ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਕੋਈ ਸੌਖਾ ਨਹੀਂ ਹੈ। ਉਨ੍ਹਾਂ ਦਾ ਆਉਣ ਵਾਲਾ ਜੀਵਨ ਬਚਪਨ ਦੀਆਂ ਆਦਤਾਂ ’ਤੇ ਨਿਰਭਰ ਕਰਦਾ ਹੈ। ਜੇ ਬਚਪਨ ’ਚ ਉਨ੍ਹਾਂ ਨੂੰ ਵਧੀਆ ਆਦਤਾਂ ਸਿਖਾਵਾਂਗੇ ਤਾਂ ਭਵਿੱਖ ਵਧੀਆ ਬਣੇਗਾ। ਜੇ ਬਚਪਨ ’ਚ ਅਸੀਂ ਉਸ ਨੂੰ ਗ਼ਲਤੀ ਕਰਨ ’ਤੇ ਨਹੀਂ ਸੁਧਾਰਦੇ ਤਾਂ ਉਨ੍ਹਾਂ ਦਾ ਭਵਿੱਖ ਕੋਈ ਵਧੀਆ ਨਹੀਂ ਹੋਵੇਗਾ।

ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਕੋਈ ਸੌਖਾ ਨਹੀਂ ਹੈ। ਉਨ੍ਹਾਂ ਦਾ ਆਉਣ ਵਾਲਾ ਜੀਵਨ ਬਚਪਨ ਦੀਆਂ ਆਦਤਾਂ ’ਤੇ ਨਿਰਭਰ ਕਰਦਾ ਹੈ। ਜੇ ਬਚਪਨ ’ਚ ਉਨ੍ਹਾਂ ਨੂੰ ਵਧੀਆ ਆਦਤਾਂ ਸਿਖਾਵਾਂਗੇ ਤਾਂ ਭਵਿੱਖ ਵਧੀਆ ਬਣੇਗਾ। ਜੇ ਬਚਪਨ ’ਚ ਅਸੀਂ ਉਸ ਨੂੰ ਗ਼ਲਤੀ ਕਰਨ ’ਤੇ ਨਹੀਂ ਸੁਧਾਰਦੇ ਤਾਂ ਉਨ੍ਹਾਂ ਦਾ ਭਵਿੱਖ ਕੋਈ ਵਧੀਆ ਨਹੀਂ ਹੋਵੇਗਾ।
ਸਮੇਂ ਮੁਤਾਬਿਕ ਬਦਲਣਾ ਜ਼ਰੂਰੀ
ਸਮੇਂ ਦੀ ਮੰਗ ਅਨੁਸਾਰ ਬਦਲਣਾ ਬਹੁਤ ਜ਼ਰੂਰੀ ਹੈ। ਬੱਚਾ ਜਿਸ ਸਮੇਂ ਬਚਪਨ ਵਿੱਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ, ਜੋ ਉਹ ਕਰ ਰਿਹਾ ਹੈ ਉਸ ਦੇ ਕੀ ਨਤੀਜੇ ਹੋਣਗੇ। ਅਸੀਂ ਜਦੋਂ ਉਨ੍ਹਾਂ ਨੂੰ ਦੇਖ ਰਹੇ ਹੁੰਦੇ ਹਾਂ ਤਾਂ ਫ਼ਰਜ਼ ਬਣਦਾ ਹੈ ਕੇ ਬਚਪਨ ’ਚ ਉਨ੍ਹਾਂ ਨੂੰ ਉਹ ਸਿਖਾਈਏ, ਜੋ ਭਵਿੱਖ ਲਈ ਸਹਾਈ ਸਿੱਧ ਹੋਵੇਗਾ। ਬੱਚਿਆਂ ਨੂੰ ਪੈਸੇ ਵੀ ਬੱਚਤ ਕਰਨਾ ਸਿਖਾਉਣਾ ਬਹੁਤ ਮਹੱਤਵਪੂਰਨ ਹੈ। ਅੱਜ-ਕੱਲ੍ਹ ਮਾਪੇ ਬੱਚਿਆਂ ਦੀ ਹਰ ਮੰਗ ਨੂੰ ਪੂਰਾ ਕਰਦੇ ਹਨ ਤੇ ਪੈਸੇ ਦੀ ਮਹੱਤਤਾ ਭੁੱਲ ਜਾਂਦੇ ਹਨ। ਜੋ ਬੱਚਿਆਂ ਦੀ ਹਰ ਮੰਗ ਨੂੰ ਪੂਰਾ ਕਰਦੇ ਹਨ, ਉਹ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਾ ਰਹੇ ਹੁੰਦੇ ਹਨ।
