹਰੀ ਭਵਿੱਖ ਨੂੰ ਸ਼ਕਲ ਪ੍ਰਦਾਨ ਕਰਦੀਆਂ ਹਨ। ਇਸ ਦੀ ਅਣਹੋਂਦ ’ਚ ਜ਼ਿੰਦਗੀ ਦੀ ਬੁਨਿਆਦ ਕਮਜ਼ੋਰ ਹੋ ਜਾਵੇਗੀ ਅਤੇ ਸਮੁੱਚਾ ਜੀਵਨ ਅੰਧਕਾਰ ਤੇ ਉਦੇਸ਼ਹੀਣ ਹੋ ਜਾਵੇਗਾ, ਜਦੋਂਕਿ ਇਸ ਨੂੰ ਅਪਣਾ ਕੇ ਵਿਅਕਤੀ ਸਮਾਜ ਵਿਚ ਉੱਚ ਪਛਾਣ ਬਣਾ ਸਕਦਾ ਹੈ।
ਦਸ਼ਾ ਤੇ ਦਿਸ਼ਾ ਕਰਦੀਆਂ ਪ੍ਰਦਾਨ
ਨੈਤਿਕ ਕਦਰਾਂ-ਕੀਮਤਾਂ ਜੀਵਨ ਨੂੰ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੀਆਂ ਹਨ। ਜਿੱਥੇ ਇਨ੍ਹਾਂ ਕੀਮਤਾਂ ਦੇ ਧਾਰੀ ਵਿਅਕਤੀ ਅੰਦਰ ਨਕਾਰਾਤਮਿਕਤਾ ਦਾ ਖ਼ਾਤਮਾ ਹੁੰਦਾ ਹੈ, ਉੱਥੇ ਜ਼ਿੰਦਗੀ ’ਚ ਅਨਿਸ਼ਚਿਤਤਾ ਤੋਂ ਵੀ ਨਿਜ਼ਾਦ ਮਿਲਦਾ ਹੈ। ਇਹ ਕੀਮਤਾਂ ਕਰੀਅਰ ਦੀ ਚੋਣ/ਬਦਲਾਅ, ਰਿਸ਼ਤਿਆਂ ਵਿਚ ਟਕਰਾਅ ਜਾਂ ਉਲਝੇ ਸਮਾਜਿਕ ਤਾਣੇ-ਬਾਣੇ ਵਿਚ ਸਪੱਸ਼ਟਤਾ ਪ੍ਰਦਨ ਕਰਦੀਆਂ ਹਨ। ਜਿਹੜਾ ਵਿਅਕਤੀ ਉੱਚ ਨੈਤਿਕ ਆਦਰਸ਼ਾਂ ਦਾ ਧਾਰਨੀ ਹੋਵੇਗਾ, ਉਹ ਕਦੇ ਵੀ ਛੋਟੇ ਲਾਭ ਲਈ ਇਨ੍ਹਾਂ ਆਦਰਸ਼ਾਂ ਨਾਲ ਸਮਝੌਤਾ ਨਹੀਂ ਕਰੇਗਾ। ਮਨੋਵਿਗਿਆਨੀਆਂ ਨੇ ਇਹ ਸਿੱਧ ਕੀਤਾ ਹੈ ਕਿ ਉੱਚ ਆਦਰਸ਼ਾਂ ਵਾਲੇ ਲੋਕ ਜਿੱਥੇ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿੰਦੇ ਹਨ, ਉੱਥੇ ਉਹ ਆਪਣੇ ਅੰਦਰੂਨੀ ਵਿਸ਼ਵਾਸ ਨਾਲ ਜੁੜੇ ਰਹਿੰਦੇ ਹਨ।
ਰਿਸ਼ਤਿਆਂ ਨੂੰ ਬਣਾਈ ਰੱਖਦੀਆਂ ਮਜ਼ਬੂਤ
ਨੈਤਿਕ ਕਦਰਾਂ-ਕੀਮਤਾਂ ਅਜਿਹੀ ਕੜੀ ਜਾਂ ਬੰਨ੍ਹ ਦਾ ਕੰਮ ਕਰਦੀਆਂ ਹਨ, ਜਿਹੜੀਆਂ ਇਨਸਾਨ ਨੂੰ ਅਰਥਪੂਰਨ ਸਬੰਧਾਂ ਭਾਵ ਮਜ਼ਬੂਤ ਰਿਸ਼ਤਿਆਂ ਨੂੰ ਬਣਾਈ ਰੱਖਦੀਆਂ ਹਨ। ਸਾਂਝੇ ਮੁੱਲ ਮਿੱਤਰਤਾ, ਸਾਂਝਪਣ ਤੇ ਪਰਿਵਾਰਾਂ ਵਿਚ ਭਰੋਸਾ, ਹਮਦਰਦੀ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਦੇ ਹਨ। ਜਦੋਂ ਮਨੁੱਖ ਵਫ਼ਾਦਾਰੀ, ਸਮਾਨਤਾ ਅਤੇ ਦਿਆਲਤਾ ਨੂੰ ਤਰਜੀਹ ਦਿੰਦਾ ਹੈ ਤਾਂ ਆਪਸੀ ਝਗੜਿਆਂ ਦੀ ਅਣਹੋਂਦ ਹੋ ਜਾਂਦੀ ਹੈ। ਇੱਕ-ਦੂਜੇ ਦੀ ਸਹਿ-ਹੋਂਦ ਨੂੰ ਬਣਾ ਕੇ ਰੱਖਣ ਨਾਲ ਬਹੁਤ ਸਾਰੀਆਂ ਰੋਜ਼ਮਰ੍ਹਾ ਦੀਆਂ ਉਲਝਣਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਉਲਟ ਅਸੀਂ ਆਪਣੇ ਆਲੇ-ਦੁਆਲੇ ਅਸ਼ਾਂਤੀ, ਬੇਭਰੋਸਗੀ, ਬੇਈਮਾਨੀ ਦਾ ਜਾਲ ਵਿਛਾ ਲੈਂਦੇ ਹਾਂ। ਅੱਜ ਦੇ ਤਕਨੀਕੀ ਦੌਰ ’ਚ ਜਿੱਥੇ ਸਮੁੱਚਾ ਸੰਸਾਰ ਦੇਸ਼ ਬਣ ਗਿਆ ਹੈ, ਉੱਥੇ ਅੰਤਰਰਾਸ਼ਟਰੀ ਪੱਧਰ ਦਾ ਸੰਤੁਲਨ ਬਣਾਉਣ ਲਈ ਇਨ੍ਹਾਂ ਦੀ ਅਹਿਮ ਭੂਮਿਕਾ ਹੈ।
ਸਫਲਤਾ ਵੱਲ ਵਧਣ ਦਾ ਰਸਤਾ ਹੁੰਦਾ ਸਾਫ਼
ਨੈਤਿਕ ਕਦਰਾਂ-ਕੀਮਤਾਂ ਤੇ ਆਦਰਸ਼ ਮਨੁੱਖ ਦੀ ਜਿੰਦਗੀ ਨੂੰ ਜਿੱਥੇ ਲਚਕੀਲਾਪਣ ਪ੍ਰਦਾਨ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਦੇ ਨਾਲ-ਨਾਲ ਸਮਾਜਿਕ ਭਾਈਚਾਰੇ ਨੂੰ ਵੀ ਉੱਤਮਤਾ ਪ੍ਰਦਾਨ ਕਰਦੇ ਹਨ। ਇਹ ਮਨੁੱਖ ਦੇ ਜੀਵਨ ਵਿਚ ਸ਼ੁੱਧ ਹਵਾ/ਆਕਸੀਜਨ ਦਾ ਕੰਮ ਕਰਦੇ ਹਨ। ਮੁੱਲ ਮਨੁੱਖ ਨੂੰ ਮਨ ਪੱਖੋਂ ਮਜ਼ਬੂਤੀ ਪ੍ਰਦਾਨ ਕਰ ਕੇ ਸਫਲਤਾ ਵੱਲ ਵਧਣ ਦਾ ਰਸਤਾ ਸਾਫ਼ ਕਰਦੇ ਹਨ। ਜੇ ਮਨ ਮਜ਼ਬੂਤ ਹੈ ਤਾਂ ਅਸਫਲਤਾ ਦੇ ਥੋੜ੍ਹੇ-ਬਹੁਤ ਝਟਕੇ ਵੀ ਆਸਾਨੀ ਨਾਲ ਸਹਾਰੇ ਜਾ ਸਕਦੇ ਹਨ। ਜੋ ਵਿਅਕਤੀ ਉੱਚ ਆਦਰਸ਼ਾਂ ਦਾ ਧਾਰਨੀ ਹੋਵੇਗਾ, ਉਹ ਨਿਸ਼ਚਿਤ ਤੌਰ ’ਤੇ ਅੰਦਰੂਨੀ ਤੇ ਬਾਹਰੀ ਚਿੰਤਾਵਾਂ ਤੋਂ ਦੂਰ ਹੋਵੇਗਾ। ਮੁੱਲ ਬਾਹਰੀ ਦਬਾਅ ਹੈ, ਜਿਸ ਦਾ ਪ੍ਰਭਾਵ ਅੰਦਰੂਨੀ ਤੇ ਚਿਰਸਥਾਈ ਹੁੰਦਾ ਹੈ।