ਸਕੂਲੀ ਜੀਵਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦਾ ਹੈ। ਬਚਪਨ ’ਚ ਜਿੱਥੇ ਖੇਡਣ ਦੀ ਖ਼ੁਸ਼ੀ ਹੁੰਦੀ ਹੈ, ਉਥੇ ਹੀ ਸਕੂਲ ਜਾਣਾ, ਸਿੱਖਣਾ, ਅੱਖਰ ਪਛਾਣਨਾ ਤੇ ਹੋਮਵਰਕ ਕਰਨਾ ਵੀ ਮਹੱਤਵਪੂਰਨ ਅਨੁਭਵ ਹੁੰਦਾ ਹੈ। ਇਸ ਸਾਰੇ ਅਨੁਭਵ ’ਚ ਇਕ ਚੀਜ਼ ਜੋ ਹਮੇਸ਼ਾ ਬੱਚੇ ਨਾਲ ਰਹਿੰਦੀ ਹੈ, ਉਹ ਹੈ ਉਸ ਦਾ ਬਸਤਾ।

ਸਕੂਲੀ ਜੀਵਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦਾ ਹੈ। ਬਚਪਨ ’ਚ ਜਿੱਥੇ ਖੇਡਣ ਦੀ ਖ਼ੁਸ਼ੀ ਹੁੰਦੀ ਹੈ, ਉਥੇ ਹੀ ਸਕੂਲ ਜਾਣਾ, ਸਿੱਖਣਾ, ਅੱਖਰ ਪਛਾਣਨਾ ਤੇ ਹੋਮਵਰਕ ਕਰਨਾ ਵੀ ਮਹੱਤਵਪੂਰਨ ਅਨੁਭਵ ਹੁੰਦਾ ਹੈ। ਇਸ ਸਾਰੇ ਅਨੁਭਵ ’ਚ ਇਕ ਚੀਜ਼ ਜੋ ਹਮੇਸ਼ਾ ਬੱਚੇ ਨਾਲ ਰਹਿੰਦੀ ਹੈ, ਉਹ ਹੈ ਉਸ ਦਾ ਬਸਤਾ। ਬਸਤਾ ਸਿਰਫ਼ ਕਿਤਾਬਾਂ ਸਕੂਲ ਲਿਜਾਣ ਦਾ ਜ਼ਰੀਆ ਹੀ ਨਹੀਂ ਹੁੰਦਾ ਸਗੋਂ ਇਹ ਬੱਚੇ ਦੀ ਦਿਲੋਂ ਚਾਹਤ ਤੇ ਅਨੇਕਾਂ ਸੁਪਨਿਆਂ ਦਾ ਸਾਥੀ ਹੁੰਦਾ ਹੈ। ਇਹ ਬਸਤਾ ਉਸ ਦੇ ਸਾਰੇ ਰਾਜ਼ ਰੱਖਦਾ ਹੈ। ਕਈ ਵਾਰੀ ਤਾਂ ਇਹ ਉਸ ਦੇ ਲੰਚ ਬਾਕਸ, ਪਿਆਰੇ ਖਿਡੌਣੇ, ਰੰਗ-ਬਿਰੰਗੀਆਂ ਪੈਨਸਿਲਾਂ ਤਕ ਨੂੰ ਵੀ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ।
