ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਇਕ ਅਜਿਹੀ ਦੋਗਾਣਾ ਜੋੜੀ ਕਰਕੇ ਯਾਦ ਕੀਤਾ ਜਾਂਦਾ ਹੈ ਜਿਸ ਨੇ ਆਪਣੇ ਸਮੇਂ ਦੌਰਾਨ ਹੋਰਨਾਂ ਕਲਾਕਾਰਾਂ ਤੋਂ ਜ਼ਿਆਦਾ ਇਕੱਠ ਕਰ ਕੇ ਵਿਖਾਇਆ ਸੀ। ਅਮਰਜੋਤ ਤੇ ਚਮਕੀਲੇ ਨੂੰ ਭਾਵੇਂ ਇਸ ਜਹਾਨ ਤੋਂ ਤੁਰ ਗਿਆਂ ਨੂੰ ਛੱਤੀ ਸਾਲ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੀ ਲੋਕਪਿ੍ਰਅਤਾ ਉਸੇ ਤਰ੍ਹਾਂ ਬਰਕਰਾਰ ਹੈ।

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਇਕ ਅਜਿਹੀ ਦੋਗਾਣਾ ਜੋੜੀ ਕਰਕੇ ਯਾਦ ਕੀਤਾ ਜਾਂਦਾ ਹੈ ਜਿਸ ਨੇ ਆਪਣੇ ਸਮੇਂ ਦੌਰਾਨ ਹੋਰਨਾਂ ਕਲਾਕਾਰਾਂ ਤੋਂ ਜ਼ਿਆਦਾ ਇਕੱਠ ਕਰ ਕੇ ਵਿਖਾਇਆ ਸੀ। ਅਮਰਜੋਤ ਤੇ ਚਮਕੀਲੇ ਨੂੰ ਭਾਵੇਂ ਇਸ ਜਹਾਨ ਤੋਂ ਤੁਰ ਗਿਆਂ ਨੂੰ ਛੱਤੀ ਸਾਲ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੀ ਲੋਕਪਿ੍ਰਅਤਾ ਉਸੇ ਤਰ੍ਹਾਂ ਬਰਕਰਾਰ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਚਮਕੀਲਾ-ਅਮਰਜੋਤ ਦੀ ਜੋੜੀ ਨੂੰ ਪਿਆਰ ਕਰਨ ਵਾਲੇ ਅੱਜ ਵੀ ਬੜੇ ਚਾਅ ਨਾਲ ਸੁਣਦੇ ਹਨ। ਸਮੇਂ ਦੇ ਨਾਲ ਚਮਕੀਲੇ ਦੀ ਚਮਕ ਫਿੱਕੀ ਨਹੀਂ ਪਈ ਸਗੋਂ ਉਹ ਹੋਰ ਗੂੜ੍ਹੀ ਹੋਈ ਹੈ।
.jpg)
ਅਮਰ ਸਿੰਘ ਚਮਕੀਲਾ (ਘਰ ਦਾ ਨਾਂ ਧਨੀ ਰਾਮ) ਦਾ ਜਨਮ ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਤੇ ਅਮਰਜੋਤ (ਘਰ ਦਾ ਨਾਂ ਬੱਬੀ) ਦਾ ਜਨਮ ਫ਼ਰੀਦਕੋਟ ਵਿਖੇ ਹੋਇਆ ਸੀ। ਸ਼ੁਰੂਆਤੀ ਦੌਰ ਵਿਚ ਲੋਕ ਚਮਕੀਲੇ ਨੂੰ ਇਕ ਗੀਤਕਾਰ ਵਜੋਂ ਜਾਣਦੇ ਸਨ ਕਿਉਂਕਿ ਉਸ ਸਮੇਂ ਦੇ ਕਈ ਵੱਡੇ-ਵੱਡੇ ਕਲਾਕਾਰ ਚਮਕੀਲੇ ਦੇ ਲਿਖੇ ਗੀਤ ਗਾ ਕੇ ਮਸ਼ਹੂਰ ਹੋਏ ਸਨ। ਗੀਤਕਾਰੀ ਵਿਚ ਜਦੋਂ ਚਮਕੀਲੇ ਦੀ ਚੰਗੀ ਜਾਣ-ਪਛਾਣ ਬਣ ਗਈ ਸੀ ਤਾਂ ਉਸ ਨੇ ਸੋਚਿਆ ਕਿ ਉਹ ਖ਼ੁਦ ਹੀ ਆਪਣੀ ਆਵਾਜ਼ ’ਚ ਗੀਤ ਰਿਕਾਰਡ ਕਰਵਾਏਗਾ। ਵੈਸੇ ਵੀ ਉਹ ਕਲਾਕਾਰਾਂ ਨਾਲ ਜਾਂਦਾ ਰਹਿੰਦਾ ਸੀ ਇਸ ਕਰ ਕੇ ਗੀਤ ਗਾਉਣ ਦਾ ਅਭਿਆਸ ਉਸ ਨੂੰ ਚੰਗਾ ਹੋ ਗਿਆ ਸੀ। ਵਾਜਾ ਤੇ ਤੂੰਬੀ ਵਜਾਉਣ ਵਿਚ ਵੀ ਉਸਨੂੰ ਪੂਰੀ ਮੁਹਾਰਤ ਹਾਸਲ ਸੀ। ਜਿੱਥੇ ਉਸ ਦਾ ਪਹਿਲਾ ਲਿਖਿਆ ਗੀਤ ‘ਮੈਂ ਡਿੱਗੀ ਤਿਲਕ ਕੇ’ ਸੁਰਿੰਦਰ ਛਿੰਦੇ ਨੇ ਸੋਨੀਆ ਨਾਲ ਗਾਇਆ ਸੀ ਉੱਥੇ ਹੀ ਉਸ ਦਾ ਪਹਿਲਾ ਰਿਕਾਰਡ ਗੀਤ ‘ਟਕੂਏ ’ਤੇ ਟਕੂਆ ਖੜ੍ਹ ਕੇ’ ਵੀ ਸੋਨੀਆ ਨਾਲ ਹੀ ਮਾਰਕੀਟ ’ਚ ਆਇਆ ਸੀ। ਸ਼ੁਰੂਆਤੀ ਦੌਰ ਵਿਚ ਭਾਵੇਂ ਉਸ ਦੇ ਲਿਖੇ ਕੁਝ ਗੀਤ ਚੁਲਬੁਲੇ ਜਿਹੇ ਸਨ ਪਰ ਸਮੇਂ ਦੇ ਨਾਲ ਉਸ ਦੀ ਕਲਮ ਨੇ ਚੰਗਾ ਵੀ ਲਿਖਿਆ।
ਸ਼ੁਰੂਆਤੀ ਦੌਰ ਵਿਚ ਗਾਏ ਕੁਝ ਗੀਤਾਂ ਕਰ ਕੇ ਉਸ ’ਤੇ ਲੱਚਰਤਾ ਦਾ ਠੱਪਾ ਲੱਗ ਗਿਆ, ਉਸ ਨੇ ਅੰਤ ਤਕ ਉਸਦਾ ਪਿੱਛਾ ਨਹੀਂ ਛੱਡਿਆ। ਚਮਕੀਲੇ ਨੇ ਆਪਣੇ ਲਿਖੇ ਦੋਗਾਣਿਆਂ ’ਚ ਸਮਾਜ ਵਿਚਲੀ ਬੁਰਾਈ ਨੂੰ ਖੁੱਲ੍ਹ ਕੇ ਲੋਕਾਂ ਸਾਹਮਣੇ ਪੇਸ਼ ਕੀਤਾ, ਜਿਸ ਕਰ ਕੇ ਉਸ ਦੌਰ ਦੇ ਹੋਰਾਂ ਕਲਾਕਾਰਾਂ ਦੇ ਮੁਕਾਬਲੇ ਸਭ ਤੋਂ ਵੱਧ ਉਸਨੂੰ ਹੀ ਭੰਡਿਆ ਗਿਆ। ਇਸੇ ਸਮੇਂ ਦੌਰਾਨ ਚਮਕੀਲੇ ਨੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’, ‘ਸਰਹੰਦ ਦੀ ਦੀਵਾਰੇ’, ‘ਨਾਮ ਜੱਪ ਲੈ’, ‘ਬਾਬਾ ਤੇਰਾ ਨਨਕਾਣਾ’, ‘ਤਾਰਿਆਂ ਦੀ ਲੋਏ ਲੋਏ’, ‘ਪਾਣੀ ਦਿਆ ਬੁਲਬੁਲਿਆ’, ‘ਤੁਰ ਚੱਲੀ ਜਿੰਦੜੀਏ’ ਧਾਰਮਿਕ ਗੀਤ ਗਾ ਕੇ ਵਿਰੋਧੀਆਂ ਦੇ ਮੂੰਹ ਵੀ ਬੰਦ ਕੀਤੇ। ਚਮਕੀਲੇ ਨੇ ਗਾਇਕੀ ਦੇ ਹਰ ਰੰਗ ਨੂੰ ਪੇਸ਼ ਕੀਤਾ। ਉਸ ਨੂੰ ਅੱਜ ਵੀ ਪੰਜਾਬੀ ਦੋਗਾਣਾ ਗਾਇਕੀ ਦਾ ਸਿਖਰ ਮੰਨਿਆ ਜਾਂਦਾ ਹੈ। ਉਨ੍ਹੀਂ ਦਿਨੀਂ ਧਾਰਮਿਕ ਤੇ ਦੋਗਾਣਾ ਗਾਇਕੀ ’ਚ ਚਮਕੀਲੇ ਦੀ ਸ਼ੇਰ ਵਰਗੀ ਤੇ ਅਮਰਜੋਤ ਦੀ ਖੜਕਵੀਂ ਆਵਾਜ਼ ਪੰਜਾਬ ਦੀ ਫ਼ਿਜ਼ਾ ਵਿਚ ਚਾਰੇ ਪਾਸੇ ਸਪੀਕਰਾਂ ’ਚ ਗੂੰਜੀ ਸੀ। ਚਮਕੀਲੇ ਦੇ ਤਵੇ ਵਿਆਹਾਂ ਵਿਚ ਵੀ ਵੱਜੇ ਤੇ ਗੁਰੂ ਘਰਾਂ ਵਿਚ ਵੀ। ਜਿੱਥੇ ਉਸ ਸਮੇਂ ਦੇ ਕਈ ਕਲਾਕਾਰਾਂ ਦੇ ਰਿਕਾਰਡ ਕੋਈ ਖ਼ਰੀਦਦਾ ਨਹੀਂ ਸੀ, ਉੱਥੇ ਚਮਕੀਲੇ ਦੇ ਰਿਕਾਰਡ ਬਲੈਕ ਵਿਚ ਵੀ ਵਿਖੇ। ਚਮਕੀਲਾ ਸਿਰਫ਼ ਇਕ ਗੀਤਕਾਰ, ਗਾਇਕ ਹੀ ਨਹੀਂ, ਉਸ ਵਿਚ ਨਿਮਰਤਾ ਵੀ ਬਹੁਤ ਸੀ। ਸਾਈਕਲ ਤੋਂ ਜਹਾਜ਼ ਦਾ ਸਫ਼ਰ ਉਸ ਨੇ ਕਰ ਲਿਆ ਪਰ ਰਿਹਾ ਉਹ ਦੁੱਗਰੀ ਪਿੰਡ ਵਾਲਿਆਂ ਦਾ ਧਨੀ ਰਾਮ ਹੀ।
