ਨੌਂ ਸਾਲਾਂ ਦੀ ਦੇਰੀ ਤੋਂ ਬਾਅਦ ਜਿਸ ਤਰ੍ਹਾਂ ਮੇਰੇ 'ਤੇ ਅਪਰਾਧਿਕ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕਾਨੂੰਨੀ ਤੌਰ 'ਤੇ ਗਲਤ ਹੈ। ਵਾਰ-ਵਾਰ ਮੇਰਾ ਨਾਮ ਘਸੀਟਣਾ ਦੁਖਦਾਈ ਹੈ ਅਤੇ ਇਹ ਇੱਕ ਔਰਤ ਦੀ ਇੱਜ਼ਤ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਵੱਡੇ ਵਿਵਾਦ ਵਿੱਚ ਫਸਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੇ ਮੁੰਬਈ ਸਥਿਤ ਹੋਟਲ ਅਤੇ ਘਰ ਵਿੱਚ ਇਨਕਮ ਟੈਕਸ ਦੀ ਰੇਡ ਪਈ ਹੈ, ਉੱਥੇ ਹੀ ਦੂਜੇ ਪਾਸੇ 60 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੁਝ ਸਬੂਤ ਮਿਲਣ ਤੋਂ ਬਾਅਦ ਆਰਥਿਕ ਅਪਰਾਧ ਸ਼ਾਖਾ (EOW) ਨੇ ਕੇਸ ਵਿੱਚ ਧਾਰਾ 420 ਵੀ ਜੋੜ ਦਿੱਤੀ ਹੈ।
ਰਾਜ ਕੁੰਦਰਾ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਚੁੱਕੇ ਹਨ। ਹੁਣ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਚੁੱਪੀ ਤੋੜਦਿਆਂ ਇਸ ਮਾਮਲੇ ਦਾ ਪੂਰਾ ਸੱਚ ਖੁੱਲ੍ਹ ਕੇ ਦੱਸਿਆ ਹੈ।
ਸ਼ਿਲਪਾ ਨੇ ਕਿਹਾ- ਮੇਰੇ ਕੋਲ ਕੋਈ ਅਥਾਰਟੀ ਨਹੀਂ ਸੀ
60 ਕਰੋੜ ਦੀ ਧੋਖਾਧੜੀ ਦੇ ਦੋਸ਼ਾਂ 'ਤੇ ਬੋਲਦਿਆਂ ਸ਼ਿਲਪਾ ਨੇ ਕਿਹਾ, "ਮੈਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਇਸ ਮਾਮਲੇ ਵਿੱਚ ਜ਼ਬਰਦਸਤੀ ਮੇਰਾ ਨਾਮ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੰਪਨੀ ਨਾਲ ਮੇਰਾ ਜੁੜਾਅ ਪੂਰੀ ਤਰ੍ਹਾਂ 'ਨਾਨ-ਐਗਜ਼ੀਕਿਊਟਿਵ' ਸੀ। ਵਿੱਤ (Finance), ਫੈਸਲੇ ਲੈਣ ਜਾਂ ਕਿਸੇ ਵੀ ਦਸਤਖਤ ਕਰਨ ਦੀ ਅਥਾਰਟੀ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਸੀ। ਮੈਂ ਸਿਰਫ਼ ਇੱਕ ਪੇਸ਼ੇਵਰ ਵਜੋਂ ਕੁਝ ਪ੍ਰੋਡਕਟਸ ਐਂਡੋਰਸ (ਪ੍ਰਚਾਰ) ਕੀਤੇ ਸਨ, ਜਿਸ ਦੀ ਪੇਮੈਂਟ ਮੈਨੂੰ ਅਜੇ ਤੱਕ ਨਹੀਂ ਮਿਲੀ।"
20 ਕਰੋੜ ਰੁਪਏ ਦਾ ਦਿੱਤਾ ਹੋਇਆ ਹੈ ਲੋਨ
ਸ਼ਿਲਪਾ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਇਸ ਮਾਮਲੇ ਵਿੱਚ ਪੀੜਤ ਹੈ। ਉਸਨੇ ਕਿਹਾ, "ਮੈਂ ਇਹ ਰਿਕਾਰਡ 'ਤੇ ਲਿਆਉਣਾ ਚਾਹੁੰਦੀ ਹਾਂ ਕਿ ਇੱਕ ਪਰਿਵਾਰ ਵਜੋਂ ਅਸੀਂ ਖੁਦ ਕੰਪਨੀ ਨੂੰ ਲਗਪਗ 20 ਕਰੋੜ ਰੁਪਏ ਦਾ ਲੋਨ ਦਿੱਤਾ ਸੀ, ਜੋ ਅਜੇ ਤੱਕ ਵਾਪਸ ਨਹੀਂ ਮਿਲਿਆ। ਨੌਂ ਸਾਲਾਂ ਦੀ ਦੇਰੀ ਤੋਂ ਬਾਅਦ ਜਿਸ ਤਰ੍ਹਾਂ ਮੇਰੇ 'ਤੇ ਅਪਰਾਧਿਕ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕਾਨੂੰਨੀ ਤੌਰ 'ਤੇ ਗਲਤ ਹੈ। ਵਾਰ-ਵਾਰ ਮੇਰਾ ਨਾਮ ਘਸੀਟਣਾ ਦੁਖਦਾਈ ਹੈ ਅਤੇ ਇਹ ਇੱਕ ਔਰਤ ਦੀ ਇੱਜ਼ਤ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ।"
ਭਗਵਦ ਗੀਤਾ ਦੇ ਸ਼ਲੋਕ ਨਾਲ ਕਹੀ ਦਿਲ ਦੀ ਗੱਲ
ਸ਼ਿਲਪਾ ਸ਼ੈੱਟੀ ਨੇ ਆਪਣੇ ਬਿਆਨ ਵਿੱਚ ਕਿਹਾ, "ਜਿਵੇਂ ਕਿ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ, ਜੇਕਰ ਬੇਇਨਸਾਫ਼ੀ ਹੋ ਰਹੀ ਹੋਵੇ ਤਾਂ ਉਸ ਵਿਰੁੱਧ ਆਵਾਜ਼ ਉਠਾਉਣਾ ਤੁਹਾਡਾ ਫ਼ਰਜ਼ ਹੈ, ਅਜਿਹਾ ਨਾ ਕਰਨਾ ਆਪਣੇ ਆਪ ਵਿੱਚ ਅਧਰਮ ਹੈ। ਮੈਂ ਪਹਿਲਾਂ ਹੀ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਆਪਣੇ ਆਤਮ-ਸਨਮਾਨ ਦੀ ਰੱਖਿਆ ਲਈ ਕਾਨੂੰਨੀ ਕਦਮ ਚੁੱਕਾਂਗੀ। ਮੈਂ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਉਹ ਤੱਥਾਂ ਦੀ ਪੁਸ਼ਟੀ ਕਰਕੇ ਹੀ ਰਿਪੋਰਟਿੰਗ ਕਰਨ।"