ਬੱਚਾ ਕੁਦਰਤ ਦਾ ਕ੍ਰਿਸ਼ਮਾ ਹੈ। ਬੱਚੇ ਦੇ ਜਨਮ ਨਾਲ ਹੀ ਸਮਾਜ ਦਾ ਮੁੱਢ ਬੱਝਦਾ ਹੈ। ਜੇ ਸਮਾਜ ’ਚ ਬੱਚੇ ਦਾ ਜਨਮ ਨਹੀਂ ਹੁੰਦਾ ਤਾਂ ਸਮਾਜ ਦਾ ਵਾਧਾ ਰੁਕ ਜਾਂਦਾ ਹੈ ਕਿਉਂਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਸ ਲਈ ਉਹ ਸਮਾਜ ਤੋਂ ਬਗ਼ੈਰ ਨਹੀਂ ਰਹਿ ਸਕਦਾ। ਜੇ ਪਰਿਵਾਰ ਵਿਚ ਬੱਚਾ ਨਾ ਹੋਵੇ, ਉਸ ਦੀਆਂ ਕਲਕਾਰੀਆਂ ਨਾ ਸੁਣਨ ਤਾਂ ਉੱਥੇ ਖ਼ੁਸ਼ੀਆਂ ਤੇ ਖੇੜਾ ਨਹੀਂ ਆਉਂਦਾ।

ਬੱਚਾ ਕੁਦਰਤ ਦਾ ਕ੍ਰਿਸ਼ਮਾ ਹੈ। ਬੱਚੇ ਦੇ ਜਨਮ ਨਾਲ ਹੀ ਸਮਾਜ ਦਾ ਮੁੱਢ ਬੱਝਦਾ ਹੈ। ਜੇ ਸਮਾਜ ’ਚ ਬੱਚੇ ਦਾ ਜਨਮ ਨਹੀਂ ਹੁੰਦਾ ਤਾਂ ਸਮਾਜ ਦਾ ਵਾਧਾ ਰੁਕ ਜਾਂਦਾ ਹੈ ਕਿਉਂਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਸ ਲਈ ਉਹ ਸਮਾਜ ਤੋਂ ਬਗ਼ੈਰ ਨਹੀਂ ਰਹਿ ਸਕਦਾ। ਜੇ ਪਰਿਵਾਰ ਵਿਚ ਬੱਚਾ ਨਾ ਹੋਵੇ, ਉਸ ਦੀਆਂ ਕਲਕਾਰੀਆਂ ਨਾ ਸੁਣਨ ਤਾਂ ਉੱਥੇ ਖ਼ੁਸ਼ੀਆਂ ਤੇ ਖੇੜਾ ਨਹੀਂ ਆਉਂਦਾ। ਜਿਨ੍ਹਾਂ ਘਰਾਂ ਵਿਚ ਨਿੱਕੇ ਬਾਲ ਨਹੀਂ ਹਨ, ਉਹ ਆਂਢੀਆਂ-ਗੁਆਂਢੀਆਂ ਦੇ ਬਾਲ ਚੁੱਕ ਕੇ ਘਰ ’ਚ ਖਿਡਾਉਂਦੇ ਹਨ ਤਾਂ ਜੋ ਖ਼ੁਸ਼ੀਆਂ ਦੀਆਂ ਲਹਿਰਾਂ-ਬਹਿਰਾਂ ਹੋਣ। ਘਰ ’ਚ ਬੱਚਿਆਂ ਦਾ ਹੋਣਾ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਕਿ ਸਾਡੀ ਖ਼ੁਰਾਕ। ਮਨੁੱਖੀ ਜੀਵਨ ਦਾ ਵਿਸਥਾਰ ਬੱਚਿਆਂ ਨਾਲ ਹੀ ਸੰਭਵ ਹੈ।
ਮਾਪਿਆਂ ਦੀ ਜ਼ਿੰਮੇਵਾਰੀ
ਹੁਣ ਗੱਲ ਕਰਦੇ ਹਾਂ ਬਾਲ ਅਧਿਕਾਰਾਂ ਦੀ। ਜਿਹੜਾ ਵੀ ਬੱਚਾ ਮਾਂ ਦੇ ਗਰਭ ’ਚ ਆ ਚੁੱਕਿਆ ਹੈ, ਉਸ ਦਾ ਹੱਕ ਬਣਦਾ ਹੈ ਕਿ ਉਹ ਇਸ ਧਰਤੀ ਨੂੰ ਦੇਖੇ ਅਤੇ ਆਪਣਾ ਜੀਵਨ ਮਾਣੇ। ਬੱਚੇ ਨੂੰ ਇਸ ਧਰਤੀ ਤਕ ਲਿਆਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕਈ ਮਾਪੇ ਲੜਕੀਆਂ ਨੂੰ ਕੁੱਖ ’ਚ ਹੀ ਖ਼ਤਮ ਕਰੀ ਜਾ ਰਹੇ ਹਨ। ਇਸੇ ਕਰਕੇ ਮੁੰਡੇ ਅਤੇ ਕੁੜੀ ਦੇ ਅਨੁਪਾਤ ਦਾ ਸੰਤੁਲਨ ਵਿਗੜਿਆ ਹੋਇਆ ਹੈ। ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਯੋਗ ਸਾਥੀ ਨਹੀਂ ਲੱਭ ਰਹੇ। ਗਰਭ ’ਚ ਪਲ ਰਹੇ ਬੱਚੇ ਦੀ ਸਿਹਤ ਦਾ ਖ਼ਿਆਲ ਰੱਖਣਾ ਮਾਂ ਦੀ ਜ਼ਿੰਮੇਵਾਰੀ ਹੈ। ਜਿਸ ਵਾਸਤੇ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਲਈ ਹਰ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਗਰਭ ’ਚ ਪਲ ਰਹੇ ਬੱਚੇ ਦਾ ਇਹ ਅਧਿਕਾਰ ਹੈ ਕਿ ਉਹ ਸਿਹਤਮੰਦ ਜਨਮ ਲਵੇ।
ਚੰਗੇ ਸਮਾਜ ਦਾ ਨਿਰਮਾਣ
ਬਾਲ ਅਧਿਕਾਰਾਂ ਵਿਚ ਸਿਹਤ, ਸਿੱਖਿਆ, ਸੁਰੱਖਿਆ ਅਤੇ ਸਤਿਕਾਰ ਮੁੱਖ ਅਧਿਕਾਰ ਹਨ, ਜੋ ਬੱਚੇ ਨੂੰ ਮਿਲਣੇ ਚਾਹੀਦੇ ਹਨ। ਡਾਕਟਰ ਭੀਮ ਰਾਓ ਅੰਬੇਡਕਰ ਦੁਆਰਾ ਸਿਰਜੇ ਸੰਵਿਧਾਨ ਵਿਚ ਬੱਚਿਆਂ ਨੂੰ ਇਹ ਹੱਕ ਦਿੱਤਾ ਗਿਆ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਸਿੱਖਿਆ ਪ੍ਰਾਪਤ ਕਰਨ ਤੇ ਆਪਣੇ ਸੱਭਿਆਚਾਰ ਨੂੰ ਵਿਕਸਿਤ ਕਰਨ। ਇਸ ਲਈ ਸਮੁੱਚੇ ਸਮਾਜ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੈਦਾ ਹੋ ਰਹੇ ਬੱਚੇ ਸਿਹਤਮੰਦ ਹੋਣ। ਸਿਹਤਮੰਦ ਬੱਚੇ ਹੀ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ ਹਨ।
ਮਾਨਸਿਕਤਾ ਦਾ ਅਧਿਐਨ
ਸਿੱਖਿਆ ਤੋਂ ਬਗ਼ੈਰ ਬੱਚੇ ਦਾ ਜੀਵਨ ਹਨੇਰੇ ’ਚ ਹੀ ਰਹਿੰਦਾ ਹੈ। ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਉਸ ਦੀ ਰੁਚੀ ਅਨੁਸਾਰ ਅਤੇ ਸਮੇਂ ਦੀ ਹਾਣੀ ਸਿੱਖਿਆ ਪ੍ਰਦਾਨ ਕੀਤੀ ਜਾਵੇ। ਜੇ ਉਹ ਸਿੱਖਿਅਤ ਨਹੀਂ ਹੋਵੇਗਾ ਅਤੇ ਉਹ ਸਮਾਜ ਵਿਚ ਆਪਣੀ ਭੂਮਿਕਾ ਬਾਖ਼ੂਬੀ ਨਹੀਂ ਨਿਭਾ ਸਕਦਾ। ਬੱਚਿਆਂ ਤੇ ਸਿੱਖਿਆ ਦਾ ਪਾਇਆ ਜਾ ਰਿਹਾ ਵਾਧੂ ਬੋਝ ਵੀ ਉਨ੍ਹਾਂ ਦੇ ਵਿਕਾਸ ਨੂੰ ਰੋਕ ਰਿਹਾ ਹੈ। ਮਾਹਿਰ ਮਨੋਵਿਗਿਆਨੀਆਂ ਦੁਆਰਾ ਬੱਚੇ ਦੀਆਂ ਸੰਭਾਵਨਾਵਾਂ ਅਤੇ ਬਿਰਤੀਆਂ ਦਾ ਗਿਆਨ ਹਾਸਿਲ ਕਰ ਕੇ ਹੀ ਉਸ ਨੂੰ ਉਸੇ ਪ੍ਰਕਾਰ ਦੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।
