ਅਖ਼ਬਾਰ ਪੜ੍ਹਨਾ ਵਧੀਆ ਆਦਤ ਹੈ, ਜੋ ਹਰ ਉਮਰ ਦੇ ਵਿਅਕਤੀ ਲਈ ਜ਼ਰੂਰੀ ਹੈ। ਜੇ ਇਹ ਆਦਤ ਬਚਪਨ ਤੋਂ ਹੀ ਪਾਈ ਜਾਵੇ ਤਾਂ ਬੱਚਿਆਂ ਦੀ ਵਿਕਾਸੀ ਯਾਤਰਾ ਹੋਰ ਵੀ ਬਿਹਤਰ ਹੋ ਸਕਦੀ ਹੈ। ਅਖ਼ਬਾਰ ਪੜ੍ਹਨ ਨਾਲ ਬੱਚੇ ਨਿਰੀਖਣ ਕਰਨ, ਵਿਚਾਰ ਕਰਨ ਤੇ ਸਵੈ-ਪ੍ਰਗਟਾਅ ਕਰਨ ਦੀ ਸਮਰੱਥਾ ਵਿਕਸਿਤ ਕਰਦੇ ਹਨ।

ਅਖ਼ਬਾਰ ਪੜ੍ਹਨਾ ਵਧੀਆ ਆਦਤ ਹੈ, ਜੋ ਹਰ ਉਮਰ ਦੇ ਵਿਅਕਤੀ ਲਈ ਜ਼ਰੂਰੀ ਹੈ। ਜੇ ਇਹ ਆਦਤ ਬਚਪਨ ਤੋਂ ਹੀ ਪਾਈ ਜਾਵੇ ਤਾਂ ਬੱਚਿਆਂ ਦੀ ਵਿਕਾਸੀ ਯਾਤਰਾ ਹੋਰ ਵੀ ਬਿਹਤਰ ਹੋ ਸਕਦੀ ਹੈ। ਅਖ਼ਬਾਰ ਪੜ੍ਹਨ ਨਾਲ ਬੱਚੇ ਨਿਰੀਖਣ ਕਰਨ, ਵਿਚਾਰ ਕਰਨ ਤੇ ਸਵੈ-ਪ੍ਰਗਟਾਅ ਕਰਨ ਦੀ ਸਮਰੱਥਾ ਵਿਕਸਿਤ ਕਰਦੇ ਹਨ। ਉਹ ਆਪਣੀ ਭਾਸ਼ਾ ਦੀ ਸਮਝ ਵਧਾਉਂਦੇ ਹਨ, ਨਵੇਂ ਸ਼ਬਦ ਸਿੱਖਦੇ ਹਨ ਤੇ ਦੁਨੀਆ ਭਰ ਦੀਆਂ ਘਟਨਾਵਾਂ ਨਾਲ ਜੁੜੇ ਰਹਿੰਦੇ ਹਨ। ਇਹ ਆਦਤ ਬੱਚਿਆਂ ਵਿਚ ਪੜ੍ਹਨ ਸਮਰੱਥਾ ਨੂੰ ਵੀ ਮਜ਼ਬੂਤ ਕਰਦੀ ਹੈ। ਇਸ ਨਾਲ ਉਨ੍ਹਾਂ ’ਚ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਪੈਦਾ ਹੁੰਦਾ ਹੈ। ਆਧੁਨਿਕ ਯੁੱਗ ’ਚ ਜਾਣਕਾਰੀ ਦੀ ਮਹੱਤਤਾ ਬਹੁਤ ਵੱਧ ਗਈ ਹੈ। ਅਜਿਹੇ ਦੌਰ ’ਚ ਜਿੱਥੇ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਨੇ ਬੱਚਿਆਂ ਦੀ ਧਿਆਨਸ਼ੀਲਤਾ ’ਤੇ ਬਹੁਤ ਪ੍ਰਭਾਵ ਪਾਇਆ ਹੈ, ਉੱਥੇ ਉਨ੍ਹਾਂ ’ਚ ਅਖਬਾਰ ਪੜ੍ਹਨ ਦੀ ਰੁਚੀ ਪੈਦਾ ਕਰਨੀ ਵੀ ਬਹੁਤ ਜ਼ਰੂਰੀ ਹੈ। ਜੇ ਇਹ ਰੁਚੀ ਛੋਟੀ ਉਮਰ ਤੋਂ ਹੀ ਵਿਕਸਿਤ ਕੀਤੀ ਜਾਵੇ, ਤਾਂ ਇਹ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਬੜਾ ਲਾਹੇਵੰਦ ਹੋਵੇਗਾ। ਉਨ੍ਹਾਂ ਦੀ ਪੜ੍ਹਨ-ਲਿਖਣ ਦੀ ਯੋਗਤਾ ਅਤੇ ਵਿਚਾਰ ਸ਼ਕਤੀ ਵੀ ਬਿਹਤਰ ਬਣੀ ਰਹਿੰਦੀ ਹੈ।
