ਅਜੋਕੇ ਡਿਜੀਟਲ ਯੁੱਗ ’ਚ ਸੋਸ਼ਲ ਮੀਡੀਆ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਇਹ ਸਾਧਨ ਜਿੱਥੇ ਜਾਣਕਾਰੀ, ਮਨੋਰੰਜਨ ਤੇ ਸਿੱਖਿਆ ਲਈ ਵਰਤੇ ਜਾ ਸਕਦੇ ਹਨ, ਉੱਥੇ ਹੀ ਬੱਚਿਆਂ ਦੀ ਮਾਨਸਿਕ ਸਿਹਤ ਲਈ ਵੱਡਾ ਖ਼ਤਰਾ ਵੀ ਬਣ ਚੁੱਕੇ ਹਨ। ਛੋਟੀ ਉਮਰ ’ਚ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਵ੍ਹਟਸਐਪ ਵਰਗੇ ਐਪਸ ਨਾਲ ਜੁੜੇ ਬੱਚੇ ਅੱਜ ਖ਼ੁਦ ਨਾਲੋਂ ਵੱਧ ਦੂਜਿਆਂ ਦੀ ਜ਼ਿੰਦਗੀ ਨਾਲ ਮੁਕਾਬਲਾ ਕਰ ਰਹੇ ਹਨ।

ਅਜੋਕੇ ਡਿਜੀਟਲ ਯੁੱਗ ’ਚ ਸੋਸ਼ਲ ਮੀਡੀਆ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਇਹ ਸਾਧਨ ਜਿੱਥੇ ਜਾਣਕਾਰੀ, ਮਨੋਰੰਜਨ ਤੇ ਸਿੱਖਿਆ ਲਈ ਵਰਤੇ ਜਾ ਸਕਦੇ ਹਨ, ਉੱਥੇ ਹੀ ਬੱਚਿਆਂ ਦੀ ਮਾਨਸਿਕ ਸਿਹਤ ਲਈ ਵੱਡਾ ਖ਼ਤਰਾ ਵੀ ਬਣ ਚੁੱਕੇ ਹਨ। ਛੋਟੀ ਉਮਰ ’ਚ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਵ੍ਹਟਸਐਪ ਵਰਗੇ ਐਪਸ ਨਾਲ ਜੁੜੇ ਬੱਚੇ ਅੱਜ ਖ਼ੁਦ ਨਾਲੋਂ ਵੱਧ ਦੂਜਿਆਂ ਦੀ ਜ਼ਿੰਦਗੀ ਨਾਲ ਮੁਕਾਬਲਾ ਕਰ ਰਹੇ ਹਨ।
ਤੁਲਨਾ ਦੀ ਦੌੜ
ਬੱਚਿਆਂ ’ਚ ਅੱਜ ਨਵੀਂ ਮਨੋਬਿਰਤੀ ਵਿਕਸਿਤ ਹੋ ਰਹੀ ਹੈ ਤੇ ਉਹ ਤੁਲਨਾ ਦੀ ਦੌੜ। ਜੋ ਵੀ ਬੱਚਾ ਸੋਸ਼ਲ ਮੀਡੀਆ ’ਤੇ ਜ਼ਿਆਦਾ ਫਾਲੋਅਰਜ਼ ਜਾਂ ਲਾਈਕਸ ਲੈ ਲੈਂਦਾ ਹੈ, ਉਸ ਨੂੰ ਸਫਲ ਮੰਨਿਆ ਜਾਂਦਾ ਹੈ। ਜੋ ਬੱਚਾ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਹੈ, ਉਸ ਨੂੰ ਲੂਜ਼ਰ ਕਿਹਾ ਜਾਂਦਾ ਹੈ। ਇਹ ਸੋਚ ਨਾ ਸਿਰਫ਼ ਨਿਰਾਸ਼ਾ ਪੈਦਾ ਕਰਦੀ ਹੈ, ਜੋ ਈਗੋ ਤੇ ਡਿਪ੍ਰੈਸ਼ਨ ਆਦਿ ਵਰਗੀਆਂ ਨਾਂਹ-ਪੱਖੀ ਭਾਵਨਾਵਾਂ ਨੂੰ ਜਨਮ ਦਿੰਦੀ ਹੈ। ਸੋਸ਼ਲ ਮੀਡੀਆ ਜ਼ਰੀਏ ਬੱਚੇ ਆਪਣੀ ਹਕੀਕਤ ਤੋਂ ਦੂਰ ਹੋ ਰਹੇ ਹਨ। ਉਹ ਆਪਣੀ ਅਸਲ ਖ਼ੁਸ਼ੀ ਦੀ ਬਜਾਏ ਕੈਮਰੇ ਅੱਗੇ ਦਿਖਾਵਾ ਕਰਨ ’ਚ ਵਿਸ਼ਵਾਸ ਕਰਨ ਲੱਗੇ ਹਨ। ਇਹ ਦਿਖਾਵੇ ਦੀ ਮਨੋਬਿਰਤੀ ਉਨ੍ਹਾਂ ਦੀ ਮਾਨਸਿਕ ਮਜ਼ਬੂਤੀ ਨੂੰ ਕਮਜ਼ੋਰ ਕਰ ਰਹੀ ਹੈ।
