ਹਰ ਬੱਚੇ ਦੇ ਅੰਦਰ ਕੋਈ ਨਾ ਕੋਈ ਵੱਡਾ ਸੁਪਨਾ ਲੁਕਿਆ ਹੁੰਦਾ ਹੈ। ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਖਿਡਾਰੀ, ਕਲਾਕਾਰ ਤੇ ਕੋਈ ਵਿਗਿਆਨੀ। ਸੁਪਨੇ ਲੈਣਾ ਬਹੁਤ ਚੰਗੀ ਗੱਲ ਹੈ ਪਰ ਉਹ ਇਕ ਦਿਨ ’ਚ ਪੂਰੇ ਨਹੀਂ ਹੁੰਦੇ। ਉਨ੍ਹਾਂ ਨੂੰ ਪੂਰਾ ਕਰਨ ਲਈ ਰੋਜ਼ਾਨਾ ਦੀਆਂ ਛੋਟੀਆਂ–ਛੋਟੀਆਂ ਆਦਤਾਂ ਵੱਡਾ ਰੋਲ ਨਿਭਾਉਂਦੀਆਂ ਹਨ।

ਹਰ ਬੱਚੇ ਦੇ ਅੰਦਰ ਕੋਈ ਨਾ ਕੋਈ ਵੱਡਾ ਸੁਪਨਾ ਲੁਕਿਆ ਹੁੰਦਾ ਹੈ। ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਖਿਡਾਰੀ, ਕਲਾਕਾਰ ਤੇ ਕੋਈ ਵਿਗਿਆਨੀ। ਸੁਪਨੇ ਲੈਣਾ ਬਹੁਤ ਚੰਗੀ ਗੱਲ ਹੈ ਪਰ ਉਹ ਇਕ ਦਿਨ ’ਚ ਪੂਰੇ ਨਹੀਂ ਹੁੰਦੇ। ਉਨ੍ਹਾਂ ਨੂੰ ਪੂਰਾ ਕਰਨ ਲਈ ਰੋਜ਼ਾਨਾ ਦੀਆਂ ਛੋਟੀਆਂ–ਛੋਟੀਆਂ ਆਦਤਾਂ ਵੱਡਾ ਰੋਲ ਨਿਭਾਉਂਦੀਆਂ ਹਨ। ਜਿਵੇਂ ਇਕ ਬੀਜ ਨੂੰ ਦਿਨ-ਬ–ਦਿਨ ਪਾਣੀ, ਧੁੱਪ ਤੇ ਸਾਂਭ-ਸੰਭਾਲ ਚਾਹੀਦੀ ਹੈ, ਉਸੇ ਤਰ੍ਹਾਂ ਬੱਚੇ ਦੇ ਸੁਪਨਿਆਂ ਨੂੰ ਵੀ ਰੋਜ਼ ਕੁਝ ਮਿਹਨਤ ਦੀ ਲੋੜ ਹੁੰਦੀ ਹੈ। ਅਕਸਰ ਬੱਚੇ ਇਹ ਸੋਚ ਕੇ ਡਰ ਜਾਂਦੇ ਹਨ ਕਿ ਵੱਡੇ ਟੀਚੇ ਲਈ ਵੱਡੇ ਕੰਮ ਕਰਨੇ ਪੈਂਦੇ ਹਨ ਪਰ ਅਸਲ ’ਚ ਵੱਡੇ ਕੰਮ ਕਦੇ ਇਕ ਦਿਨ ਵਿਚ ਨਹੀਂ ਹੁੰਦੇ, ਉਨ੍ਹਾਂ ਨੂੰ ਪੂਰੇ ਕਰਨ ਲਈ ਛੋਟੀਆਂ-ਛੋਟੀਆਂ ਆਦਤਾਂ ’ਚ ਸੁਧਾਰ ਲਿਆਉਣ ਦੀ ਲੋੜ ਹੁੰਦੀ ਹੈ, ਜਿਵੇਂ ਰੋਜ਼ 10 ਮਿੰਟ ਵਾਧੂ ਪੜ੍ਹਨਾ, ਰੋਜ਼ ਇਕ ਨਵਾਂ ਸ਼ਬਦ ਸਿੱਖਣਾ, ਹਰ ਦਿਨ ਛੋਟੀ ਪ੍ਰੈਕਟਿਸ ਕਰਨਾ। ਇਹ ਸਾਰੀਆਂ ਆਦਤਾਂ ਮਿਲ ਕੇ ਸਾਲ ਬਾਅਦ ਬੱਚੇ ਨੂੰ ਕਾਫ਼ੀ ਅੱਗੇ ਲੈ ਜਾਂਦੀਆਂ ਹਨ।
ਆਦਤਾਂ ਬਣਾਉਂਦੀਆਂ ਅਨੁਸ਼ਾਸਿਤ
ਸਾਡਾ ਦਿਮਾਗ਼ ਆਦਤਾਂ ਰਾਹੀਂ ਹੀ ਬਦਲਦਾ ਹੈ। ਜਦੋਂ ਕੋਈ ਕੰਮ ਅਸੀਂ ਰੋਜ਼ ਕਰਦੇ ਹਾਂ, ਤਾਂ ਦਿਮਾਗ਼ ਉਸ ਨੂੰ ਸੌਖਾ ਬਣਾਉਂਦਾ ਹੈ। ਪਹਿਲਾਂ 10 ਮਿੰਟ ਪੜ੍ਹਨਾ ਭਾਰ ਲੱਗਦਾ ਹੈ ਪਰ ਕੁਝ ਹਫ਼ਤਿਆਂ ਬਾਅਦ ਉਹ ਸੌਖਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਛੋਟੀਆਂ ਰੋਜ਼ਾਨਾ ਦੀਆਂ ਆਦਤਾਂ ਦਿਮਾਗ਼ ਨੂੰ ਮਜ਼ਬੂਤ, ਤੇਜ਼ ਤੇ ਅਨੁਸ਼ਾਸਿਤ ਬਣਾਉਂਦੀਆਂ ਹਨ। ਚਲੋਂ ਮੈਂ ਤੁਹਾਨੂੰ ਇਕ ਵਿਦਿਆਰਥੀ ਅਰਜੁਨ ਦੀ ਕਹਾਣੀ ਸੁਣਾਉਂਦੀ ਹਾਂ। ਉਹ ਬਹੁਤ ਗ਼ਰੀਬ ਪਰ ਦਿਲੋਂ ਸਾਫ਼ ਤੇ ਦਿਮਾਗ਼ ਤੋਂ ਚੁਸਤ ਸੀ। ਉਸ ਦਾ ਸੁਪਨਾ ਸੀ ਕਿ ਉਹ ਵੱਡਾ ਕਲਾਕਾਰ ਬਣੇ। ਉਹ ਜਗ੍ਹਾ-ਜਗ੍ਹਾ ਦੇ ਨਜ਼ਾਰੇ, ਰੁੱਖਾਂ ਦੇ ਸਾਏ ਤੇ ਬਜ਼ੁਰਗਾਂ ਦੇ ਚਿਹਰਿਆਂ ਨੂੰ ਦੇਖ ਕੇ ਕਾਗਜ਼ ’ਤੇ ਉਤਾਰਨਾ ਚਾਹੁੰਦਾ ਸੀ ਪਰ ਉਸ ਦੇ ਘਰ ਦੀ ਹਾਲਤ ਚੰਗੀ ਨਹੀਂ ਸੀ। ਉਸ ਕੋਲ ਨਾ ਰੰਗ ਸਨ, ਨਾ ਕਾਪੀਆਂ ਤੇ ਨਾ ਹੀ ਬੁਰਸ਼। ਉਸ ਕੋਲ ਸਿਰਫ਼ ਪੁਰਾਣੀ, ਛੋਟੀ ਤੇ ਟੁੱਟੀ ਹੋਈ ਪੈਨਸਿਲ ਸੀ। ਦੂਜੇ ਬੱਚੇ ਉਸ ਦਾ ਮਜ਼ਾਕ ਬਣਾਉਂਦੇ ਸਨ ਤੇ ਕਹਿੰਦੇ ਸਨ, ‘ਇਕ ਪੈਨਸਿਲ ਨਾਲ ਕਲਾਕਾਰ ਬਣੇਗਾ’? ਉਸ ਨੇ ਕਦੇ ਹਾਰ ਨਹੀਂ ਮੰਨੀ ਤੇ ਹਰ ਵੇਲੇ ਆਪਣੇ ਕੰਮ ’ਚ ਮਸਤ ਰਹਿੰਦਾ। ਉਸ ਨੇ ਤਿੰਨ ਆਦਤਾਂ ਬਣਾਈਆਂ, ਜੋ ਉਸ ਦੀ ਜ਼ਿੰਦਗੀ ਬਦਲ ਗਈਆਂ। ਪਹਿਲੀ ਕਿ ਰੋਜ਼ ਸਵੇਰੇ 10 ਮਿੰਟ ਡਰਾਇੰਗ ਕਰਦਾ ਸੀ। ਦੂਜੀ ਰੋਜ਼ ਸ਼ੇਡਿੰਗ ਦੀ ਪ੍ਰੈਕਟਿਸ ਕਰਦਾ ਸੀ ਤੇ ਤੀਜੀ ਪੈਨਸਿਲ ਨੂੰ ਬਹੁਤ ਸਾਂਭ ਕੇ ਵਰਤਦਾ ਸੀ ਤਾਂ ਜੋ ਉਹ ਲੰਮੇ ਸਮੇਂ ਤਕ ਚੱਲੇ। ਉਹ ਕਿਸੇ ਨੂੰ ਵੀ ਆਪਣੀ ਪੈਨਸਿਲ ਨਹੀਂ ਦਿੰਦਾ ਸੀ। ਇਹ ਤਿੰਨੋ ਆਦਤਾਂ ਛੋਟੀਆਂ ਸਨ ਪਰ ਇਨ੍ਹਾਂ ਦੀ ਲਗਾਤਾਰਤਾ ਨੇ ਉਸ ਵਿਚ ਅਜਿਹੀ ਕੁਸ਼ਲਤਾ ਪੈਦਾ ਕਰ ਦਿੱਤੀ, ਜੋ ਕਿਸੇ ਮਹਿੰਗੇ ਕਲਾਸਰੂਮ ’ਚ ਵੀ ਨਹੀਂ ਸਿਖਾਈ ਜਾ ਸਕਦੀ। ਸਕੂਲ ਦੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ ਪਰ ਅਰਜੁਨ ਹਮੇਸ਼ਾ ਹੱਸ ਕੇ ਉਨ੍ਹਾਂ ਦੀ ਗੱਲ ਸੁਣਦਾ ਸੀ। ਉਹ ਜਾਣਦਾ ਸੀ ਕਿ ਜਿਹੜਾ ਬੱਚਾ ਰੋਜ਼ ਥੋੜ੍ਹੀ ਮਿਹਨਤ ਕਰਦਾ ਹੈ, ਉਹੀ ਇਕ ਦਿਨ ਵੱਡਾ ਬਣਦਾ ਹੈ। ਉਸ ਦਾ ਧਿਆਨ ਲੋਕਾਂ ਦੀਆਂ ਗੱਲਾਂ ’ਤੇ ਨਹੀਂ ਸਗੋਂ ਆਪਣੇ ਸੁਪਨੇ ’ਤੇ ਸੀ।