ਗਿਆਨ ਦਾ ਦਰਵਾਜ਼ਾ
ਅਖ਼ਬਾਰ ਸਿਰਫ਼ ਖ਼ਬਰਾਂ ਦੀ ਕਾਪੀ ਨਹੀਂ ਹੁੰਦੀ, ਇਹ ਜਿੰਦਗੀ ਦਾ ਦਰਪਣ ਹੁੰਦੀ ਹੈ। ਇਸ ’ਚ ਰੋਜ਼ਾਨਾ ਦੀਆਂ ਘਟਨਾਵਾਂ, ਵਿਗਿਆਨ, ਖੇਡਾਂ, ਮਨੋਰੰਜਨ, ਰਾਜਨੀਤੀ, ਅਰਥਚਾਰਾ ਤੇ ਵਾਤਾਵਰਨ ਵਰਗੇ ਅਨੇਕਾਂ ਖੇਤਰਾਂ ਦੀ ਜਾਣਕਾਰੀ ਹੁੰਦੀ ਹੈ। ਜੇ ਬੱਚਾ ਹਰ ਰੋਜ਼ ਥੋੜ੍ਹਾ ਸਮਾਂ ਅਖ਼ਬਾਰ ਪੜ੍ਹਨ ਲਈ ਕੱਢੇ ਤਾਂ ਉਹ ਸਮਝਦਾਰ, ਜਾਣਕਾਰ ਤੇ ਵਿਚਾਰਸ਼ੀਲ ਨਾਗਰਿਕ ਬਣ ਸਕਦਾ ਹੈ।
ਬਚਪਨ ਤੋਂ ਸ਼ੁਰੂਆਤ
ਕਿਸੇ ਵੀ ਆਦਤ ਦੀ ਸ਼ੁਰੂਆਤ ਬਚਪਨ ਤੋਂ ਹੋਵੇ ਤਾਂ ਉਹ ਪੱਕੀ ਹੋ ਜਾਂਦੀ ਹੈ। ਮਾਤਾ-ਪਿਤਾ ਜਾਂ ਅਧਿਆਪਕ ਰੋਜ਼ਾਨਾ ਸਵੇਰੇ ਬੱਚਿਆਂ ਨੂੰ ਅਖ਼ਬਾਰ ਵਿੱਚੋਂ ਉਨ੍ਹਾਂ ਦੀ ਉਮਰ ਅਨੁਸਾਰ ਚੁਣੇ ਗਏ ਲੇਖ ਪੜ੍ਹ ਕੇ ਸੁਣਾਉਣ ਜਾਂ ਉਨ੍ਹਾਂ ਨੂੰ ਖ਼ੁਦ ਪੜ੍ਹਨ ਲਈ ਪ੍ਰੇਰਿਤ ਕਰ ਸਕਦੇ ਹਨ। ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਨ, ਫਿਰ ਉਨ੍ਹਾਂ ਵਿਚ ਅਖ਼ਬਾਰ ਪੜ੍ਹਨ ਦੀ ਰੁਚੀ ਉਤਪੰਨ ਹੋ ਜਾਂਦੀ ਹੈ। ਜਿਵੇਂ ਅਸੀਂ ਬੱਚਿਆਂ ਨੂੰ ਦੰਦ ਸਾਫ਼ ਕਰਨ, ਸਮੇਂ ਸਿਰ ਸੌਣ ਤੇ ਖੇਡਣ ਦੀ ਆਦਤ ਪਾਉਂਦੇ ਹਾਂ, ਉਸੇ ਤਰ੍ਹਾਂ ਅਖ਼ਬਾਰ ਪੜ੍ਹਨ ਨੂੰ ਵੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਛੋਟੀ ਉਮਰ ’ਚ ਇਹ ਅਭਿਆਸ ਮਜ਼ੇਦਾਰ ਤੇ ਦਿਲਚਸਪ ਢੰਗ ਨਾਲ ਕਰਵਾਉਣਾ ਬਹੁਤ ਜ਼ਰੂਰੀ ਹੈ।
ਚੰਗੀ ਭਾਸ਼ਾ ਤੇ ਲਿਖਤ ਦੀ ਸਮਝ
ਅਖ਼ਬਾਰ ਪੜ੍ਹਨ ਨਾਲ ਬੱਚਿਆਂ ਦੀ ਭਾਸ਼ਾਈ ਸਮਝ ਵਿਕਸਿਤ ਹੁੰਦੀ ਹੈ। ਉਨ੍ਹਾਂ ਨੂੰ ਨਵੀਂ ਸ਼ਬਦਾਵਲੀ ਮਿਲਦੀ ਹੈ ਤੇ ਲਿਖਣ ਦੇ ਨਵੇਂ-ਨਵੇਂ ਢੰਗ ਮਿਲਦੇ ਹਨ। ਇਸ ਨਾਲ ਉਨ੍ਹਾਂ ਦੀ ਲਿਖਣ ਕਲਾ ਵਿਚ ਨਿਖਾਰ ਆਉਂਦਾ ਹੈ। ਉਨ੍ਹਾਂ ਨੂੰ ਸ਼ਬਦ ਵਰਤਣ ਦੇ ਢੰਗ, ਵਾਕ ਬਣਾਉਣ ਦੇ ਢੰਗ ਤੇ ਵਿਚਾਰ ਪ੍ਰਗਟਾਉਣ ਦੇ ਢੰਗ ਦੀ ਸੰਪੰਨਤਾ ਮਿਲਦੀ ਹੈ।
ਮਾਪਿਆਂ ਦੀ ਭੂਮਿਕਾ
ਜੇ ਮਾਪੇ ਖ਼ੁਦ ਹਰ ਸਵੇਰ ਅਖ਼ਬਾਰ ਪੜ੍ਹਦੇ ਹਨ ਤੇ ਬੱਚੇ ਨੂੰ ਆਪਣੇ ਕੋਲ ਬਿਠਾ ਕੇ ਖ਼ਬਰਾਂ ਸੁਣਾਉਂਦੇ ਹਨ ਤਾਂ ਅਖ਼ਬਾਰ ਪੜ੍ਹਨ ਦੀ ਆਦਤ ਬੱਚੇ ਵਿਚ ਵੀ ਕੁਦਰਤੀ ਤੌਰ ’ਤੇ ਆ ਜਾਂਦੀ ਹੈ। ਬੱਚਿਆਂ ਨਾਲ ਛੋਟੇ-ਛੋਟੇ ਪ੍ਰਸ਼ਨ ਕਰਨ, ਉਨ੍ਹਾਂ ਦੇ ਉੱਤਰ ਦੇਣ ਅਤੇ ਉਨ੍ਹਾਂ ਦੀ ਰਾਇ ਪੁੱਛਣ ਨਾਲ ਉਹ ਹੋਰ ਵੀ ਰੁਚੀ ਨਾਲ ਪੜ੍ਹਨ ਲੱਗਦੇ ਹਨ। ਮਾਪਿਆਂ ਦੀ ਵੈਸੇ ਵੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਦੇਣ ਦੀ ਸੁਵਿਧਾ ਮੁਹੱਈਆ ਕਰਵਾਉਣ। ਮੋਬਾਈਲ ਤੋਂ ਮਿਲਣ ਵਾਲੀ ਜਾਣਕਾਰੀ ਭਰੋਸੇਯੋਗ ਨਹੀਂ ਹੁੰਦੀ, ਜਦੋਂਕਿ ਅਖ਼ਬਾਰ ਵਿਚ ਜੋ ਵੀ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਹੈ, ਉਹ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਕੇ ਫਿਰ ਛਪਦੀ ਹੈ।
ਅਧਿਆਪਕਾਂ ਦੀ ਭੂਮਿਕਾ
ਅਧਿਆਪਕ ਬੱਚੇ ਦੇ ਮਾਰਗ-ਦਰਸ਼ਕ ਹੁੰਦੇ ਹਨ। ਉਹ ਬੱਚਿਆਂ ਦੇ ਵਿਚਾਰਾਂ ਨੂੰ ਅਕਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੰਗਾ ਹੋਵੇਗਾ ਕਿ ਉਹ ਬੱਚੇ ਨੂੰ ਰੋਜ਼ਾਨਾ ਦੀਆਂ ਤਾਜ਼ਾ ਖ਼ਬਰਾਂ ਨਾਲ ਜੋੜਨ। ਪਹਿਲਾ ਕੰਮ ਸਵੇਰ ਦੀ ਸਭਾ ਵਿਚ ਬੱਚਿਆਂ ਨੂੰ ਘਰ ਤੋਂ ਨੋਟ ਕੀਤੀਆਂ ਖ਼ਬਰਾਂ ਨੂੰ ਪੜ੍ਹ ਕੇ ਸੁਣਾਉਣ ਲਈ ਕਿਹਾ ਸਕਦਾ ਹੈ। ਦੂਜਾ ਜਮਾਤ ਵਿਚ ਅਖ਼ਬਾਰ ਦੀ ਕਿਸੇ ਇਕ ਖ਼ਬਰ ਬਾਰੇ ਚਰਚਾ ਕਰਵਾਈ ਜਾ ਸਕਦੀ ਹੈ।
ਸਕੂਲ ’ਚ ਉਤਸ਼ਾਹਿਤ ਕਰਨਾ
ਸਕੂਲ ਗਿਆਨ ਪ੍ਰਾਪਤੀ ਦਾ ਸਭ ਤੋਂ ਮੁੱਖ ਕੇਂਦਰ ਹੁੰਦੇ ਹਨ, ਜਿਹੜੇ ਬੱਚੇ ਦਾ ਸਰਬਪੱਖੀ ਵਿਕਾਸ ਕਰਦੇ ਹਨ। ਅਧਿਆਪਕ ਅਖ਼ਬਾਰ ਬੱਚਿਆਂ ਤਕ ਪਹੁੰਚਾ ਸਕਦੇ ਹਨ। ਬੱਚਿਆਂ ਨੂੰ ਅਖ਼ਬਾਰ ਵਿੱਚੋਂ ਮਹੱਤਵਪੂਰਨ ਤੱਥਾਂ ਨੂੰ ਨੋਟ ਕਰਨ ਲਈ ਕਿਹਾ ਜਾ ਸਕਦਾ ਹੈ। ਉਸ ਤੋਂ ਬਾਅਦ ਹਰ ਹਫ਼ਤੇ ਸਮਚਾਰ ਚਰਚਾ ਵਰਗੇ ਕਾਰਜ ਕਰਵਾਏ ਜਾ ਸਕਦੇ ਹਨ, ਜਿੱਥੇ ਬੱਚਾ ਆਪਣੀ ਪੜ੍ਹੀ ਖ਼ਬਰ ਬਾਕੀ ਕਲਾਸ ਨਾਲ ਸਾਂਝੀ ਕਰੇਗਾ। ਇਸ ਨਾਲ ਨਾ ਸਿਰਫ਼ ਪੜ੍ਹਨ ਦੀ ਯੋਗਤਾ ਨਿਖਰੇਗੀ ਸਗੋਂ ਬੋਲਣ ਦੀ ਹਿੰਮਤ ਤੇ ਆਤਮ ਵਿਸ਼ਵਾਸ ਵੀ ਵਧੇਗਾ।
ਬੱਚਿਆਂ ਲਈ ਖ਼ਾਸ ਮੈਗਜ਼ੀਨ
ਰੋਜ਼ਾਨਾ ਦੀਆਂ ਅਖ਼ਬਾਰਾਂ ਵਿਚ ਸਿਰਫ਼ ਖ਼ਬਰਾਂ ਹੀ ਨਹੀਂ ਛਪਦੀਆਂ ਸਗੋਂ ਬੱਚਿਆਂ ਲਈ ਖਾਸ ਤਰ੍ਹਾਂ ਦੇ ਮੈਗਜ਼ੀਨ ਵੀ ਛਪਦੇ ਹਨ। ਕੁਝ ਅਖ਼ਬਾਰ ਸ਼ਨਿਚਰਵਾਰ ਤੇ ਕੁਝ ਐਤਵਾਰ ਦੇ ਅੰਕ ਵਿਚ ਬੱਚਿਆ ਲਈ ਸਪੈਸ਼ਲ ਬਾਲ ਪੰਨਾ ਛਾਪਦੇ ਹਨ। ਇਨ੍ਹਾਂ ਦੀ ਭਾਸ਼ਾ ਅਤੇ ਵਿਸ਼ੇ ਅਕਸਰ ਛੋਟੇ ਬੱਚਿਆਂ ਦੇ ਪੱਧਰ ਅਨੁਸਾਰ ਹੁੰਦੇ ਹਨ। ਇਨ੍ਹਾਂ ਵਿਚ ਮਜ਼ੇਦਾਰ ਕਹਾਣੀਆਂ, ਬੁਝਾਰਤਾਂ, ਚੁਟਕਲੇ, ਲੇਖ, ਨਿਬੰਧ, ਵਿਗਿਆਨਕ ਤੱਥ, ਖੇਡ, ਟੀਚਿਆਂ ਅਤੇ ਰੰਗੀਨ ਚਿੱਤਰ ਆਦਿ ਵਰਣਨਯੋਗ ਹਨ। ਇਨ੍ਹਾਂ ਰਾਹੀਂ ਬੱਚਿਆਂ ਨੂੰ ਢੁੱਕਵੀਂ ਤੇ ਗਿਆਨ ਵਰਧਕ ਸਿੱਖਿਆ ਮਿਲਦੀ ਹੈ।
ਮੌਲਿਕਤਾ ਲਈ ਉਤਸ਼ਾਹ
ਰੋਜ਼ਾਨਾ ਅਖ਼ਬਾਰ ਪੜ੍ਹਨ ਨਾਲ ਬੱਚੇ ਦੀ ਰੁਚੀ ਲਿਖਣ ਕਾਰਜ ਵੱਲ ਬਣਨ ਲੱਗਦੀ ਹੈ। ਉਨ੍ਹਾਂ ਦਾ ਮਨ ਕੁਝ ਨਵੀਂ ਸਿਰਜਣਾ ਨੂੰ ਕਰਦਾ ਹੈ। ਲਗਾਤਾਰ ਅਭਿਆਸ ਨਾਲ ਬੱਚੇ ਮੌਲਿਕ ਰਚਨਾਵਾਂ ਦੇ ਕਾਰਜ ਵੱਲ ਰੁਝਾਨ ਬਣਾ ਲੈਂਦੇ ਹਨ। ਬਾਅਦ ’ਚ ਇਹੀ ਰੁਚੀ ਉਨ੍ਹਾਂ ਨੂੰ ਚੰਗੇ ਲੇਖਕ ਬਣਾ ਦਿੰਦੀ ਹੈ। ਅੱਜ ਦੇ ਨਾਮਵਾਰ ਲੇਖਕ ਵੀ ਇਸ ਰੁਚੀ ਦੀ ਪੈਦਾਇਸ਼ ਹਨ।
ਚੰਗੀ ਆਦਤ
ਅਖ਼ਬਾਰ ਪੜ੍ਹਨਾ ਅਜਿਹੀ ਆਦਤ ਹੈ, ਜੋ ਬੱਚਿਆਂ ਦੇ ਗਿਆਨ, ਭਾਸ਼ਾ, ਸੋਚ ਅਤੇ ਸਖ਼ਸੀਅਤ ਨੂੰ ਮਜ਼ਬੂਤ ਕਰਦੀ ਹੈ। ਇਹ ਆਦਤ ਉਨ੍ਹਾਂ ਨੂੰ ਸਿਰਫ਼ ਇਕ ਵਿਦਿਆਰਥੀ ਨਹੀਂ ਸਗੋਂ ਚੰਗਾ ਨਾਗਰਿਕ ਵੀ ਬਣਾਉਂਦੀ ਹੈ। ਸੋ ਆਓ! ਅਸੀਂ ਮਾਪੇ, ਅਧਿਆਪਕ ਅਤੇ ਸਮਾਜਿਕ ਜ਼ਿੰਮੇਵਾਰੀ ਵਾਲੇ ਨਾਗਰਿਕ ਹੋਣ ਦੇ ਨਾਤੇ ਇਹ ਫ਼ਰਜ਼ ਬਣਾ ਲਈਏ ਕਿ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖ ਕੇ ਅਖ਼ਬਾਰ ਪੜ੍ਹਨ ਲਈ ਪ੍ਰੇਰਿਤ ਕਰੀਏ। ਜਦੋਂ ਬੱਚੇ ਅਖ਼ਬਾਰ ਪੜ੍ਹਨਗੇ ਤਾਂ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਵਾਸਤੇ ਬਹੁਤ ਲਾਹੇਵੰਦ ਸਾਬਿਤ ਹੋਵੇਗੀ, ਜਿਸ ਦੀ ਅਜੋਕੇ ਸੰਦਰਭ ਵਿਚ ਵਧੇਰੇ ਲੋੜ ਹੈ।
- ਬੇਅੰਤ ਸਿੰਘ ਮਲੂਕਾ