ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ

ਗੁਰਬਾਣੀ ਦੇ ਇਨ੍ਹਾਂ ਪਵਿੱਤਰ ਸ਼ਬਦਾਂ ਨੂੰ ਪੜ੍ਹਦੇ ਸਾਰ ਸਾਡੇ ਮਨ 'ਚ ਇਕ ਤਸਵੀਰ ਪ੍ਰਗਟ ਹੁੰਦੀ ਹੈ, ਜਿਸ ਦੇ ਦਰਸ਼ਨਾਂ ਨਾਲ ਸਾਡਾ ਤਨ, ਮਨ ਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਉਹ ਤਸਵੀਰ ਹੈ, ਸਿੱਖ ਕੌਮ ਦੇ ਧਰੋਹਰ ਤੇ ਸਰਬਤ ਸੰਸਾਰ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਗੁਰੂ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1469 ਨੂੰ ਲਾਹੌਰ (ਪਾਕਿਸਤਾਨ) ਵਿਖੇ ਮਹਿਤਾ ਕਾਲੂ ਜੀ ਦੇ ਘਰ ਹੋਇਆ। ਗੁਰੂ ਸਾਹਿਬ ਨੇ ਦੁਨੀਆ 'ਚ ਜ਼ੁਲਮਾਂ ਦੇ ਵੱਧ ਰਹੇ ਹਨੇਰੇ ਨੂੰ ਭਲਾਈ ਦੇ ਚਾਨਣ ਨਾਲ ਖ਼ਤਮ ਕੀਤਾ। ਉਨ੍ਹਾਂ ਨੇ ਦੂਨੀਆ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਭ ਧਰਮਾਂ ਤੋ ਉੱਪਰ ਉੱਠ ਕੇ ਕੇਵਲ ਇਨਸਾਨੀਅਤ ਨੂੰ ਅਪਨਾਉਣ ਦਾ ਉਪਦੇਸ਼ ਦਿੱਤਾ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਜੀ ਦੀ ਬਾਣੀ ਸਾਨੂੰ ਸਹੀ ਰਾਹ 'ਤੇ ਚੱਲ ਕੇ ਪਰਮਾਤਮਾ ਨਾਲ ਮਿਲਾਪ ਦਾ ਮਾਰਗ ਦਿਖਾਉਂਦੀ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਛੂਤ-ਅਛੂਤ, ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਦੂਰ ਰਹਿਣ, ਗ਼ਰੀਬਾਂ ਤੇ ਔਰਤਾਂ 'ਤੇ ਜ਼ੁਲਮ ਨਾ ਕਰਨ ਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਕਿਹਾ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਾ ਕੇਵਲ ਸਿੱਖ ਧਰਮ ਬਲਕਿ ਸਾਰੇ ਧਰਮਾਂ ਦੁਆਰਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਗੁਰੂ ਜੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸ਼ੁਰੂ ਹੋਇਆ ਹੈ ਤੇ ਪੰਜਾਬ 'ਚ ਥਾਈਂ-ਥਾਈਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਾਰ ਅਵਤਾਰ ਧਾਰਨ ਵਿਸ਼ਵ ਦੇ ਇਤਹਾਸ 'ਚ ਬਰਕਤਾਂ ਭਰਿਆ ਸੁਭਾਗਾ ਅਵਸਰ ਹੈ। ਸਤਿਗੁਰਾਂ ਦੇ ਸਮੁੱਚੇ ਜੀਵਨ 'ਚ ਉਨ੍ਹਾਂ ਨੇ ਮਨੁੱਖਤਾ ਹਿੱਤ ਬੜੇ ਠੋਸ, ਮਹੱਤਵਪੂਰਨ ਤੇ ਕ੍ਰਾਂਤੀਕਾਰੀ ਕਾਰਜ ਕੀਤੇ ਤੇ ਬੜੇ ਪ੍ਰੇਮ ਪਿਆਰ ਭਾਵਨਾ ਨਾਲ ਮਨੁੱਖਤਾ ਨੂੰ ਸਰਲ, ਸੰਤੋਖ ਤੇ ਵਹਿਮਾਂ-ਭਰਮਾਂ ਤੋਂ ਮੁਕਤ ਜੀਵਨ ਜਿਊਂਣ ਦਾ ਜਾਂਚ ਦੱਸੀ। ਸੋ ਅੱਜ ਜਦੋਂ ਅਸੀਂ ਉਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਬਾਣੀ 'ਤੇ ਅਮਲ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਈਏ, ਕਿਉਂਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਹਰ ਪ੍ਰਾਣੀ ਲਈ ਮਾਰਗ ਦਰਸ਼ਕ ਹੈ।

- ਸੁਮਨਦੀਪ ਕੌਰ, 12ਵੀਂ

ਸੇਂਟ ਪਾਇਸ ਕਾਨਵੈਂਟ ਸਕੂਲ, ਜਲੰਧਰ।

Posted By: Harjinder Sodhi