ਇਕ ਦਿਨ ਪਿੰਡ ਵਿਚ ਪ੍ਰਾਈਵੇਟ ਕੰਪਨੀ ਨੇ ਵੱਡਾ ਆਰਟ ਮੁਕਾਬਲਾ ਕਰਵਾਇਆ। ਬੱਚੇ ਲਾਲ–ਪੀਲੇ ਰੰਗਾਂ ਵਾਲੇ ਬਾਕਸ, ਮਹਿੰਗੇ ਬੁਸ਼, ਕੈਨਵਸ ਅਤੇ ਸਕੈਚਬੁੱਕ ਲੈ ਕੇ ਤਿਆਰ ਹੋਏ। ਅਰਜੁਨ ਕੋਲ ਸਿਰਫ਼ ਇਕ ਪੈਨਸਿਲ ਤੋ ਇਲਾਵਾ ਕੁਝ ਨਹੀਂ ਸੀ। ਉਸ ਦੇ ਮਨ ਵਿਚ ਗਰੂਰ ਨਹੀਂ, ਸਿਰਫ਼ ਸਿੱਖਣ ਦੀ ਲਾਲਸਾ ਸੀ। ਮੁਕਾਬਲੇ ਵਿਚ ਉਸ ਨੇ ਇਕ ਬਜ਼ੁਰਗ ਬੰਦੇ ਦਾ ਚਿਹਰਾ ਬਣਾਇਆ। ਉਸ ਤਸਵੀਰ ਵਿਚ ਬੁਜ਼ੁਰਗ ਦੀਆਂ ਅੱਖਾਂ ਦੀ ਚਮਕ, ਹਾਸੇ ਦੀ ਲੀਕ ਤੇ ਝੁਰੜੀਆਂ ਇੰਨੇ ਸੁੰਦਰ ਤਰੀਕੇ ਨਾਲ ਬਣੀਆਂ ਸਨ ਕਿ ਉਹ ਜਿਵੇਂ ਬੋਲ ਰਹੀਆਂ ਹੋਣ। ਸਭ ਬੱਚੇ ਹੈਰਾਨ ਰਹਿ ਗਏ ਕਿ ਇਹ ਤਸਵੀਰ ਸਿਰਫ਼ ਇਕ ਪੈਨਸਿਲ ਨਾਲ ਬਣੀ ਹੈ। ਜਦੋਂ ਨਤੀਜੇ ਆਏ, ਤਾਂ ਸਭ ਦੀਆਂ ਨਿਗਾਹਾਂ ਅਰਜੁਨ ’ਤੇ ਟਿਕ ਗਈਆਂ ਕਿਉਂਕਿ ਪਹਿਲਾ ਇਨਾਮ ਉਸ ਦੀ ਤਸਵੀਰ ਨੇ ਜਿੱਤਿਆ ਸੀ। ਜੱਜਾਂ ਨੇ ਤਸਵੀਰ ਨੂੰ ਦੇਖ ਕੇ ਕਿਹਾ, ‘ਇਹ ਤਸਵੀਰ ਸਿਰਫ਼ ਬਣਾਈ ਨਹੀਂ ਗਈ, ਇਹ ਮਹਿਸੂਸ ਕੀਤੀ ਗਈ ਹੈ। ਇਹ ਤਸਵੀਰ ਮਿਹਨਤ, ਛੋਟੀਆਂ ਆਦਤਾਂ ਤੇ ਹਰ ਦਿਨ ਦੀ ਪ੍ਰੈਕਟਿਸ ਦਾ ਸੁੰਦਰ ਪ੍ਰਤੀਕ ਹੈ।’ ਅਰਜੁਨ ਨੇ ਸਾਨੂੰ ਸਿਖਾਇਆ ਕਿ ਵੱਡੇ ਸੁਪਨੇ ਪੂਰੇ ਕਰਨ ਲਈ ਵੱਡੇ ਸਾਮਾਨ ਦੀ ਲੋੜ ਨਹੀਂ ਹੁੰਦੀ। ਛੋਟੀਆਂ ਆਦਤਾਂ ਭਾਵੇਂ ਪੰਜ ਮਿੰਟ ਦੀ ਪ੍ਰੈਕਟਿਸ ਹੀ ਕਿਉਂ ਨਾ ਹੋਵੇ, ਤੁਹਾਨੂੰ ਉਹ ਤਾਕਤ ਦੇ ਜਾਂਦੀਆਂ ਹਨ, ਜੋ ਸਮੇਂ ਨਾਲ ਵੱਡੇ ਨਤੀਜੇ ਦਿੰਦੀਆਂ ਹਨ। ਲਗਾਤਾਰਤਾ ਤੇ ਇਮਾਨਦਾਰੀ ਨਾਲ ਕੀਤੀ ਮਿਹਨਤ ਹਮੇਸ਼ਾ ਫਲ ਦਿੰਦੀ ਹੈ।
ਕਿਉਂ ਜ਼ਰੂਰੀ ਹਨ ਛੋਟੀਆਂ ਆਦਤਾਂ?
ਛੋਟੀਆਂ ਆਦਤਾਂ ਨਾਲ ਬੱਚਿਆਂ ਵਿਚ ਅਨੁਸ਼ਾਸਨ ਆਉਂਦਾ ਹੈ। ਉਹ ਸਮੇਂ ਦੀ ਕੀਮਤ ਸਮਝਣ ਲੱਗ ਪੈਂਦੇ ਹਨ। ਛੋਟਾ ਟੀਚਾ ਪੂਰਾ ਹੋਣ ਨਾਲ ਵਿਸ਼ਵਾਸ ਵਧਦਾ ਹੈ। ਜਦੋਂ ਹਰ ਦਿਨ ਇਕ ਛੋਟੀ ਕਾਮਯਾਬੀ ਮਿਲਦੀ ਹੈ, ਤਾਂ ਮਨ ਉਤਸ਼ਾਹ ਨਾਲ ਭਰ ਜਾਂਦਾ ਹੈ। ਬੱਚਾ ਬੇਹੱਦ ਮਜ਼ਬੂਤ ਤੇ ਹਾਂ-ਪੱਖੀ ਸੋਚ ਵਾਲਾ ਬਣਦਾ ਹੈ। ਬੱਚਾ ਜੇ ਇਹ ਆਦਤਾਂ ਰੋਜ਼ ਅਪਣਾ ਲਵੇ, ਤਾਂ ਸਾਲ ਵਿਚ ਉਹ ਬਹੁਤ ਵੱਡਾ ਬਦਲਾਅ ਮਹਿਸੂਸ ਕਰਨਗੇ:
- ਰੋਜ਼ 10–15 ਮਿੰਟ ਵਾਧੂ ਪੜ੍ਹਨਾ।
- ਸਵੇਰੇ 5 ਮਿੰਟ ਸ਼ਾਂਤ ਬੈਠਣਾ।
- ਰੋਜ਼ ਇਕ ਨਵਾਂ ਸ਼ਬਦ ਸਿੱਖਣਾ।
- ਆਪਣਾ ਬੈਗ ਖ਼ੁਦ ਬਣਾਉਣਾ।
- ਦਿਨ ਦਾ ਟੀਚਾ ਲਿਖਣਾ।
- ਮੋਬਾਈਲ ਤੋਂ ਕੁਝ ਸਮਾਂ ਦੂਰ ਰਹਿਣਾ।
- 20 ਮਿੰਟ ਖੇਡਾਂ ਲਈ।
- ਰੋਜ਼ ਇਕ ਛੋਟਾ ਚੰਗਾ ਕੰਮ।
- ਦਿਨ ਦੇ ਤਿੰਨ ਚੰਗੇ ਕੰਮ ਨੋਟ ਕਰਨਾ।
- ਕਿਸੇ ਵੀ ਕੰਮ ਨੂੰ ਟਾਲਣਾ ਨਹੀਂ।
ਸੁਪਨੇ ਉਹੀ ਬੱਚੇ ਪੂਰੇ ਕਰਦੇ ਹਨ, ਜੋ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਦਿਨ ਇਕ ਛੋਟੀ ਮਿਹਨਤ ਕਰਦੇ ਹਨ। ਸੁਪਨਾ ਵੱਡਾ ਹੋ ਸਕਦਾ ਹੈ ਪਰ ਰਸਤਾ ਛੋਟੀਆਂ ਆਦਤਾਂ ਨਾਲ ਬਣਦਾ ਹੈ। ਰੋਜ਼ 1 ਪੰਨਾ ਪੜ੍ਹਨਾ ਵੀ ਤਾਕਤ ਵਰਗਾ ਹੈ। ਰੋਜ਼ 5 ਮਿੰਟ ਧਿਆਨ ਵੀ ਸੋਨੇ ਵਰਗਾ ਹੈ। ਰੋਜ਼ 10 ਮਿੰਟ ਪ੍ਰੈਕਟਿਸ ਵੀ ਕਾਰਗਰ ਹੈ।
ਕਾਮਯਾਬੀ ਦਾ ਅਸਲ ਰਸਤਾ
ਦੁਨੀਆ ਦੇ ਸਾਰੇ ਮਹਾਨ ਖਿਡਾਰੀ, ਗਾਇਕ, ਵਿਗਿਆਨੀ ਤੇ ਲੇਖਕ ਇਕੇ ਦਿਨ ’ਚ ਮਹਾਨ ਨਹੀਂ ਬਣੇ। ਉਹ ਰੋਜ਼ ਆਪਣੇ ਆਪ ਨੂੰ ਸਿਰਫ਼ 1 ਫ਼ੀਸਦੀ ਬਿਹਤਰ ਕਰਦੇ ਰਹੇ। ਜਿਵੇਂ ਖਿਡਾਰੀ ਰੋਜ਼ ਪੰਜ ਮਿੰਟ ਵਾਧੂ ਦੌੜ ਲਗਾਉਂਦਾ ਹੈ, ਗਾਇਕ ਰੋਜ਼ 10 ਮਿੰਟ ਵਾਧੂ ਰਿਆਜ਼ ਕਰਦਾ ਹੈ, ਵਿਦਿਆਰਥੀ ਰੋਜ਼ ਇਕ ਨਵਾਂ ਸਬਕ ਸਿੱਖਦਾ ਹੈ। ਇਹ ਛੋਟੇ ਸੁਧਾਰਾਂ ਨੇ ਉਨ੍ਹਾਂ ਨੂੰ ਅੱਜ ਸਿਖ਼ਰ ’ਤੇ ਪਹੁੰਚਾ ਦਿੱਤਾ। ਬੱਚਿਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਵੱਡੇ ਸੁਪਨੇ ਲਈ ਹਰ ਦਿਨ ਖ਼ੁਦ ਨੂੰ ਥੋੜ੍ਹਾ ਬਿਹਤਰ ਬਣਾ ਦੇਣਾ ਹੀ ਕਾਮਯਾਬੀ ਦਾ ਅਸਲ ਰਸਤਾ ਹੈ।
ਕਈ ਤਰ੍ਹਾਂ ਦੀਆਂ ਆਉਂਦੀਆਂ ਰੁਕਾਵਟਾਂ
ਬੱਚਿਆਂ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ। ਕਈ ਵਾਰ ਮਨ ਨਹੀਂ ਕਰਦਾ, ਕਈ ਵਾਰ ਥਕਾਵਟ ਹੋ ਜਾਂਦੀ ਹੈ ਤੇ ਕਈ ਵਾਰ ਪ੍ਰੇਰਨਾ ਘੱਟ ਹੋ ਜਾਂਦੀ ਹੈ। ਅਜਿਹੇ ਸਮੇਂ ਛੋਟੀਆਂ-ਛੋਤੀਆਂ ਆਦਤਾਂ ਹੀ ਮਦਦ ਕਰਦੀਆਂ ਹਨ। ਜਿਵੇਂ ਜੇ ਮਨ ਨਹੀਂ ਕਰਦਾ ਤਾਂ ਵੀ ਪੰਜ ਮਿੰਟ ਲਈ ਹੀ ਪੜ੍ਹ ਲਓ। ਪੰਜ ਮਿੰਟ ਦੀ ਇਹ ਆਦਤ ਮਨ ਨੂੰ ਟਾਲ-ਮਟੋਲ ਤੋਂ ਬਚਾਉਂਦੀ ਹੈ। ਜਦੋਂ ਬੱਚਾ ਇਹ ਸਿੱਖ ਲੈਂਦਾ ਹੈ ਕਿ ‘ਥੋੜ੍ਹਾ ਕਰ ਲਵਾਂਗਾ’ ਤਾਂ ਉਹ ਕਦੇ ਵੀ ਪਿੱਛੇ ਨਹੀਂ ਹੁੰਦਾ। ਇਹ ਛੋਟਾ ਜਿਹਾ ਕਦਮ ਉਸ ਦੇ ਟੀਚੇ ਨੂੰ ਜ਼ਿੰਦਾ ਰੱਖਦਾ ਹੈ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ
ਬੱਚਿਆਂ ਦੀ ਆਦਤ ਬਣਾਉਣ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਮਾਪੇ ਜੇ ਬੱਚੇ ਦੇ ਛੋਟੇ-ਛੋਟੇ ਅਭਿਆਸ ਦੀ ਪ੍ਰਸ਼ੰਸਾ ਕਰ ਦੇਣ, ਤਾਂ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵਧਦਾ ਹੈ। ਅਧਿਆਪਕ ਜੇ ਹਰ ਰੋਜ਼ ਪੰਜ ਮਿੰਟ ਕੁਝ ਨਵਾਂ ਸਿਖਾਉਣ ਨੂੰ ਦੇਵੇ ਤਾਂ ਬੱਚੇ ਦੀ ਰੁਚੀ ਵਧਦੀ ਹੈ। ਬੱਚੇ ਨੂੰ ਉਸ ਦੀ ਮਿਹਨਤ ਲਈ ਸ਼ਾਬਾਸ਼ ਦੇਣੀ ਚਾਹੀਦੀ ਹੈ। ਇਸ ਨਾਲ ਬੱਚਾ ਰੋਜ਼ ਆਪਣੇ ਆਪ ਨੂੰ ਕੁਝ ਨਾ ਕੁਝ ਬਣਨ ਲਈ ਪ੍ਰੇਰਿਤ ਰੱਖਦਾ ਹੈ।
ਚੰਗੀਆਂ ਆਦਤਾਂ ਨਾਲ ਹੁੰਦੇ ਸਫਲ
ਅਕਸਰ ਲੋਕ ਸਫਲ ਬੱਚਿਆਂ ਨੂੰ ਦੇਖ ਕੇ ਕਹਿੰਦੇ ਹਨ ਕਿ ਇਹ ਕਿਸਮਤ ਵਾਲੇ ਹਨ। ਅਸਲ ਗੱਲ ਇਹ ਹੈ ਕਿ ਉਹ ਬੱਚੇ ਕਿਸਮਤ ਨਾਲ ਨਹੀਂ ਸਗੋਂ ਆਦਤਾਂ ਨਾਲ ਸਫਲ ਹੁੰਦੇ ਹਨ। ਹਰ ਸਫਲ ਬੱਚੇ ਦੇ ਪਿੱਛੇ ਉਸ ਦੀਆਂ ਛੋਟੀਆਂ ਆਦਤਾਂ ਹੁੰਦੀਆਂ ਹਨ। ਉਹ ਕਦੇ ਵੀ ਪੜ੍ਹਾਈ ਨੂੰ ਇਕੱਠਾ ਨਹੀਂ ਕਰਦਾ ਸਗੋਂ ਰੋਜ਼ ਥੋੜ੍ਹੀ ਮਿਹਨਤ ਕਰਦਾ ਹੈ। ਉਹ ਰੋਜ਼ ਥੋੜ੍ਹਾ ਲਿਖਦਾ, ਪੜ੍ਹਦਾ ਤੇ ਥੋੜ੍ਹਾ ਅਭਿਆਸ ਕਰਦਾ ਹੈ। ਇਹ ਛੋਟੇ ਕਦਮ ਉਸ ਨੂੰ ਵੱਡੀ ਮੰਜ਼ਿਲ ਤਕ ਪਹੁੰਚਾ ਦਿੰਦੇ ਹਨ। ਬੱਚਿਆਂ ਨੂੰ ਆਦਤ ਬਣਾਉਣਾ ਥੋੜ੍ਹਾ ਮੁਸ਼ਕਲ ਲੱਗ ਸਕਦਾ ਹੈ ਪਰ ਜੇ ਤਰੀਕਾ ਸਹੀ ਹੋਵੇ ਤਾਂ ਇਹ ਕੰਮ ਬਹੁਤ ਸੌਖਾ ਹੋ ਜਾਂਦਾ ਹੈ।
