ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਡੂੰਘਾ ਹੁੰਦਾ ਹੈ। ਅਧਿਆਪਕ ਗੁਰੂ ਸਮਾਨ ਹੁੰਦਾ ਹੈ, ਫਿਰ ਉਦੋਂ ਗੁਰੂ ਦਾ ਫ਼ਰਜ਼ ਇਹ ਹੁੰਦਾ ਹੈ ਕਿ ਉਹ ਆਪਣੇ ਵਿਦਿਆਰਥੀ ਨੂੰ ਸਹੀ ਰਾਹ ’ਤੇ ਪਾਵੇ। ਉਹ ਉਸ ਨੂੰ ਸਮਾਜ ’ਚ ਵਿਚਰਨ ਦੀ ਸ਼ਕਤੀ ਦਿੰਦਾ ਹੈ। ਸਮਾਜ ਦੇ ਨਿਰਮਾਣ ’ਚ ਅਧਿਆਪਕਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।

ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਡੂੰਘਾ ਹੁੰਦਾ ਹੈ। ਅਧਿਆਪਕ ਗੁਰੂ ਸਮਾਨ ਹੁੰਦਾ ਹੈ, ਫਿਰ ਉਦੋਂ ਗੁਰੂ ਦਾ ਫ਼ਰਜ਼ ਇਹ ਹੁੰਦਾ ਹੈ ਕਿ ਉਹ ਆਪਣੇ ਵਿਦਿਆਰਥੀ ਨੂੰ ਸਹੀ ਰਾਹ ’ਤੇ ਪਾਵੇ। ਉਹ ਉਸ ਨੂੰ ਸਮਾਜ ’ਚ ਵਿਚਰਨ ਦੀ ਸ਼ਕਤੀ ਦਿੰਦਾ ਹੈ। ਸਮਾਜ ਦੇ ਨਿਰਮਾਣ ’ਚ ਅਧਿਆਪਕਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਉਹ ਵਿਦਿਆਰਥੀਆਂ ਨੂੰ ਇਹ ਵੀ ਦੱਸਦਾ ਹੈ ਕਿ ਆਪਣੀ ਸੂਝ-ਬੂਝ ਨਾਲ ਸਮਾਜ ’ਚ ਵਿਚਰਨਾ ਕਿਵੇਂ ਹੈ।
ਹਰ ਵਿਅਕਤੀ ਲਈ ਜ਼ਰੂਰੀ ਹੈ ਸਿੱਖਿਆ
ਮਾਪਿਆਂ ਤੋਂ ਬਾਅਦ ਸਾਨੂੰ ਚੰਗੀ ਸਿੱਖਿਆ ਦੇਣ ਵਾਲਾ ਅਧਿਆਪਕ ਹੀ ਹੈ। ਮਾਂ-ਬਾਪ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ। ਉਸ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ ’ਚ ਅਧਿਆਪਕਾਂ ਨਾਲ ਬਿਤਾਉਂਦਾ ਹੈ। ਸਕੂਲ ’ਚ ਉਹ ਬਹੁਤ ਸਾਰੀਆਂ ਨਵੀਆਂ ਗੱਲਾਂ ਦੇ ਨਾਲ-ਨਾਲ ਅਨੁਸ਼ਾਸਨ ’ਚ ਰਹਿਣਾ ਸਿੱਖਦਾ ਹੈ। ਅਧਿਆਪਕ ਉਸ ਮੋਮਬੱਤੀ ਵਾਂਗ ਹੁੰਦਾ ਹੈ, ਜੋ ਖ਼ੁਦ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਸਿੱਖਿਆ ਹਰ ਵਿਅਕਤੀ ਲਈ ਜ਼ਰੂਰੀ ਹੈ।
ਗੁਰੂ ਪ੍ਰਤੀ ਘਟ ਰਿਹਾ ਸਤਿਕਾਰ
ਅਧਿਆਪਕ ਤੋਂ ਸਿੱਖ ਕੇ ਬਹੁਤ ਸਾਰੇ ਵਿਦਿਆਰਥੀ ਉੱਚੇ-ਉੱਚੇ ਅਹੁਦਿਆਂ ਉੱਤੇ ਪਹੁੰਚਦੇ ਹਨ ਅਤੇ ਸਮਾਜ ਨੂੰ ਵੀ ਰੋਸ਼ਨ ਕਰਦੇ ਹਨ। ਇਸ ਲਈ ਅਧਿਆਪਕ ਦਾ ਖ਼ੁਦ ਵੀ ਸਹੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸੇ ਤਰ੍ਹਾਂ ਦੀ ਇਮਾਰਤ ਹੋਵੇਗੀ। ਅਧਿਆਪਕ ਨੂੰ ਬਹੁਤ ਹੀ ਸਾਰਥਿਕ ਸੋਚ ਤੇ ਸ਼ਾਂਤ ਸੁਭਾਅ ਦਾ ਹੋਣਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀ ਨੂੰ ਉਸ ਕੋਲ ਪਹੁੰਚਣ ਲਈ ਕੋਈ ਡਰ ਜਾਂ ਪਰੇਸ਼ਾਨੀ ਨਾ ਆਵੇ। ਹੁਣ ਸਮਾਂ ਤਕਨੀਕ ਵੱਲ ਵੱਧ ਰਿਹਾ ਹੈ। ਕੰਪਿਊਟਰ ਦਾ ਯੁੱਗ ਆ ਰਿਹਾ ਹੈ ਤੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤੇ ਵਿਚ ਵੀ ਬਹੁਤ ਬਦਲਾਵ ਆ ਰਿਹਾ ਹੈ। ਹੁਣ ਕੋਈ ਵੀ ਇਕਲਵਿਆ ਵਾਂਗ ਆਪਣੇ ਗੁਰੂ ਨੂੰ ਦਕਸ਼ਨਾਂ ਵਿਚ ਆਪਣੇ ਹੱਥ ਦਾ ਅੰਗੂਠਾ ਭੇਟ ਨਹੀਂ ਕਰਦਾ। ਬਹੁਤ ਸਾਰੇ ਵਿਦਿਆਰਥੀਆਂ ’ਚ ਆਪਣੇ ਗੁਰੂ ਪ੍ਰਤੀ ਸਤਿਕਾਰ ਘੱਟ ਰਿਹਾ ਹੈ।
ਸਮਝ ਦੀ ਭਾਵਨਾ ਹੋ ਰਹੀ ਖ਼ਤਮ
ਹੁਣ ਅਕਸਰ ਅਖ਼ਬਾਰਾਂ-ਟੀਵੀ ’ਚ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਅਧਿਆਪਕ ਨੇ ਵਿਦਿਆਰਥੀ ਨੂੰ ਝਿੜਕਿਆ ਤਾਂ ਵਿਦਿਆਰਥੀ ਨੇਅਧਿਆਪਕ ਨੂੰ ਕੁੱਟ ਦਿੱਤਾ। ਹੁਣ ਵਿਦਿਆਰਥੀ ਅਧਿਆਪਕ ਤੋਂ ਡਰਦੇ ਨਹੀਂ ਸਗੋਂ ਉਸ ਨੂੰ ਡਰਾ ਕੇ ਰੱਖਣਾ ਚਾਹੁੰਦੇ ਹਨ। ਹੁਣ ਵਿਦਿਆਰਥੀਆਂ ’ਚ ਅਧਿਆਪਕ ਪ੍ਰਤੀ ਪਿਆਰ-ਸਤਿਕਾਰ ਤੇ ਸਮਝ ਦੀ ਭਾਵਨਾ ਖ਼ਤਮ ਹੋ ਰਹੀ ਹੈ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲ ਸੁਣ ਕੇ ਅਧਿਆਪਕ ਨਾਲ ਲੜਨ ਨਹੀਂ ਆਉਣਾ ਚਾਹੀਦਾ ਸਗੋਂ ਉਸ ਦੀ ਗ਼ਲਤੀ ਲੱਭ ਕੇ ਡੂੰਘਾਈ ਵਿਚ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਅਧਿਆਪਕ ਨਾਲ ਗੱਲ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਬੱਚੇ ਅੱਗੇ ਹੀ ਅਧਿਆਪਕ ਨੂੰ ਗ਼ਲਤ ਕਹਿਣਾ ਚਾਹੀਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਿਵੇਂ ਤੁਸੀਂ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਹੋ, ਗੁਰੂ ਵੀ ਮਾਪਿਆਂ ਵਾਂਗ ਹੀ ਹੁੰਦੇ ਹਨ। ਪੁਰਾਣੇ ਗ੍ਰੰਥਾਂ ’ਚ ਵੀ ਲਿਖਿਆ ਹੋਇਆ ਹੈ ਕਿ ਮਾਪਿਆਂ ਤੋਂ ਪਹਿਲਾਂ ਸਾਨੂੰ ਗੁਰੂ ਨੂੰ ਦਰਜਾ ਦੇਣਾ ਚਾਹੀਦਾ ਹੈ।
ਵਿਦਿਆਰਥੀਆਂ ਨੂੰ ਬਣਾ ਸਕਣ ਸਮੇਂ ਦੇ ਹਾਣੀ
ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਸਗੋਂ ਇਹ ਸਮਝਣਾ ਚਾਹੀਦਾ ਹੈ ਕਿ ਉਹ ਜੋ ਵੀ ਕਹਿ ਰਹੇ ਹਨ, ਉਹ ਸਾਡਾ ਭਵਿੱਖ ਸੁਧਾਰਨ ਲਈ ਕਹਿ ਰਹੇ ਹਨ। ਉਨ੍ਹਾਂ ਦੇ ਕੱਢੀ ਹੋਈ ਗ਼ਲਤੀ ਨੂੰ ਸਾਨੂੰ ਸੁਧਾਰਨਾ ਚਾਹੀਦਾ ਹੈ। ਆਪਣੇ ਮਾਪਿਆਂ ਵਾਂਗ ਹੀ ਆਪਣੇ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਧਿਆਪਕ ਨੂੰ ਵੀ ਸਮੇਂ ਦਾ ਹਾਣੀ ਬਣ ਕੇ ਅਪਡੇਟ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਸਕਣ।
ਵੀਨੂ ਲਾਂਬਾ