ਪਹਿਲੇ ਦਿਨ ਤੋਂ ਹੀ ਜਦੋਂ ਬੱਚਾ ਪ੍ਰੀ-ਪ੍ਰਾਇਮਰੀ ਦੀ ਸਿੱਖਿਆ ਲਈ ਆਪਣੇ ਮਾਤਾ-ਪਿਤਾ ਦੀ ਉਂਗਲੀ ਫੜ ਕੇ ਸਕੂਲ ਜਾਂਦਾ ਹੈ ਤਾਂ ਉਹ ਨਵਾਂ ਬਸਤਾ ਪਾ ਕੇ ਬੜੀ ਖ਼ੁਸ਼ੀ ਮਹਿਸੂਸ ਕਰਦਾ ਹੈ। ਨਵੇਂ ਬਸਤੇ ਦੀ ਖੁਸ਼ਬੂ, ਉਸ ਉੱਤੇ ਬਣੇ ਕਾਰਟੂਨ ਕਿਰਦਾਰ, ਜ਼ਿੱਪ, ਚੇਨ ਤੇ ਅੰਦਰਲੇ ਖਾਨਿਆਂ ਦੀ ਖੋਜ ਆਦਿ ਇਹ ਸਭ ਕੁਝ ਬੱਚੇ ਲਈ ਨਵੀਂ ਦੁਨੀਆ ਵਰਗਾ ਹੁੰਦਾ ਹੈ।
ਨਵੇਂ ਜੀਵਨ ਦੀ ਸ਼ੁਰੂਆਤ
ਸਕੂਲ ਜਾਣ ਸਮੇਂ ਜਦੋਂ ਮਾਂ ਬਸਤਾ ਤਿਆਰ ਕਰਦੀ ਹੈ ਤਾਂ ਬੱਚਾ ਬੜੇ ਉਤਸ਼ਾਹ ਨਾਲ ਤੱਕਦਾ ਹੈ ਕਿ ਅੱਜ ਕਿਹੜੀਆਂ ਕਿਤਾਬਾਂ ਨਾਲ ਜਾ ਰਹੀਆਂ ਹਨ। ਕਈ ਵਾਰੀ ਤਾਂ ਉਹ ਆਪਣੇ ਖੇਡਣ ਵਾਲੀ ਚੀਜ਼ ਜਾਂ ਮਨਪਸੰਦ ਕਿਤਾਬ ਵੀ ਚੁੱਪਚਾਪ ਬਸਤੇ ’ਚ ਰੱਖ ਲੈਂਦਾ ਹੈ। ਇਹ ਪਿਆਰ ਸਿਰਫ਼ ਬਸਤੇ ਲਈ ਹੀ ਨਹੀਂ ਹੁੰਦਾ ਸਗੋਂ ਉਸ ’ਚ ਲੁਕੇ ਸੁਪਨੇ, ਉਤਸ਼ਾਹ ਤੇ ਨਵੀਆਂ ਸਿੱਖਣ ਵਾਲੀਆਂ ਗੱਲਾਂ ਲਈ ਹੁੰਦਾ ਹੈ। ਬਸਤਾ ਉਸ ਦੇ ਨਵੇਂ ਜੀਵਨ ਦੀ ਸ਼ੁਰੂਆਤ ਦਾ ਪ੍ਰਤੀਕ ਹੁੰਦਾ ਹੈ।
ਭਾਵਨਾਤਮਿਕ ਰਿਸ਼ਤਾ
ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹ ਆਪਣੇ ਬਸਤੇ ਨਾਲ ਅਲੱਗ ਹੀ ਭਾਵਨਾਤਮਿਕ ਰਿਸ਼ਤਾ ਜੋੜ ਲੈਂਦਾ ਹੈ। ਬਸਤਾ ਉਨ੍ਹਾਂ ਦੀਆਂ ਦਿਨ ਭਰ ਦੀਆਂ ਖ਼ੁਸ਼ੀਆਂ ਦਾ ਹਿੱਸਾ ਬਣ ਜਾਂਦਾ ਹੈ। ਹਰ ਸਵੇਰ ਬਸਤੇ ਨੂੰ ਸਜਾਉਣਾ, ਕਿਤਾਬਾਂ ਨੂੰ ਢੰਗ ਨਾਲ ਲਾਉਣਾ, ਨਵੇਂ ਕਵਰ ਚੜ੍ਹਾਉਣਾ, ਇਹ ਸਭ ਬੱਚੇ ਦੀ ਪਸੰਦ ਬਣ ਜਾਂਦਾ ਹੈ। ਉਹ ਬਸਤੇ ਨੂੰ ਆਪਣੀ ਨਿੱਜੀ ਵਸਤੂ ਵਾਂਗ ਸਾਂਭਦਾ ਹੈ। ਜਿਵੇਂ ਕੋਈ ਵੱਡਾ ਵਿਅਕਤੀ ਆਪਣੀ ਕਾਰ ਜਾਂ ਫੋਨ ਨੂੰ ਨਵਾਂ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਉਸੇ ਤਰ੍ਹਾਂ ਬੱਚਾ ਆਪਣੇ ਬਸਤੇ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਦੋਂ ਕਿਸੇ ਹੋਰ ਬੱਚੇ ਕੋਲ ਨਵਾਂ ਬਸਤਾ ਹੁੰਦਾ ਹੈ ਤਾਂ ਵੀ ਉਸ ਦਾ ਆਪਣੇ ਬਸਤੇ ਨਾਲੋਂ ਪਿਆਰ ਘਟਦਾ ਨਹੀਂ।
ਯਾਦਾਂ ਨਾਲ ਭਰੀ ਦੁਨੀਆ
ਬਸਤਾ ਸਿਰਫ਼ ਪਾਠਕ੍ਰਮ ਨਾਲ ਸਬੰਧਿਤ ਕਿਤਾਬਾਂ ਦਾ ਸੰਚਾਲਕ ਹੀ ਨਹੀਂ ਹੁੰਦਾ, ਇਹ ਯਾਦਾਂ ਦਾ ਸੰਗ੍ਰਹਿ ਵੀ ਹੁੰਦਾ ਹੈ। ਕਈ ਵਾਰ ਬਸਤੇ ਅੰਦਰੋਂ ਇਕ ਪੁਰਾਣੀ ਚੀਜ਼ ਨਿਕਲਦੀ ਹੈ, ਜੋ ਦੋਸਤ ਨੇ ਦਿੱਤੀ ਹੋਈ ਹੁੰਦੀ ਹੈ। ਕਈ ਵਾਰੀ ਪੁਰਾਣੀ ਕਲਮ ਜਾਂ ਸੁੱਕਿਆ ਹੋਇਆ ਫੁੱਲ ਮਿਲ ਜਾਂਦਾ ਹੈ, ਜੋ ਕਿਸੇ ਵਿਸ਼ੇਸ਼ ਦਿਨ ਨੂੰ ਯਾਦ ਦਿਵਾਉਂਦਾ ਹੈ। ਬਸਤੇ ’ਚ ਕਈ ਅਜਿਹੇ ਰਾਜ਼ ਵੀ ਹੁੰਦੇ ਹਨ, ਜੋ ਬੱਚਾ ਕਿਸੇ ਨਾਲ ਨਹੀਂ ਸਾਂਝੇ ਕਰਦਾ।
ਮਾਤਾ-ਪਿਤਾ ਲਈ ਅਹਿਮੀਅਤ
ਮਾਤਾ-ਪਿਤਾ ਦਾ ਆਪਣੇ ਬੱਚਿਆਂ ਦੇ ਬਸਤੇ ਨਾਲ ਅਲੱਗ ਹੀ ਰਿਸ਼ਤਾ ਹੁੰਦਾ ਹੈ। ਜਦੋਂ ਉਹ ਬੱਚੇ ਨੂੰ ਪਹਿਲੀ ਵਾਰ ਸਕੂਲ ਭੇਜਦੇ ਹਨ ਤਾਂ ਉਹ ਨਵਾਂ ਬਸਤਾ ਖ਼ਰੀਦਦੇ ਸਮੇਂ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਹਨ। ਬਸਤੇ ਦੀ ਚੋਣ ਕਰਨਾ, ਉਸ ’ਚ ਲੰਚ ਬਾਕਸ ਰੱਖਣਾ, ਜੁਮੈਟਰੀ ਬਾਕਸ, ਪਾਣੀ ਦੀ ਬੋਤਲ ਭਰਨਾ, ਕਾਪੀਆਂ ’ਤੇ ਜਿਲਦਾਂ ਚੜ੍ਹਾਉਣੀਆਂ ਅਤੇ ਉਨ੍ਹਾਂ ਉੱਪਰ ਬੱਚੇ ਦਾ ਨਾਂ ਲਿਖਣਾ ਆਦਿ ਸਭ ਕਾਰਜ ਮਾਪਿਆਂ ਲਈ ਮਾਣਦਾਇਕ ਹੁੰਦੇ ਹਨ।
ਜਦੋਂ ਬੱਚਾ ਘਰ ਆਉਂਦਾ ਹੈ ਤੇ ਆਪਣਾ ਬਸਤਾ ਉਤਾਰ ਕੇ ਇਕ ਪਾਸੇ ਰੱਖਦਾ ਹੈ। ਉਸ ਤੋਂ ਬਾਅਦ ਮਾਂ ਚੁੱਪ-ਚਾਪ ਖੋਲ੍ਹ ਕੇ ਵੇਖਦੀ ਹੈ ਕਿ ਲੰਚ ਖਾਧਾ ਜਾਂ ਨਹੀਂ, ਸਕੂਲ ਅਧਿਆਪਕ ਵੱਲੋਂ ਕੋਈ ਨੋਟਿਸ ਤਾਂ ਨਹੀਂ ਆਇਆ ਜਾਂ ਕਿਤਾਬਾਂ ਠੀਕ ਢੰਗ ਨਾਲ ਹਨ ਜਾਂ ਨਹੀਂ। ਇਸ ਤਰ੍ਹਾਂ ਬਸਤਾ ਬੱਚੇ ਤੇ ਮਾਤਾ-ਪਿਤਾ ਵਿਚਕਾਰ ਸੰਚਾਰਕ ਪੁਲ ਬਣ ਜਾਂਦਾ ਹੈ।
ਮਾਡਰਨ ਯੁੱਗ ’ਚ ਭੂਮਿਕਾ
ਆਧੁਨਿਕ ਸਮੇਂ ’ਚ ਜਦੋਂ ਤਕਨੀਕ ਨੇ ਸਕੂਲੀ ਸਿਖਲਾਈ ਵਿਚ ਵੱਡਾ ਬਦਲਾਅ ਲਿਆਂਦਾ ਹੈ ਤਾਂ ਬਸਤੇ ਦੀ ਭੂਮਿਕਾ ਵੀ ਕਾਫ਼ੀ ਬਦਲ ਗਈ ਹੈ। ਹੁਣ ਬਸਤਿਆਂ ਵਿਚ ਲੈਪਟਾਪ, ਟੈਬਲੈੱਟ, ਡਾਇਰੀਆਂ, ਨੋਟਪੈਡ ਆਦਿ ਆਉਣ ਲੱਗ ਪਏ ਹਨ ਪਰ ਫਿਰ ਵੀ ਬਸਤਾ ਅਜੇ ਵੀ ਆਪਣੇ ਅੰਦਰ ਬਚਪਨ ਦੀ ਖ਼ੁਸ਼ਬੂ ਨੂੰ ਲੁਕੋਈ ਬੈਠਾ ਹੈ। ਹੁਣ ਵੀ ਜਦੋਂ ਬੱਚਾ ਸਕੂਲ ਜਾਣ ਲਈ ਤਿਆਰ ਹੁੰਦਾ ਹੈ ਤਾਂ ਉਸ ਦੇ ਬੁੱਲ੍ਹਾਂ 'ਤੇ ਇਕ ਸ਼ਬਦ ਹੁੰਦਾ ਹੈ ਮੰਮੀ ਮੇਰਾ ਬਸਤਾ।
ਬੱਚਿਆਂ ਨੂੰ ਨਵੇਂ-ਨਵੇਂ ਡਿਜ਼ਾਈਨ ਵਾਲੇ ਬਸਤਿਆਂ ਦਾ ਸ਼ੌਕ ਹੁੰਦਾ ਹੈ। ਉਹ ਆਪਣੇ ਮਨਪਸੰਦ ਕਾਰਟੂਨ ਕਿਰਦਾਰ ਵਾਲਾ ਬਸਤਾ ਚਾਹੁੰਦੇ ਹਨ। ਇਹ ਸਾਰੀਆਂ ਚੀਜ਼ਾਂ ਬਚਪਨ ਦੀ ਸਾਦਗੀ ਤੇ ਖ਼ੁਸ਼ੀ ਨੂੰ ਦਰਸਾਉਂਦੀਆਂ ਹਨ।
