ਤਾਨਸੇਨ ਦਾ ਜਨਮ 1500 ਈਸਵੀ ਵਿਚ ਗਵਾਲੀਅਰ ਵਿਖੇ ਇਕ ਅਮੀਰ ਗੌੜ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ ਤੇ ਉਸ ਦਾ ਅਸਲੀ ਨਾਮ ਰਾਮਤਾਨੂੰ ਪਾਂਡੇ ਸੀ। ਹਿੰਦੋਸਤਾਨੀ ਸੰਗੀਤ ਵਿਚ ਤਾਨਸੇਨ ਦਾ ਨਾਂ ਇਕ ਚਾਨਣ ਮੁਨਾਰੇ ਵਾਂਗ ਚਮਕ ਰਿਹਾ ਹੈ। ਉਸ ਦਾ ਬਾਪ ਮੁਕੰਦ ਪਾਂਡੇ ਵੀ ਇਕ ਪ੍ਰਸਿੱਧ ਕਵੀ ਅਤੇ ਸੰਗੀਤਕਾਰ ਸੀ ਤੇ ਵਾਰਾਣਸੀ ਦੇ ਪ੍ਰਸਿੱਧ ਕਾਸ਼ੀ ਵਿਸ਼ਵਾਨਾਥ ਮੰਦਰ ਦਾ ਪੁਜਾਰੀ ਸੀ।

ਤਾਨਸੇਨ ਦਾ ਜਨਮ 1500 ਈਸਵੀ ਵਿਚ ਗਵਾਲੀਅਰ ਵਿਖੇ ਇਕ ਅਮੀਰ ਗੌੜ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ ਤੇ ਉਸ ਦਾ ਅਸਲੀ ਨਾਮ ਰਾਮਤਾਨੂੰ ਪਾਂਡੇ ਸੀ। ਹਿੰਦੋਸਤਾਨੀ ਸੰਗੀਤ ਵਿਚ ਤਾਨਸੇਨ ਦਾ ਨਾਂ ਇਕ ਚਾਨਣ ਮੁਨਾਰੇ ਵਾਂਗ ਚਮਕ ਰਿਹਾ ਹੈ। ਉਸ ਦਾ ਬਾਪ ਮੁਕੰਦ ਪਾਂਡੇ ਵੀ ਇਕ ਪ੍ਰਸਿੱਧ ਕਵੀ ਅਤੇ ਸੰਗੀਤਕਾਰ ਸੀ ਤੇ ਵਾਰਾਣਸੀ ਦੇ ਪ੍ਰਸਿੱਧ ਕਾਸ਼ੀ ਵਿਸ਼ਵਾਨਾਥ ਮੰਦਰ ਦਾ ਪੁਜਾਰੀ ਸੀ। ਤਾਨਸੇਨ ਨੇ ਸਵਾਮੀ ਹਰੀ ਦਾਸ ਅਤੇ ਉਸਤਾਦ ਮੁਹੰਮਦ ਗੌਂਸ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਸੀ। ਆਪਣੀ ਕਾਬਲੀਅਤ ਦੇ ਸਿਰ ’ਤੇ ਸੰਨ 1520 ਈਸਵੀ ਵਿਚ ਤਾਨਸੇਨ ਸੰਗੀਤ ਦੇ ਕਦਰਦਾਨ ਰੀਵਾ ਦੇ ਰਾਜੇ ਰਾਮ ਚੰਦਰ ਸਿੰਘ ਦਾ ਦਰਬਾਰੀ ਸੰਗੀਤਕਾਰ ਬਣ ਗਿਆ ਤੇ ਕੁਝ ਹੀ ਸਾਲਾਂ ਵਿਚ ਸਾਰੇ ਉੱਤਰੀ ਭਾਰਤ ਵਿਚ ਪ੍ਰਸਿੱਧ ਹੋ ਗਿਆ। ਰਾਮਚੰਦਰ ਸਿੰਘ ਖ਼ੁਦ ਵੀ ਚੰਗਾ ਸੰਗੀਤਕਾਰ ਸੀ ਤੇ ਤਾਨਸੇਨ ਦੀ ਸੰਗਤ ਵਿਚ ਉਸ ਨੇ ਕਾਫ਼ੀ ਕਾਵਿ ਰਚਨਾ ਕੀਤੀ ਸੀ। ਤਾਨਸੇਨ ਦੀ ਪ੍ਰਸਿੱਧੀ ਨੇ ਅਕਬਰ ਮਹਾਨ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਸ ਨੇ ਰਾਮ ਚੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਤਾਨਸੇਨ ਨੂੰ ਉਸ ਦੇ ਦਰਬਾਰ ਦੀ ਸ਼ੋਭਾ ਵਧਾਉਣ ਲਈ ਆਗਰੇ ਭੇਜ ਦਿੱਤਾ ਜਾਵੇ। ਪਹਿਲਾਂ ਤਾਂ ਤਾਨਸੇਨ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਜ਼ਬਰਦਸਤੀ ਕਰਨ ’ਤੇ ਸੰਨਿਆਸ ਗ੍ਰਹਿਣ ਕਰ ਲੈਣ ਦੀ ਧਮਕੀ ਦਿੱਤੀ ਪਰ ਰਾਮ ਚੰਦਰ ਸਿੰਘ ਨੇ ਉਸ ਨੂੰ ਸਮਝਾਇਆ ਕਿ ਉਸ ਦੀ ਕਲਾ ਰੀਵਾ ਵਰਗੀ ਛੋਟੀ ਜਿਹੀ ਜਗ੍ਹਾ ਦੇ ਬੰਧਨ ਵਿਚ ਬੱਝਣ ਦੇ ਯੋਗ ਨਹੀਂ ਹੈ। ਜੇ ਉਹ ਆਗਰਾ ਚਲਿਆ ਜਾਵੇਗਾ ਤਾਂ ਸਾਰੇ ਭਾਰਤ ਨੂੰ ਉਸ ਦੇ ਸੰਗੀਤ ਦਾ ਆਨੰਦ ਮਾਨਣ ਦਾ ਸੁਭਾਗ ਪ੍ਰਾਪਤ ਹੋਵੇਗਾ। ਸੰਨ 1562 ਵਿਚ ਕਰੀਬ 62 ਸਾਲ ਦੀ ਉਮਰ ਵਿਚ ਉਹ ਅਕਬਰ ਦੇ ਦਰਬਾਰ ਵਿਚ ਪਹੁੰਚ ਗਿਆ। ਉਸ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਅਕਬਰ ਨੇ ਉਸ ਨੂੰ ਆਪਣੇ 9 ਰਤਨਾਂ ਵਿਚ ਸਥਾਨ ਦਿੱਤਾ। ਤਾਨਸੇਨ ਦੇ ਸਮੇਂ ਭਾਰਤ ਵਿਚ ਭਗਤੀ ਲਹਿਰ ਚੱਲ ਰਹੀ ਸੀ ਜਿਸ ਦੇ ਮੋਹਰੀ ਸੰਤਾਂ ਨੇ ਸੰਸਕਿ੍ਰਤ ਦੀ ਜਗ੍ਹਾ ਜਨ ਸਧਾਰਨ ਦੀ ਸਮਝ ਵਿਚ ਆਉਣ ਵਾਲੀਆਂ ਸਥਾਨਕ ਭਾਸ਼ਾਵਾਂ ਵਿਚ ਬਾਣੀ ਰਚਣ ਨੂੰ ਪਹਿਲ ਕੀਤੀ ਸੀ।
ਇਸ ਲਹਿਰ ਦੇ ਪ੍ਰਭਾਵ ਕਾਰਨ ਹੀ ਤਾਨਸੇਨ ਦੀ ਜ਼ਿਆਦਾਤਰ ਸੰਗੀਤ ਰਚਨਾ ਬ੍ਰਜ ਭਾਸ਼ਾ ਵਿਚ ਹੈ। ਉਸ ਦੇ ਸੰਗੀਤ ’ਤੇ ਰਮਾਇਣ ਆਦਿ ਪੁਰਾਤਨ ਹਿੰਦੂ ਧਾਰਮਿਕ ਗ੍ਰੰਥ ਦਾ ਕਾਫੀ ਪ੍ਰਭਾਵ ਹੈ ਤੇ ਇਹ ਗਣੇਸ਼, ਸਰਸਵਤੀ, ਸੂਰਜ, ਸ਼ਿਵ ਅਤੇ ਕਿ੍ਰਸ਼ਨ ਆਦਿ ਦੇਵੀ ਦੇਵਤਿਆਂ ਦੀ ਉਸਤਤ ਨਾਲ ਸਰਾਬੋਰ ਹੈ। ਇਸ ਤੋਂ ਇਲਾਵਾ ਉਸ ਦੀ ਕੁਝ ਸੰਗੀਤ ਰਚਨਾ ਅਕਬਰ ਦੀ ਉਸਤਤ ਵਿਚ ਵੀ ਹੈ। ਅਕਬਰ ਨੇ ਉਸ ਨੂੰ ਮੀਆਂ (ਅਕਲਮੰਦ) ਦੀ ਉਪਾਧੀ ਦਿੱਤੀ ਸੀ। ਅਕਬਰ ਉਸ ਦਾ ਐਨਾ ਸਨਮਾਨ ਕਰਦਾ ਸੀ ਕਿ ਫਹਿਤਪੁਰ ਸੀਕਰੀ ਕਿਲ੍ਹੇ ਵਿਚ ਇਕ ਤਲਾਬ (ਅਨੂਪ ਤਲਾਬ) ਦੇ ਅੰਦਰ ਖ਼ਾਸ ਚਬੂਤਰਾ ਬਣਾਇਆ ਗਿਆ ਸੀ ਜਿੱਥੇ ਬੈਠ ਕੇ ਤਾਨਸੇਨ ਗਾਇਨ ਕਰਦਾ ਸੀ ਤੇ ਉਸ ਦਾ ਸੌਣ ਕਮਰਾ ਅਕਬਰ ਦੀ ਰਿਹਾਇਸ਼ ਦੇ ਬਿਲਕੁਲ ਨਜ਼ਦੀਕ ਸੀ। ਤਾਨਸੇਨ ਦੇ ਨਾਮ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ ਜਿਵੇਂ ਕਿ ਉਹ ਰਾਗ ਮੇਘ ਮਲਹਾਰ ਰਾਹੀਂ ਬਾਰਸ਼ ਕਰਵਾ ਸਕਦਾ ਸੀ ਅਤੇ ਰਾਗ ਦੀਪਕ ਰਾਹੀਂ ਦੀਵੇ ਬਾਲ ਸਕਦਾ ਸੀ। ਤਾਨਸੇਨ ਦੀ ਪਤਨੀ ਦਾ ਨਾਮ ਹੁਸੈਨੀ ਸੀ ਤੇ ਉਸ ਦੇ ਘਰ ਸੂਰਤ ਸੇਨ, ਸਰਤ ਸੇਨ, ਤਰੰਗ ਖਾਨ ਅਤੇ ਬਿਲਵਾਸ ਖਾਨ ਨਾਮਕ ਚਾਰ ਪੁੱਤਰਾਂ ਅਤੇ ਸਰਸਵਤੀ ਨਾਮਕ ਇਕ ਬੇਟੀ ਨੇ ਜਨਮ ਲਿਆ। ਉਸ ਦੇ ਚਾਰੇ ਪੁੱਤਰ ਵੀ ਉਸ ਵਾਂਗ ਹੀ ਪ੍ਰਸਿੱਧ ਸੰਗੀਤਕਾਰ ਸਾਬਤ ਹੋਏ। ਉਸ ਨੇ ਅਨੇਕਾਂ ਨਵੇਂ ਰਾਗਾਂ ਦੀ ਸਿਰਜਣਾ ਕੀਤੀ ਤੇ ਦੋ ਕਿਤਾਬਾਂ ਸ਼੍ਰੀ ਗਣੇਸ਼ ਸਤੋਤਰ ਅਤੇ ਸੰਗੀਤ ਸਾਰ ਲਿਖੀਆਂ। 