ਉੱਚ ਨੈਤਿਕ ਆਦਰਸ਼ ਮਨੁੱਖ ਨੂੰ ਸਫਲਤਾ ਦੀਆਂ ਉਚਾਈਆਂ ’ਤੇ ਲੈ ਕੇ ਜਾਂਦਾ ਹੈ। ਇਹ ਆਦਰਸ਼ ਅੰਦਰੂਨੀ ਪੱਖੋਂ ਸਵੈ-ਵਿਸ਼ਵਾਸ ਪੈਦਾ ਕਰਦੇ ਹਨ, ਜਿਸ ਦਾ ਨਤੀਜਾ ਸਫਲਤਾ ਦੇ ਰੂਪ ਵਿਚ ਬਾਹਰੀ ਹੁੰਦਾ ਹੈ। ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਦੱਸੇ ਜਾਂ ਸਿਖਾਏ ਜਾਂਦੇ ਮੁੱਲਾਂ ਕਾਰਨ ਇਹ ਸਥਾਪਿਤ ਹੋ ਜਾਂਦੇ ਹਨ, ਜੋ ਕਿਸੇ ਵੀ ਕੌਮ ਦੀ ਤਰੱਕੀ ਲਈ ਲਾਹੇਵੰਦ ਸਾਬਿਤ ਹੁੰਦੇ ਹਨ।
ਲੰਬੇ ਸਮੇਂ ਦੀ ਪ੍ਰਕਿਰਿਆ
ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਲੰਬੇ ਸਮੇਂ ਦੀ ਪ੍ਰਕਿਰਿਆ ਹੈ, ਜੋ ਲੈਕਚਰਾਂ ਤਕ ਸੀਮਤ ਨਾ ਹੋ ਕੇ ਵਿਹਾਰਕ ਪੱਧਰ ’ਤੇ ਹੈ। ਵਿਦਿਆਰਥੀਆਂ ਅੰਦਰ ਨੈਤਿਕ ਮੁੱਲਾਂ ਦਾ ਸੰਚਾਰ ਅਧਿਆਪਕਾਂ ਤੇ ਮਾਪਿਆਂ ਰਾਹੀਂ ਸੰਚਾਰਿਤ ਹੁੰਦਾ ਹੈ। ਜਿਹੋ ਜਿਹਾ ਆਚਰਨ ਵੱਡੇ ਅਪਣਾਉਣਗੇ, ੳਹੋ ਜਿਹਾ ਬੱਚੇ ਧਾਰਨ ਕਰਨਗੇ। ਇਸੇ ਕਰਕੇ ਇਹ ਗੱਲ ਤਸਦੀਕ ਕੀਤੀ ਜਾਂਦੀ ਹੈ ਕਿ ਬੱਚਿਆਂ ਸਾਹਮਣੇ ਅਧਿਆਪਕ ਤੇ ਮਾਪੇ ਇਮਾਨਦਾਰੀ, ਸਵੈ-ਅਨੁਸ਼ਾਸਨ, ਹਮਦਰਦੀ, ਨਿਰਪੱਖਤਾ, ਸਪੱਸ਼ਟਤਾ ਅਤੇ ਜ਼ਿੰਮੇਵਾਰੀ ਦਾ ਪ੍ਰਦਰਸ਼ਨ ਕਰਨ ਤਾਂ ਜੋ ਇਹ ਆਰਚਨ ਵਿਰਾਸਤ ਵਾਂਗ ਅੱਗੇ ਵਧੇ। ਇਸ ਕਰਕੇ ਸਾਨੂੰ ਬੱਚਿਆਂ ਸਾਹਮਣੇ ਰੋਲ ਮਾਡਲ ਵਾਂਗ ਪੇਸ਼ ਆਉਣਾ ਚਾਹੀਦਾ ਹੈ।
ਸਮਾਜਿਕ ਵਿਸ਼ਿਆ ਰਾਹੀਂ ਹੋਣਾ ਚਾਹੀਦਾ ਸੰਚਾਰਿਤ
ਨੈਤਿਕ ਮੁੱਲਾਂ ਦਾ ਸੰਚਾਰ ਵੱਖਰੇ ਵਿਸ਼ੇ ਵਜੋਂ ਨਹੀਂ ਸਗੋਂ ਪਾਠਕ੍ਰਮ ਦੇ ਮਾਧਿਅਮ ਰਾਹੀਂ ਹੋਣਾ ਚਾਹੀਦਾ ਹੈ। ਇਹ ਕਵਿਤਾਵਾਂ, ਕਹਾਣੀਆਂ, ਲੇਖ, ਵਿਅੰਗਾਤਮਿਕ, ਸਮਾਜਿਕ ਵਿਸ਼ਿਆ ਰਾਹੀਂ ਸੰਚਾਰਿਤ ਹੋਣਾ ਚਾਹੀਦਾ ਹੈ। ਮੁੱਲਾਂ ਦੇ ਵਿਕਾਸ ਵਿਚ ਇਤਿਹਾਸ ਵਿਸ਼ਾ ਅਹਿਮ ਯੋਗਦਾਨ ਪਾ ਸਕਦਾ ਹੈ ਕਿਉਂਕਿ ਇਸ ਵਿਸ਼ੇ ਦੇ ਮਾਧਿਅਮ ਰਾਹੀਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸ਼ਖ਼ਸੀਅਤਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਾਹਿਤ ਦੇ ਮਾਧਿਅਮ ਰਾਹੀਂ ਵੀ ਇਸ ਦਾ ਵਿਕਾਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਣਿਤ ਵਿਸ਼ਾ ਜਿੱਥੇ ਸਾਨੂੰ ਨਿਰਪੱਖਤਾ ਦੀ ਸਮਝ ਦੱਸਦਾ ਹੈ, ਉੱਥੇ ਸਾਇੰਸ ਵਿਸ਼ਾ ਜਾਂਚ-ਪੜਤਾਲ, ਸਪੱਸ਼ਟਤਾ ਦੀ ਸਮਝ-ਸੂਝ ਪੈਦਾ ਕਰਦਾ ਹੈ।
ਸੋਸ਼ਲ ਮੀਡੀਆ ਦੀ ਯੋਗ ਵਰਤੋਂ
ਅਸਲ ਜੀਵਨ ’ਚ ਦਰਪੇਸ਼ ਆਉਂਦੀਆਂ ਸਮੱਸਿਆਵਾਂ ਤੇ ਉਸ ’ਤੇ ਸਕਾਰਾਤਮਿਕ ਚਰਚਾ ਕਰ ਕੇ ਇਸ ਨੂੰ ਮੁੱਲਾਂ ਨਾਲ ਜੋੜਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਦੀ ਯੋਗ ਵਰਤੋਂ ਕਰ ਕੇ ਬੱਚਿਆਂ ਨੂੰ ਸਮਾਜ ’ਚ ਵਾਪਰਦੀਆਂ ਘਟਨਾਵਾਂ ਦੇ ਗੁਣ-ਔਗੁਣ ਦੱਸ ਕੇ ਵੀ ਮੁੱਲਾਂ ਦਾ ਸੰਚਾਰ ਕੀਤਾ ਜਾ ਸਕਦਾ ਹੈ। ਅਸਲ ਸਮਾਜਿਕ ਵਰਤਾਰੇ ’ਚ ਛੋਟਿਆਂ ਲਈ ਪਿਆਰ ਭਾਵਨਾ ਤੇ ਉਨ੍ਹਾਂ ਦੀ ਅਕਾਦਮਿਕ ਮਦਦ, ਹਾਣੀ ਨਾਲ ਮਿਲਵਰਤਨ ਅਤੇ ਆਪਣੇ ਤੋਂ ਵੱਡਿਆਂ ਲਈ ਸਤਿਕਾਰ ਦੀ ਭਾਵਨਾ ਵੀ ਉੱਚ ਆਦਰਸ਼ਾਂ ਵਿਚ ਸਹਾਈ ਹੁੰਦੀ ਹੈ। ਬੱਚਿਆਂ ਦੀਆਂ ਹੋਈਆਂ ਗ਼ਲਤੀਆਂ ’ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਦੀ ਬਜਾਏ ਉਸ ਨੂੰ ਹਮਦਰਦੀ ਨਾਲ ਵਿਚਾਰਦਿਆਂ ਠੀਕ ਕਿਵੇਂ ਕਰ ਸਕਦੇ ਹੋ, ਬਾਰੇ ਸੋਚਣਾ ਚਾਹੀਦਾ ਹੈ, ਤਾਂ ਜੋ ਬੱਚੇ ਨੂੰ ਇਹ ਸਵੈ-ਅਹਿਸਾਸ ਹੋਵੇ ਕਿ ਉਸ ਨੇ ਗ਼ਲਤ ਕੀਤਾ ਹੈ। ਇਹ ਅਹਿਸਾਸ ਹੀ ਮੁੱਲਾਂ ਦੇ ਸਿਖਲਾਈ ਹਨ।
