ਮਨੁੱਖੀ ਜੀਵਨ ਵਿਸ਼ਾਲ ਦਰਿਆ ਵਾਂਗ ਹੈ, ਜਿਸ ਵਿਚ ਕਈ ਵਾਰ ਹੌਲੀ ਲਹਿਰਾਂ ਵੀ ਆਇਂਦੀਆਂ ਹਨ ਤੇ ਕਈ ਵਾਰ ਤੂਫ਼ਾਨੀ ਛੱਲਾਂ ਵੀ। ਇਹ ਸਫ਼ਰ ਕਦੇ ਵੀ ਸੌਖਾ ਨਹੀਂ ਹੁੰਦਾ ਕਿਉਂਕਿ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਈ ਕਿਸਮ ਦੀਆਂ ਮੁਸ਼ਕਲਾਂ, ਹਾਰਾਂ ਤੇ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਬੰਦਾ ਆਪਣੀ ਮੰਜ਼ਿਲ ਤਕ ਪਹੁੰਚਣ ਦੀ ਪੱਕੀ ਠਾਣ ਲੈਂਦਾ ਹੈ, ਉਸ ਲਈ ਕੋਈ ਪਹਾੜ ਵੀ ਰੁਕਾਵਟ ਨਹੀਂ ਬਣਦਾ।

ਮਨੁੱਖੀ ਜੀਵਨ ਵਿਸ਼ਾਲ ਦਰਿਆ ਵਾਂਗ ਹੈ, ਜਿਸ ਵਿਚ ਕਈ ਵਾਰ ਹੌਲੀ ਲਹਿਰਾਂ ਵੀ ਆਇਂਦੀਆਂ ਹਨ ਤੇ ਕਈ ਵਾਰ ਤੂਫ਼ਾਨੀ ਛੱਲਾਂ ਵੀ। ਇਹ ਸਫ਼ਰ ਕਦੇ ਵੀ ਸੌਖਾ ਨਹੀਂ ਹੁੰਦਾ ਕਿਉਂਕਿ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਈ ਕਿਸਮ ਦੀਆਂ ਮੁਸ਼ਕਲਾਂ, ਹਾਰਾਂ ਤੇ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਬੰਦਾ ਆਪਣੀ ਮੰਜ਼ਿਲ ਤਕ ਪਹੁੰਚਣ ਦੀ ਪੱਕੀ ਠਾਣ ਲੈਂਦਾ ਹੈ, ਉਸ ਲਈ ਕੋਈ ਪਹਾੜ ਵੀ ਰੁਕਾਵਟ ਨਹੀਂ ਬਣਦਾ। ‘ਜਿੱਥੇ ਚਾਹ, ਉੱਥੇ ਰਾਹ’ ਸਿਰਫ਼ ਇਕ ਕਹਾਵਤ ਨਹੀਂ ਸਗੋਂ ਇਹ ਜੀਵਨ ਦਾ ਸੱਚ ਹੈ। ਇਹ ਕਹਾਵਤ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਦੇ ਅੰਦਰ ਦੀ ਚਾਹ, ਉਸ ਦਾ ਜੋਸ਼ ਤੇ ਵਿਸ਼ਵਾਸ ਹੀ ਉਸ ਨੂੰ ਹਰ ਔਖੇ ਰਾਹ ’ਤੇ ਅੱਗੇ ਵਧਣ ਦੀ ਤਾਕਤ ਦਿੰਦੇ ਹਨ।
ਜੇ ਅਸੀਂ ਆਪਣੇ ਪਿੰਡਾਂ ਵੱਲ ਨਿਗ੍ਹਾ ਮਾਰ ਲਈਏ ਤਾਂ ਇਹ ਕਹਾਵਤ ਹਰ ਘਰ ’ਚ ਸੱਚ ਸਾਬਿਤ ਹੁੰਦੀ ਦਿਸਦੀ ਹੈ। ਕਿਸਾਨ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖੇਤਾਂ ਵਿਚ ਪਹੁੰਚ ਜਾਂਦਾ ਹੈ। ਕਦੇ ਤਪਦੀ ਧੁੱਪ, ਕਦੇ ਕੜਕੜੀਂ ਠੰਢ ਤੇ ਕਦੇ ਲਗਾਤਾਰ ਮੀਂਹ ਪਰ ਉਹ ਰੁਕਦਾ ਨਹੀਂ। ਉਸ ਦੇ ਮਨ ’ਚ ਚਾਹ ਹੁੰਦੀ ਹੈ ਆਪਣੇ ਪਰਿਵਾਰ ਲਈ ਰੋਟੀ ਕਮਾਉਣ, ਧਰਤੀ ਮਾਂ ਤੋਂ ਸੋਨਾ ਉਗਾਉਣ ਦੀ। ਉਹ ਜਾਣਦਾ ਹੈ ਕਿ ਬਿਨਾਂ ਮਿਹਨਤ ਦੇ ਕੁਝ ਨਹੀਂ ਮਿਲਦਾ। ਇਹੀ ਚਾਹ ਉਸ ਨੂੰ ਹਰ ਸਵੇਰ ਉਠਾਉਂਦੀ ਹੈ ਤੇ ਹਰ ਸ਼ਾਮ ਉਸ ਦੀ ਮਿਹਨਤ ਦਾ ਗੀਤ ਗਾਉਂਦੀ ਹੈ। ਇਸੇ ਤਰ੍ਹਾਂ ਇਕ ਵਿਦਿਆਰਥੀ ਦੀ ਜ਼ਿੰਦਗੀ ਵੀ ਚਾਹ ਤੇ ਮਿਹਨਤ ’ਤੇ ਨਿਰਭਰ ਹੈ। ਜਿਹੜਾ ਬੱਚਾ ਸਿੱਖਣ ਦੀ ਚਾਹ ਰੱਖਦਾ ਹੈ, ਉਹ ਔਖੇ ਵਿਸ਼ਿਆਂ ਨੂੰ ਵੀ ਸੌਖਾ ਬਣਾ ਲੈਂਦਾ ਹੈ। ਪਿੰਡ ਦੇ ਗ਼ਰੀਬ ਘਰ ਦਾ ਬੱਚਾ ਜੇ ਮਨ ਵਿਚ ਠਾਣ ਲਵੇ ਕਿ ਉਸ ਨੇ ਅਧਿਆਪਕ ਬਣਨਾ ਹੈ ਜਾਂ ਅਫ਼ਸਰ ਬਣਨਾ ਹੈ, ਤਾਂ ਕੋਈ ਘਾਟ ਉਸ ਦਾ ਰਾਹ ਨਹੀਂ ਰੋਕ ਸਕਦੀ। ਉਹ ਰਾਤਾਂ ਜਾਗ ਕੇ, ਕਿਤਾਬਾਂ ਨਾਲ ਦੋਸਤੀ ਕਰ ਕੇ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਸਕਦਾ ਹੈ।
ਲੋਕ ਅਕਸਰ ਕਹਿੰਦੇ ਹਨ ਕਿ ਕਿਸਮਤ ਨਾਲ ਹੀ ਸਭ ਕੁਝ ਹੁੰਦਾ ਹੈ ਪਰ ਅਸਲ ’ਚ ਕਿਸਮਤ ਵੀ ਉਸ ਦੇ ਨਾਲ ਹੁੰਦੀ ਹੈ, ਜੋ ਚਾਹ ਨਾਲ ਮਿਹਨਤ ਕਰਦਾ ਹੈ। ਚਾਹ ਰੱਖਣ ਵਾਲਾ ਇਨਸਾਨ ਕਦੇ ਹਾਰ ਨਹੀਂ ਮੰਨਦਾ। ਜਿਹੜੀ ਘੜੀ ਉਸ ਦੇ ਅੱਗੇ ਕੰਧ ਬਣ ਕੇ ਖੜ੍ਹਦੀ ਹੈ, ਉਹ ਉਸ ਨੂੰ ਵੀ ਪਾਰ ਕਰ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਅੰਦਰੋਂ ਡਰ ਕੱਢ ਦਿੰਦਾ ਹੈ ਤੇ ਵਿਸ਼ਵਾਸ ਨਾਲ ਕਦਮ ਚੁੱਕਦਾ ਹੈ, ਉਸ ਦੇ ਰਾਹ ਵਿਚ ਰੱਬ ਆਪ ਸਹਾਇਕ ਬਣ ਜਾਂਦਾ ਹੈ। ਮਨੁੱਖ ਦੀ ਚਾਹ ਹੀ ਉਸ ਦਾ ਜੀਵਨ ਬਦਲ ਸਕਦੀ ਹੈ। ਜੇ ਮਨੁੱਖ ਦ੍ਰਿੜ੍ਹਤਾ ਲੈ ਲਵੇ ਕਿ ਉਸ ਨੇ ਚੰਗਾ ਕਰਨਾ ਹੈ, ਸੱਚ ਬੋਲਣਾ ਹੈ, ਮਿਹਨਤ ਨਾਲ ਜ਼ਿੰਦਗੀ ਕਮਾਉਣੀ ਹੈ, ਤਾਂ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ। ਜਿਹੜਾ ਬੰਦਾ ਸਿਰਫ਼ ਸੋਚਦਾ ਰਹਿੰਦਾ ਹੈ ਤੇ ਕਰਦਾ ਕੁਝ ਨਹੀਂ, ਉਹ ਹਮੇਸ਼ਾ ਉਸੇ ਥਾਂ ’ਤੇ ਹੀ ਰਹਿ ਜਾਂਦਾ ਹੈ ਪਰ ਜਿਹੜਾ ਚਾਹ ਦੇ ਨਾਲ ਮਿਹਨਤ ਕਰਦਾ ਹੈ, ਉਹ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਲਈ ਵੀ ਰਾਹ ਬਣਾਉਂਦਾ ਹੈ।
ਡਾ. ਬੀਆਰ ਅੰਬੇਡਕਰ ਨੇ ਸਿੱਖਿਆ ਦੀ ਚਾਹ ਨਾਲ ਆਪਣੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਸਮਾਜ ਨੂੰ ਨਵੀਂ ਸੋਚ ਦਿੱਤੀ। ਉਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਮਿਹਨਤ ਜ਼ਿੰਦਗੀ ਦੇ ਹਰ ਦਰਵਾਜ਼ੇ ਦੀ ਕੁੰਜੀ ਹੈ। ਮਰਹੂਮ ਡਾ. ਏਪੀਜੇ ਅਬਦੁਲ ਕਲਾਮ ਨੇ ਗ਼ਰੀਬੀ ਦੀ ਹਾਲਤ ’ਚ ਪਲਦਿਆਂ ਵਿਗਿਆਨ ਦੀ ਚਾਹ ਨਾਲ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨੀ ਤੇ ਰਾਸ਼ਟਰਪਤੀ ਬਣ ਕੇ ਦਿਖਾਇਆ। ਮਿਲਖਾ ਸਿੰਘ ਨੇ ਦੌੜ ਪ੍ਰਤੀ ਆਪਣੀ ਲਗਨ ਤੇ ਮਿਹਨਤ ਨਾਲ ਪੂਰੀ ਦੁਨੀਆ ’ਚ ਭਾਰਤ ਦਾ ਨਾਂ ਰੋਸ਼ਨ ਕੀਤਾ। ਕਲਪਨਾ ਚਾਵਲਾ ਨੇ ਅਸਮਾਨ ਨੂੰ ਛੂਹਣ ਦੀ ਚਾਹ ਰੱਖ ਕੇ ਸਾਬਿਤ ਕੀਤਾ ਕਿ ਹਿੰਮਤ ਵਾਲਿਆਂ ਲਈ ਕੋਈ ਸੀਮਾ ਨਹੀਂ ਹੁੰਦੀ। ਇਹ ਸਾਰੇ ਲਫਲ ਵਿਅਕਤੀ ਸਾਨੂੰ ਇਹੀ ਸਿਖਾਉਂਦੇ ਹਨ ਕਿ ਚਾਹ ਹੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ। ਜਿਹੜਾ ਮਨੁੱਖ ਹੌਸਲਾ ਰੱਖਦਾ ਹੈ, ਉਹ ਹਰ ਮੁਸ਼ਕਲ ਨੂੰ ਮਾਤ ਦੇ ਸਕਦਾ ਹੈ। ਇਸ ਲਈ ਸਾਨੂੰ ਚਾਹ ਰੱਖਣੀ ਚਾਹੀਦੀ ਹੈ ਮਿਹਨਤ, ਸੱਚ ਤੇ ਕੁਝ ਵੱਡਾ ਕਰ ਜਾਣ ਦੀ ਕਿਉਂਕਿ ਸੱਚਮੁੱਚ ਜਿੱਥੇ ਚਾਹ, ਉੱਥੇ ਰਾਹ।
- ਅੰਗਰੇਜ ਸਿੰਘ ਕਕਰਾਲਾ