ਅਧਿਆਪਨ ਆਪਣੇ ਆਪ ਵਿਚ ਹੀ ਮਾਣਮੱਤਾ ਕਾਰਜ ਹੈ। ਇਸ ਤੋਂ ਹੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਜਿੰਨੀ ਅਧਿਆਪਨ ਸ਼ੈਲੀ ਵਧੀਆ ਹੋਵੇਗੀ, ਓਨੀ ਹੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਪ੍ਰਭਾਵਸ਼ਾਲੀ ਹੋਵੇਗੀ। ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਰਸਮੀ ਤੇ ਗ਼ੈਰ-ਰਸਮੀ।

ਅਧਿਆਪਨ ਆਪਣੇ ਆਪ ਵਿਚ ਹੀ ਮਾਣਮੱਤਾ ਕਾਰਜ ਹੈ। ਇਸ ਤੋਂ ਹੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਜਿੰਨੀ ਅਧਿਆਪਨ ਸ਼ੈਲੀ ਵਧੀਆ ਹੋਵੇਗੀ, ਓਨੀ ਹੀ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਪ੍ਰਭਾਵਸ਼ਾਲੀ ਹੋਵੇਗੀ। ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਰਸਮੀ ਤੇ ਗ਼ੈਰ-ਰਸਮੀ। ਗ਼ੈਰ-ਰਸਮੀ ਉਹ ਸਿੱਖਿਆ ਹੈ, ਜੋ ਬੱਚਾ ਆਪਣੇ ਮਾਂ- ਬਾਪ, ਘਰ, ਵੱਡੇ ਬਜ਼ੁਰਗਾਂ,ਆਲੇ-ਦੁਆਲੇ ਅਤੇ ਸਮਾਜ ਵਿੱਚੋਂ ਸਿੱਖਦਾ ਹੈ। ਇਸ ਗ਼ੈਰ-ਰਸਮੀਂ ਸਿੱਖਿਆ ਲਈ ਉਸ ਨੂੰ ਕਿਸੇ ਸਕੂਲ-ਕਾਲਜ ਦੀ ਲੋੜ ਨਹੀਂ ਹੁੰਦੀ। ਰਸਮੀ ਸਿੱਖਿਆ ਲਈ ਬੱਚੇ ਨੂੰ ਕਿਸੇ ਸਕੂਲ-ਕਾਲਜ ’ਚ ਦਾਖ਼ਲਾ ਲੈਣਾ ਪੈਂਦਾ ਹੈ ਤੇ ਸਿੱਖਿਆ ਪੂਰੀ ਹੋਣ ’ਤੇ ਉਸ ਨੂੰ ਡਿਗਰੀ ਜਾਂ ਸਰਟੀਫਿਕੇਟ ਵੀ ਮਿਲਦਾ ਹੈ।
ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦਾ ਮਹੱਤਵ
ਰਸਮੀ ਸਿੱਖਿਆ ’ਚ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਦਾ ਬੜਾ ਮਹੱਤਵ ਹੈ। ਇਸ ਵਿਚ ਸਿਖਿਆਰਥੀ ਤੇ ਅਧਿਆਪਕ ਦੋਵੇਂ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇ ਇਹ ਪ੍ਰਕਿਰਿਆ ਅਕਾਊ ਜਾਂ ਗੁੰਝਲਦਾਰ ਹੋਵੇ ਤਾਂ ਬੱਚਾ ਇਸ ਵਿਚ ਦਿਲਚਸਪੀ ਨਹੀਂ ਲੈਂਦਾ ਤੇ ਜਲਦੀ ਹੀ ਅੱਕ ਜਾਂਦਾ ਹੈ ਅਤੇ ਅਧਿਆਪਕ ਨੂੰ ਬਹੁਤੇ ਵਧੀਆ ਨਤੀਜੇ ਪ੍ਰਾਪਤ ਨਹੀਂ ਹੁੰਦੇ।