ਫ਼ਰੀਦਕੋਟ ਦੀ ਬੱਬੀ (ਅਮਰਜੋਤ) ਨਾਲ ਪੱਕਾ ਸੈੱਟ ਬਣਾ ਕੇ ਇਕ ਸਮੇਂ ਚਮਕੀਲਾ ਪੰਜਾਬ ਦੇ ਨਾਮਵਰ ਕਲਾਕਾਰਾਂ ਦੀ ਕਤਾਰ ’ਚੋਂ ਪਹਿਲੇ ਨੰਬਰ ’ਤੇ ਆ ਗਿਆ। ਉਸ ਵੱਲੋਂ ਠੇਠ ਪੰਜਾਬੀ ਮਲਵਈ ਲਹਿਜ਼ੇ ’ਚ ਦੋਗਾਣੇ ਲਿਖਣੇ ਤੇ ਉਸ ਦੀ ਕੰਪੋਜ਼ੀਸ਼ਨ ਆਪ ਤਿਆਰ ਕਰਨੀ, ਗੀਤ ਵਿਚ ਅਖਾਣ/ਮੁਹਾਵਰੇ ਫਿਟ ਕਰਨ ਦੀ ਕਲਾ, ਤੂੰਬੀ ਤੇ ਵਾਜਾ ਵਜਾਉਣ ’ਚ ਮੁਹਾਰਤ, ਰੂਹ ਨਾਲ ਅਖਾੜੇ ਲਾਉਣ ਦਾ ਵੱਖਰਾ ਅੰਦਾਜ਼, ਖ਼ੂਬਸੂਰਤ ਤੇ ਸੁਰੀਲੀ ਗਾਇਕਾ ਅਮਰਜੋਤ ਦਾ ਸਾਥ ਉਸ ਨੂੰ ਮਸ਼ਹੂਰ ਗਵੱਈਆ ਬਣਾ ਗਿਆ। ਚਮਕੀਲੇ ਨੇ ਹਾਸਾ-ਠੱਠਾ ਪੈਦਾ ਕਰਨ ਵਾਲੇ, ਰਿਸ਼ਤਿਆਂ ਵਿਚਲੀ ਨੋਕ-ਝੋਕ, ਪੇਂਡੂ ਜਨ-ਜੀਵਨ ਵਿਚ ਵਿਗੜੇ ਸਮਾਜਿਕ ਰਿਸ਼ਤਿਆਂ ਨੂੰ ਸੁਧਾਰਨ ਵਾਲੇ, ਪਾਖੰਡੀ ਸਾਧਾਂ ਦੀ ਅਸਲੀਅਤ ਬਿਆਨਦੇ, ਰੁਮਾਂਟਿਕ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾ ਕੇ ਅਖਾੜਿਆਂ ’ਚ ਲੋਕਾਂ ਦਾ ਮਨੋਰੰਜਨ ਕੀਤਾ। ਅਸਲ ਵਿਚ ਜਦੋਂ ਉਹ ਅਖਾੜਿਆਂ ’ਚ ਗਾਉਂਦਾ ਸੀ ਤਾਂ ਲੋਕ ਮੰਗ ਕਰਦੇ ਸੀ ਕਿ ਚਮਕੀਲਾ ਕੋਈ ਅਜਿਹਾ ਗੀਤ ਸੁਣਾਵੇ, ਜਿਸਨੂੰ ਉਸ ਦੇ ਅਸ਼ਲੀਲ ਗੀਤ ਕਿਹਾ ਜਾਂਦਾ ਸੀ। ਇਸ ਬਾਰੇ ਤਾਂ ਚਮਕੀਲਾ ਵੀ ਕਈ ਅਖਾੜਿਆਂ ’ਚ ਕਹਿੰਦਾ ਸੀ ਕਿ ਯਾਰ, ‘ਮੈਨੂੰ ਪਤਾ ਹੈ ਕਿ ਤੁਹਾਨੂੰ ਧਾਰਮਿਕ ਗੀਤ ਪੱਚਦੇ ਨਹੀਂ ਪਰ ਗਾਇਕ ਕੋਲ ਚੰਗੇ ਗੀਤ ਵੀ ਹੁੰਦੇ ਹਨ, ਤੁਸੀਂ ਚੰਗੇ ਗੀਤ ਜ਼ਰੂਰ ਸੁਣਿਆ ਕਰੋ।’ ਕੰਪਨੀ ਵਾਲਿਆਂ ਨੇ ਵੀ ਚਮਕੀਲੇ ਨੂੰ ਤੱਤੇ ਗੀਤ ਹੀ ਰਿਕਾਰਡ ਕਰਵਾਉਣ ਲਈ ਕਿਹਾ। ਚਮਕੀਲਾ ਚਾਹੁੰਦਾ ਸੀ ਕਿ ਉਹ ‘ਝੱਗਾ ਚੱਕ ਚੌਧਰੀ’, ‘ਧੀ ਮਰ ਜੇ ਬਦਕਾਰ ਲੋਕੋ’, ‘ਧੀਆਂ ਭੈਣਾਂ ਲੁੱਟੇਂ ਵੇ ਤੂੰ ਕਾਹਦਾ ਸੂਰਮਾ’, ‘ਸੱਚ ਦੀਆਂ ਕੱਤ ਪੂਣੀਆਂ’ ਵਰਗੇ ਗੀਤ ਕੰਪਨੀ ’ਚ ਰਿਕਾਰਡ ਕਰਵਾਏ ਪਰ ਇੰਝ ਹੋ ਨਹੀਂ ਸਕਿਆ।