ਮਾਪਿਆਂ ਦੀ ਜ਼ਿੰਮੇਵਾਰੀ
ਮਾਪਿਆਂ ਲਈ ਇਹ ਸਮਾਂਵੱਡੀ ਚੁਣੌਤੀ ਲੈ ਕੇ ਆਇਆ ਹੈ। ਬੱਚਿਆਂ ਦੇ ਹੱਥ ’ਚ ਮੋਬਾਈਲ ਦੇਣ ਨਾਲ ਉਨ੍ਹਾਂ ਨੂੰ ਅਣਜਾਣੇ ’ਚ ਹੀ ਖ਼ਤਰਨਾਕ ਸਮੱਗਰੀ ਦੀ ਦੁਨੀਆ ਵਿਚ ਧੱਕ ਦਿੱਤਾ ਜਾਂਦਾ ਹੈ। ਹਰ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਫੋਨ ’ਚ ਕੰਟੈਂਟ ਸਬੰਧੀ ਲੋੜੀਂਦੀ ਸੁਰੱਖਿਆ ਸੈਟਿੰਗ ਜ਼ਰੂਰ ਲਗਾਉਣ। ਨਾਲ ਹੀ ਉਹ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਕਿ ਸੋਸ਼ਲ ਮੀਡੀਆ ’ਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਅਸਲੀ ਨਹੀਂ ਹੁੰਦੀ। ਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਅਸਲ ’ਚ ਤੁਲਨਾ ਨਹੀਂ ਸਗੋਂ ਤਰੱਕੀ ਮਹੱਤਵਪੂਰਨ ਹੈ। ਬੱਚਿਆਂ ਨੂੰ ਆਪਣੇ ਸਵੈ-ਵਿਕਾਸ ਤੇ ਖ਼ੁਸ਼ੀ ਵੱਲ ਮੋੜਨਾ ਹੀ ਮਾਨਸਿਕ ਸਿਹਤ ਦੀ ਸਭ ਤੋਂ ਵੱਡੀ ਦਵਾ ਹੈ।
ਸਕੂਲੀ ਸਿੱਖਿਆ ’ਚ ਤਬਦੀਲੀ ਦੀ ਲੋੜ
ਅੱਜ ਦੇ ਸਕੂਲਾਂ ਵਿਚ ਅਕਾਦਮਿਕ ਸਿੱਖਿਆ ਤਾਂ ਦਿੱਤੀ ਜਾ ਰਹੀ ਹੈ ਪਰ ਮਾਨਸਿਕ ਸਿੱਖਿਆ ਦੀ ਘਾਟ ਹੈ। ਮੌਰਲ ਸਾਇੰਸ ਵਰਗੇ ਵਿਸ਼ੇ ਸਿਰਫ਼ ਕਿਤਾਬੀ ਪੱਧਰ ’ਤੇ ਰਹਿ ਗਏ ਹਨ। ਬੱਚਿਆਂ ਨੂੰ ਇਹ ਨਹੀਂ ਸਿਖਾਇਆ ਜਾ ਰਿਹਾ ਕਿ ਮਾਨਸਿਕ ਤੌਰ ’ਤੇ ਮਜ਼ਬੂਤ ਕਿਵੇਂ ਰਹਿਣਾ ਹੈ, ਈਰਖਾ, ਸਾੜਾ ਤੇ ਤਣਾਅ ਆਦਿ ਨਾਲ ਕਿਵੇਂ ਨਜਿੱਠਣਾ ਹੈ। ਸਕੂਲਾਂ ਵਿਚ ਨਵਾਂ ਵਿਸ਼ਾ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਤੇ ਉਹ ਵਿਸ਼ਾ ਮਾਨਸਿਕ ਮਜ਼ਬੂਤੀ ਤੇ ਹਾਂ-ਪੱਖੀ ਸੋਚ ਦੀ ਸਿੱਖਿਆ ਹੈ, ਜਿਸ ਰਾਹੀਂ ਬੱਚਿਆਂ ਨੂੰ ਧੀਰਜ, ਆਤਮ-ਵਿਸ਼ਵਾਸ, ਆਪਸੀ ਸਹਿਯੋਗ ਤੇ ਆਤਮ-ਨਿਯੰਤਰਨ ਸਿਖਾਇਆ ਜਾਵੇ। ਇਹ ਵਿਸ਼ਾ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਨਾਲ ਲੜਨ ਦੀ ਤਾਕਤ ਤੇ ਸਮਰੱਥਾ ਦੇਵੇਗਾ।