ਮਾਨਸਿਕ ਤੌਰ ’ਤੇ ਤਿਆਰ ਕਰਨਾ ਹੁੰਦਾ ਜ਼ਰੂਰੀ
ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਭ ਤੋਂ ਪਹਿਲਾਂ ਬੱਚੇ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬੱਚੇ ਨੂੰ ਵਿਸ਼ੇ ਨਾਲ ਜੋੜਨ ਲਈ ਪੜ੍ਹਾਉਣ ਤੋਂ ਪਹਿਲਾਂ ਪ੍ਰੇਰਨਾਦਾਇਕ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। ਵਿਸ਼ੇ ਨਾਲ ਸਬੰਧਿਤ ਜੋ ਜਾਣਕਾਰੀ ਉਸ ਕੋਲ ਪਹਿਲਾਂ ਹੈ, ਉਸ ਨੂੰ ਵਿਸ਼ੇ ਨਾਲ ਜੋੜਿਆ ਜਾਵੇ। ਉਸ ਤੋਂ ਬਾਅਦ ਵਿਸ਼ੇ ਦੇ ਸਿਰਲੇਖ ’ਤੇ ਚਰਚਾ ਕੀਤੀ ਜਾਵੇ। ਇਸ ਨਾਲ ਬੱਚੇ ਅੰਦਰ ਸਿੱਖਣ ਦੀ ਜਗਿਆਸਾ ਪੈਦਾ ਹੁੰਦੀ ਹੈ ਤੇ ਉਹ ਮਾਨਸਿਕ ਤੌਰ ’ਤੇ ਸਿੱਖਣ ਲਈ ਤਿਆਰ ਹੋ ਜਾਂਦਾ ਹੈ।
ਵਿਸ਼ੇ ਨੂੰ ਦਿਲਚਸਪ ਬਣਾ ਕੇ ਕੀਤਾ ਜਾਵੇ ਪੇਸ਼
ਵਿਸ਼ੇ ਨੂੰ ਅਕਾਊ ਜਾਂ ਗੁੰਝਲਦਾਰ ਤਰੀਕੇ ਨਾਲ ਪੇਸ਼ ਕਰਨ ਦੀ ਬਜਾਏ ਵਿਸ਼ੇ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨਾ ਚਾਹੀਦਾ ਹੈ। ਉਸ ਨੂੰ ਆਮ ਜ਼ਿੰਦਗੀ ਵਿੱਚੋਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਬੱਚੇ ਦੀ ਭਾਗੀਦਾਰੀ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਪੜ੍ਹਾਉਂਦੇ ਸਮੇਂ ਉਸ ਕੋਲੋਂ ਵਿਚ-ਵਿਚ ਪ੍ਰਸ਼ਨ ਵੀ ਪੁੱਛਣੇ ਚਾਹੀਦੇ ਹਨ। ਅਧਿਆਪਕ ਦਾ ਲੈਕਚਰ ਸਪਸ਼ਟ ਤੇ ਉੱਚੀ ਅਵਾਜ਼ ਵਿਚ ਅਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ, ਜੋ ਵਿਦਿਆਰਥੀਆਂ ਦੇ ਮਨਾਂ ’ਤੇ ਡੂੰਘੀ ਛਾਪ ਛੱਡ ਸਕੇ ।
- ਵਿਸ਼ੇ ਨਾਲ ਸਬੰਧਿਤ ਪੁਆਇੰਟ ਬਲੈਕ ਬੋਰਡ ’ਤੇ ਸਪਸ਼ਟ ਤੇ ਸਾਫ਼ ਲਿਖਾਈ ਵਿਚ ਲਿਖਣੇ ਚਾਹੀਦੇ ਹਨ। ਅੱਖਰਾਂ ਦਾ ਆਕਾਰ ਵੱਡਾ ਹੋਣਾ ਚਾਹੀਦਾ ਹੈ।
- ਵਿਚਾਰ-ਵਟਾਂਦਰਾ ਕਰਦੇ ਸਮੇਂ ਅਧਿਆਪਕ ਦੇ ਹੱਥਾਂ ਦੀ ਗਤੀਵਿਧੀ ਤੇ ਚਿਹਰੇ ਦੇ ਹਾਵ-ਭਾਵ ਵੀ ਡੂੰਘਾ ਪ੍ਰਭਾਵ ਪਾਉਂਦੇ ਹਨ।
