ਲੋਹੜੀ ਪੰਜਾਬ ਦਾ ਸੱਭਿਆਚਾਰਕ ਤਿਉਹਾਰ ਹੈ। ਇਹ ਕੜਾਕੇ ਦੀ ਸਰਦ ਰੁੱਤ ’ਚ ਪੋਹ ਮਹੀਨੇ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਜਿਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਬੱਚਿਆਂ ਲਈ ਇਹ ਤਿਉਹਾਰ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦਾ।

ਲੋਹੜੀ ਪੰਜਾਬ ਦਾ ਸੱਭਿਆਚਾਰਕ ਤਿਉਹਾਰ ਹੈ। ਇਹ ਕੜਾਕੇ ਦੀ ਸਰਦ ਰੁੱਤ ’ਚ ਪੋਹ ਮਹੀਨੇ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਜਿਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਬੱਚਿਆਂ ਲਈ ਇਹ ਤਿਉਹਾਰ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦਾ। ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਾਂ ਵਿਆਹ ਹੋਇਆ ਹੋਵੇ, ਉੱਥੇ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਤਿਉਹਾਰ ਦੇ ਅਰਥ
ਭਾਰਤ ਦਾ ਸਮੁੱਚਾ ਜੀਵਨ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ। ਇਸ ਤਿਉਹਾਰ ਦੇ ਅਰਥ ‘ਤਿਲ+ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ’ਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ।
ਪੰਜਾਬੀ ਲੋਕਧਾਰਾ ’ਚ ਜਿਉਂਦਾ ਦੁੱਲਾ ਭੱਟੀ
ਲੋਹੜੀ ਦਾ ਪਿਛੋਕੜ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੀ ਘਟਨਾ ਨਾਲ ਵੀ ਜੋੜਿਆ ਜਾਂਦਾ ਹੈ। ਇਕ ਵਾਰ ਉਸ ਨੇ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਲੜਕੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਪੁੰਨ ਖੱਟਿਆ ਸੀ। ਕਹਿੰਦੇ ਹਨ ਕਿ ਦੁੱਲੇ ਨੇ ਕੁੜੀਆਂ ਨੂੰ ਸ਼ਗਨ ’ਚ ਸ਼ੱਕਰ ਪਾਈ ਸੀ। ਇਸ ਭਲੇ ਕਾਰਜ ਨਾਲ ਦੁੱਲਾ ਲੋਕਾਂ ’ਚ ਹਰਮਨ ਪਿਆਰਾ ਬਣ ਗਿਆ। ਉਹ ਲੋਕ ਨਾਇਕ ਬਣ ਕੇ ਅੱਜ ਵੀ ਪੰਜਾਬੀ ਲੋਕਧਾਰਾ ’ਚ ਜਿਉਂਦਾ ਹੈ। ਦੁੱਲਾ ਭੱਟੀ ਦੀ ਮਹਾਨਤਾ ਨੂੰ ਯਾਦ ਕਰ ਕੇ ਲੋਹੜੀ ਨੂੰ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :-
ਸੁੰਦਰ ਮੁੰਦਰੀਏ- ਹੋ,
ਤੇਰਾ ਕੌਣ ਵਿਚਾਰਾ- ਹੋ।
ਦੁੱਲਾ ਭੱਟੀ ਵਾਲਾ- ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਪੋਹ ਰਿੱਧੀ ਮਾਘ ਖਾਧੀ
ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਉਨ੍ਹਾਂ ਵੱਲੋਂ ਖੁੱਲ੍ਹੇ ਥਾਂ ’ਤੇ ਧੂਣੀ ਬਾਲੀ ਜਾਂਦੀ ਹੈ। ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਖਾਂਦੇ ਹਨ ਤੇ ਅੱਗ ’ਚ ਤਿੱਲ ਸੁੱਟ ਕੇ ਬੋਲਦੇ ਹਨ, ਈਸ਼ਰ ਆ, ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।’ ਲੋਹੜੀ ਵਾਲੇ ਦਿਨ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਮੂੰਗਫਲੀ, ਰਿਓੜੀਆਂ, ਗੱਚਕ, ਭੁੱਗਾ, ਖਿੱਲਾਂ, ਖਜੂਰਾਂ ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ’ਤੇ ਖਾਧੀ ਜਾਂਦੀ ਹੈ। ਪੋਹ ਰਿੱਧੀ ਮਾਘ ਖਾਧੀ ਇਸੇ ਲਈ ਆਖਦੇ ਹਨ।
