ਕਿਤਾਬਾਂ ਮਨੁੱਖੀ ਜੀਵਨ ਦਾ ਉਹ ਅਨਮੋਲ ਖ਼ਜ਼ਾਨਾ ਹਨ, ਜਿਹੜੀਆਂ ਨਾ ਸਿਰਫ਼ ਗਿਆਨ ਦਿੰਦੀਆਂ ਹਨ ਸਗੋਂ ਮਨ ਨੂੰ ਵੱਡਾ ਕਰਨ, ਸੋਚ ਨੂੰ ਪੱਕਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਵਿਚ ਤੋਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਕਿਤਾਬ ਸਾਡੇ ਮਨ ਦੀ ਖ਼ੁਰਾਕ ਹੈ। ਜਿਵੇਂ ਸਰੀਰ ਨੂੰ ਜਿਊਣ ਲਈ ਰੋਟੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੁੱਧੀ, ਚੇਤਨਾ ਤੇ ਸੋਚ ਨੂੰ ਜੀਵਤ ਰੱਖਣ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ।

ਕਿਤਾਬਾਂ ਮਨੁੱਖੀ ਜੀਵਨ ਦਾ ਉਹ ਅਨਮੋਲ ਖ਼ਜ਼ਾਨਾ ਹਨ, ਜਿਹੜੀਆਂ ਨਾ ਸਿਰਫ਼ ਗਿਆਨ ਦਿੰਦੀਆਂ ਹਨ ਸਗੋਂ ਮਨ ਨੂੰ ਵੱਡਾ ਕਰਨ, ਸੋਚ ਨੂੰ ਪੱਕਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਵਿਚ ਤੋਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਕਿਤਾਬ ਸਾਡੇ ਮਨ ਦੀ ਖ਼ੁਰਾਕ ਹੈ। ਜਿਵੇਂ ਸਰੀਰ ਨੂੰ ਜਿਊਣ ਲਈ ਰੋਟੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਬੁੱਧੀ, ਚੇਤਨਾ ਤੇ ਸੋਚ ਨੂੰ ਜੀਵਤ ਰੱਖਣ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ। ਕਿਤਾਬ ਸਾਡੀ ਅਜਿਹੀ ਮਿੱਤਰ ਹੈ, ਜੋ ਬਿਨਾਂ ਲਾਭ ਦੀ ਉਮੀਦ ਰੱਖੇ ਸਾਨੂੰ ਗਿਆਨ,ਅਨੁਭਵ ਤੇ ਸੂਝ ਦੇ ਰੂਪ ਵਿਚ ਅਸੀਮ ਸੰਪਤੀ ਦਿੰਦਾ ਹੈ।
ਲੇਖਕ ਦੇ ਜੀਵਨ ਦਾ ਹੁੰਦੀ ਸਾਰ
ਕਿਤਾਬਾਂ ਸਾਡੇ ਵਿਚਾਰ-ਜਗਤ ਨੂੰ ਵਿਸ਼ਾਲ ਬਣਾਉਂਦੀਆਂ ਹਨ। ਇਕ ਕਿਤਾਬ ਕਦੇ ਵੀ ਸਿਰਫ਼ ਕਾਗਜ਼ ਦੇ ਕੁਝ ਸਫ਼ੇ ਨਹੀਂ ਹੁੰਦੀ, ਉਹ ਲੇਖਕ ਦੇ ਤਜਰਬਿਆਂ, ਵਿਚਾਰਾਂ, ਖੋਜਾਂ ਤੇ ਜੀਵਨ ਦਾ ਸਾਰ ਹੁੰਦੀ ਹੈ। ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਨਵੇਂ ਸੰਸਾਰ ਵਿਚ ਦਾਖ਼ਲ ਹੁੰਦੇ ਹਾਂ, ਨਵੀਆਂ ਸੋਚਾਂ ਨਾਲ ਜਾਣ-ਪਛਾਣ ਹੁੰਦੀ ਹੈ ਤੇ ਆਪਣੇ ਵਿਸ਼ਲੇਸ਼ਣ ਦੀ ਸਮਰੱਥਾ ਨੂੰ ਹੋਰ ਤੇਜ਼ ਕਰਦੇ ਹਾਂ। ਕਿਤਾਬਾਂ ਮਨੁੱਖ ਨੂੰ ਅਣਜਾਣੇ ਤੋਂ ਜਾਣੂ ਕਰਨ, ਅਸਮਰੱਥ ਤੋਂ ਸਮਰੱਥ ਬਣਾਉਣ ਤੇ ਅੰਧਕਾਰ ਤੋਂ ਪ੍ਰਕਾਸ਼ ਵਿਚ ਲਿਜਾਣ ਦੀ ਤਾਕਤ ਰੱਖਦੀਆਂ ਹਨ। ਇਕ ਹੋਰ ਵੱਡੀ ਅਹਿਮੀਅਤ ਇਹ ਹੈ ਕਿ ਕਿਤਾਬਾਂ ਸਾਨੂੰ ਨੈਤਿਕ ਤੇ ਆਦਰਸ਼ ਜੀਵਨ ਜਿਊਣ ਦੀ ਜਾਚ ਸਿਖਾਉਂਦੀਆਂ ਹਨ। ਇਤਿਹਾਸਕ ਗ੍ਰੰਥ ਸਾਨੂੰ ਪਿਛਲੇ ਯੁਗਾਂ ਦੀਆਂ ਸਿੱਖਿਆਵਾਂ ਦਿੰਦੇ ਹਨ, ਧਾਰਮਿਕ ਗ੍ਰੰਥ ਸਾਨੂੰ ਸਹੀ ਮਾਰਗ ਦਿਖਾਉਂਦੇ ਹਨ ਤੇ ਜੀਵਨੀ ਸਾਹਿਤ ਸਾਡੇ ਮਨ ਵਿਚ ਹਿੰਮਤ, ਦ੍ਰਿੜਤਾ ਤੇ ਸੱਚਾਈ ਜਗਾਉਂਦਾ ਹੈ। ਇਕ ਵਿਚਾਰਸ਼ੀਲ ਕਿਤਾਬ ਮਨੁੱਖ ਦੇ ਚਰਨਾਂ ਵਿਚ ਨਿਮਰਤਾ ਤੇ ਜੀਵਨ ਵਿਚ ਬੁਲੰਦੀ ਦੇ ਗੁਣ ਪੈਦਾ ਕਰਦੀ ਹੈ।
ਇਕੱਲੇਪਣ ਤੋਂ ਬਚਾਉਂਦੀਆਂ
ਕਿਤਾਬਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਉਹ ਮਨੁੱਖ ਨੂੰ ਇਕੱਲੇਪਣ ਤੋਂ ਬਚਾਉਂਦੀਆਂ ਹਨ। ਜਦੋਂ ਕੋਈ ਮਨੁੱਖ ਦੁਖੀ, ਨਿਰਾਸ਼ ਜਾਂ ਤਣਾਅ ਭਰਿਆ ਹੁੰਦਾ ਹੈ। ਇਕ ਚੰਗੀ ਕਿਤਾਬ ਉਸ ਦੇ ਮਨ ਨੂੰ ਸਹਾਰਾ ਦਿੰਦੀ ਹੈ, ਹਿੰਮਤ ਦਿੰਦੀ ਹੈ ਅਤੇ ਜੀਵਨ ’ਚ ਨਵੀਂ ਉਮੀਦ ਪੈਦਾ ਕਰਦੀ ਹੈ। ਕਿਤਾਬਾਂ ਇਨਸਾਨ ਨੂੰ ਸੋਚਣ ਦੀ ਕਲਾ, ਸੁਣਨ ਦੀ ਸਮਝ ਅਤੇ ਬੋਲਣ ਦੀ ਪ੍ਰਪੱਕਤਾ ਦਿੰਦੀਆਂ ਹਨ। ਉਹ ਮਨੁੱਖ ਦੇ ਚਿਹਰੇ ’ਤੇ ਵਿਚਾਰਾਂ ਦੀ ਚਮਕ ਲਿਆਉਂਦੀਆਂ ਹਨ।
ਸੋਸ਼ਲ ਮੀਡੀਆ ਦੇ ਦੌਰ ’ਚ ਵਧੀ ਮਹੱਤਤਾ
ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਮੋਬਾਈਲ, ਟੀਵੀ ਤੇ ਸੋਸ਼ਲ ਮੀਡੀਆ ਨੇ ਸਮਾਂ ਘੇਰ ਲਿਆ ਹੈ, ਉੱਥੇ ਕਿਤਾਬਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਡਿਜੀਟਲ ਸ਼ੋਰ ਵਿੱਚੋਂ ਸਹੀ ਜਾਣਕਾਰੀ ਲੱਭਣ ਤੋਂ ਬਿਹਤਰ ਸਾਫ਼-ਸੁਥਰੀ, ਸੋਚੀ-ਸਮਝੀ ਕਿਤਾਬ ਪੜ੍ਹਨਾ ਹੈ, ਜੋ ਸਿਰਫ਼ ਤੱਥ ਹੀ ਨਹੀਂ ਸਗੋਂ ਸਹੀ ਦ੍ਰਿਸ਼ਟੀਕੋਣ ਵੀ ਦਿੰਦੀ ਹੈ। ਕਿਤਾਬਾਂ ਦਿਲ ਤੇ ਦਿਮਾਗ਼ ਨੂੰ ਸਾਫ਼ ਕਰਦੀਆਂ ਹਨ, ਇਕਾਗਰਤਾ ਵਧਾਉਂਦੀਆਂ ਹਨ ਤੇ ਮਨੁੱਖ ਨੂੰ ਸਥਿਰਤਾ ਸਿਖਾਉਂਦੀਆਂ ਹਨ। ਕਿਤਾਬਾਂ ਮਨੁੱਖਤਾ ਦੀ ਸਦੀਵੀ ਵਿਰਾਸਤ ਹਨ। ਜਿਹੜੇ ਲੋਕ ਕਿਤਾਬਾਂ ਨਾਲ ਪਿਆਰ ਕਰਦੇ ਹਨ, ਉਹ ਕਦੇ ਗ਼ਰੀਬ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਦੇ ਕੋਲ ਉਹ ਖ਼ਜ਼ਾਨਾ ਹੁੰਦਾ ਹੈ, ਜੋ ਕਿਸੇ ਵੀ ਤਰ੍ਹਾਂ ਖ਼ਤਮ ਨਹੀਂ ਹੁੰਦਾ। ਕਿਤਾਬਾਂ ਜੀਵਨ ਨੂੰ ਸੁੰਦਰ ਬਣਾਉਂਦੀਆਂ ਹਨ, ਗਿਆਨ ਨਾਲ ਸਿਰਜਣਸ਼ੀਲ ਬਣਾਉਂਦੀਆਂ ਹਨ ਤੇ ਮਨੁੱਖ ਨੂੰ ਸਮਾਜ ਦੇ ਨਾਲ ਜੋੜਦੀਆਂ ਹਨ। ਇਸ ਲਈ ਕਿਤਾਬਾਂ ਸਿਰਫ਼ ਪੜ੍ਹਨ ਨੂੰ ਹੀ ਨਹੀਂ ਸਗੋਂ ਜੀਵਨ ਨੂੰ ਸੋਹਣਾ ਬਣਾਉਣ ਵਾਲੀ ਰੋਸ਼ਨੀ ਹਨ।
- ਅੰਗਰੇਜ ਸਿੰਘ ਕਕਰਾਲਾ