ਅੰਤ 8 ਮਾਰਚ 1988 ਵਾਲਾ ਦਿਨ ਆਇਆ ਜਦੋਂ ਪਿੰਡ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਅਮਰਜੋਤ ਤੇ ਚਮਕੀਲਾ ਨੂੰ ਦੋ ਸਾਜੀਆਂ ਸਮੇਤ ਮਾਰ ਦਿੱਤਾ ਗਿਆ। ਚਮਕੀਲੇ ਦੀ ਮੌਤ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਝਟਕਾ ਲੱਗਾ, ਜਿਨ੍ਹਾਂ ਦਾ ਰੁਜ਼ਗਾਰ ਸਿਰਫ਼ ਉਹਦੇ ਕਰ ਕੇ ਹੀ ਚੱਲਦਾ ਸੀ। ਜਦੋਂ ਉਸ ਦੀ ਮੌਤ ਹੋਈ ਉਦੋਂ ਉਹ ਕਈ ਹੋਰ ਨਵੇਂ ਸੋਲੋ, ਦੋਗਾਣੇ ਤੇ ਧਾਰਮਿਕ ਗੀਤ ਰਿਕਾਰਡ ਕਰਵਾਉਣ ਦੀ ਤਿਆਰੀ ਵਿਚ ਸੀ। ਉਸ ਦੇ ਲਿਖੇ ਗੀਤ ਜੋ ਅਕਸਰ ਉਹ ਅਖਾੜਿਆਂ ਤੇ ਅਮਰਜੋਤ ਨਾਲ ਗਾਉਂਦਾ ਰਹਿੰਦਾ ਸੀ ਉਹ ਉਸ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਕਲਾਕਾਰਾਂ ਨੇ ਬਾਅਦ ਵਿਚ ਰਿਕਾਰਡ ਕਰਵਾ ਦਿੱਤੇ। ਉਨ੍ਹਾਂ ਕਲਾਕਾਰਾਂ ਨੇ ਅਮਰਜੋਤ ਤੇ ਚਮਕੀਲੇ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਵੀ ਕੀਤੀ ਪਰ ਕੋਈ ਵੀ ਉਨ੍ਹਾਂ ਜਿੰਨੀ ਸਫਲਤਾ ਹਾਸਲ ਨਹੀਂ ਕਰ ਸਕਿਆ। ਅੱਜ ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਅਮਰਜੋਤ ਤੇ ਅਮਰ ਸਿੰਘ ਚਮਕੀਲੇ ਦੀ 36ਵੀਂ ਬਰਸੀ ਮਨਾਈ ਜਾ ਰਹੀ ਹੈ।
- ਸ਼ਮਸ਼ੇਰ ਸਿੰਘ ਸੋਹੀ