26 ਅਪਰੈਲ 1586 ਨੂੰ ਆਗਰਾ ਵਿਖੇ ਉਸ ਦੀ ਮੌਤ ਹੋ ਗਈ ਸੀ। ਅਬੁਲ ਫਜ਼ਲ ਅਕਬਰਨਾਮਾ ਵਿਚ ਲਿਖਦਾ ਹੈ ਕਿ ਅਕਬਰ ਸਮੇਤ ਸਾਰੇ ਦਰਬਾਰੀਆਂ ਨੇ ਉਸ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲਿਆ ਸੀ। ਉਸ ਦੀ ਇੱਛਾ ਮੁਤਾਬਕ ਉਸ ਦੀਆਂ ਅਸਥੀਆਂ ਨੂੰ ਗਵਾਲੀਅਰ ਵਿਖੇ ਉਸ ਦੇ ਗੁਰੂ ਮੁਹੰਮਦ ਗੌਸ ਦੀ ਦਰਗਾਹ ਵਿਖੇ ਦਫਨਾ ਦਿੱਤਾ ਗਿਆ ਜਿੱਥੇ ਦਸੰਬਰ ਵਿਚ ਤਾਨਸੇਨ ਸਮਾਰੋਹ ਨਾਮਕ ਪ੍ਰਸਿੱਧ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ। ਭਾਰਤ ਦਾ ਹਰ ਵੱਡਾ ਕਲਾਕਾਰ ਇਸ ਸਮਾਗਮ ਵਿੱਚ ਹਿੱਸਾ ਲੈਣ ਵਿਚ ਮਾਣ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ ਹਰੇਕ ਸਾਲ ਭਾਰਤ ਸਰਕਾਰ ਵੱਲੋਂ ਹਿੰਦੁਸਤਾਨੀ ਸੰਗੀਤ ਦੀ ਕਿਸੇ ਮਹਾਨ ਹਸਤੀ ਨੂੰ ਤਾਨਸੇਨ ਅਵਾਰਡ ਨਾਮਕ ਸਨਮਾਨ ਦਿੱਤਾ ਜਾਂਦਾ ਹੈ। ਨਾਸਾ ਵੱਲੋਂ ਮਰਕਰੀ ਗ੍ਰਹਿ ਦੇ ਇਕ ਬੁਝੇ ਹੋਏ ਜਵਾਲਾਮੁਖੀ ਦਾ ਨਾਂ ਉਸ ਦੇ ਸਨਮਾਨ ਵਿਚ ਤਾਨਸੇਨ ਕਰੇਟਰ ਰੱਖਿਆ ਗਿਆ ਹੈ।
ਬੈਜੂ ਬਾਵਰਾ
ਬੈਜ ਨਾਥ ਮਿਸ਼ਰਾ ਉਰਫ ਬੈਜੂ ਬਾਵਰਾ (ਕਮਲਾ) ਦਾ ਜਨਮ ਗੁਜਰਾਤ ਸੂਬੇ ਦੇ ਚੰਪਨੇਰ ਸ਼ਹਿਰ ਵਿਚ ਹੋਇਆ ਸੀ। ਉਸ ਦੇ ਮਾਤਾ ਪਿਤਾ, ਪਰਿਵਾਰ ਜਾਂ ਜਨਮ ਤਰੀਕ ਬਾਰੇ ਕੋਈ ਜ਼ਿਆਦਾ ਇਤਿਹਾਸਕ ਤੱਥ ਨਹੀਂ ਮਿਲਦੇ, ਪਰ ਮੰਨਿਆਂ ਜਾਂਦਾ ਹੈ ਕਿ ਉਹ ਤਾਨਸੇਨ ਤੋਂ ਕਰੀਬ 15-16 ਸਾਲ ਛੋਟਾ ਸੀ। ਉਹ ਅਤੇ ਤਾਨਸੇਨ ਗੁਰ ਭਾਈ ਸਨ ਤੇ ਦੋਵਾਂ ਨੇ ਹੀ ਸਵਾਮੀ ਹਰੀ ਦਾਸ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ ਕਿਉਂਕਿ ਬੈਜੂ ਬਾਵਰੇ ਦੇ ਪਿਤਾ ਦੇ ਮਰਨ ਤੋਂ ਬਾਅਦ ਉਸ ਦੀ ਕਿ੍ਰਸ਼ਨ ਭਗਤ ਮਾਂ ਵਰਿੰਦਾ ਵਣ ਚਲੀ ਗਈ ਸੀ। ਹੌਲੀ ਹੌਲੀ ਬੈਜੂ ਬਾਵਰਾ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ ਜਿਸ ਕਾਰਨ ਗਵਾਲੀਅਰ ਦੇ ਰਾਜੇ ਮਾਨ ਸਿੰਘ ਤੋਮਰ ਨੇ ਉਸ ਨੂੰ ਆਪਣਾ ਦਰਬਾਰੀ ਸੰਗੀਤਕਾਰ ਥਾਪ ਦਿੱਤਾ। ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਉਸ ਨੇ ਗੋਪਾਲ ਨਾਮਕ ਇਕ ਯਤੀਮ ਬੱਚੇ ਨੂੰ ਗੋਦ ਲੈ ਲਿਆ ਤੇ ਜਵਾਨ ਹੋਣ ’ਤੇ ਆਪਣੀ ਇਕ ਸ਼ਿਸ਼ਯਾ ਪ੍ਰਭਾ ਨਾਲ ਉਸ ਦੀ ਸ਼ਾਦੀ ਕਰ ਦਿੱਤੀ। ਬੈਜੂ ਬਾਵਰਾ ਦੀ ਛਤਰ ਛਾਇਆ ਹੇਠ ਗੋਪਾਲ ਵੀ ਵਧੀਆ ਸੰਗੀਤਕਾਰ ਬਣ ਗਿਆ। ਉਸ ਦੇ ਘਰ ਮੀਰਾ ਨਾਮਕ ਇਕ ਬੱਚੀ ਪੈਦਾ ਹੋਈ ਜਿਸ ਨੂੰ ਬੈਜੂ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਪਰ ਗੋਪਾਲ ਅਕਿ੍ਰਤਘਣ ਨਿਕਲਿਆ।
ਇਕ ਵਾਰ ਜਦੋਂ ਬੈਜੂ ਬਾਵਰਾ ਮਾਨ ਸਿੰਘ ਤੋਮਰ ਨਾਲ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਹ ਇਕ ਕਸ਼ਮੀਰੀ ਵਪਾਰੀ ਦੇ ਲਾਲਚ ਦੇਣ ’ਤੇ ਬਿਨਾ ਕਿਸੇ ਨੂੰ ਦੱਸੇ ਕਸ਼ਮੀਰ ਦੇ ਰਾਜੇ ਦੇ ਦਰਬਾਰ ਸ੍ਰੀ ਨਗਰ ਚਲਾ ਗਿਆ। ਜਦੋਂ ਬੈਜੂ ਵਾਪਸ ਆਇਆ ਤਾਂ ਘਰ ਨੂੰ ਖ਼ਾਲੀ ਵੇਖ ਕੇ ਉਸ ਨੂੰ ਭਾਰੀ ਸਦਮਾ ਪਹੁੰਚਿਆ। ਆਪਣੀ ਪਿਆਰੀ ਪੋਤਰੀ ਮੀਰਾ ਨੂੰ ਲੱਭਣ ਲਈ ਉਹ ਜਗ੍ਹਾ-ਜਗ੍ਹਾ ਕਮਲਿਆਂ ਵਾਂਗ ਫਿਰਨ ਲੱਗਾ ਤਾਂ ਲੋਕਾਂ ਨੇ ਉਸ ਦਾ ਨਾਮ ਬੈਜੂ ਬਾਵਰਾ ਰੱਖ ਦਿੱਤਾ। ਤਾਨਸੇਨ ਦਾ ਆਪਣੇ ਗੁਰ ਭਾਈ ਬੈਜੂ ਨਾਲ ਬਹੁਤ ਪਿਆਰ ਸੀ। ਉਸ ਨੇ ਬੈਜੂ ਨੂੰ ਵਾਪਸ ਸੰਗੀਤ ਜਗਤ ਵਿਚ ਲਿਆਉਣ ਲਈ ਰਾਜੇ ਰਾਮ ਚੰਦਰ ਸਿੰਘ ਨੂੰ ਕਹਿ ਕੇ ਇਕ ਸੰਗੀਤ ਪ੍ਰਤੀਯੋਗਤਾ ਰਖਵਾ ਦਿੱਤੀ ਤੇ ਐਲਾਨ ਕਰਵਾ ਦਿੱਤਾ ਕਿ ਇਸ ਵਿਚ ਤਾਨਸੇਨ ਅਤੇ ਬੈਜੂ ਬਾਵਰੇ ਦਰਮਿਆਨ ਮੁਕਾਬਲਾ ਹੋਵੇਗਾ।
ਢੰਢੋਰਾ ਸੁਣ ਕੇ ਬੈਜੂ ਬਾਵਰਾ ਚੰਦੇਰੀ ਪਹੁੰਚ ਗਿਆ ਤੇ ਸੀਨਾ ਬਸੀਨਾ ਚਲੀ ਆਉਂਦੀ ਲੋਕ ਗਾਥਾ ਮੁਤਾਬਕ ਉਸ ਨੇ ਮੁਕਾਬਲੇ ਵਿਚ ਤਾਨਸੇਨ ਨੂੰ ਹਰਾ ਦਿੱਤਾ। ਤਾਨਸੇਨ ਨੇ ਉੱਠ ਕੇ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ।
ਸੰਗੀਤ ’ਤੇ ਲਿਖੀਆਂ ਪੁਸਤਕਾਂ
ਗਵਾਲੀਅਰ ਸਟੇਟ ਦੇ ਜੈ ਵਿਲਾਸ ਮਹਿਲ ਵਿਚ ਰੱਖੀ ਇਕ ਪ੍ਰਾਚੀਨ ਪੁਸਤਕ ਵਿਚ ਦਰਜ ਹੈ ਕਿ ਬੈਜੂ ਬਾਵਰਾ ਵੀ ਤਾਨਸੇਨ ਵਾਂਗ ਰਾਗ ਮੇਘ ਮਲਹਾਰ ਨਾਲ ਬਾਰਸ਼ ਕਰਵਾ ਸਕਦਾ ਸੀ, ਰਾਗ ਦੀਪਕ ਰਾਹੀਂ ਦੀਪ ਬਾਲ ਸਕਦਾ ਸੀ ਤੇ ਰਾਗ ਬਹਾਰ ਰਾਹੀਂ ਫੱੁਲ ਖਿੜਾ ਸਕਦਾ ਸੀ। ਬੈਜੂ ਬਾਵਰੇ ਨੇ ਸੰਗੀਤ ’ਤੇ ਏਕਾਦਸ਼ਾ ਅਤੇ ਰਾਮਸਾਗਰ ਨਾਮਕ ਦੋ ਪੁਸਤਕਾਂ ਲਿਖੀਆਂ ਸਨ। ਸੰਨ 1610 ਵਿਚ ਚੰਦੇਰੀ ਵਿਖੇ ਟਾਈਫਾਈਡ ਕਾਰਨ ਬੈਜੂ ਬਾਵਰੇ ਦੀ ਮੌਤ ਹੋ ਗਈ ਜਿੱਥੇ ਉਸ ਦੀ ਸਮਾਧੀ ਬਣੀ ਹੋਈ ਹੈ।
- ਬਲਰਾਜ ਸਿੰਘ ਸਿੱਧੂ