ਸਮਾਜਿਕ ਜ਼ਿੰਮੇਵਾਰੀ ਸਮਝਣ ਦੀ ਲੋੜ
ਸਿਰਫ਼ ਮਾਪੇ ਤੇ ਅਧਿਆਪਕ ਨਹੀਂ ਸਗੋਂ ਸਾਰਾ ਸਮਾਜ ਹੀ ਇਸ ਮਸਲੇ ’ਤੇ ਜ਼ਿੰਮੇਵਾਰੀ ਨਾਲ ਸੋਚੇ। ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਆਪਣਾ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਬੱਚਿਆਂ ਲਈ ਉਚਿਤ ਸਮੱਗਰੀ ਅਤੇ ਸਮਾਂ ਸੀਮਾ ਨਿਰਧਾਰਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਸਮਾਜਿਕ ਪੱਧਰ ’ਤੇ ਕਾਊਂਸਲਿੰਗ ਕੈਂਪ, ਵਰਕਸ਼ਾਪਾਂ ਅਤੇ ਡਿਜੀਟਲ ਡਿਟਾਕਸ ਪ੍ਰੋਗਰਾਮਾਂ ਆਦਿ ਦਾ ਆਯੋਜਨ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਆਪਣੀ ਮਾਨਸਿਕ ਸਿਹਤ ਦੀ ਮਹੱਤਤਾ ਸਮਝ ਆ ਸਕੇ।
ਸਮਝਦਾਰੀ ਨਾਲ ਕਰੋ ਵਰਤੋ
ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਰੋਕਿਆ ਨਹੀਂ ਜਾ ਸਕਦਾ ਪਰ ਇਸਦਾ ਸਮਝਦਾਰੀ ਨਾਲ ਪ੍ਰਯੋਗ ਜ਼ਰੂਰ ਸਿਖਾਇਆ ਜਾ ਸਕਦਾ ਹੈ। ਬੱਚਿਆਂ ਨੂੰ ਇਹ ਸਮਝਾਉਣਾ ਲਾਜ਼ਮੀ ਹੈ ਕਿ ਅਸਲੀ ਖ਼ੁਸ਼ੀ ਲਾਈਕਸ ਜਾਂ ਫਾਲੋਅਰਜ਼ ਵਿਚ ਨਹੀਂ ਸਗੋਂ ਆਪਣੇ ਆਪ ਨਾਲ ਸੰਤੁਸ਼ਟ ਹੋਣ ਵਿਚ ਹੈ। ਜੇ ਅਸੀਂ ਅੱਜ ਬੱਚਿਆਂ ਦੀ ਮਾਨਸਿਕ ਸਿਹਤ ਦੀ ਸੰਭਾਲ ਨਹੀਂ ਕਰਾਂਗੇ ਤਾਂ ਕੱਲ੍ਹ ਦਾ ਸਮਾਜ ਅਸੰਤੁਲਿਤ ਤੇ ਅਸੁਰੱਖਿਅਤ ਹੋਵੇਗਾ। ਇਸ ਲਈ ਮਾਪਿਆਂ, ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਨੂੰ ਮਿਲ ਕੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰ ਬੱਚਾ ਸਿਰਫ਼ ਸਿਆਣਾ ਹੀ ਨਹੀਂ ਸਗੋਂ ਮਾਨਸਿਕ ਤੌਰ ’ਤੇ ਮਜ਼ਬੂਤ ਵੀ ਬਣੇ।
- ਜਸਵਿੰਦਰ ਕੌਰ