ਵਿਗਿਆਨ ਸਾਡੇ ਚੌਗਿਰਦੇ ਤੇ ਸਮੁੱਚੀ ਦੁਨੀਆ ਨੂੰ ਸਮਝਣ ਦਾ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ।

ਵਿਗਿਆਨ ਸਾਡੇ ਚੌਗਿਰਦੇ ਤੇ ਸਮੁੱਚੀ ਦੁਨੀਆ ਨੂੰ ਸਮਝਣ ਦਾ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਗਿਆਨ ਕੀ, ਕਦੋਂ, ਕਿਵੇਂ, ਕਿਉਂ, ਕਿੱਥੇ, ਕਿਸ ਨੇ ਵਰਗੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਮਨੁੱਖ ਨੂੰ ਦੇਣ ਵਿਚ ਪੂਰਨ ਤੌਰ ’ਤੇ ਸਮਰੱਥ ਹੈ। ਭਾਵੇਂ ਗ੍ਰਹਿਆਂ ਦੀ ਚਾਲ ਹੋਵੇ ਜਾਂ ਸਮੁੱਚੇ ਬ੍ਰਹਿਮੰਡ ਨੂੰ ਸਮਝਣਾ ਹੋਵੇ, ਇਸ ਬਾਰੇ ਵਿਗਿਆਨ ਹੀ ਸਾਨੂੰ ਦੱਸਦਾ ਹੈ। ਮਨੁੱਖੀ ਸਰੀਰ ਤੇ ਜੀਵ-ਜੰਤੂਆਂ ਦੇ ਸਰੀਰਕ ਕਾਰਜ ਜਾਂ ਸੰਸਾਰ ਵਿਚ ਵਾਪਰ ਰਹੀਆਂ ਸਾਰੀਆਂ ਕੁਦਰਤੀ ਘਟਨਾਵਾਂ ਵਿਗਿਆਨ ਦਾ ਹੀ ਹਿੱਸਾ ਹੈ। ਵਿਦਿਆਰਥੀ ਜੀਵਨ ’ਚ ਵਿਗਿਆਨ ਸਿਰਫ਼ ਇਕ ਵਿਸ਼ਾ ਹੀ ਨਹੀਂ ਸਗੋਂ ਇਹ ਤਰਕ ਦੇ ਆਧਾਰ ’ਤੇ ਸੋਚਣ ਦਾ ਢੰਗ ਹੈ, ਜੋ ਉਨ੍ਹਾਂ ਨੂੰ ਜਗਿਆਸੂ ਦੇ ਨਾਲ-ਨਾਲ ਤਾਰਕਿਕ ਵੀ ਬਣਾਉਂਦਾ ਹੈ। ਵਿਗਿਆਨਿਕ ਸੋਚ ਰੱਖਣਾ ਵਾਲਾ ਵਿਅਕਤੀ ਕਿਸੇ ਵੀ ਗੱਲ ਨੂੰ ਤਰਕ ਦੀ ਕਸੌਟੀ ’ਤੇ ਮਾਪ-ਤੋਲ ਕੇ ਮਨਜ਼ੂਰ ਕਰਦਾ ਹੈ।
ਜ਼ਿੰਦਗੀ ’ਚ ਅਹਿਮ ਰੋਲ
ਵਿਗਿਆਨ ਦਾ ਸਾਡੀ ਰੋਜ਼ਾਨਾ ਜਿੰਦਗੀ ’ਚ ਵੀ ਅਹਿਮ ਰੋਲ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਵਿਗਿਆਨ ਸਾਡੇ ਨਾਲ-ਨਾਲ ਤੁਰਦਾ ਹੈ। ਜੋ ਅਸੀਂ ਭੋਜਨ ਖਾਂਦੇ ਹਾਂ ਜਾਂ ਸਰੀਰ ਢਕਣ ਲਈ ਕੱਪੜਿਆਂ ਦਾ ਇਸਤੇਮਾਲ ਕਰਦੇ ਹਾਂ ਜਾਂ ਦਿਨ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਸਾਧਨ ਵਿਗਿਆਨ ਦੇ ਚਮਤਕਾਰੀ ਨਤੀਜੇ ਹਨ। ਘਰੇਲੂ ਜ਼ਰੂਰਤਾਂ ਵਿਚ ਬਿਜਲੀ ਨੂੰ ਸਟੋਰ ਕਰਨ ਵਾਲਾ ਇਨਵਰਟਰ, ਵਾਸ਼ਿੰਗ ਮਸ਼ੀਨ, ਬਿਜਲਈ ਪ੍ਰੈਸ, ਮਾਈਕ੍ਰੋਵੇਵ, ਏਸੀ, ਕੰਪਿਊਟਰ, ਚਮਤਕਾਰੀ ਇੰਟਰਨੈੱਟ, ਮੋਬਾਇਲ ਦੇ ਨਾਲ ਆਵਾਜਾਈ ਦੇ ਸਾਧਨਾਂ ਵਿਚ ਸਕੂਟਰ, ਕਾਰ, ਜਹਾਜ਼ ਆਦਿ ਸਾਰੇ ਵਿਗਿਆਨ ਦੀ ਦੇਣ ਹਨ। ਅੱਜ ਮੱਨੁਖ ਮਿੰਟਾਂ-ਸਕਿੰਟਾਂ ਵਿਚ ਵਿਦੇਸ਼ਾਂ ਵਿਚ ਬੈਠੇ ਆਪਣੇ ਸਕੇ-ਸੰਬੰਧੀਆਂ ਨਾਲ ਗੱਲਬਾਤ ਕਰ ਸਕਦਾ ਹੈ। ਅੱਜ ਵਿਗਿਆਨ ਨੇ ਸਮੁੱਚੇ ਸੰਸਾਰ ਨੂੰ ਆਧਿੁਨਕ ਪਿੰਡ ਦਾ ਰੂਪ ਦੇ ਦਿੱਤਾ ਹੈ, ਜਿਸ ਵਿੱਚ ਮਨੁੱਖ ਦੀਆਂ ਸਹੂਲਤਾਂ ਲਈ ਸਾਰੀਆਂ ਵਸਤਾਂ ਮੌਜੂਦ ਹਨ। ਵਿਗਿਆਨ ਨੇ ਮੌਤ ਦਰ ’ਤੇ ਕਾਫ਼ੀ ਹੱਦ ਤਕ ਕਾਬੂ ਪਾ ਲਿਆ ਹੈ। ਇਹ ਅੱਜ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰ ਰਿਹਾ ਹੈ। ਜੇ ਇੰਜ ਕਿਹਾ ਜਾਵੇ ਕਿ ਵਿਗਿਆਨ ਨੇ ਮਨੁੱਖੀ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ।
ਸਮੁੱਚੀ ਜਾਣਕਾਰੀ ਕਰੇ ਪ੍ਰਦਾਨ
ਕੁਦਰਤ ਕੀ ਹੈ? ਵਾਤਾਵਰਨ ਸਾਡੇ ਲਈ ਕਿਵੇਂ ਸਹਾਈ ਹੈ? ਇਹ ਅਜਿਹੇ ਪ੍ਰਸ਼ਨ ਹਨ, ਜਿਨ੍ਹਾਂ ਦੇ ਜਵਾਬ ਦੇਣ ਵਿਚ ਵਿਗਿਆਨ ਮਨੁੱਖ ਦੀ ਪੂਰਨ ਤੌਰ ’ਤੇ ਮਦਦ ਕਰਦਾ ਹੈ। ਹਿਮਾਲਿਆ ਪਰਬਤ ਜਾਂ ਪਠਾਰ ਕਿਵੇਂ ਹੋਂਦ ਵਿੱਚ ਆਏ? ਸਮੁੰਦਰੀ ਤੂਫ਼ਾਨ ਕਿਵੇਂ ਬਣਦੇ ਹਨ? ਜਲਵਾਯੂ ਪਰਿਵਰਤਨ ਕਿਵੇਂ ਹੁੰਦਾ ਹੈ? ਇਨ੍ਹਾਂ ਦੇ ਜਵਾਬ ਵਿਗਿਆਨ ਹੀ ਦੇ ਸਕਦਾ ਹੈ। ਇਹ ਵਰਖਾ, ਭੂਚਾਲ, ਸੁਨਾਮੀ ਆਦਿ ਕੁਦਰਤੀ ਘਟਨਾਵਾਂ ਦਾ ਅਧਿਐਨ ਕਰ ਕੇ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ। ਵਾਤਾਵਰਨ ਦੀ ਸੁਰੱਖਿਆ ਤੇ ਸੰਭਾਲ ਕਿਵੇਂ ਕਰਨੀ ਹੈ, ਇਹ ਵਿਗਿਆਨ ਹੀ ਸਾਨੂੰ ਦੱਸਦਾ ਹੈ। ਅਸੀਂ ਆਪਣਾ ਭਵਿੱਖ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਤੇ ਵਾਤਾਵਰਨ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ, ਇਹ ਵਿਗਿਆਨ ਹੀ ਪਰਿਭਾਸ਼ਤ ਕਰਦਾ ਹੈ। ਬਿਨਾਂ ਸ਼ੱਕ ਮਨੁੱਖੀ ਜੀਵਨ ਤੇ ਹੋਰ ਜੀਵਾਂ ਦੀ ਰੱਖਿਆ ਅਤੇ ਟਿਕਾਊ ਵਿਕਾਸ ਵਿਚ ਅੱਜ ਵਿਗਿਆਨ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