ਹਰ ਬੱਚਾ ਡਾਕਟਰ, ਇੰਜੀਨੀਅਰ ਜਾਂ ਪ੍ਰੋਫੈਸਰ ਨਹੀਂ ਬਣ ਸਕਦਾ। ਜੋ ਉਹ ਬਣਨਾ ਚਾਹੁੰਦਾ ਹੈ, ਉਸ ਨੂੰ ਉਸੇ ਪ੍ਰਕਾਰ ਦੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਜੇ ਆਪਣੀ ਸਿੱਖਿਆ ਪ੍ਰਣਾਲੀ ਉੱਤੇ ਝਾਤ ਮਾਰੀਏ ਤਾਂ ਸਾਡੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੀ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਕੀ ਬਣਨਾ ਹੈ, ਕੀ ਕਰਨਾ ਹੈ। ਜੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਨਿਸ਼ਾਨੇ ਦਾ ਹੀ ਪਤਾ ਨਹੀਂ ਤਾਂ ਉਹ ਕਿੱਧਰ ਜਾਣਗੇ। ਇਸ ਲਈ ਬੱਚਿਆਂ ਦੀ ਮਾਨਸਿਕਤਾ ਦਾ ਅਧਿਐਨ ਕਰਨ ਵਾਸਤੇ ਪ੍ਰਾਇਮਰੀ ਪੱਧਰ ’ਤੇ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਜ਼ਰੂਰੀ ਹੈ।
ਕਾਨੂੰਨ ਬਾਰੇ ਜਾਣਕਾਰੀ ਹੋਣੀ ਲਾਜ਼ਮੀ
ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਸਭ ਨੂੰ ਕਾਨੂੰਨ ਸਿਖਾਏ ਜਾਣੇ ਵੀ ਲਾਜ਼ਮੀ ਹਨ। ਬਹੁਤ ਸਾਰੀਆਂ ਗੱਲਾਂ ਬੱਚਾ ਪਰਿਵਾਰ ਵਿੱਚੋਂ ਹੀ ਸਿੱਖ ਜਾਂਦਾ ਹੈ ਅਤੇ ਫਿਰ ਬਾਅਦ ਵਿਚ ਉਨ੍ਹਾਂ ਗੱਲਾਂ ਨੂੰ ਸਕੂਲਾਂ ਵਿਚ ਜਾ ਕੇ ਪੱਕਾ ਕਰਦਾ ਹੈ। ਇਸ ਲਈ ਆਉਣ-ਜਾਣ ਵੇਲੇ, ਘਰ ਵਿਚ ਅਤੇ ਹਰ ਥਾਂ ਉਸ ਦੀ ਸੁਰੱਖਿਆ ਹੋਣੀ ਲਾਜ਼ਮੀ ਹੈ। ਲੱਖਾਂ ਦੀ ਗਿਣਤੀ ਵਿਚ ਹਰ ਸਾਲ ਬੱਚੇ ਗਾਇਬ ਹੋ ਰਹੇ ਹਨ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