- ਵਿਸ਼ੇ ਨੂੰ ਦਿਲਚਸਪ ਬਣਾਉਣ ਲਈ ਵੱਧ ਤੋਂ ਵੱਧ ਟੀਐੱਲਐੱਮ ਦੀ ਵਰਤੋਂ ਕਰਨੀ ਚਾਹੀਦੀ ਹੈ। ਰੰਗਦਾਰ ਚਾਰਟ, ਵਰਕਿੰਗ ਮਾਡਲ, ਫਲੈਸ਼ ਕਾਰਡ ਆਦਿ ਦਿਖਾਏ ਜਾ ਸਕਦੇ ਹਨ। ਆਡੀਓ-ਵਿਜ਼ੂਅਲ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਾਇਮਰੀ ਪੱਧਰ ’ਤੇ ਬੱਚਿਆਂ ਨੂੰ ਖੇਡ ਵਿਧੀ ਨਾਲ ਵੀ ਸਿਖਾਇਆ ਜਾ ਸਕਦਾ ਹੈ।
- ਐਕਟੀਵਿਟੀ ਬੇਸਡ ਲਰਨਿੰਗ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਵਿਚ ਬੱਚਾ ਖ਼ੁਦ ਗਤੀਵਿਧੀ ਕਰ ਕੇ ਸਿੱਖਦਾ ਹੈ ਅਤੇ ਵਧੇਰੇ ਦਿਲਚਸਪੀ ਦਿਖਾਉਂਦਾ ਹੈ।
- ਬੱਚੇ ਨੂੰ ਵਿਸ਼ੇ ਨਾਲ ਸਬੰਧਿਤ ਥਾਵਾਂ ਦਾ ਦੌਰਾ ਵੀ ਕਰਵਾਇਆ ਜਾ ਸਕਦਾ ਹੈ। ਹੋਰ ਇਤਿਹਾਸਕ ਥਾਵਾਂ ਦੇ ਟੂਰ ਵੀ ਕਰਵਾਏ ਜਾ ਸਕਦੇ ਹਨ।
- ਬੱਚਿਆਂ ਨੂੰ ਆਪਣੇ ਆਪ ਕਰ ਕੇ ਸਿੱਖਣ ਦੇ ਮੌਕੇ ਦੇਣੇ ਚਾਹੀਦੇ ਹਨ। ਉਨ੍ਹਾਂ ਨੂੰ ਪ੍ਰਾਜੈਕਟ ਵਰਕ ਵੀ ਦਿੱਤਾ ਜਾਣਾ ਚਾਹੀਦਾ ਹੈ।
- ਕੁਇਜ਼ ਮੁਕਾਬਲੇ,ਅਸਾਈਨਮੈਂਟ, ਸਾਇੰਸ ਮੈਥ ਅਤੇ ਅਲੱਗ-ਅਲੱਗ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਸਕਦੀਆਂ ਹਨ।
- ਜੋ ਬੱਚੇ ਕਿਸੇ ਕਾਰਨ ਪੜ੍ਹਾਈ ਦਾ ਟੀਚਾ ਪੂਰਾ ਕਰਨ ਵਿਚ ਕਲਾਸ ਦੇ ਬਾਕੀ ਬੱਚਿਆਂ ਨਾਲੋਂ ਪਿੱਛੇ ਰਹਿ ਜਾਂਦੇ ਹਨ, ਉਨ੍ਹਾਂ ਬੱਚਿਆਂ ਨੂੰ ਪੀਅਰ ਗਰੁੱਪ ਵਿਚ ਬਿਠਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਦੂਜੇ ਬੱਚਿਆਂ ਦੀ ਮਦਦ ਨਾਲ ਜਲਦੀ ਸਿੱਖਦੇ ਹਨ। ਰਮੀਡੀਅਲ ਕੋਚਿੰਗ, ਵਾਧੂ ਕਲਾਸਾਂ ਤੇ ਪੀਅਰ ਗਰੁੱਪ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਟੀਚੇ ਪੂਰੇ ਕਰਨ ਵਿਚ ਮਦਦ ਕਰਦੇ ਹਨ।
ਉਪਰੋਕਤ ਸਾਰੇ ਉਪਰਾਲਿਆਂ ਨਾਲ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ ਤੇ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
- ਪੁਸ਼ਪਾ ਮਹਿਰਾ