ਇਕ ਸਮਾਂ ਸੀ, ਜਦੋਂ ਬੱਚੇ ਮਾਪਿਆਂ ਅੱਗੇ ਕੋਈ ਵੀ ਗੱਲ ਕਹਿਣ ਤੋਂ ਝਿਜਕਦੇ ਸਨ। ਮਾਪੇ ਵੀ ਉਨ੍ਹਾਂ ਨੂੰ ਪਿਆਰ ਤੇ ਲਾਡ ਤਾਂ ਕਰਦੇ ਸਨ ਪਰ ਉਨ੍ਹਾਂ ਤੋਂ ਵੱਖਰੀ ਕਿਸਮ ਦੀ ਦੂਰੀ ਬਣਾ ਕੇ ਰੱਖਦੇ ਸਨ। ਇਹ ਸਮਾਂ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਬੱਚੇ ਮਾਪੇ, ਅਧਿਆਪਕਾਂ ਤੋਂ ਇਲਾਵਾ ਆਪਣੇ ਹਾਣੀਆਂ ਅਤੇ ਆਲੇ-ਦੁਆਲੇ ਤੋਂ ਬਹੁਤ ਕੁਝ ਗ਼ੈਰ-ਰਸਮੀ ਢੰਗ ਨਾਲ ਸਿੱਖਦੇ ਰਹਿੰਦੇ ਸਨ।

ਇਕ ਸਮਾਂ ਸੀ, ਜਦੋਂ ਬੱਚੇ ਮਾਪਿਆਂ ਅੱਗੇ ਕੋਈ ਵੀ ਗੱਲ ਕਹਿਣ ਤੋਂ ਝਿਜਕਦੇ ਸਨ। ਮਾਪੇ ਵੀ ਉਨ੍ਹਾਂ ਨੂੰ ਪਿਆਰ ਤੇ ਲਾਡ ਤਾਂ ਕਰਦੇ ਸਨ ਪਰ ਉਨ੍ਹਾਂ ਤੋਂ ਵੱਖਰੀ ਕਿਸਮ ਦੀ ਦੂਰੀ ਬਣਾ ਕੇ ਰੱਖਦੇ ਸਨ। ਇਹ ਸਮਾਂ ਹੀ ਕੁਝ ਇਸ ਤਰ੍ਹਾਂ ਦਾ ਸੀ ਕਿ ਬੱਚੇ ਮਾਪੇ, ਅਧਿਆਪਕਾਂ ਤੋਂ ਇਲਾਵਾ ਆਪਣੇ ਹਾਣੀਆਂ ਅਤੇ ਆਲੇ-ਦੁਆਲੇ ਤੋਂ ਬਹੁਤ ਕੁਝ ਗ਼ੈਰ-ਰਸਮੀ ਢੰਗ ਨਾਲ ਸਿੱਖਦੇ ਰਹਿੰਦੇ ਸਨ। ਲਗਪਗ ਪਿਛਲੇ ਦੋ ਦਹਾਕਿਆਂ ਤੋਂ ਸਮੇਂ ਵਿਚ ਆਈ ਤਬਦੀਲੀ ਤੇ ਤੇਜ਼ੀ ਕਾਰਨ ਸਭ ਕੁਝ ਇਸ ਕਦਰ ਵਾਪਰਿਆ ਕਿ ਮਾਪਿਆਂ ਤੇ ਬੱਚਿਆਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰਨ ਤੇ ਕੀ ਨਾ ਕਰਨ।
ਵਰਤਮਾਨ ਦੌਰ ਸੋਸ਼ਲ ਮੀਡੀਆ ਤੇ ਇੰਟਰਨੈੱਟ ਦਾ ਹੈ। ਬੱਚਿਆਂ ਦੇ ਚਾਰ-ਚੁਫ਼ੇਰੇ ਪੋਸਟਾਂ, ਰੀਲਾਂ ਅਤੇ ਗ਼ੈਰ-ਮਿਆਰੀ ਸਮੱਗਰੀ ਮੂੰਹ ਅੱਡੀ ਖੜ੍ਹੀਆਂ ਹਨ। ਅਣਭੋਲ ਤੇ ਕੋਰੇ ਮਨ ਵਾਲੇ ਬੱਚੇ ਅਣਕਿਆਸੇ ਵਹਿਣ ’ਚ ਵਹਿ ਰਹੇ ਹਨ। ਦੂਜੇ ਪਾਸੇ ਸਕੂਲਾਂ ਵਿਚਲੇ ਬੋਝਲ ਪਾਠਕ੍ਰਮ ਨੇ ਵੀ ਬੱਚਿਆਂ ਤੋਂ ਜਿੱਥੇ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ, ਉੱਥੇ ਉਨ੍ਹਾਂ ਨੂੰ ਭਾਰੀ ਬਸਤਿਆਂ ਦਾ ਭਾਰ ਢੋਣ ਵਾਲੇ ਦਾਬੂ ਮਾਨਸਿਕਤਾ ਦੇ ਯੰਤਰ ਮਾਤਰ ਬਣਾ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਮਾਪਿਆਂ ਵੱਲੋਂ ਵੱਲੋਂ ਵੀ ਇਨ੍ਹਾਂ ਭੋਲਿ਼ਆਂ ਨੂੰ ਆਪਣੇ ਸਵਾਰਥ ਪੂਰੇ ਕਰਨ ਦੇ ਮੋਹਰੇ ਬਣਾ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਦੂਜਿਆਂ ਦੀ ਦੇਖੋਦੇਖੀ ਮਾਪੇ ਆਪਣੇ ਬੱਚਿਆਂ ਨੂੰ ਉਹ ਬਣਾਉਣ ਦੀ ਜ਼ਿੱਦ ਕਰਦੇ ਹਨ, ਜਿਸ ਵਿਚ ਬੱਚਿਆਂ ਦੀ ਰੱਤੀ ਭਰ ਦਿਲਚਸਪੀ ਨਹੀਂ ਹੁੰਦੀ। ਅੰਤ ਨਤੀਜਾ ਇਹ ਨਿਕਲਦਾ ਹੈ ਕਿ ਬੱਚੇ ਚਿੜਚਿੜੇ, ਗੁਸੈਲੇ ਅਤੇ ਬਾਗ਼ੀ ਤਬੀਅਤ ਦੇ ਹੋ ਨਿਬੜਦੇ ਹਨ। ਇਸ ਸਮੇਂ ਤਕ ਮਾਪੇ ਬੱਚਿਆਂ ਨੂੰ ਸੁਧਾਰਨ ਦਾ ਯਤਨ ਕਰਦੇ ਹਨ ਪਰ ਉਦੋਂ ਤੱਕ ਪਾਣੀ ਪੁਲਾਂ ਹੇਠੋਂ ਲੰਘ ਚੁੱਕਿਆ ਹੁੰਦਾ ਹੈ।
ਅਸੀਂ ਅਕਸਰ ਹੀ ਆਖਦੇ ਹਾਂ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ, ਫਿਰ ਅਸੀਂ ਇਨ੍ਹਾਂ ਨੂੰ ਉਮਰੋਂ ਪਹਿਲਾਂ ਵੱਡੀਆਂ ਮੱਤਾਂ ਦੇਣ ਦਾ ਯਤਨ ਕਿਉਂ ਕਰ ਰਹੇ ਹਾਂ। ਸਾਨੂੰ ਇਹ ਮੰਨਣਾ ਪਵੇਗਾ ਕਿ ਅਜਿਹਾ ਕਰ ਕੇ ਬੱਚਿਆਂ ਤੇ ਕੁਦਰਤ ਦੋਵਾਂ ਨਾਲ ਅਨਿਆਂ ਕਰ ਰਹੇ ਹਾਂ। ਅੱਜ ਸਮਾਂ ਮੰਗ ਕਰਦਾ ਹੈ ਅਸੀਂ ਬੱਚਿਆਂ ਦੇ ਕੇਵਲ ਮਾਪੇ ਨਹੀਂ ਸਗੋਂ ਉਨ੍ਹਾਂ ਦੇ ਦੋਸਤ ਬਣੀਏ। ਬੱਚਿਆਂ ਨਾਲ ਸਕੂਲ ਤੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਨੂੰ ਸਹਿਜ ਰੂਪ ਨਾਲ ਸੁਣੀਏ ਤੇ ਜਿੱਥੇ ਲੋੜ ਹੈ ਉਨ੍ਹਾਂ ਨੂੰ ਅਗਵਾਈ ਤੇ ਸਹਿਯੋਗ ਦੇਈਏ। ਮਾਂ ਅਤੇ ਧੀ ਸਹੇਲੀਆਂ ਹੁੰਦੀਆਂ ਹਨ, ਇਹ ਸਾਡੀ ਧਾਰਨਾ ਹੈ ਪਰ ਹੁਣ ਇਸ ਧਾਰਨਾ ਵਿਚ ਪਿਤਾ ਨੂੰ ਵੀ ਪੁੱਤਰ ਤੇ ਧੀ ਦਾ ਦੋਸਤ ਬਣਨਾ ਪਵੇਗਾ। ਮਾਪਿਆਂ ਦੀ ਅਸਲ ਪੂੰਜੀ ਬੱਚੇ ਹੁੰਦੇ ਹਨ, ਜੇ ਅਸੀਂ ਬੱਚਿਆਂ ਨੂੰ ਸਹੀ ਸੇਧ ਅਤੇ ਚੰਗਾ ਮਾਹੌਲ ਨਹੀਂ ਦੇ ਰਹੇ ਤਾਂ ਸਹਿਜੇ ਹੀ ਅਸੀਂ ਪੂੰਜੀ ਨੂੰ ਹੱਥੀਂ ਗਵਾ ਰਹੇ ਹਾਂ।
ਸਭ ਤੋਂ ਪਹਿਲਾਂ ਬੱਚਿਆਂ ਨੂੰ ਬਣਦਾ ਸਮਾਂ ਦੇਣ ਦੀ ਲੋੜ ਹੈ ਤਾਂ ਜੋ ਉਹ ਤੁਹਾਡੇ ਸਨੇਹ ਹੇਠ ਰਹਿਣ। ਬੇਮਤਲਬ ਦਾ ਗੁੱਸਾ ਤੇ ਜਬਰੀ ਥੋਪੀਆਂ ਬੰਦਿਸ਼ਾਂ ਤੁਹਾਡੇ ਬੱਚਿਆਂ ਨੂੰ ਬਹੁਤ ਦੂਰ ਲਿਜਾ ਸਕਦੀਆਂ ਹਨ। ਅਸੀਂ ਵੀ ਕਿਸੇ ਦੁੱਖ, ਮੁਸੀਬਤ ਜਾਂ ਉਲਝਣ ਸਮੇਂ ਚੰਗੇ ਦੋਸਤ ਦੀ ਸੰਗਤ ਅਤੇ ਅਗਵਾਈ ਲੋਚਦੇ ਹਾਂ, ਠੀਕ ਉਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣੀਆਂ ਨਿੱਕੀਆਂ-ਨਿੱਕੀਆਂ ਉਲਝਣਾਂ ਦੇ ਹੱਲ ਲਈ ਦੋਸਤ ਮਾਪਿਆਂ ਦੀ ਲੋੜ ਹੁੰਦੀ ਹੈ। ਘਰੇਲੂ ਪਿਆਰ ਦੀ ਕਮੀ ਹੀ ਬੱਚਿਆਂ ਨੂੰ ਬਾਹਰੀ ਪਿਆਰ ਲਈ ਮਜਬੂਰ ਕਰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਪਰਿਵਾਰਾਂ ਵਿਚ ਬੱਚੇ ਤੇ ਮਾਪਿਆਂ ਵਿਚਕਾਰ ਦੋਸਤਾਨਾ ਮਾਹੌਲ ਹੈ, ਉੱਥੇ ਬੱਚੇ ਸੰਸਕਾਰੀ,ਪੜ੍ਹਾਈ ਵਿਚ ਸੁਹਿਰਦ ਤੇ ਚੰਗੇ ਇਨਸਾਨ ਬਣਦੇ ਹਨ। ਆਓ! ਇਨ੍ਹਾਂ ਕੋਰੇ ਪੰਨਿਆਂ ’ਤੇ ਪਿਆਰ, ਵਿਸ਼ਵਾਸ ਅਤੇ ਅਪਣੱਤ ਦੇ ਪੂਰਨੇ ਪਾਈਏ ਤਾਂ ਜੋ ਭਵਿੱਖ ਵਿਚ ਸੁਨਹਿਰੀ ਤੇ ਮੋਹ ਭਿੱਜੀ ਦਾਸਤਾਨ ਲਿਖੀ ਜਾਏ।
- ਕੁਲਦੀਪ ਚੌਹਾਨ (ਡਾ.)