ਟੀਚੇ ਵੱਲ ਯਾਤਰਾ ਹੋ ਜਾਂਦੀ ਸੌਖੀ
ਬੱਚੇ ਅਕਸਰ ਸ਼ੁਰੂ ’ਚ ਬਹੁਤ ਜੋਸ਼ ਨਾਲ ਕੰਮ ਕਰਦੇ ਹਨ ਪਰ ਕੁਝ ਦਿਨਾਂ ਬਾਅਦ ਥੱਕ ਜਾਂਦੇ ਹਨ। ਅਜਿਹੇ ਸਮੇਂ ਬੱਚਿਆਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਹਰੇਕ ਵੱਡੀ ਮੰਜ਼ਿਲ ਛੋਟੇ-ਛੋਟੇ ਕਦਮਾਂ ਨਾਲ ਹੀ ਮਿਲਦੀ ਹੈ। ਚੋਟੀ ’ਤੇ ਚੜ੍ਹਨ ਵਾਲਾ ਪਹਿਲੇ ਕਦਮ ਨਾਲ ਹੀ ਚੋਟੀ ਨਹੀਂ ਚੜ੍ਹਿਆ, ਉਹ ਵੀ ਛੋਟੇ ਕਦਮ ਚੱਲਿਆ ਸੀ। ਇਹ ਸੋਚ ਬੱਚੇ ਦੇ ਮਨ ਵਿਚ ਟਿਕ ਗਈ ਤਾਂ ਉਸ ਦੀ ਕਿਸੇ ਵੀ ਟੀਚੇ ਵੱਲ ਯਾਤਰਾ ਬਹੁਤ ਆਸਾਨ ਹੋ ਜਾਂਦੀ ਹੈ। ਸੋ ਬੱਚਿਓ, ਵੱਡੇ ਸੁਪਨੇ ਪੂਰੇ ਕਰਨ ਲਈ ਵੱਡੇ ਕੰਮ ਨਹੀਂ, ਛੋਟੀਆਂ-ਛੋਟੀਆਂ ਆਦਤਾਂ ਅਪਣਾਉਣ ਦੀ ਲੋੜ ਹੁੰਦੀ ਹੈ। ਰੋਜ਼ ਦੇ 5–10 ਮਿੰਟਾਂ ਨੇ ਅਰਜੁਨ ਨੂੰ ਵੱਡਾ ਕਲਾਕਾਰ ਬਣਾਇਆ। ਰੋਜ਼ ਦੀ ਛੋਟੀ ਪ੍ਰੈਕਟਿਸ ਕਿਸੇ ਵਿਦਿਆਰਥੀ ਨੂੰ ਟਾਪਰ ਬਣਾਉਂਦੀ ਹੈ। ਰੋਜ਼ 20 ਮਿੰਟ ਦੀ ਖੇਡ ਕਿਸੇ ਖਿਡਾਰੀ ਨੂੰ ਚੈਂਪੀਅਨ ਬਣਾਉਂਦੀ ਹੈ। ਬੱਚਿਆਂ ਨੂੰ ਇਹ ਸਿਖਾਉਣਾ ਅਸਲ ਮਕਸਦ ਹੈ ਕਿ ਅੱਜ ਦਾ ਛੋਟਾ ਕਦਮ ਕੱਲ੍ਹ ਦੀ ਵੱਡੀ ਜਿੱਤ ਹੈ।
- ਮਨੀਸ਼ਾ ਸੋਢੀ