ਅੱਜ ਦੇ ਸਮੇਂ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਜਿਸ ਚੀਜ਼ ਦੀ ਪਹਿਲੀ ਜਾਣਕਾਰੀ ਮਿਲਦੀ ਹੈ, ਉਹ ਹੈ ਮੋਬਾਈਲ ਕਿਉਂਕਿ ਉਸ ਦੀ ਪਹਿਲੀ ਤਸਵੀਰ ਇਸ ਫੋਨ ਰਾਹੀਂ ਹੀ ਖਿੱਚ ਕੇ ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਤਕ ਭੇਜੀ ਜਾਂਦੀ ਹੈ। ਇਸ ਤਰ੍ਹਾਂ ਉਸ ਦਾ ਨਾਤਾ ਸਭ ਤੋਂ ਪਹਿਲਾਂ ਫੋਨ ਨਾਲ ਜੁੜ ਜਾਂਦਾ ਹੈ ਜਦੋਂਕਿ ਉਸ ਨੂੰ ਅਜੇ ਗੁੜ੍ਹਤੀ ਵੀ ਨਹੀਂ ਦਿੱਤੀ ਹੁੰਦੀ।

ਅੱਜ ਅਸੀਂ ਏਆਈ ਦੇ ਯੁੱਗ ਵਿੱਚੋਂ ਲੰਘ ਰਹੇ ਹਾਂ। ਸਮੇਂ ਨੇ ਬਦਲਣਾ ਹੁੰਦਾ ਹੈ, ਇਹ ਕੁਦਰਤ ਦਾ ਨਿਯਮ ਹੈ। ਤਬਦੀਲੀ ਨਾਲ ਹੀ ਵਿਕਾਸ ਹੁੰਦਾ ਹੈ। ਜੇ ਅਸੀਂ ਪੁਰਾਣੇ ਕੱਪੜੇ ਨਹੀਂ ਉਤਾਰਾਂਗੇ ਤਾਂ ਨਵੇਂ ਪਾਉਣ ਦੀ ਵਾਰੀ ਨਹੀਂ ਆਵੇਗੀ। ਇਸੇ ਤਰ੍ਹਾਂ ਇਹ ਸਮਾਜ ਢਹਿੰਦਾ ਤੇ ਉਸਰਦਾ ਰਹਿੰਦਾ ਹੈ। ਸਮਿਆਂ ’ਤੇ ਝਾਤੀ ਮਾਰੀਏ ਤਾਂ ਕਿੰਨੀਆਂ ਸੱਭਿਅਤਾਵਾਂ ਇਸ ਸੰਸਾਰ ਵਿਚ ਆਈਆਂ ਤੇ ਚਲੇ ਗਈਆਂ। ਇਸੇ ਤਰ੍ਹਾਂ ਅੱਜ ਸਾਡਾ ਸਮਾਜ ਵਿਕਾਸ ਦੀ ਲੀਹ ਨੂੰ ਫੜ ਕੇ ਉੱਚੀਆਂ ਉਡਾਰੀਆਂ ਮਾਰ ਰਿਹਾ ਹੈ। ਦੇਖਣਾ ਇਹ ਹੈ ਕਿ ਇਹ ਵਿਕਾਸ ਕੁਦਰਤਮੁਖੀ ਹੈ ਕਿ ਮਨਮੁਖੀ ਹੈ। ਜੇ ਇਹ ਵਿਕਾਸ ਮਨਮੁਖੀ ਹੈ ਤਾਂ ਇਸ ਨਾਲ ਵਿਨਾਸ਼ ਵੀ ਹੋਵੇਗਾ। ਜੇ ਇਹ ਕੁਦਰਤਮੁਖੀ ਹੈ ਤਾਂ ਕੁਦਰਤ ਸਾਡੇ ਅੰਗ-ਸੰਗ ਹੋ ਕੇ ਸਾਨੂੰ ਖ਼ੁਸ਼ੀਆਂ-ਖੇੜੇ ਪ੍ਰਦਾਨ ਕਰੇਗੀ।
ਫੋਨ ਦੇਖ ਕੇ ਖਾਂਦੇ ਖਾਣਾ
ਅੱਜ ਦੇ ਸਮੇਂ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਜਿਸ ਚੀਜ਼ ਦੀ ਪਹਿਲੀ ਜਾਣਕਾਰੀ ਮਿਲਦੀ ਹੈ, ਉਹ ਹੈ ਮੋਬਾਈਲ ਕਿਉਂਕਿ ਉਸ ਦੀ ਪਹਿਲੀ ਤਸਵੀਰ ਇਸ ਫੋਨ ਰਾਹੀਂ ਹੀ ਖਿੱਚ ਕੇ ਯਾਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਤਕ ਭੇਜੀ ਜਾਂਦੀ ਹੈ। ਇਸ ਤਰ੍ਹਾਂ ਉਸ ਦਾ ਨਾਤਾ ਸਭ ਤੋਂ ਪਹਿਲਾਂ ਫੋਨ ਨਾਲ ਜੁੜ ਜਾਂਦਾ ਹੈ ਜਦੋਂਕਿ ਉਸ ਨੂੰ ਅਜੇ ਗੁੜ੍ਹਤੀ ਵੀ ਨਹੀਂ ਦਿੱਤੀ ਹੁੰਦੀ। ਇਸੇ ਕਰਕੇ ਉਹ ਜਦੋਂ ਆਪਣੀਆਂ ਅੱਖਾਂ ਖੋਲ੍ਹਦਾ ਤੇ ਆਲੇ ਦੁਆਲੇ ਦੇ ਸੰਸਾਰ ਨੂੰ ਦੇਖਦਾ ਹੈ ਤਾਂ ਉਸ ਦੇ ਪਰਿਵਾਰ ਦਾ ਹਰ ਜੀਅ ਸਕਰੀਨ ਨਾਲ ਚਿੰਬੜਿਆ ਦਿਖਾਈ ਦਿੰਦਾ ਹੈ। ਉਸ ਨੂੰ ਵੀ ਇੰਝ ਮਹਿਸੂਸ ਹੁੰਦਾ ਹੈ ਕਿ ਸਭ ਤੋਂ ਉੱਤਮ ਤੇ ਮਹੱਤਵਪੂਰਨ ਕਾਰਜ ਸਕਰੀਨ ਨਾਲ ਜੁੜਨਾ ਹੀ ਹੈ ਜਾਂ ਸਕਰੀਨ ਵਿੱਚੋਂ ਕੁਝ ਲੱਭਣਾ ਹੈ। ਜਿਵੇਂ ਜਿਵੇਂ ਉਸ ਨੂੰ ਸੋਝੀ ਆਉਂਦੀ ਹੈ ਤਾਂ ਉਹ ਆਪਣੀ ਮਾਂ ਕੋਲੋਂ ਇਸ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਮਾਵਾਂ ਆਪਣਾ ਕੰਮ ਕਾਰ ਨਿਬੇੜਨ ਵਾਸਤੇ ਬੱਚੇ ਹੱਥ ਮੋਬਾਈਲ ਫੋਨ ਫੜਾ ਦਿੰਦੀਆਂ ਹਨ ਤੇ ਬੱਚਾ ਆਪਣੀ ਮਰਜ਼ੀ ਨਾਲ ਉਂਗਲਾਂ ਮਾਰਦਾ-ਮਾਰਦਾ ਪਤਾ ਨਹੀਂ ਕਿਹੜੇ ਡੂੰਘੇ ਖੂਹ ਵਿੱਚ ਡਿੱਗ ਪੈਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅੱਜ-ਕੱਲ੍ਹ ਦੇ ਬੱਚੇ ਫੋਨ ਫੜ ਕੇ ਹੀ ਖਾਣਾ ਖਾਂਦੇ ਹਨ ਜਾਂ ਦੁੱਧ ਪੀਂਦੇ ਹਨ। ਇਥੋਂ ਤੱਕ ਕਿ ਉਹ ਪੜ੍ਹਨ ਲਈ ਵੀ ਤਰਜੀਹ ਫੋਨ ਨੂੰ ਹੀ ਦੇ ਰਹੇ ਹਨ।
ਮਸ਼ੀਨ ਦਾ ਬਣਿਆ ਗ਼ੁਲਾਮ
ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਯੰਤਰ ਨੇ ਸਾਨੂੰ ਕੀ ਕੁਝ ਦਿੱਤਾ ਤੇ ਕੀ ਕੁਝ ਖੋਹਿਆ। ਮਸ਼ੀਨ ਮਨੁੱਖ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਤਿਆਰ ਕੀਤੀ ਗਈ ਸੀ ਜਦੋਂਕਿ ਅੱਜ ਮਨੁੱਖ ਮਸ਼ੀਨ ਦਾ ਗੁਲਾਮ ਬਣਿਆ ਬੈਠਾ ਹੈ। ਇਸ ਗ਼ੁਲਾਮੀ ਕਾਰਨ ਹੀ ਮਨੁੱਖ ਵਿੱਚੋਂ ਮਨੁੱਖਤਾ ਖ਼ਤਮ ਹੋ ਰਹੀ ਹੈ ਤੇ ਬੱਚਿਆਂ ਵਿੱਚੋਂ ਬਚਪਨਾ ਗਾਇਬ ਹੋ ਗਿਆ ਹੈ। ਉਹ ਉਮਰ ਤੋਂ ਪਹਿਲਾਂ ਹੀ ਜਵਾਨ ਹੋਣ ਲੱਗ ਪਏ ਹਨ। ਇਨ੍ਹਾਂ ਸਭ ਵਰਤਾਰਿਆਂ ਵਿਚ ਸਭ ਤੋਂ ਵੱਡਾ ਯੋਗਦਾਨ ਮਾਂ ਤੇ ਪਰਿਵਾਰ ਦਾ ਹੈ। ਜੇ ਅਸੀਂ ਪਰਿਵਾਰ ਵਿਚ ਇਕੱਠੇ ਬੈਠ ਕੇ ਗੱਲਬਾਤ ਕਰਦੇ ਹਾਂ, ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ ਅਤੇ ਫੋਨ ਦੀ ਵਰਤੋਂ ਲੋੜ ਅਨੁਸਾਰ ਵਰਤਦੇ ਹਾਂ ਤਾਂ ਸਾਡੇ ਨਵਜੰਮੇ ਅਤੇ ਵੱਡੇ ਹੋ ਰਹੇ ਬੱਚੇ ’ਤੇ ਵੀ ਉਹੀ ਪ੍ਰਭਾਵ ਪੈਂਦਾ ਹੈ। ਬੱਚੇ ਨੇ ਤਾਂ ਨਕਲ ਕਰਨੀ ਹੁੰਦੀ ਹੈ। ਉਹ ਸਭ ਤੋਂ ਪਹਿਲਾਂ ਮਾਂ-ਬਾਪ ਤੇ ਪਰਿਵਾਰ ਦੀ ਨਕਲ ਕਰਦਾ ਹੈ। ਪਰਿਵਾਰ ਹੀ ਸਭ ਤੋਂ ਵੱਡਾ ਸਕੂਲ ਹੁੰਦਾ ਹੈ।
ਪਰਿਵਾਰ ਦੀ ਜ਼ਿੰਮੇਵਾਰੀ
ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਬਚਾਉਣ ਲਈ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਡੇ ਹੋ ਰਹੇ ਬੱਚੇ ਹੱਥ ਘੱਟ ਤੋਂ ਘੱਟ ਸਮਾਂ ਫੋਨ ਦੇਈਏ ਅਤੇ ਖ਼ੁਦ ਵੀ ਘੱਟ ਤੋਂ ਘੱਟ ਸਮਾਂ ਉਸ ਦੇ ਸਾਹਮਣੇ ਫੋਨ ਦੀ ਵਰਤੋਂ ਕਰੀਏ। ਮਾਹਿਰ ਵਿਗਿਆਨੀਆਂ ਤੇ ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਸਾਲ ਦੀ ਉਮਰ ਤੱਕ ਬੱਚੇ ਨੂੰ ਸਕਰੀਨ ਦਿਖਾਉਣੀ ਹੀ ਨਹੀਂ ਚਾਹੀਦੀ ਕਿਉਂਕਿ ਇਸ ਵਿੱਚੋਂ ਆਉਂਦੀਆਂ ਰੰਗ-ਬਿਰੰਗੀਆਂ ਕਿਰਨਾਂ ਉਸ ਦੀ ਦ੍ਰਿਸ਼ਟੀ ਅਤੇ ਦਿਮਾਗ਼ ’ਤੇ ਮਾੜਾ ਅਸਰ ਪਾਉਂਦੀਆਂ ਹਨ। ਅਸੀਂ ਬੱਚੇ ਨੂੰ ਖ਼ੁਸ਼ ਕਰਨ ਦੀ ਇਹ ਜਿਹੜੀ ਲਤ ਲਾਈ ਹੈ, ਉਹ ਉਸ ਦੇ ਭਵਿੱਖ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ।
ਇਕਾਗਰਤਾ ਹੁੰਦੀ ਹੈ ਭੰਗ