ਚੇਤਿਆਂ ’ਚ ਸਾਂਭੇ ਹੋਏ ਗੀਤ
ਇਕ ਸਮਾਂ ਸੀ, ਜਦੋਂ ਪਿੰਡਾਂ-ਸ਼ਹਿਰਾਂ ਦੇ ਗਲੀ-ਮੁਹੱਲਿਆਂ ਵਿਚ ਬੱਚਿਆਂ ਦੀਆਂ ਢਾਣੀਆਂ ਲੋਹੜੀ ਦੇ ਗੀਤ ਗਾ ਕੇ ਕਈ-ਕਈ ਦਿਨ ਪਹਿਲਾਂ ਹੀ ਲੋਹੜੀ ਮੰਗਦੀਆਂ ਸਨ। ਲੋਹੜੀ ਦੇ ਗੀਤਾਂ ਦੀਆਂ ਉੱਚੀਆਂ ਸੁਰਾਂ ਨਾਲ ਸਾਰਾ ਪਿੰਡ ਸੁਰਮਈ ਹੋ ਜਾਂਦਾ ਸੀ। ਇੰਜ ਲੱਗਦਾ ਸੀ, ਜਿਵੇਂ ਸਾਰਾ ਪਿੰਡ ਹੀ ਗਾ ਰਿਹਾ ਹੋਵੇ। ਲੋਹੜੀ ਮੰਗਦੇ ਟੋਲਿਆਂ ਨੂੰ ਕਿਸੇ ਘਰੋਂ ਦਾਣੇ, ਗੁੜ, ਕਿਤਿਓਂ ਪਾਥੀਆਂ ਤੇ ਕਈ ਘਰਾਂ ਤੋਂ ਪੈਸੇ ਮਿਲਦੇ ਹਨ। ਲੋਹੜੀ ਦੇ ਤਿਉਹਾਰ ’ਤੇ ਗਾਏ ਜਾਣ ਵਾਲੇ ਗੀਤ ਪੰਜਾਬੀ ਲੋਕ-ਸਾਹਿਤ ਦਾ ਵੱਡਾ ਸਰਮਾਇਆ ਹੁੰਦੇ ਹਨ। ਅੱਜ ਇਨ੍ਹਾਂ ਗੀਤਾਂ ਦੀ ਜਗ੍ਹਾ ਡੀਜੇ ’ਚੇ ਵੱਜਦੇ ਗੀਤਾਂ ਨੇ ਲੈ ਲਈ ਹੈ।
ਧੀਆਂ ਦੀ ਲੋਹੜੀ
ਅੱਜ-ਕੱਲ੍ਹ ਪਿੰਡਾਂ-ਸ਼ਹਿਰਾਂ ’ਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਨਿਵੇਕਲੀ ਰੀਤ ਚੱਲ ਪਈ ਹੈ, ਜਿਸ ਨੂੰ ਲੜਕੀਆਂ ਦੀ ਲੋਹੜੀ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸਮੇਂ ਦੀ ਲੋੜ ਵੀ ਹੈ ਕਿਉਂਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀ ਹਨ। ਸਮਾਜ ’ਚ ਸੂਝਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਿਆ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ ਹੋਵੇ, ਪੜ੍ਹਾਈ, ਸੰਗੀਤ ਜਾਂ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਉਹ ਮੱਲਾਂ ਮਾਰੀਆਂ ਹਨ।
ਲੋਹੜੀ ਦਾ ਬਦਲਦਾ ਸਰੂਪ
ਅੱਜ ਲੋਹੜੀ ਦਾ ਸਰੂਪ ਆਧੁਨਿਕਤਾ ਦੀ ਚਕਾਚੌਂਧ ’ਚ ਬਦਲ ਰਿਹਾ ਹੈ। ਬੱਚੇ ਲੋਹੜੀ ਦੇ ਇਤਿਹਾਸ ਤੇ ਗੀਤਾਂ ਤੋਂ ਵੀ ਦੂਰ ਹੋ ਰਹੇ ਹਨ। ਤਕਨੀਕ ਨੇ ਤਿਉਹਾਰਾਂ ਨਾਲ ਬੱਚਿਆਂ ਦਾ ਪਿਆਰ ਵੀ ਘਟਾ ਦਿੱਤਾ ਹੈ। ਲੋਹੜੀ ਮੰਗਣ ਦੇ ਰਵਾਇਤੀ ਢੰਗ ਬਦਲ ਰਹੇ ਹਨ। ਤੇਜ਼ੀ ਨਾਲ ਉਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ ਤੇ ਮੋਹ ਵੀ ਘਟਦਾ ਜਾ ਰਿਹਾ ਹੈ। ਸ਼ੁੱਭ ਸ਼ਗਨਾਂ ਵਾਲੀ ਲੋਹੜੀ ਮਹਿਜ਼ ਪੈਸੇ ਮੰਗਣ ਤੇ ਡੀਜਿਆਂ ਦੀ ਧਮਕ ਤੋਂ ਡਰ ਕੇ ਸਹਿਮ ਜਿਹੀ ਗਈ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਭਿਆਚਾਰ ਤੋਂ ਜਾਗਰੂਕ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ, ਨਹੀਂ ਤਾਂ ਇਹ ਤਿਉਹਾਰ ਸਿਰਫ਼ ਕਿਤਾਬਾਂ ਦੇ ਪਾਠ ਬਣ ਕੇ ਜਾਣਗੇ।
- ਰਾਜਿੰਦਰ ਰਾਣੀ ਗੰਢੂਆਂ