ਡੂੰਘਾ ਅਹਿਸਾਸ
ਇਕ ਬੱਚੇ ਲਈ ਉਸ ਦਾ ਬਸਤਾ ਸਿਰਫ਼ ਇਕ ਵਸਤੂ ਨਹੀਂ ਸਗੋਂ ਅਹਿਸਾਸ ਹੈ। ਇਹ ਬਸਤਾ ਉਸ ਦੇ ਦੋਸਤਾਂ ਵਾਂਗ ਹੁੰਦਾ ਹੈ, ਜੋ ਹਰ ਰੋਜ਼ ਉਸ ਨਾਲ ਸਕੂਲ ਜਾਂਦਾ ਹੈ। ਉਸ ਦੇ ਰਾਜ਼ ਰੱਖਦਾ ਹੈ, ਉਹਦੇ ਸੁਪਨੇ ਸਾਂਭਦਾ ਹੈ। ਜਦੋਂ ਬਸਤਾ ਪੁਰਾਣਾ ਹੋ ਜਾਂਦਾ ਹੈ ਤਾਂ ਬੱਚਾ ਉਸ ਨੂੰ ਤੋੜ ਕੇ ਨਹੀਂ ਸੁੱਟਦਾ ਸਗੋਂ ਪਿਆਰ ਨਾਲ ਕਿਤੇ ਸੰਭਾਲ ਕੇ ਰੱਖ ਲੈਂਦਾ ਹੈ। ਇਹ ਸਭ ਕੁਝ ਇਹੀ ਦਰਸਾਉਂਦਾ ਹੈ ਕਿ ਬੱਚਾ ਆਪਣੇ ਬਸਤੇ ਨਾਲ ਕਿੰਨਾ ਮੋਹ ਰੱਖਦਾ ਹੈ।
ਇਸ ਲਈ ਕਿਹਾ ਜਾ ਸਕਦਾ ਹੈ ਕਿ ਬਸਤਾ ਬਚਪਨ ਦੀਆਂ ਯਾਦਾਂ ਦਾ ਪੂਰਾ ਸੰਗ੍ਰਹਿ ਹੈ। ਉਹ ਬਸਤਾ ਜਿਸ ਨੂੰ ਅਸੀਂ ਕਈ ਵਾਰੀ ਇਕ ਵਾਹਕ ਸਮਝਦੇ ਹਾਂ, ਦਰਅਸਲ ਸੰਵੇਦਨਸ਼ੀਲ ਦੋਸਤ ਹੁੰਦਾ ਹੈ। ਇਕ ਐਸਾ ਦੋਸਤ ਜੋ ਕਦੇ ਗਿਲਾ-ਸ਼ਿਕਵਾ ਨਹੀਂ ਕਰਦਾ, ਕਦੇ ਬੋਲਦਾ ਨਹੀਂ ਪਰ ਹਮੇਸ਼ਾ ਸਾਥ ਦਿੰਦਾ ਹੈ। ਬੱਚੇ ਦੀ ਜ਼ਿੰਦਗੀ ਦਾ ਇਹ ਅਮੁੱਲ ਰਤਨ ਹੈ। ਸੱਚਮੁੱਚ ਹੀ ਬਸਤਾ ਵਧਾਈ ਦੇ ਯੋਗ ਹੈ। ਜਿਹੜਾ ਬਚਪਨ ਤੋਂ ਸਾਡੇ ਨਾਲ ਜੁੜ ਕੇ ਸਕੂਲੀ ਪੜ੍ਹਾਈ ਪੂਰੀ ਹੋਣ ਤੱਕ ਅਤੇ ਉਸ ਤੋਂ ਅਗਾਂਹ ਵੀ ਸਾਡੇ ਭਵਿੱਖ ਨੂੰ ਰੌਸ਼ਨ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਹੈ।
- ਬੇਅੰਤ ਸਿੰਘ ਮਲੂਕਾ