ਵਿਦਿਆਰਥੀ ਜੀਵਨ ’ਚ ਅਨੁਸ਼ਾਸਨ ਦਾ ਆਪਣਾ ਮਹੱਤਵ ਹੁੰਦਾ ਹੈ। ਅਨੁਸ਼ਾਸਨ ਨੂੰ ਅਪਣਾ ਕੇ ਹੀ ਸਫਲਤਾ ਦੀਆਂ ਸਿਖ਼ਰਾਂ ’ਤੇ ਪੁੱਜਿਆ ਜਾ ਸਕਦਾ ਹੈ। ਆਮ ਤੌਰ ’ਤੇ ਇਸ ਦੀ ਮਹੱਤਤਾ ਨੂੰ ਘੱਟ ਸਮਝ ਕੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਦੀ ਅਣਹੋਂਦ ਨਾਲ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਵਿਦਿਆਰਥੀ ਜੀਵਨ ’ਚ ਅਨੁਸ਼ਾਸਨ ਦਾ ਆਪਣਾ ਮਹੱਤਵ ਹੁੰਦਾ ਹੈ। ਅਨੁਸ਼ਾਸਨ ਨੂੰ ਅਪਣਾ ਕੇ ਹੀ ਸਫਲਤਾ ਦੀਆਂ ਸਿਖ਼ਰਾਂ ’ਤੇ ਪੁੱਜਿਆ ਜਾ ਸਕਦਾ ਹੈ। ਆਮ ਤੌਰ ’ਤੇ ਇਸ ਦੀ ਮਹੱਤਤਾ ਨੂੰ ਘੱਟ ਸਮਝ ਕੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਦੀ ਅਣਹੋਂਦ ਨਾਲ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਨੁਸ਼ਾਸਨ ਨਾ ਸਿਰਫ਼ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਦਾ ਹੈ ਸਗੋਂ ਇਹ ਸਮੇਂ ਦਾ ਪ੍ਰਬੰਧਨ ਕਰਨ, ਇੱਛਾਵਾਂ ’ਤੇ ਕਾਬੂ ਰੱਖਣ, ਧਿਆਨ ਕੇਂਦਰਿਤ ਕਰਨ ਤੇ ਲਗਾਤਾਰ ਉਹ ਕਰਨ ਦੀ ਸਮਰੱਥਾ ਹੈ, ਜੋ ਸਮੇਂ ਮੁਤਾਬਿਕ ਬੱਚਿਆ ਲਈ ਲੋੜੀਂਦੀ ਹੈ। ਅਨੁਸ਼ਾਸਨ ਦ੍ਰਿਸ਼ ਤੇ ਅਦ੍ਰਿਸ਼ ਦੋਵੇਂ ਥਾਵਾਂ ’ਤੇ ਕੰਮ ਕਰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਜਦੋਂ ਤੁਹਾਨੂੰ ਕੋਈ ਦੇਖ ਰਿਹਾ ਹੋਵੇ, ਉਦੋਂ ਹੀ ਇਸ ਦੀ ਪਾਲਣਾ ਕੀਤੀ ਜਾਵੇ ਸਗੋਂ ਅਨੁਸ਼ਾਸਨ ਵਿਚ ਉਹ ਕਿਰਿਆ ਵੀ ਸ਼ਾਮਿਲ ਹੈ, ਜਦੋਂ ਤੁਸੀ ਆਮ ਲੋਕਾਂ ਵਿਚ ਨਾ ਵਿਚਰ ਕੇ ਇਕੱਲੇ ਵੀ ਉਸ ਦੀ ਪਾਲਣਾ ਯਕੀਨੀ ਬਣਾਓ। ਅਨੁਸ਼ਾਸਨ ਵਿਦਿਆਰਥੀ ਜੀਵਨ ’ਚ ਹਰ ਪੱਖੋਂ ਮਹੱਤਵ ਰੱਖਦਾ ਹੈ।
ਚੰਗੀ ਕਾਰਗੁਜ਼ਾਰੀ ਦਿਖਾਉਣ ’ਚ ਕਰਦਾ ਮਦਦ
ਅਨੁਸ਼ਾਸਨ ਇਸ ਗੱਲ ਦੀ ਵਿਸ਼ੇਸ਼ਤਾ ਰੱਖਦਾ ਹੈ ਕਿ ਇਹ ਔਸਤ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਕਰਨ ’ਚ ਮਦਦ ਕਰਦਾ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹ ਅਸਫਲਤਾ ਨੂੰ ਸਫਤਲਾ ’ਚ ਬਦਲਦਾ ਹੈ। ਇਹ ਬੱਚਿਆਂ ਨੂੰ ਰੋਜ਼ਾਨਾ ਅਧਿਐਨ ਕਰਨ, ਸਮੇਂ ਸਿਰ ਹੋਮਵਰਕ ਕਰਨ, ਬੋਰਡ ਦੀਆਂ ਪ੍ਰੀਖਿਆਵਾਂ ਲਈ ਪੂਰੀ ਤਿਆਰੀ ਤੇ ਜਮਾਤ ਵਿਚ ਕਿਰਿਆਸ਼ੀਲ ਭਾਗੀਦਾਰੀ ਨੂੰ ਯਕੀਨੀ ਬਣਾਉਂਦਾ ਹੈ। ਜਿਹੜੇ ਵਿਦਿਆਰਥੀ ਰੋਜ਼ਾਨਾ 3-4 ਘੰਟੇ ਧਿਆਨ ਪੂਰਵਕ ਪੜ੍ਹਦੇ ਹਨ, ਉਹ ਹੋਰਨਾਂ ਵਿਦਿਆਰਥੀਆਂ ਨਾਲੋਂ ਵਧੀਆਂ ਪ੍ਰਦਰਸ਼ਨ ਕਰਦੇ ਹਨ, ਜੋ ਸਿਰਫ਼ ਅੰਤਿਮ ਸਮੇਂ ਵਿਚ ਕਿਸੇ ਕਾਰਜ ਨੂੰ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਹੁਨਰ ਨੂੰ ਸਿੱਖਣ ਲਈ ਅਨੁਸ਼ਾਸਨ ਪਹਿਲੀ ਪੌੜੀ ਹੈ।
ਸਮਾਂ-ਸਾਰਨੀ ਦੀ ਪਾਲਣਾ
ਸਮਾਂ-ਸਾਰਨੀ ਕਿਸੇ ਵੀ ਖੇਤਰ ’ਚ ਅੱਗੇ ਵਧਣ ਲਈ ਲੋੜੀਂਦੀ ਸ਼ਰਤ ਹੈ ਤੇ ਇਕ ਉੱਤਮ ਸਮਾਂ-ਸਾਰਨੀ ਚੰਗੇ ਅਨੁਸ਼ਾਸਨ ’ਤੇ ਨਿਰਭਰ ਕਰਦੀ ਹੈ। ਅਨੁਸ਼ਾਸਨ ’ਚ ਰਹਿੰਦਿਆਂ ਵਿਦਿਆਰਥੀ ਨੂੰ ਪਤਾ ਹੁੰਦਾ ਹੈ ਕਿ ਕਿਸ ਕਾਰਜ ਜਾਂ ਵਿਸ਼ੇ ਨੂੰ ਕਿੰਨੀ ਤਰਜੀਹ ਦੇਣੀ ਹੈ। ਅਨੁਸ਼ਾਸਿਤ ਵਿਦਿਆਰਥੀ ਪੜ੍ਹਾਈ, ਖੇਡ ਗਤੀਵਿਧੀਆਂ ਤੇ ਮਨੋਰੰਜਨ ਵਿਚ ਸੰਤੁਲਨ ਬਣਾ ਕੇ ਚੱਲਦਾ ਹੈ। ਅਨੁਸ਼ਾਸਿਤ ਵਿਦਿਆਰਥੀ ਸਮੇਂ ਸਿਰ ਉੱਠਦੇ ਹਨ, ਤਿਆਰ ਕੀਤੀ ਸਮਾਂ-ਸਾਰਨੀ ਦੀ ਪਾਲਣਾ ਕਰਦੇ ਹਨ, ਟਾਲ-ਮਟੋਲ ਤੇ ਬਹਾਨੇਬਾਜ਼ੀ ਤੋਂ ਬਚਦੇ ਹਨ ਅਤੇ ਮੌਕਿਆਂ ਨੂੰ ਨਹੀਂ ਖੁੰਝਾਉਂਦੇ। ਸਮਾਂ-ਸਾਰਨੀ ਵਿਦਿਆਰਥੀ ਨੂੰ ਭੈੜੀ ਆਦਤ, ਤਣਾਅ, ਮਾੜੀ ਕਾਰਗੁਜ਼ਾਰੀ ਆਦਿ ਪ੍ਰਭਾਵਾਂ ਤੋਂ ਦੂਰ ਰੱਖਦੇ ਹਨ।
ਆਤਮ-ਵਿਸ਼ਵਾਸ ’ਚ ਵਾਧਾ
ਮਿਹਨਤ, ਲਗਨ, ਇਮਾਨਦਾਰੀ ਅਨੁਸ਼ਾਸਨ ਦੇ ਗਹਿਣੇ ਵਾਂਗ ਕੰਮ ਕਰਦੇ ਹਨ ਅਤੇ ਵਿਦਿਆਰਥੀ ਦੇ ਚਰਿੱਤਰ ਨਿਰਮਾਣ ਵਿਚ ਫੈਸਲਾਕੁਨ ਸਾਬਿਤ ਹੁੰਦੇ ਹਨ। ਇਹ ਟੀਚਾ ਨਿਰਧਾਰਤ ਲੋਕਾਂ ਵਿੱਚ ਪ੍ਰੇਰਨਾ ਦਾ ਕੰਮ ਕਰਦਾ ਹੈ, ਜੋ ਉਨ੍ਹਾਂ ਵਿਚ ਅਕਾਊਪਣ ਨਹੀਂ ਆਉਣ ਦਿੰਦਾ ਸਗੋਂ ਹਮੇਸ਼ਾ ਅਧਿਐਨ ਕਰਨ ਲਈ ਪ੍ਰੇਰਿਤ ਕਰਦਾ ਹੈ। ਅਨੁਸ਼ਾਸਨ ਆਤਮ-ਵਿਸ਼ਵਾਸ ਵਿਚ ਵਾਧਾ ਕਰਦਾ ਹੈ। ਇਹ ਵਿਅਕਤੀ ਵਿਸ਼ੇਸ਼ ਨੂੰ ਹਰ ਸਮੇਂ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ‘ਹਾਂ ਮੈਂ ਇਹ ਕੰਮ ਕਰ ਸਕਦਾ ਹਾਂ।’
ਸਫਲ ਕਰੀਅਰ ਦਾ ਆਧਾਰ
ਅਨੁਸ਼ਾਸਨ ਵਿਦਿਆਰਥੀ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਤਕੜਾ ਰੱਖਦਾ ਹੈ। ਅਨੁਸ਼ਾਸਿਤ ਵਿਦਿਆਰਥੀ ਠੀਕ ਸਮੇਂ ਨੀਂਦ, ਉਚਿਤ ਖਾਣ-ਪਾਣ ਅਤੇ ਸਰੀਰਕ ਕਸਰਤਾਂ ’ਤੇ ਪੂਰਨ ਕੰਟਰੋਲ ਰੱਖਦੇ ਹਨ। ਅਜੋਕਾਂ ਸਮੇਂ ਵਿਚ ਮਲਟੀ-ਮੀਡੀਆ ਨੇ ਆਪਣੇ ਪੈਰ ਪਸਾਰੇ ਹਨ, ਜਿਸ ਦੇ ਸਕਾਰਾਤਮਿਕ ਤੇ ਨਕਾਰਾਤਮਿਕ ਦੋਵੇਂ ਤਰ੍ਹਾਂ ਦੇ ਨਤੀਜੇ ਸਮਾਜ ਦੇ ਸਾਹਮਣੇ ਹਨ। ਮੋਬਾਈਲ ਇਸ ’ਚ ਮੋਹਰੀ ਪ੍ਰਭਾਵ ਦਿਖਾ ਰਿਹਾ ਹੈ ਪ੍ਰੰਤੂ ਅਨੁਸ਼ਾਸਿਤ ਵਿਦਿਆਰਥੀ ਇਸ ਉੱਤੇ ਕਾਬੂ ਪਾ ਕੇ ਆਪਣਾ ਸਮੁੱਚਾ ਜੀਵਨ ਸਫਲ ਬਣਾ ਸਕਦਾ ਹੈ। ਜੇ ਸੰਸਾਰ ਦੇ ਸਫਲ ਲੋਕਾਂ ਵੱਲ ਝਾਤੀ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਲੋਕ ਹਮੇਸ਼ਾ ਅਨੁਸ਼ਾਸਨ ਦੀ ਗੱਲ ਹੀ ਕਰਦੇ ਹਨ। ਉਨ੍ਹਾਂ ਦਾ ਮੰਤਰ ਹੀ ਅਨੁਸ਼ਾਸਨ ’ਚ ਸਫਲਤਾ ਹੈ। ਉਹ ਚਾਹੇ ਬਿਜ਼ਨੈੱਸਮੈਨ ਹੋਣ ਜਾਂ ਨੇਤਾ, ਐਥਲੀਟ, ਕਲਾਕਾਰ ਜਾਂ ਕੋਈ ਹੋਰ। ਵਿਦਿਆਰਥੀ ਜੀਵਨ ਵਿਚ ਅਪਣਾਇਆ ਗਿਆ ਅਨੁਸ਼ਾਸਨ ਅੱਗੇ ਚੱਲ ਕੇ ਭਵਿੱਖੀ ਜ਼ਿੰਦਗੀ ਵਿਚ ਸਵੈ-ਅਨੁਸ਼ਾਸਨ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਸਫਲ ਕਰੀਅਰ ਦਾ ਆਧਾਰ ਬਣਦਾ ਹੈ। ਅਜੋਕੇ ਸਮੇਂ ’ਚ ਜਿੱਥੇ ਵਿਗਿਆਨ ਤੇ ਤਕਨਾਲੋਜੀ ਨੇ ਆਪਣੇ ਪੈਰ ਪਸਾਰੇ ਹਨ, ਉੱਥੇ ਹੀ ਅਨੁਸ਼ਾਸਨ ਦੀ ਓਨੀ ਹੀ ਮਹੱਤਤਾ ਵਧੀ ਹੈ।
ਅੱਗੇ ਲਿਜਾ ਸਕਦੀ ਕਾਬਲੀਅਤ
ਕਾਬਲੀਅਤ ਭਾਵੇਂ ਤੁਹਾਨੂੰ ਅੱਗੇ ਲਿਆ ਸਕਦੀ ਹੈ ਪ੍ਰੰਤੂ ਅਨੁਸ਼ਾਸਨ ਉਸ ਨੂੰ ਹਮੇਸ਼ਾ ਬਰਕਰਾਰ ਰੱਖਦੀ ਹੈ। ਅਜੋਕੇ ਸਮੇਂ ’ਚ ਜਿੱਥੇ ਮਲਟੀ ਮੀਡੀਆ ਨੇ ਬੱਚਿਆਂ ਵਿਚ ਭਟਕਣਾ ਵਧਾਈ ਹੈ, ਉਥੇ ਹੀ ਅਨੁਸ਼ਾਸਿਤ ਬੱਚੇ ਇਸ ਉੱਤੇ ਕਾਬੂ ਪਾ ਕੇ ਜੀਵਨ ਵਿਚ ਬੁਲੰਦੀਆਂ ਹਾਸਿਲ ਕਰ ਰਹੇ ਹਨ। ਹੁਣ ਇਹ ਫ਼ੈਸਲਾ ਵਿਦਿਆਰਥੀ ਨੇ ਕਰਨਾ ਹੈ ਕਿ ਉਸ ਨੇ ਅਨਸ਼ਾਸਨ ਦੀ ਚੋਣ ਕਰਕੇ ਆਪਣਾ ਭਵਿੱਖੀ ਜੀਵਨ ਵਧੀਆ ਬਣਾਉਣਾ ਹੈ ਜਾਂ ਅਜਾਈਂ ਗਵਾਉਣਾ ਹੈ। ਇਕ ਵਿਦਿਆਰਥੀ ਲਈ ਭਵਿੱਖ ਵਿਚ ਜੋ ਸਭ ਤੋਂ ਜ਼ਰੂਰੀ ਹੁੰਦਾ ਹੈ, ਉਹ ਹੈ ਵਧੀਆ ਕਰੀਅਰ, ਸਮਾਜ ਵਿਚ ਇੱਜ਼ਤ-ਮਾਣ, ਵਿੱਤੀ ਸਥਿਰਤਾ, ਮਾਪੇ-ਅਧਿਆਪਕ ਮਾਣ ਮਹਿਸੂਸ ਕਰਨ, ਉਸ ਵਿੱਚ ਅਨੁਸ਼ਾਸਨ ਇਕ ਕੜੀ ਦਾ ਕੰਮ ਕਰਦਾ ਹੈ।
- ਰਾਜ ਕੁਮਾਰ