ਹਾਂ-ਪੱਖੀ ਸ਼ਬਦਾਂ ਦਾ ਕੀਤਾ ਜਾਵੇ ਪ੍ਰਯੋਗ
ਬੱਚਿਆਂ ਅੰਦਰ ਭਾਵਨਾਤਮਿਕ ਤੇ ਹਮਦਰਦੀ ਦੇ ਮੁੱਲਾਂ ਦਾ ਸੰਚਾਰ ਸਪੱਸ਼ਟ ਹੋਣਾ ਚਾਹੀਦਾ ਹੈ। ਸਾਰੇ ਬੱਚੇ ਇਕ ਸਮਾਨ ਹਨ, ਸਾਰੇ ਆਪਣੀ ਹੋਂਦ ਰੱਖਦੇ ਹਨ, ਅਜਿਹੀ ਗੱਲਾਂ ਦਾ ਸੰਚਾਰ ਅਧਿਆਪਨ ਦੌਰਾਨ ਕੀਤਾ ਜਾ ਸਕਦਾ ਹੈ। ਜਮਾਤ-ਕਮਰਾ ਜਾਂ ਖੇਡ ਮੈਦਾਨ ਵਿਚ ਇਸ ਦਾ ਵਿਕਾਸ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਛੋਟੀਆਂ ਜਮਾਤਾਂ ਦੇ ਬੱਚੇ ਤੁਹਾਡੇ ਭੈਣ-ਭਰਾ ਹਨ, ਉਨ੍ਹਾਂ ਨਾਲ ਪਿਆਰ ਤੇ ਹਮਦਰਦੀ ਵਾਲਾ ਵਤੀਰਾ ਰੱਖਿਆ ਜਾਵੇ, ਬੱਚਿਆਂ ਲਈ ਸਕਾਰਾਤਮਿਕ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ, ਇਹ ਉਨ੍ਹਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਸਕੂਲ ਨਿਯਮਾਂ ਵਿਚ ਬੱਝੀ ਹੋਈ ਸੰਸਥਾ ਹੈ। ਸੁਭਾਵਿਕ ਹੈ ਕਿ ਇਸ ਵਿਚ ਵਿਚਰ ਰਹੇ ਅਧਿਆਪਕ ਤੇ ਵਿਦਿਆਰਥੀ ਵੀ ਇਸ ਦੇ ਘੇਰੇ ਵਿਚ ਹਨ। ਜੇ ਕੋਈ ਵਿਦਿਆਰਥੀ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਅਹਿਸਾਸ ਦਿਵਾਓ ਕਿ ਇਹ ਸਕੂਲ ਦੇ ਨਿਯਮਾਂ ਵਿਚ ਹੈ ਜਾਂ ਉਲੰਘਣਾ ਵਿਚ ਆਉਂਦਾ ਹੈ। ਅਜਿਹੀ ਸਥਿਤੀ ਵਿਚ ਬੱਚੇ ਖ਼ੁਦ-ਬ-ਖ਼ੁਦ ਮੁੱਲਾਂ ਦੇ ਧਾਰਨੀ ਹੋ ਜਾਣਗੇ।
ਮਾਪੇ-ਅਧਿਆਪਕ ਮਿਲਣੀ ਦਾ ਪ੍ਰਬੰਧ
ਸਕੂਲ ਵਿਚ ਜਿੱਥੇ ਅਕਾਦਮਿਕ ਉੱਨਤੀ ਨੂੰ ਸਨਮਾਨਿਤ ਬੋਰਡ ਰਾਹੀਂ ਦਰਸਾਇਆ ਜਾਂਦਾ ਹੈ, ਉੱਥੇ ਉੱਚ ਨੈਤਿਕ ਆਦਰਸ਼ਾਂ ਵਾਲੇ ਵਿਦਿਆਰਥੀਆਂ ਨੂੰ ਇਸ ਪੱਧਰ ’ਤੇ ਦਰਸਾਇਆ ਜਾਵੇ ਅਤੇ ਸਮੇਂ-ਸਮੇਂ ’ਤੇ ਇਨਾਮ ਤਕਸੀਮ ਕੀਤੇ ਜਾਣ। ਅਜਿਹੇ ਵਿਦਿਆਰਥੀਆਂ ਲਈ ਉਨ੍ਹਾਂ ਦੁਆਰਾ ਕੀਤੇ ਵਿਸ਼ੇਸ਼ ਮੁੱਲ ਕਾਰਜ ਜਿਵੇਂ ਸਵੈ-ਅਨੁਸ਼ਾਸਿਤ, ਇਮਾਨਦਾਰ, ਦਿਆਲੂਤਾ, ਮਦਦਗਾਰ ਆਦਿ ਸ਼ਬਦਾਂ ਰਾਹੀਂ ਅਲੰਕਿਤ ਕੀਤਾ ਜਾਵੇ ਤਾਂ ਜੋ ਬਾਕੀ ਵਿਦਿਆਰਥੀ ਵੀ ਉਤਸ਼ਾਹਿਤ ਹੋਣ। ਸੰਸਾਰ ਪ੍ਰਸਿੱਧ ਨਾਇਕਾਂ ਜਿਵੇਂ ਅਬਰਾਹਨ ਲਿੰਕਨ, ਨੈਲਸਨ ਮੰਡੇਲਾ, ਮਰਹੂਮ ਏਪੀਜੇ ਅਬਦੁਲ ਕਲਾਮ, ਮਹਾਤਮਾ ਗਾਂਧੀ ਦੇ ਨਾਲ ਸਥਾਨਕ ਸ਼ਖ਼ਸੀਅਤਾਂ ਬਾਰੇ ਦੱਸ ਕੇ ਮੁੱਲਾਂ ਦਾ ਸੰਚਾਰ ਕੀਤਾ ਜਾ ਸਕਦਾ ਹੈ। ਅਜਿਹੇ ਮੁੱਲਾਂ ਦਾ ਸੰਚਾਰ ਕਰਨ ਲਈ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਘਰ ਦਾ ਵਾਤਾਵਰਨ ਵੀ ਅਜਿਹਾ ਹੋ ਜਾਵੇ। ਇਸ ਵਾਸਤੇ ਸਕੂਲ ਪੱਧਰ ’ਤੇ ਮਾਪੇ-ਅਧਿਆਪਕ ਮਿਲਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਚੌਗਿਰਦੇ ’ਚ ਕਰੀਏ ਉੱਚ ਆਦਰਸ਼ਾਂ ਦਾ ਸੰਚਾਰ
ਉੱਚ ਨੈਤਿਕ ਆਦਰਸ਼ਾਂ ਨੂੰ ਅਪਣਾਇਆ ਜਾਂਦਾ ਹੈ, ਨਾ ਕਿ ਸਿਖਾਇਆ ਜਾਂਦਾ ਹੈ। ਅਧਿਆਪਕਾਂ ਜਾਂ ਮਾਪਿਆਂ ਦੁਆਰਾ ਇਸ ਬਾਰੇ ਦੱਸਿਆ ਜਾਂਦਾ ਹੈ, ਅਪਣਾਉਣਾ ਜਾਂ ਨਾ ਅਪਣਾਉਣਾ ਬੱਚੇ ਦੀ ਇੱਛਾ ’ਤੇ ਨਿਰਭਰ ਕਰਦਾ ਹੈ, ਬਸ ਵੱਡਿਆਂ ਦਾ ਇੰਨਾ ਹੀ ਕੰਮ ਹੈ ਕਿ ਉਹ ਬੱਚਿਆਂ ਅੰਦਰ ਇੱਛਾ ਪੈਦਾ ਕਰਨ। ਬੱਚਾ ਆਲੇ-ਦੁਆਲੇ ਤੋਂ ਦੇਖ ਕੇ ਹੀ ਵੱਖ-ਵੱਖ ਗੁਣਾਂ ਨੂੰ ਧਾਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਚੌਗਿਰਦੇ ਵਿਚ ਉੱਚ ਆਦਰਸ਼ਾਂ ਦਾ ਸੰਚਾਰ ਕਰੀਏ ਕਿਉਂਕਿ ਇਹ ਆਦਰਸ਼ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਪ੍ਰਤੀਬਿੰਬ ਬਣਦਾ ਹੈ।
- ਰਾਜ ਕੁਮਾਰ