ਆਖ਼ਰ ਸਮਾਜ ਸਾਹਮਣੇ ਇਹ ਪ੍ਰਸ਼ਨ ਆ ਜਾਂਦਾ ਹੈ ਕਿ ਕੀ ਅਸੀਂ ਲੋਕ ਥੋੜ੍ਹੇ ਜਿਹੇ ਮਨੋਰੰਜਨ ਲਈ ਇਨਸਾਨੀ ਜਾਨਾਂ ਤੇ ਵਾਤਾਵਰਨ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ? ਜੇ ਨਹੀਂ, ਤਾਂ ਸਾਨੂੰ ਅੱਜ ਹੀ ਚਾਇਨਾ ਡੋਰ ਦੇ ਬਾਈਕਾਟ ਦਾ ਐਲਾਨ ਕਰਨਾ ਹੋਵੇਗਾ, ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿਚ ਪਤਾ ਨਹੀਂ ਹੋਰ ਕਿੰਨੇ ਘਰਾਂ ਦਾ ਚਿਰਾਗ਼ ਬੁਝਾ ਦੇਵੇਗੀ।

ਪਤੰਗਬਾਜ਼ੀ ਸਦੀਆਂ ਤੋਂ ਹੀ ਭਾਰਤੀ ਪ੍ਰੰਪਰਾ ’ਚ ਅਹਿਮ ਸਥਾਨ ਰੱਖਦੀ ਹੈ। ਬਸੰਤ ਪੰਚਮੀ, ਲੋਹੜੀ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ ਮੌਕੇ ਅਸਮਾਨ ’ਚ ਉੱਡਦੇ ਰੰਗ-ਬਿਰੰਗੇ ਪਤੰਗ ਮਨਾਂ ਵਿਚ ਖ਼ੁਸ਼ੀ, ਉਲਾਸ, ਉਮੰਗ ਤੇ ਉਤਸ਼ਾਹ ਭਰ ਦਿੰਦੇ ਹਨ ਪਰ ਪਿਛਲੇ ਡੇਢ ਦਹਾਕੇ ਤੋਂ ਪਤੰਗਬਾਜ਼ੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਹ ਖ਼ੁਸ਼ੀ ਦੀ ਥਾਂ ਮੌਤ ਦਾ ਕਾਰਨ ਬਣ ਗਈ ਹੈ, ਕਾਰਨ ਇੱਕੋ ਇਕ ਚਾਈਨਾ ਡੋਰ। ਇਸ ਨੇ ਰੰਗੀਨ ਤੇ ਖ਼ੁਸ਼ਹਾਲੀ ਵਾਲੇ ਤਿਉਹਾਰ ਨੂੰ ਮੌਤ ਤੇ ਖ਼ੂਨ ਨਾਲ ਪੂਰੀ ਤਰ੍ਹਾਂ ਕਲੰਕਿਤ ਕਰ ਦਿੱਤਾ ਹੈ।

ਖ਼ਤਰਨਾਕ ਡੋਰ
ਬੱਚੇ ਤੇ ਨੌਜਵਾਨ ਵੱਧ ਪਤੰਗਾਂ ਕੱਟਣ ਲਈ ਇਸ ਡੋਰ ਦੀ ਵਰਤੋ ਕਰਦੇ ਹਨ। ਚਾਈਨਾ ਡੋਰ ਨੂੰ ਖ਼ਰੀਦਣ ਸਮੇਂ ਸਾਨੂੰ ਇਹ ਇਲਮ ਨਹੀਂ ਹੁੰਦਾ ਕਿ ਇਹ ਕਿਸੇ ਦੀ ਜਾਨ ਦਾ ਖੌਅ ਵੀ ਬਣ ਸਕਦੀ ਹੈ। ਚਾਇਨਾ ਡੋਰ ਨਾਇਲੋਨ, ਪਲਾਸਟਿਕ, ਸਿੰਥੈਟਿਕ ਤੇ ਕੱਚ ਦੇ ਬੁਰਾਦੇ ਨਾਲ ਤਿਆਰ ਕੀਤੀ ਖ਼ਤਰਨਾਕ ਡੋਰ ਹੈ। ਇਹ ਡੋਰ ਸਧਾਰਨ ਧਾਗੇ ਨਾਲੋਂ ਕਈ ਗੁਣਾਂ ਜ਼ਿਆਦਾ ਮਜਬੂਤ ਤੇ ਖ਼ਤਰਨਾਕ ਹੁੰਦੀ ਹੈ। ਜਦੋਂ ਇਹ ਡੋਰ ਕਿਸੇ ਦੀ ਗਰਦਨ, ਹੱਥ ਜਾਂ ਚਿਹਰੇ ’ਚ ਫਸ ਜਾਂਦੀ ਹੈ ਤਾਂ ਗੰਭੀਰ ਡੂੰਘੇ ਕੱਟ ਲੱਗ ਜਾਂਦੇ ਹਨ। ਸੜਕ ’ਤੇ ਅਚਾਨਕ ਲਟਕ ਰਹੀ ਚਾਇਨਾ ਡੋਰ ਵਾਹਨ ਚਲਾਉਣ ਵਾਲੇ ਦੇ ਗਰਦਨ ਵਿਚ ਫਸ ਕੇ ਗੰਭੀਰ ਜ਼ਖਮ ਜਾਂ ਤੁਰੰਤ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸ ਦੀ ਵਰਤੋਂ ਨਾਲ ਹਰ ਸਾਲ ਅਨੇਕਾਂ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵਿਚ ਮਨੁੱਖਾਂ, ਪੰਛੀਆਂ ਤੇ ਪਸ਼ੂਆਂ ਦੀ ਜਾਨ ਜਾ ਰਹੀ ਹੈ। ਹਰ ਸਾਲ ਪਤੰਗਾਂ ਦੇ ਮੌਸਮ ਵਿਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ ਹੈ।
ਵਾਤਾਵਰਨ ਲਈ ਗੰਭੀਰ ਸਮੱਸਿਆ
ਮੌਜੂਦਾ ਸਮੇਂ ’ਚ ਚਾਇਨਾ ਡੋਰ ਦੀ ਸਮੱਸਿਆ ਮਨੁੱਖੀ ਜਾਨ ਤਕ ਹੀ ਸੀਮਤ ਨਹੀਂ ਸਗੋਂ ਵਾਤਾਵਰਨ ਲਈ ਵੀ ਗੰਭੀਰ ਸਮੱਸਿਆ ਬਣ ਗਈ ਹੈ। ਹਜ਼ਾਰਾਂ ਦੀ ਗਿਣਤੀ ਵਿਚ ਅਸਮਾਨੀ ਜੀਵ-ਚਿੜੀਆਂ, ਕਬੂਤਰ, ਤੋਤੇ, ਇੱਲਾਂ ਇਸ ਕਾਤਲ ਡੋਰ ਵਿਚ ਫਸ ਕੇ ਅਪਾਹਜ ਜਾਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਦੂਜੇ ਪਾਸੇ ਥਲੀ ਜੀਵ ਗਾਂ, ਕੁੱਤੇ ਅਤੇ ਹੋਰ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹ ਡੋਰ ਇੰਨੀ ਖ਼ਤਰਨਾਕ ਹੈ ਕਿ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਕਰੰਟ ਵੀ ਆ ਰਿਹਾ ਹੈ।
ਨੈਤਿਕ ਫ਼ਰਜ਼
ਇਹ ਗੱਲ ਚਿੰਤਾਜਨਕ ਹੈ ਕਿ ਪੰਜਾਬ ਦੇ ਨਾਲ-ਨਾਲ ਕਈ ਸੂਬਿਆਂ ਵਿਚ ਚਾਇਨਾ ਡੋਰ ਦੀ ਖ਼ਰੀਦ-ਵੇਚ ਉੱਤੇ ਪੂਰਨ ਤੌਰ ’ਤੇ ਪਾਬੰਦੀ ਹੋਣ ਦੇ ਬਾਵਜੂਦ ਬਾਜ਼ਾਰਾਂ ਵਿਚ ਖੁੱਲੇਆਮ ਜਾਂ ਚੁਪ-ਚਪੀਤੇ ਵਿਕ ਰਹੀ ਹੈ। ਧਨ ਦੇ ਲਾਲਚ ਵਸ ਕੁਝ ਵਪਾਰੀ ਕਾਨੂੰਨ ਅਤੇ ਲੋਕਾਂ ਦੀ ਜਾਨਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਨੈਤਿਕਤਾ ਤੇ ਕਿਰਦਾਰ ਦੇ ਪਤਨ ਦੀ ਨਿਸ਼ਾਨੀ ਹੈ। ਪ੍ਰਸ਼ਾਸਨ ਤੇ ਪੁਲਿਸ ਸਰਕਾਰ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਕਾਗਜਾਂ ਤਕ ਸੀਮਤ ਨਾ ਰੱਖੇ ਸਗੋਂ ਗਰਾਊਂਡ ਲੈਵਲ ’ਤੇ ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਏ। ਨਜਾਇਜ਼ ਢੰਗ ਨਾਲ ਡੋਰ ਵੇਚਣ ਵਾਲਿਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਆਮ ਨਾਗਰਿਕ ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਕੇ ਜ਼ਿੰਮੇਵਾਰ ਨਾਗਰਿਕ ਦਾ ਫ਼ਰਦਡ ਨਿਭਾ ਸਕਦੇ ਹਨ।
ਬੱਚਿਆਂ ਨੂੰ ਨੁਕਸਾਨ ਬਾਰੇ ਕਰਵਾਓ ਜਾਣੂ
ਮਹਿਜ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਉੱਤੇ ਜ਼ਿੰਮੇਵਾਰੀ ਸੁੱਟਣ ਨਾਲ ਰੋਜ਼ਾਨਾ ਹੋ ਰਹੇ ਖ਼ਾਮੋਸ਼ ਕਤਲ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਪਰੰਤੂ ਸਮਾਜ ਦਾ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਇਨਾ ਡੋਰ ਵਿਰੁੱਧ ਜਨ-ਅੰਦੋਲਨ ਚਲਾਇਆ ਜਾਵੇ। ਜ਼ਿੰਮੇਵਾਰ ਨਾਗਰਿਕ ਹੋਣ ਵਜੋਂ ਆਪਣੇ ਬੱਚਿਆਂ ਨੂੰ ਇਸ ਡੋਰ ਨਾਲ ਹੋ ਰਹੇ ਜਾਨੀ ਤੇ ਵਾਤਾਵਰਨਿਕ ਨੁਕਸਾਨ ਬਾਰੇ ਦੱਸੀਏ। ਉਨ੍ਹਾਂ ਨੂੰ ਚਾਇਨੀਜ਼ ਡੋਰ ਦੀ ਥਾਂ ਰਵਾਇਤੀ ਸੂਤ ਦੇ ਧਾਗੇ ਦੀ ਵਰਤੋਂ ਬਾਰੇ ਪ੍ਰੇਰਿਤ ਕਰੀਏ। ਬੱਚੇ ਲਾਲਚ ਵੱਸ ਜਿੱਥੇ ਲੋਕਾਂ ਅਤੇ ਜੀਵ-ਜੰਤੂਆਂ ਦਾ ਜਾਨੀ ਨੁਕਸਾਨ ਕਰ ਰਹੇ ਹਨ, ਉੱਥੇ ਕਰੰਟ ਆਦਿ ਦੇ ਖ਼ਤਰੇ ਨਾਲ ਆਪਣੀ ਜਾਨ ਵੀ ਜੋਖ਼ਮ ਵਿਚ ਪਾ ਰਹੇ ਹਨ, ਜੋ ਬਾਅਦ ਵਿਚ ਪਛਤਾਵੇ ਦਾ ਸਬੱਬ ਬਣ ਕੇ ਰਹਿ ਜਾਂਦਾ ਹੈ।
ਫੈਲਾਓ ਜਾਗਰੂਕਤਾ
ਸਕੂਲਾਂ ਤੇ ਕਾਲਜਾਂ ਦੇ ਮਾਧਿਅਮ ਰਾਹੀਂ ਚਾਇਨਾ ਡੋਰ ਵਿਰੁੱਧ ਜਨ-ਮੁਹਿੰਮ ਚਲਾਈ ਜਾ ਸਕਦੀ ਹੈ। ਉਨ੍ਹਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ ਕਿ ਇਹ ਡੋਰ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾਉਣ ਦੇ ਨਾਲ-ਨਾਲ ਸਾਡੇ ਵਾਤਾਵਰਨ ਨੂੰ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੀ ਹੈ। ਖ਼ੁਦ ਅਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਮਨਾਈ ਗਈ ਖ਼ੁਸ਼ੀ ਅਸਲ ਖ਼ੁਸ਼ੀ ਨਹੀਂ ਹੋ ਸਕਦੀ। ਇਸ ਕਾਤਲ ਡੋਰ ਵਿਰੁੱਧ ਜਨ-ਰੈਲੀਆਂ, ਡਿਬੇਟ, ਪੋਸਟਰ ਮੇਕਿੰਗ, ਸਲੋਗਨ ਕੰਪੀਟੀਸ਼ਨ ਕਰਵਾ ਕੇ ਸਾਰਥਿਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਕੂਟਰ ਤੇ ਮੋਟਰਸਾਈਕਲ ਚਲਾਉਣ ਵਾਲੇ ਚੌਕਸੀ ਵਰਤਣ, ਉਹ ਤਿਉਹਾਰਾਂ ਦੇ ਦਿਨਾਂ ਵਿਚ ਖ਼ਾਸ ਤੌਰ ’ਤੇ ਗਲ ਦੀ ਸੁਰੱਖਿਆ ਲਈ ਮਫ਼ਲਰ ਜਾਂ ਸੁਰੱਖਿਆ ਗਾਰਡ ਦੀ ਵਰਤੋਂ ਕਰ ਸਕਦੇ ਹਨ।
ਕਾਨੂੰਨ ਦੀ ਪਾਲਣਾ
ਆਖ਼ਰ ਸਮਾਜ ਸਾਹਮਣੇ ਇਹ ਪ੍ਰਸ਼ਨ ਆ ਜਾਂਦਾ ਹੈ ਕਿ ਕੀ ਅਸੀਂ ਲੋਕ ਥੋੜ੍ਹੇ ਜਿਹੇ ਮਨੋਰੰਜਨ ਲਈ ਇਨਸਾਨੀ ਜਾਨਾਂ ਤੇ ਵਾਤਾਵਰਨ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ? ਜੇ ਨਹੀਂ, ਤਾਂ ਸਾਨੂੰ ਅੱਜ ਹੀ ਚਾਇਨਾ ਡੋਰ ਦੇ ਬਾਈਕਾਟ ਦਾ ਐਲਾਨ ਕਰਨਾ ਹੋਵੇਗਾ, ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿਚ ਪਤਾ ਨਹੀਂ ਹੋਰ ਕਿੰਨੇ ਘਰਾਂ ਦਾ ਚਿਰਾਗ਼ ਬੁਝਾ ਦੇਵੇਗੀ। ਸਾਵਧਾਨੀ, ਜਾਗਰੂਕਤਾ ਤੇ ਕਾਨੂੰਨ ਦੀ ਪਾਲਣਾ ਨਾਲ ਹੀ ਅਸੀਂ ਇਸ ਸਮੱਸਿਆ ਤੋਂ ਮੁਕਤੀ ਪਾ ਸਕਦੇ ਹਾਂ ਤੇ ਤਿਉਹਾਰਾਂ ਨੂੰ ਸੁਰੱਖਿਅਤ ਤੇ ਖ਼ੁਸ਼ਹਾਲ ਬਣਾ ਸਕਦੇ ਹਾਂ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਕਿ ਚਾਈਨਾ ਡੋਰ ਨਾਲ ਵਾਪਰ ਚੁੱਕੇ ਹਾਦਸਿਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਦੋਸਤਾਂ, ਰਿਸਤੇਦਾਰਾਂ ਤੇ ਹੋਰਨਾਂ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਇਕ ਜਾਗਰੂਕ ਨਾਗਰਿਕ ਬਣ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਰਾਜ ਕੁਮਾਰ