ਅਸੀਂ ਸਭ ਜਾਣਦੇ ਹਾਂ ਕਿ ਗ਼ਾਇਬ ਹੋਏ ਬੱਚੇ ਸਮਾਜ ਵਿਰੋਧੀ ਅਨਸਰਾਂ ਦੇ ਹੱਥ ਆ ਕੇ ਭਿਖਾਰੀ ਜਾਂ ਕੁਰੀਤੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਵਾਸਤੇ ਬੱਚਿਆਂ ਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ ਕਿ ਕਿਹੜਾ ਵਿਅਕਤੀ ਉਨ੍ਹਾਂ ਵਾਸਤੇ ਸੁਰੱਖਿਆ ਦੀ ਛੱਤਰੀ ਬਣ ਸਕਦਾ ਹੈ ਤੇ ਕਿਹੜਾ ਨਹੀਂ।
ਅਧਿਕਾਰਾਂ ਦੀ ਰਾਖੀ
ਕਿਸ਼ੋਰ ਅਵਸਥਾ ਵਿਚ ਜਾ ਰਹੇ ਬੱਚਿਆਂ ਨੂੰ ਵਿਸ਼ੇਸ਼ ਗਿਆਨ ਪ੍ਰਦਾਨ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਦੌਰਾਨ ਉਨ੍ਹਾਂ ਅੰਦਰ ਸਵੈ-ਭਰੋਸਾ, ਸਵੈ ਇੱਛਾ, ਸਵੈ-ਹੋਂਦ ਤੇ ਵਿਅਕਤੀਵਾਦ ਆਦਿ ਬਿਰਤੀਆਂ ਪ੍ਰਬਲ ਹੋਣ ਲੱਗ ਪੈਂਦੀਆਂ ਹਨ। ਇਸ ਲਈ ਵੱਡਿਆਂ ਨੂੰ ਉਨ੍ਹਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਪਰਿਵਾਰਕ ਮਸਲਿਆਂ ਵਿਚ ਵਿਚਾਰ-ਵਟਾਂਦਰੇ ਮੌਕੇ ਉਨ੍ਹਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਰਾਏ ਲੈਣ ਨਾਲ ਉਨ੍ਹਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਇਸ ਨਾਲ ਹੀ ਉਨ੍ਹਾਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਉਜਾਗਰ ਹੋਣੀ ਸ਼ੁਰੂ ਹੋ ਜਾਂਦੀ ਹੈ।
ਬੱਚੇ ਦਾ ਸਤਿਕਾਰ ਘਰ ਵਿੱਚੋਂ ਆਰੰਭ ਹੁੰਦਾ ਹੈ ਫਿਰ ਬਾਅਦ ਵਿਚ ਸਮਾਜ ਕਰਦਾ ਹੈ। ਜਿਹੜੇ ਵਿਦਿਆਰਥੀ ਹੁਸ਼ਿਆਰ ਹਨ, ਉਨ੍ਹਾਂ ਨੂੰ ਸ਼ਾਬਾਸ਼ ਦੇਣੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਬੱਚਾ ਵੀ ਪੂਰਨ ਮਨੁੱਖ ਹੁੰਦਾ ਹੈ ਕਿਉਂਕਿ ਉਸ ਅੰਦਰ ਦਿਲ ਦਿਮਾਗ਼ ਹੁੰਦਾ ਹੈ । ਉਸ ਨੇ ਆਉਣ ਵਾਲੇ ਸਮੇਂ ਨੂੰ ਨਵੀਂ ਲੀਹ ਦੇਣੀ ਹੁੰਦੀ ਹੈ। ਇਸ ਵਾਸਤੇ ਬੱਚਿਆਂ ਦੀ ਸਿਹਤ, ਸਿੱਖਿਆ, ਸੁਰੱਖਿਆ ਅਤੇ ਸਤਿਕਾਰ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਆਓ ਸਾਰੇ ਸੁਚੇਤ ਹੋ ਕੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰੀਏ।
• ਬਲਜਿੰਦਰ ਮਾਨ