ਕੁਝ ਅਦਾਕਾਰ ਆਪਣੇ ਪਾਤਰ ਵਿਚ ਅਜਿਹੇ ਇਕਮਿਕ ਹੋਏ ਹੁੰਦੇ ਹਨ ਕਿ ਉਨ੍ਹਾਂ ਨੂੰ ਆਮ ਜ਼ਿੰਦਗੀ ਨਾਲੋਂ ਨਿਖੇੜਨਾ ਔਖਾ ਹੋ ਜਾਂਦਾ ਹੈ, ਜਦੋਂ ਤੱਕ ਅਸੀਂ ਉਨ੍ਹਾਂ ਦੀ ਕਿਸੇ ਹੋਰ ਕਿਰਦਾਰ ’ਚ ਅਦਾਕਾਰੀ ਵੇਖ ਨਾ ਲਈਏ। ਹਰ ਤਰ੍ਹਾਂ ਦੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਦੀ ਅਦਾਕਾਰੀ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦੀ ਹੈ, ਉਨ੍ਹਾਂ ਨੂੰ ਇਹ ਕਲਾ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ’ਚੋ ਮਿਲਦੀ ਹੈ।

ਕੁਝ ਅਦਾਕਾਰ ਆਪਣੇ ਪਾਤਰ ਵਿਚ ਅਜਿਹੇ ਇਕਮਿਕ ਹੋਏ ਹੁੰਦੇ ਹਨ ਕਿ ਉਨ੍ਹਾਂ ਨੂੰ ਆਮ ਜ਼ਿੰਦਗੀ ਨਾਲੋਂ ਨਿਖੇੜਨਾ ਔਖਾ ਹੋ ਜਾਂਦਾ ਹੈ, ਜਦੋਂ ਤੱਕ ਅਸੀਂ ਉਨ੍ਹਾਂ ਦੀ ਕਿਸੇ ਹੋਰ ਕਿਰਦਾਰ ’ਚ ਅਦਾਕਾਰੀ ਵੇਖ ਨਾ ਲਈਏ। ਹਰ ਤਰ੍ਹਾਂ ਦੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਦੀ ਅਦਾਕਾਰੀ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦੀ ਹੈ, ਉਨ੍ਹਾਂ ਨੂੰ ਇਹ ਕਲਾ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ’ਚੋ ਮਿਲਦੀ ਹੈ। ਅਜਿਹੀ ਹੀ ਰੰਗ ਮੰਚ ਤੇ ਸਿਨੇਮਾ ਦੀ ਅਦਾਕਾਰਾ ਹੈ ਪੰਜਾਬੀ ਬੋਲੀ ਤੇੇ ਮਾਲਵੇ ਦਾ ਮਾਣ ਨਿਰਮਲ ਰਿਸ਼ੀ, ਜਿਨ੍ਹਾਂ ਹਮੇਸ਼ਾ ਸਾਦਗੀ ਭਰੇ ਜੀਵਨ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਇਸ ਕਾਰਨ ਹੀ ਉਨ੍ਹਾਂ ਦਾ ਪੰਜਾਬੀ ਫਿਲਮ ਇੰਡਸਟਰੀ ਵਿਚ ਉੱਚਾ ਰੁਤਬਾ ਹਾਸਲ ਹੈ। ਹਰ ਛੋਟਾ ਵੱਡਾ ਕਲਾਕਾਰ ਉਨ੍ਹਾਂ ਨਾਲ ਕੰਮ ਕਰਨ ਨੂੰ ਆਪਣੇ ਲਈ ਮਾਣ ਵਾਲੀ ਗੱਲ ਸਮਝਦਾ ਹੈ।