ਬਾਲ ਮਾਨਸਿਕਤਾ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਵਿਚ ਸਭ ਤੋਂ ਭੈੜਾ ਪ੍ਰਭਾਵ ਇਹ ਹੈ ਕਿ ਬੱਚੇ ਦੀ ਇਕਾਗਰਤਾ ਭੰਗ ਹੁੰਦੀ ਹੈ। ਉਸ ਅੰਦਰ ਚਿੜਚਿੜਾਪਣ ਆ ਜਾਂਦਾ ਹੈ। ਬਹੁਤ ਜਲਦੀ ਐਨਕਾਂ ਲੱਗ ਜਾਂਦੀਆਂ ਹਨ। ਉਹ ਕਿਸੇ ਵੀ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੇ ਕਾਬਿਲ ਨਹੀਂ ਹੁੰਦਾ ਸਗੋਂ ਇਧਰ-ਉਧਰ ਦੀਆਂ ਗੱਲਾਂ ਨਾਲ ਗੁਜ਼ਾਰਾ ਕਰਨਾ ਸਿੱਖ ਜਾਂਦਾ ਹੈ। ਲੋੜ ਅਨੁਸਾਰ ਕੀਤੀ ਵਰਤੋਂ ਸਾਨੂੰ ਸਮੇਂ ਦਾ ਹਾਣੀ ਬਣਾਉਂਦੀ ਹੈ। ਜਿਹੜੇ ਵਿਦਿਆਰਥੀ ਇਸ ਦੀ ਨਾਜਾਇਜ਼ ਵਰਤੋਂ ਕਰਦੇ ਹਨ, ਉਨ੍ਹਾਂ ਦੇ ਦਿਲ ਤੇ ਦਿਮਾਗ਼ ਵਿਚ ਰੌਸ਼ਨ ਕਿਰਨਾਂ ਦੀ ਬਜਾਏ ਹਨੇਰੇ ਦਾ ਪਸਾਰਾ ਹੁੰਦਾ ਜਾਂਦਾ ਹੈ। ਉਹ ਪਰਿਵਾਰਕ ਪਿਆਰ ਅਤੇ ਰਿਸ਼ਤੇ-ਨਾਤਿਆਂ ਦੀ ਆਦਰ ਕਰਨਾ ਵੀ ਭੁੱਲ ਜਾਂਦੇ ਹਨ। ਕਹਿਣ ਤੋਂ ਭਾਵ ਇਹ ਕਿ ਜੇ ਅਸੀਂ ਫੋਨ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਸਾਡੇ ਬੱਚੇ ਜੀਵਨ ਵਿੱਚ ਗੁਣੀ ਗਿਆਨੀ ਨਹੀਂ ਬਣ ਸਕਦੇ। ਬਚਪਨ ’ਚ ਹੀ ਬੱਚੇ ਨੂੰ ਇਸ ਦਾ ਸਹੀ ਇਸਤੇਮਾਲ ਸਿਖਾਇਆ ਜਾਣਾ ਜ਼ਰੂਰੀ ਹੈ। ਜਿਹੜੀਆਂ ਐਪਸ ਬੱਚੇ ਨੂੰ ਗਿਆਨ ਦਿੰਦੀਆਂ ਹਨ, ਉਹੀ ਉਸ ਦੇ ਫੋਨ ’ਤੇ ਹੋਣੀਆਂ ਚਾਹੀਦੀਆਂ ਹਨ।
ਸਰੀਰਕ ਕਸਰਤਾਂ ਵੱਲ ਦਿੱਤਾ ਜਾਵੇ ਧਿਆਨ
ਸੋਸ਼ਲ ਮੀਡੀਆ ਨੇ ਤਾਂ ਹਰ ਕਿਸੇ ਦਾ ਦਿਮਾਗ਼ ਹੀ ਖ਼ਰਾਬ ਕਰ ਦਿੱਤਾ ਹੈ ਕਿਉਂਕਿ ਇਸ ’ਤੇ ਕਿਸੇ ਪ੍ਰਕਾਰ ਦਾ ਨਿਯਮ ਲਾਗੂ ਨਹੀਂ। ਜੇ ਕੋਈ ਨਿਯਮ ਲਾਗੂ ਨਹੀਂ ਤਾਂ ਸੱਚ-ਝੂਠ ਦਾ ਨਿਤਾਰਾ ਕਿਵੇਂ ਹੋਵੇਗਾ? ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਨਰੋਆ ਬਣਾਉਣ ਲਈ ਇਹ ਜ਼ਰੂਰਤ ਹੈ ਕਿ ਉਸ ਦਾ ਸਕਰੀਨ ਟਾਈਮ ਘਟਾਇਆ ਜਾਵੇ ਅਤੇ ਵੱਧ ਤੋਂ ਵੱਧ ਸਰੀਰਕ ਕਸਰਤਾਂ ਵੱਲ ਧਿਆਨ ਦਿੱਤਾ ਜਾਵੇ। ਵੀਡੀਓ ਗੇਮਾਂ ਖੇਡਣ ਦੀ ਬਜਾਏ ਉਹ ਗਰਾਊਂਡ ਵਿਚ ਜਾ ਕੇ ਦੌੜ ਭੱਜ ਕਰੇ ਤਾਂ ਕਿ ਉਸ ਦਾ ਸਰੀਰਕ ਵਿਕਾਸ ਹੋਵੇ ਤੇ ਉਹ ਚੰਗਿਆਂ ਦੀ ਸੰਗਤ ਵਿਚ ਵਿਚਾਰ-ਵਟਾਂਦਰਾ ਕਰੇ। ਉਸ ਦੇ ਵਿਚਾਰਾਂ ਵਿਚ ਉਚਤਾ ਆਵੇ।