ਪੈਸੇ ਦੀ ਅਹਿਮੀਅਤ ਬਾਰੇ ਸਮਝਾਉਣਾ
ਸਾਨੂੰ ਬੱਚਿਆਂ ਨੂੰ ਬਚਪਨ ਤੋਂ ਹੀ ਪੈਸੇ ਦੀ ਅਹਿਮੀਅਤ ਬਾਰੇ ਸਮਝਾਉਣਾ ਚਾਹੀਦਾ ਹੈ। ਕਈ ਵਾਰ ਬੱਚੇ ਇਹੋ ਜਿਹੀ ਮੰਗ ’ਤੇ ਅੜ ਜਾਂਦੇ ਹਨ, ਉਹ ਉਸੇ ਸਮੇਂ ਹੀ ਉਹੀ ਚੀਜ਼ ਚਾਹੁੰਦੇ ਹਨ। ਇਸ ਤਰ੍ਹਾਂ ਦੇ ਰਵੱਈਏ ਨੂੰ ਉਸ ਸਮੇਂ ਖ਼ਤਮ ਕਰਨਾ ਜ਼ਰੂਰੀ ਹੈ। ਜੇ ਸਮੇਂ ਸਿਰ ਇਸ ਨੂੰ ਖ਼ਤਮ ਨਾ ਕੀਤਾ ਤਾਂ ਭਵਿੱਖ ’ਚ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਜੇ ਸਮੇਂ ਅਨੁਸਾਰ ਬੱਚੇ ਨੂੰ ਪੈਸੇ ਦੀ ਮਹੱਤਤਾ ਬਾਰੇ ਦੱਸਾਂਗੇ ਤਾਂ ਉਹ ਜ਼ਰੂਰ ਧਿਆਨ ਦੇਣਗੇ।
ਆਮਦਨ ਦਾ ਦੱਸੋ ਸਹੀ ਅਰਥ
ਅੱਜ ਦੇ ਸਮੇਂ ’ਚ ਜ਼ਿਆਦਾ ਗਿਣਤੀ ਪਰਿਵਾਰ ਉਹ ਹਨ, ਜਿਨ੍ਹਾਂ ਦਾ ਇਕ-ਇਕ ਬੱਚਾ ਹੈ। ਉਹ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਮਾਪੇ ਬੇਸ਼ੱਕ ਬੱਚਿਆਂ ਲਈ ਸਭ ਕੁਝ ਕਰਦੇ ਹਨ ਪਰ ਕਰਨਾ ਉਹ ਚਾਹੀਦਾ ਹੈ, ਜੋ ਉਸ ਦਾ ਉੱਜਵਲ ਭਵਿੱਖ ਬਣਾਏ। ਉਨ੍ਹਾਂ ਨੂੰ ਇਹ ਜ਼ਰੂਰ ਦੱਸੋ ਕਿ ਪੈਸਾ ਕਮਾਇਆ ਕਿਵੇਂ ਜਾਂਦਾ ਹੈ। ਜ਼ਿਆਦਾਤਰ ਬੱਚੇ ਪੰਜ ਸਾਲ ਦੀ ਉਮਰ ਤੋਂ ਬਾਅਦ ਚੀਜ਼ ਨੂੰ ਸਮਝਦੇ ਹਨ ਤੇ ਫਿਰ ਉਸ ਚੀਜ਼ ਦੀ ਮੰਗ ਕਰਦੇ ਹਨ। ਇੱਥੇ ਤੁਹਾਡਾ ਫ਼ਰਜ਼ ਬਣਦਾ ਹੈ ਕਿ ਕੇ ਬੱਚੇ ਨੂੰ ਤੁਹਾਡੀ ਆਮਦਨ ਦਾ ਸਹੀ ਅਰਥ ਦੱਸੋ। ਸਮੇਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਜੋ ਪੈਸੇ ਖ਼ਰਚ ਕਰਨ ਲਈ ਦੇਣੇ ਹਨ, ਉਸ ਨੂੰ ਠੀਕ ਕਰੋ। ਜੇਬ ਖ਼ਰਚ ਦੇਣ ਦੇ ਨਾਲ-ਨਾਲ ਬੱਚਤ ਕਰਨਾ ਵੀ ਸਿਖਾਓ। ਉਨ੍ਹਾਂ ਨੂੰ ਸਮਝਾਓ ਕਿ ਸਿਰਫ਼ ਜ਼ਰੂਰਤ ਪੈਣ ’ਤੇ ਹੀ ਖ਼ਰਚ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸੋ ਕਿ ਸਿਰਫ਼ ਉਹੀ ਵਸਤੂ ਦੀ ਖ਼ਰੀਦ ਕਰੋ, ਜਿਸ ਬਿਨਾਂ ਉਸ ਦਾ ਸਰਦਾ ਨਾ ਹੋਵੇ। ਫ਼ਾਲਤੂ ਚੀਜ਼ ਦੀ ਖ਼ਰੀਦ ਨਾ ਕਰਨ ਦਿਉ।
ਖ਼ੁਦ ਫ਼ੈਸਲੇ ਲੈਣ ਦੀ ਪਾਓ ਆਦਤ
ਉਨ੍ਹਾਂ ਨੂੰ ਸਮੇਂ ਦੇ ਨਾਲ ਹੌਲੀ-ਹੌਲੀ ਲੋੜ ਦੀ ਮਹੱਤਤਾ ਬਾਰੇ ਦੱਸੋ। ਜਦੋਂ ਅਸੀਂ ਬਾਜ਼ਾਰ ’ਚ ਬੱਚਿਆਂ ਨਾਲ ਜਾਂਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੋ ਜਿਹਾ ਖ਼ਰਚ ਅਸੀਂ ਕਰਾਂਗੇ ਤਾਂ ਸਾਡਾ ਬੱਚਾ ਵੀ ਉਸੇ ਤਰਾਂ ਹੀ ਸਿੱਖੇਗਾ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਸਾਹਮਣੇ ਸਿਰਫ਼ ਜ਼ਰੂਰਤਮੰਦ ਚੀਜ਼ ਹੀ ਖ਼ਰੀਦੀਏ। ਬੱਚਿਆਂ ਨੂੰ ਖ਼ੁਦ ਫ਼ੈਸਲੇ ਲੈਣ ਦੀ ਆਦਤ ਬਣਵਾਓ। ਜਦੋਂ ਉਹ ਫ਼ੈਸਲੇ ਆਪ ਲਵੇਗਾ, ਵਸਤੂ ਖ਼ਰੀਦੇਗਾ, ਉਸ ਦੇ ਪੈਸੇ ਦੇਵੇਗਾ ਤਾਂ ਕੁਝ ਗ਼ਲਤੀਆਂ ਵੀ ਜ਼ਰੂਰ ਕਰੇਗਾ, ਜੋ ਉਸ ਨੂੰ ਸਿੱਖਣ ਲਈ ਸਹਾਈ ਹੋਣਗੀਆਂ। ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣਾ ਤੇ ਵਿਕਸਿਤ ਕਰਨਾ ਸਾਡਾ ਫ਼ਰਜ਼ ਹੈ, ਜੋ ਅੱਜ ਦੇ ਮਹਿੰਗਾਈ ਦੇ ਸਮੇਂ ’ਚ ਬਹੁਤ ਜ਼ਰੂਰੀ ਹੈ।
ਚਮਕੌਰ ਸਿੰਘ