ਸਕੂਲ ਟਾਈਮ ਤੋਂ ਹੀ ਸੀ ਅਦਾਕਾਰੀ ਦਾ ਸ਼ੌਕ
ਮਾਨਸਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਨੂੰ ਟਿੱਬਿਆਂ ਵਾਲੇ ਪਿੰਡ ਕਿਹਾ ਜਾਂਦਾ ਹੈ। ਅਜਿਹਾ ਹੀ ਇਕ ਪਿੰਡ ਹੈ ਖੀਵੇ ਕਲਾਂ, ਜਿੱਥੇ ਪੈਦਾ ਹੋਈ ਹੋਈ ਨਿਰਮਲ ਰਿਸ਼ੀ ਨੇ ਪਿੰਡ ਦੇ ਸਕੂਲ ਵਿਚ ਪੜ੍ਹਨ ਤੋਂ ਬਾਅਦ ਗੰਗਾਨਗਰ ਤੋਂ ਬੀਏ ਕੀਤੀ। ਫਿਰ ਪਟਿਆਲਾ ਤੋਂ ਡੀਪੀਐਡ, ਐੱਮਐਡ ਅਤੇ ਐੱਮਫਿਲ ਕੀਤੀ। ਪਟਿਆਲਾ ਪੜ੍ਹਾਈ ਕਰਦੇ ਹੋਏ ਹੀ ਉਹ ਪੰਜਾਬੀ ਦੇ ਪ੍ਰਸਿੱਧ ਫਿਲਮਕਾਰ ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਦੇ ਸੰਪਰਕ ਵਿਚ ਆ ਗਈ, ਜਿਨ੍ਹਾਂ ਨੇ ਉਨ੍ਹਾਂ ਦੇ ਸਕੂਲ ਟਾਈਮ ਤੋਂ ਹੀ ਅਦਾਕਾਰੀ ਦਾ ਸ਼ੌਕ ਨੂੰ ਹੋਰ ਪ੍ਰਫੁਲਤ ਕੀਤਾ। ਵਿਦਿਆਰਥੀ ਜੀਵਨ ਵਿਚ ਹੀ ਉਦੋਂ ਹੀ ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ
ਲਿਖਿਆ ਨਾਟਕ ‘ਕਾਬੁਲੀਵਾਲਾ’ ਕੀਤਾ। ਐੱਨਸੀਸੀ ਕਰਦਿਆਂ ਬੈਸਟ ਸ਼ੂਟਰ ਦਾ ਅਵਾਰਡ ਮਿਲਿਆ। ਕਾਲਜ ਪੜ੍ਹਦੇ ਹੋਏ ‘ਆਟੇ ਦੀ ਕਟੋਰੀ’, ‘ਤੌਲੀਏ’, ‘ਦਾਦੀ ਮੈਂ ਜਾਗੀ’ ਆਦਿ ਨਾਟਕ ਕੀਤੇ।
ਨਾਟਕਾਂ ’ਚ ਨਿਭਾਏ ਮਹੱਤਵਪੂਰਨ ਰੋਲ
ਜ਼ਿੰਦਗੀ ਰੂਪੀ ਕਲਾ ਦੇ ਸਫ਼ਰ ਨੂੰ ਅੱਗੇ ਤੋਰਦੇ ਹੋਏ ਜਦੋਂ ਉਹ ਹਰਪਾਲ ਟਿਵਾਣਾ ਦੇ ਨਾਟਕ ਗਰੁੱਪ ’ਚ ਸ਼ਾਮਲ ਹੋਈ ਤਾਂ ਫਿਰ ‘ਨਾਟਕ ਪੈਸਾ ਬੋਲਦਾ ਹੈ’, ‘ਚੋਰ ਨਹੀਂ ਆਤੇ’, ‘ਮੱਸਿਆ ਦੀ ਰਾਤ’, ‘ਅਧੂਰੇ ਸੁਪਨੇ’, ‘ਹਿੰਦ ਦੀ ਚਾਦਰ’, ‘ਕਣਕ ਦੀ ਬੱਲੀ’, ‘ਲੋਹਾ ਕੁੱਟ’, ‘ਰੱਤਾ ਸਾਲੂ’, ‘ਅੰਨ੍ਹਾ ਖੂਹ’, ‘ਨਸ਼ਾ ਕੁਰਸੀ ਦਾ’, ‘ਚਮਕੌਰ ਦੀ ਗੜ੍ਹੀ’, ‘ਸਰਹਿੰਦ ਦੀ ਦੀਵਾਰ’ ਆਦਿ ਸੈਂਕੜੇ ਨਾਟਕਾਂ ’ਚ ਮਹੱਤਵਪੂਰਨ ਰੋਲ ਨਿਭਾਏ। ਇਸ ’ਚ ਉਨ੍ਹਾਂ ਦੇ ਸਾਥੀ ਕਲਾਕਾਰ ਨੀਨਾ ਟਿਵਾਣਾ, ਓਮ ਪੁਰੀ, ਸਰਦਾਰ ਸੋਹੀ, ਗੁਰਦਾਸ ਮਾਨ, ਦਰਸ਼ਨ ਬੜੀ, ਗਿਰਜਾ ਸ਼ੰਕਰ, ਯੋਗਰਾਜ ਸ਼ੇਡਾ, ਮੋਹਨ ਬੰਗੜ, ਗੁਰਦੀਪ ਲਲਤੋਂ, ਦਵਿੰਦਰ ਦਮਨ, ਜਸਵੰਤ ਦਮਨ ਆਦਿ ਰਹੇ। ਨਿਰਮਲ ਰਿਸ਼ੀ ਨੇ ਖ਼ਾਲਸਾ ਕਾਲਜ ਲੁਧਿਆਣਾ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ ਅਤੇ ਇੱਥੋਂ ਹੀ ਸੇਵਾਮੁਕਤ ਹੋਏ। ਪਟਿਆਲਾ ਦੇ ਨਾਲ-ਨਾਲ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਬਣੇ ਰਹੇ। ਪੰਜਾਬ ਦੀ ਧਰਤੀ ਤੋਂ ਲੈ ਕੇ ਦੇਸ਼-ਵਿਦੇਸ਼ ਵਿਚ ਵੀ ਨਾਟਕਾਂ ਦਾ ਮੰਚਨ ਕੀਤਾ।
ਪਛਾਣ ਬਣਿਆ ‘ਗੁਲਾਬੋ ਮਾਸੀ’ ਦਾ ਕਿਰਦਾਰ
ਸਾਲ 1981 ਵਿਚ ਹਰਪਾਲ ਟਿਵਾਣਾ ਵੱਲੋਂ ਨਿਰਦੇਸ਼ਿਤ ਫਿਲਮ ‘ਲੌਂਗ ਦਾ ਲਿਸ਼ਕਾਰਾ’ ਰਾਹੀਂ ਪਹਿਲੀ ਵਾਰ ਪਰਦੇ ’ਤੇ ‘ਗਲਾਬੋ ਮਾਸੀ’ ਦੇ ਕਿਰਦਾਰ ਨਾਲ ਪਾਲੀਵੁੱਡ ’ਚ ਐਂਟਰੀ ਕੀਤੀ। ਫਿਲਮ ਵਿਚਲਾ ‘ਗੁਲਾਬੋ ਮਾਸੀ’ ਦਾ ਕਿਰਦਾਰ ਨਿਰਮਲ ਰਿਸ਼ੀ ਦੀ ਪਛਾਣ ਬਣ ਗਿਆ। ਫਿਲਮ ’ਚ ਉਨ੍ਹਾਂ ‘ਗੁਲਾਬੋ ਮਾਸੀ’ ਦੇ ਕਿਰਦਾਰ ’ਚ ਅਜਿਹੀ ਧੜੱਲੇਦਾਰ ਤੇ ਦਮਦਾਰ ਅਦਾਕਾਰੀ ਕੀਤੀ ਕਿ ਲੋਕ ਅੱਜ ਵੀ ਉਸ ਕਿਰਦਾਰ ਨੂੰ ਆਪਣੇ ਚੇਤਿਆਂ ’ਚੋਂ ਵਿਸਾਰ ਨਹੀਂ ਪਾਏ। ਉਸ ਸਮੇਂ ਬਹੁਤੇ ਦਰਸ਼ਕ ਨਿਰਮਲ ਦੇ ਅਸਲੀ ਨਾਂ ਤੋਂ ਵੀ ਜਾਣੂੰ ਨਹੀਂ ਸਨ, ਸਗੋਂ ਉਹ ਉਨ੍ਹਾਂ ਨੂੰ ਗੁਲਾਬੋ ਮਾਸੀ ਦੇ ਨਾਂ ਨਾਲ ਹੀ ਜਾਣਦੇ ਤੇ ਪੁਕਾਰਦੇ ਸਨ। ਗੁਲਾਬੋ ਮਾਸੀ ਨਾਲ ਜਾਣੀ ਜਾਂਦੀ ਨਿਰਮਲ ਰਿਸ਼ੀ ਦੀ ਅਦਾਕਾਰੀ ਨੇ ਮਾਨਸਾ ਦੇ ਇਲਾਕੇ ਨੂੰ ਸੰਸਾਰ ਦੇ ਨਕਸ਼ੇ ’ਤੇ ਲੈ ਆਂਦਾ। ਜਦੋਂ ਦਰਸ਼ਕਾਂ ਨੂੰ ਇਹ ਪਤਾ ਲਗਦਾ ਸੀ ਕਿ ਫਲਾਂ ਨਾਟਕ ਜਾਂ ਫਿਲਮ ਵਿਚ ਗੁਲਾਬੋ ਮਾਸੀ ਅਦਾਕਾਰਾ ਹੈ ਤਾਂ ਥੀਏਟਰਾਂ ਤੇ ਸਿਨਮਿਆਂ ’ਚ ਦਰਸ਼ਕਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ। ਦਮਦਾਰ ਆਵਾਜ਼ ਦੀ ਮਾਲਕ ਨਿਰਮਲ ਰਿਸ਼ੀ ਦੇ ਡਾਇਲਾਗ ਹਾਸਿਆਂ ਦੇ ਫੁਹਾਰੇ ਛੱਡਦੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੰਦੇ ਸਨ। ਉਨ੍ਹਾਂ ਆਪਣੀ ਅਦਾਕਾਰੀ ਦੀ ਛਾਪ ਨਾਲ ਪੰਜਾਬੀਆਂ ਦੇ ਮਨ ਮੋਹ ਲਏ।
ਨਿੱਕਾ ਜ਼ੈਲਦਾਰ ’ਚ ਪਿਸਤੌਲ ਵਾਲੀ ਬੇਬੇ
ਫਿਲਮ ‘ਨਿੱਕਾ ਜ਼ੈਲਦਾਰ’ ’ਚ ਪਿਸਤੌਲ ਵਾਲੀ ਬੇਬੇ ਵਾਲਾ ਕਿਰਦਾਰ ਨਾਲ ਵੱਖਰੀ ਪਛਾਣ ਬਣਾ ਕੇ ਕਰੋੜਾਂ ਹੀ ਦਿਲਾਂ ’ਚ ਵਸਦੀ ਨਿਰਮਲ ਰਿਸ਼ੀ ਦਾ ਹਰੇਕ ਕਿਰਦਾਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਤੋਂ ਬਾਅਦ ਫਿਲਮ ‘ਸੁਨੇਹਾ’, ‘ਸ਼ੇਰਾਂ ਦੇ ਪੁੱਤ ਸ਼ੇਰ’, ‘ਦੀਵਾ ਬਲੇ ਸਾਰੀ ਰਾਤ’, ‘ਜਿਗਰਾ ਜੱਟ ਦਾ’, ‘ਕੁਰਬਾਨੀ ਜੱਟ ਦੀ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਮੇਲਾ’, ‘ਅੰਗਰੇਜ਼’, ‘ਕੁਦੇਸਣ’, ‘ਵੂਮੈਨ ਫਰੌਮ ਦਿ ਈਸਟ’, ‘ਲਵ ਪੰਜਾਬ’, ‘ਦੁੱਲਾ ਭੱਟੀ’, ‘ਬੰਬੂਕਾਟ’, ‘ਦਾਰਾ’, ‘ਲਕੀਰਾਂ’, ਦਿ ਰੀਅਲ ਗ੍ਰੇਟ ਸਰਦਾਰ’, ‘ਨਿੱਕਾ ਜ਼ੈਲਦਾਰ-2’, ‘ਲਾਹੌਰੀਏ’, ‘ਹਾਰਡ ਕੌਰ’, ‘ਬਾਈ ਲਾਰਜ’, ‘ਜਿਗਰਾ ਜੱਟ ਦਾ’, ‘ਅਣਖੀਲੀ ਮੁਟਿਆਰ’, ‘ਸਾਡੀ ਲਵ ਸਟੋਰੀ’, ‘ਸੂਬੇਦਾਰ ਜੋਗਿੰਦਰ ਸਿੰਘ’, ‘ਲੌਂਗ ਲਾਚੀ’, ‘ਦਾਣਾ ਪਾਣੀ’, ‘ਕੈਰੀ ਆਨ ਜੱਟਾ-2’, ‘ਪ੍ਰਹੁਣਾ’, ‘ਆਟੇ ਦੀ ਚਿੜੀ’, ‘ਅਫ਼ਸਰ’, ‘ਵੱਡਾ ਕਲਾਕਾਰ’, ‘ਗੁੱਡੀਆਂ ਪਟੋਲੇ’, ‘ਬਾਜਰੇ ਦਾ ਛਿੱਟਾ’, ‘ਗੋਡੇ ਗੋਡੇ ਚਾਅ’, ਵਰਗੀਆਂ ਕਈ ਦਰਜਨ ਪੰਜਾਬੀ ਫਿਲਮਾਂ ਕਰ ਕੇ ਇਕ ਮਿਸਾਲ ਕਾਇਮ ਕੀਤੀ।
ਇਨਾਮਾਂ ਸਨਮਾਨਾਂ ਦੀ ਲੰਬੀ ਸੂਚੀ
ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀ ਖੇਡ ਪ੍ਰੇਮੀਆਂ, ਕਲਾ ਪ੍ਰੇਮੀਆਂ ਤੇ ਦਰਸ਼ਕਾਂ ਦੇ ਮਿਲੇ ਪਿਆਰ ਦਾ ਸਦਕਾ ਬੈਸਟ ਖੋ-ਖੋ ਅਵਾਰਡ, ਬੈਸਟ ਬਾਸਕਟਬਾਲ ਬਾਲ ਖਿਡਾਰੀ, ਬੈਸਟ ਅਦਾਕਾਰਾ, ਸਮਿਤਾ ਪਾਟਿਲ ਅਵਾਰਡ, ਪੰਜਾਬ ਆਰਟ ਕੌਂਸਲ ਦਾ ਸਨਮਾਨ, ਮਾਲਵੇ ਦਾ ਮਾਣ, ਭਾਸ਼ਾ ਵਿਭਾਗ ਦਾ ਅਵਾਰਡ, ਬੈਸਟ ਸਮਾਜਸੇਵੀ ਦਾ ਸਨਮਾਨ, ਪੀਟੀਸੀ ਅਵਾਰਡ, ਰਾਸਟਰੀ ਖੇਡ ਸੰਘ ਪੁਰਸਕਾਰ, ਸਿੱਖ ਐਸੋਸ਼ੀਏਸ਼ਨ ਕੈਲਗਰੀ ਅਵਾਰਡ ਆਦਿ ਉਨ੍ਹਾਂ ਦੀ ਝੋਲੀ ਪਏ। ਇਨਾਮਾਂ-ਸਨਮਾਨਾਂ ਦੀ ਇਹ ਸੂਚੀ ਕਾਫੀ ਲੰਬੀ ਹੈ। ਉਹ ਹਰਪਾਲ ਟਿਵਾਣਾ ਫਾਊਂਡੇਸ਼ਨ ਦੀ ਮੈਂਬਰ ਹਨ ਅਤੇ ਉਨ੍ਹਾਂ ਆਪਣਾ ਥੀਏਟਰ ਗਰੁੱਪ ‘ਅਲਾਈਵ ਆਰਟਿਸਟਸ’ ਵੀ ਬਣਾਇਆ ਹੋਇਆ, ਜਿਸ ਦੇ ਉਹ ਮੁਖੀ ਹਨ। ਹੁਣ ਨਿਰਮਲ ਰਿਸ਼ੀ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਅਵਾਰਡ ਨਾਲ ਨਿਵਾਜਿਆ ਹੈ, ਜੋ ਕਿ ਪੰਜਾਬੀ ਸਿਨੇਮੇ ਲਈ ਬੇਹੱਦ ਮਾਣਮੱਤੀ ਪ੍ਰਾਪਤੀ ਹੈ। ਇਸ ਨਾਲ ਪੰਜਾਬੀ ਸਿਨੇਮੇ ਦਾ ਕੱਦ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੀਆਂ ਇਸ ਸਾਲ ਹੋਰ ਵੀ ਕਈ ਆਉਣ ਪੰਜਾਬੀ ਫਿਲਮਾਂ ਆਉਣ ਵਾਲੀਆਂ ਹਨ। ਉਹ ਕਲਾਕਾਰਾਂ ਦੀ ਨੌਜਵਾਨ ਪੀੜ੍ਹੀ ਲਈ ਉਹ ਪ੍ਰੇਰਨਾ ਸ੍ਰੋਤ ਤੇ ਇਕ ਮਾਰਗ ਦਰਸ਼ਕ ਹਨ। 81 ਸਾਲ ਦੀ ਉਮਰ ਵਿਚ ਵੀ ਉਹ ਅਦਾਕਾਰੀ ਕਰ ਰਹੇ ਹਨ। ਮਾਲਵੇ ਦੀ ਮਹਿਕ ਨੂੰ ਆਪਣੇ ਅੰਦਰ ਸਮੋਈ ਬੈਠੀ ਨਿਰਮਲ ਰਿਸ਼ੀ ਇਸੇ ਤਰ੍ਹਾਂ ਪੰਜਾਬੀ ਕਲਾ ਤੇ ਸਭਿਆਚਾਰ ਦਾ ਝੰਡਾ ਬੁਲੰਦ ਕਰਦੀ ਰਹੇ, ਇਹੀ ਪੰਜਾਬੀ ਪਿਆਰਿਆਂ ਨੂੰ ਉਮੀਦ ਹੈ।
ਹਾਲੀਵੁੱਡ ਫਿਲਮ ’ਚ ਵੀ ਕੀਤਾ ਕੰਮ
ਨਿਰਮਲ ਰਿਸ਼ੀ ਨੇ ਹਿੰਦੀ ਫਿਲਮਾਂ ‘ਸਾਂਝੀ ਦੀਵਾਰ’, ‘ਪਰਸਾ’, ‘ਦੰਗਲ’ ਤੇ ‘ਰਾਜਮਾਂਹ ਚਾਵਲ’ ਵਿਚ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਤੋਂ ਅੱਗੇ ਵਧਦੇ ਹੋਏ ਉਨ੍ਹਾਂ ਹਾਲੀਵੁੱਡ ਫਿਲਮ ‘ਲਿਟਲ ਟੈਰਰ’ ਕਰ ਕੇ ਆਪਣੇ ਅਦਾਕਾਰੀ ਦੇ ਸਫ਼ਰ ਨੂੰ ਹੋਰ ਵੀ ਸ਼ਾਨਦਾਰ ਬਣਾਇਆ ਹੈ। ਉਨ੍ਹਾਂ ਕੋਲ ਪੰਜਾਬੀ, ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵਿਚ ਕੰਮ ਕਰਨ ਦੀਆਂ ਆਫਰਾਂ ਆਉਦੀਆਂ ਰਹਿੰਦੀਆਂ ਹਨ ਪਰ ਉਹੀ ਕੰਮ ਕਰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਆਪਣਾ ਕਿਰਦਾਰ ਚੁਣੌਤੀਪੂਰਨ ਲੱਗੇ। ਪੰਜਾਬੀ ਬੋਲੀ ਦਾ ਮਾਣ ਅਦਾਕਾਰਾ ਨਿਰਮਲ ਨੇ ਟੈਲੀ ਫਿਲਮਾਂ ਅਤੇ ਟੀਵੀ ਸੀਰੀਅਲ ਵੀ ਵੱਡੀ ਗਿਣਤੀ ਵਿਚ ਕੀਤੇ ਹਨ ਅਤੇ ਉਨ੍ਹਾਂ ਦਾ ਇਹ ਸਫਰ ਹਾਲੇ ਵੀ ਜਾਰੀ ਹੈ।
- ਕਾਲਾ ਸਿੰਘ ਸੈਣੀ