ਦਿਮਾਗ਼ੀ ਸ਼ਕਤੀ ’ਤੇ ਪੈਂਦਾ ਨਾਂਹ-ਪੱਖੀ ਅਸਰ
ਏਆਈ ਦੇ ਇਸਤੇਮਾਲ ਨਾਲ ਬੱਚੇ ਦੀ ਸਿਰਜਣਸ਼ੀਲਤਾ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਜਿਹੜੀਆਂ ਗੱਲਾਂ ਉਸ ਨੇ ਖ਼ੁਦ ਖੋਜਣੀਆਂ ਹੁੰਦੀਆਂ ਹਨ, ਉਹ ਉਸ ਨੂੰ ਪਹਿਲਾਂ ਹੀ ਤਿਆਰ ਮਿਲ ਜਾਂਦੀਆਂ ਹਨ, ਜਿਸ ਕਾਰਨ ਉਸ ਦੀ ਦਿਮਾਗੀ ਸ਼ਕਤੀ ’ਤੇ ਵੀ ਨਾਂਹ-ਪੱਖੀ ਅਸਰ ਪੈਂਦਾ ਹੈ। ਭਾਵੇਂ ਇਹ ਕਾਰਜ ਸੌਖਾ ਲੱਗਦਾ ਹੈ ਪ੍ਰੰਤੂ ਭਵਿੱਖ ਵਿਚ ਉੱਚੀਆਂ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਤੇ ਉਨ੍ਹਾਂ ਵਿੱਚੋਂ ਪਾਸ ਹੋਣ ਵਾਸਤੇ ਬੱਚੇ ਦੀ ਆਪਣੀ ਦਿਮਾਗ਼ੀ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਇਨ੍ਹਾਂ ਯੰਤਰਾਂ ਦੇ ਇਸਤੇਮਾਲ ਕਰਨ ਦੀ ਆਗਿਆ ਨਹੀਂ ਹੁੰਦੀ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਸਕਰੀਨ ਦੀ ਲੋੜ ਤੋਂ ਵੱਧ ਵਰਤੋਂ ਤੇ ਫੋਨ ’ਤੇ ਵੱਧ ਨਿਰਭਰ ਹੋਣਾ ਬੱਚੇ ਦੇ ਭਵਿੱਖ ਲਈ ਖ਼ਤਰੇ ਦਾ ਚਿੰਨ੍ਹ ਹੈ। ਬਚਪਨ ਵਿਚ ਇਸ ਦੀ ਬੇਲੋੜੀ ਵਰਤੋਂ ਉਸ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿਚ ਜਿੱਥੇ ਰੋੜ੍ਹਾ ਬਣਦੀ ਹੈ, ਉੱਥੇ ਉਸ ਦੇ ਨਿਰਮਾਣ ਵਿਚ ਕਈ ਊਣਤਾਈਆਂ ਵੀ ਪੈਦਾ ਕਰ ਦਿੰਦੀ ਹੈ। ਇਸ ਲਈ ਜੇ ਅਸੀਂ ਬੱਚੇ ਨੂੰ ਸਮਿਆਂ ਦਾ ਹਾਣੀ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਦਾ ਸਕਰੀਨ ਟਾਈਮ ਘਟਾਉਣਾ ਹੋਵੇਗਾ।
- ਬਲਜਿੰਦਰ ਮਾਨ