ਸਮੱਸਿਆ ਨੂੰ ਹੱਲ ਕਰਨ ਦੇ ਬਣਾਵੇ ਯੋਗ
ਵਿਗਿਆਨ ਵਿਸ਼ਾ ਵਿਦਿਆਰਥੀਆਂ ਅੰਦਰ ਆਲੋਚਨਾਤਮਿਕ ਪ੍ਰਵਿਰਤੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਮੱਸਿਆ ਹੱਲ ਕਰਨ ਦੇ ਯੋਗ ਬਣਾਉਂਦਾ ਹੈ। ਇਹ ਵਿਸ਼ਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਵਿਚ ਆ ਰਹੀਆਂ ਸਮੱਸਿਆਵਾਂ/ਚੁਣੌਤੀਆਂ ਦਾ ਤਰਕ ਦੇ ਆਧਾਰ ’ਤੇ ਸਾਹਮਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਮਾਜ ਨੇ ਅਜਿਹਾ ਦੌਰ ਵੀ ਦੇਖਿਆ, ਜੋ ਅੰਧਵਿਸ਼ਾਵਾਸ ਨਾਲ ਘਿਰਿਆ ਹੋਇਆ ਸੀ ਪ੍ਰੰਤੂ ਜਿਵੇਂ-ਜਿਵੇਂ ਵਿਗਿਆਨਿਕ ਉੱਨਤੀ ਹੁੰਦੀ ਗਈ, ਤਿਵੇਂ-ਤਿਵੇਂ ਸਮਾਜ ਜਾਗਰੂਕ ਹੁੰਦਾ ਗਿਆ ਤੇ ਇਸ ਨੇ ਸਿੱਧੇ ਤੌਰ ’ਤੇ ਅੰਧਵਿਸ਼ਵਾਸ ਨੂੰ ਸੱਟ ਮਾਰੀ।
ਮਨੁੱਖੀ ਗਿਆਨ ਨੂੰ ਅਸਲ ਗਿਆਨ ਨਾਲ ਜੋੜਦਾ
ਅਜੋਕੇ ਸਮੇਂ ’ਚ ਜੇਕਰ ਸੰਸਾਰ ਨੂੰ ਸਮਝਣਾ ਹੈ ਤਾਂ ਵਿਗਿਆਨ ਹੀ ਇਕ ਮਾਤਰ ਸ਼ਕਤੀਸਾਲੀ ਸਾਧਨ ਹੈ। ਵਿਗਿਆਨ ਮਨੁੱਖੀ ਗਿਆਨ ਨੂੰ ਅਸਲ ਗਿਆਨ ਨਾਲ ਜੋੜਦਾ ਹੈ। ਜੇ ਮਨੁੱਖ ਨੇ ਅੱਜ ਵੱਖ-ਵੱਖ ਖੇਤਰ ਵਿਚ ਉੱਨਤੀ ਕੀਤੀ ਹੈ ਤਾਂ ਉਸ ਦਾ ਸਾਰਾ ਸਿਹਰਾ ਵਿਗਿਆਨ ਨੂੰ ਜਾਂਦਾ ਹੈ। ਅਜੋਕੇ ਸਮੇਂ ’ਚ ਲੋੜ ਹੈ ਕਿ ਵਿਗਿਆਨ ਵਿਸ਼ੇ ਨੂੰ ਵਿਦਿਆਰਥੀ ਜ਼ਿੰਮੇਵਾਰੀ ਨਾਲ ਸਿੱਖਣ। ਇਸ ਵਿਸ਼ੇ ਨੂੰ ਸਮਝ ਕੇ ਹੀ ਵਿਦਿਆਰਥੀ ਸਮਾਜ ਤੇ ਦੇਸ਼ ਵਿਕਾਸ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ। ਇਸ ਵਿਸ਼ੇ ’ਤੇ ਹੀ ਸਿਹਤਮੰਦ, ਸੁਰੱਖਿਅਤ ਤੇ ਸਥਿਰ ਸਮਾਜ ਟਿਕਿਆ ਹੋਇਆ ਹੈ।
- ਕੁਸੁਮ ਟਾਕ