ਮਾੜੇ ਪ੍ਰਬੰਧ ਦੇਖਦੇ ਹੋਏ ਵੀਵੀਆਈਪੀ ਲੌਜ 'ਚ ਬੈਠੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੰਡਾਲ 'ਚ ਧੱਕਾ-ਮੁੱਕੀ ਦੌਰਾਨ Babbu Maan ਦੇ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬੰਦ ਕਰਨਾ ਪਿਆ।

ਸੰਵਾਦ ਸਹਿਯੋਗੀ, ਅੰਬ (ਊਨਾ) : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ 'ਚ ਹੋ ਰਹੇ ਮਾਤਾ ਸ਼੍ਰੀ ਚਿੰਤਪੂਰਨੀ ਜੀ ਮਹੋਤਸਵ ਦੇ ਪਹਿਲੇ ਦਿਨ ਹੰਗਾਮਾ ਹੋ ਗਿਆ। ਪੰਜਾਬੀ ਗਾਇਕ ਬੱਬੂ ਮਾਨ (Punjabi Singer Babbu Maan) ਦੇ ਪ੍ਰੋਗਰਾਮ 'ਚ ਭੀੜ ਨੇ ਮੈਨੇਜਮੈਂਟ ਨੂੰ ਚੁਣੌਤੀ ਦੇ ਦਿੱਤੀ। ਪ੍ਰੋਗਰਾਮ ਦੌਰਾਨ ਪ੍ਰਸ਼ੰਸਕ ਬੇਕਾਬੂ ਹੋ ਗਏ। ਵੀਵੀਆਈਪੀ ਪੰਡਾਲ ਦੇ ਪਿੱਛੇ ਇਕੱਠੀ ਹੋਈ ਭੀੜ ਨੇ ਬੈਰੀਕੇਡ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਮੰਚ ਤਕ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੀ ਜਿਸ ਨਾਲ ਹਾਲਾਤ ਬੇਕਾਬੂ ਹੋ ਗਏ।
ਮਾੜੇ ਪ੍ਰਬੰਧ ਦੇਖਦੇ ਹੋਏ ਵੀਵੀਆਈਪੀ ਲੌਜ 'ਚ ਬੈਠੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੰਡਾਲ 'ਚ ਧੱਕਾ-ਮੁੱਕੀ ਦੌਰਾਨਬੱਬੂ ਮਾਨ ਦੇ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬੰਦ ਕਰਨਾ ਪਿਆ।
ਕੁਝ ਨੌਜਵਾਨ ਮੰਚ ਨੇੜੇ ਲੱਗੇ ਡੀਜੇ ਸੈੱਟ 'ਤੇ ਚੜ੍ਹ ਗਏ, ਜਿਸ ਨਾਲ ਦੋ ਜਣੇ ਜ਼ਖਮੀ ਹੋ ਗਏ। ਪੰਡਾਲ 'ਚ ਲੱਗੀ ਵੱਡੀ ਸਕ੍ਰੀਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਮੋਰਚਾ ਸਾਂਭਿਆ ਪਰ ਪੰਡਾਲ 'ਚ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਆਲਮ ਇਹ ਹੋ ਗਿਆ ਕਿ ਮੁੱਖ ਮਹਿਮਾਨ ਡਿਪਟੀ ਸੀਐੱਮ ਮੁਕੇਸ਼ ਅਗਨੀਹੋਤਰੀ ਨੇ ਮਾੜੇ ਪ੍ਰਬੰਧਾਂ 'ਤੇ ਮੰਚ ਤੋਂ ਨਾਰਾਜ਼ਗੀ ਜਤਾਈ ਅਤੇ ਅਧਿਕਾਰੀਆਂ ਨੂੰ ਭੀੜ ਕਾਬੂ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਪੀਲ ਕੀਤੀ ਕਿ ਸ਼ਰਧਾਲੂ ਤੇ ਦਰਸ਼ਕ ਸ਼ਾਂਤੀਪੂਰਵਕ ਪ੍ਰੋਗਰਾਮਾਂ ਦਾ ਆਨੰਦ ਲੈਣ ਤੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਗਤੀਵਿਧੀ ਤੋਂ ਬਚਣ।
ਬੱਬੂ ਮਾਨ ਨੂੰ ਸੁਣਨ ਲਈ ਹਿਮਾਚਲ ਤੋਂ ਇਲਾਵਾ ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ ਸਨ। ਭੀੜ ਵਧਣ ਕਾਰਨ ਪੰਡਾਲ ਅਤੇ ਮੇਲਾ ਮੈਦਾਨ ਦੋਵੇਂ ਹੀ ਲੋਕਾਂ ਨਾਲ ਭਰ ਗਏ। ਮੇਲਾ ਪ੍ਰਸ਼ਾਸਨ ਵੱਲੋਂ ਵੀਵੀਆਈਪੀ, ਵੀਆਈਪੀ ਤੇ ਆਮ ਲੋਕਾਂ ਲਈ ਵੱਖ-ਵੱਖ ਲੇਅਰ 'ਚ ਕੀਤੀ ਗਈ ਬੈਠਣ ਦੀ ਵਿਵਸਥਾ ਦਬਾਅ ਹੇਠ ਆ ਕੇ ਟੁੱਟਣ ਲੱਗੀ ਤੇ ਕਈ ਜਗ੍ਹਾ ਬੈਰੀਕੇਡ ਨੁਕਸਾਨ ਪਹੁੰਚਿਆ।
ਸੁਰੱਖਿਆ 'ਚ ਤਾਇਨਾਤਪੁਲਿਸ ਮੁਲਾਜ਼ਮਾਂ ਨੂੰ ਭੀੜ ਕੰਟਰੋਲ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭੀੜ ਉਮੀਦ ਤੋਂ ਵੱਧ ਪਹੁੰਚਣ ਕਾਰਨ ਹਾਲਾਤ ਚੁਣੌਤੀਪੂਰਨ ਹੋ ਗਏ। ਪਹਿਲੇ ਦਿਨ ਹੋਏ ਮਾੜੇ ਪ੍ਰਬੰਧਾਂ ਨੇ ਮਹੋਤਸਵ ਦੀ ਸੁਰੱਖਿਆ ਮੈਨੇਜਮੈਂਟ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪ੍ਰਸ਼ਾਸਨ ਹੁਣ ਅਗਲੇ ਪ੍ਰੋਗਰਾਮਾਂ 'ਚ ਅਜਿਹੀ ਸਥਿਤੀ ਤੋਂ ਬਚਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਵਿਚ ਲੱਗਾ ਹੋਇਆ ਹੈ।