ਮਲਾਈਕਾ ਦਾ ਕਹਿਣਾ ਹੈ, 'ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਕਤੀਸ਼ਾਲੀ ਔਰਤਾਂ ਪਸੰਦ ਨਹੀਂ ਆਉਂਦੀਆਂ। ਔਰਤਾਂ ਨੂੰ ਮਜ਼ਬੂਤ ਹੋਣ 'ਤੇ ਲਗਾਤਾਰ ਜੱਜ ਕੀਤਾ ਜਾਂਦਾ ਰਿਹਾ ਹੈ। ਮੈਂ ਸਿਰਫ਼ ਆਪਣੀ ਜ਼ਿੰਦਗੀ ਜੀਅ ਰਹੀ ਹਾਂ। ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ 'ਜਿਓ ਅਤੇ ਜੀਣ ਦਿਓ'। ਮੈਂ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਇਹੀ ਚਾਹਾਂਗੀ ਕਿ ਲੋਕ ਮੈਨੂੰ ਇਸੇ ਲਾਈਨ ਲਈ ਯਾਦ ਰੱਖਣ ਕਿ ਮੈਂ ਆਪਣੀ ਜ਼ਿੰਦਗੀ ਕੁਈਨ ਸਾਈਜ਼ ਜੀਅ ਕੇ ਗਈ ਹਾਂ।'
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਪਿਛਲੇ ਦਿਨੀਂ ਜਦੋਂ ਮਲਾਈਕਾ ਅਰੋੜਾ ਬਿਜ਼ਨੈੱਸਮੈਨ ਹਰਸ਼ ਮਹਿਤਾ ਦੇ ਨਾਲ ਨਜ਼ਰ ਆਈ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਖ਼ਬਰਾਂ ਬਣੀਆਂ ਕਿ ਉਹ ਆਪਣੇ ਤੋਂ ਘੱਟ ਉਮਰ ਦੇ ਮੁੰਡੇ ਨੂੰ ਡੇਟ ਕਰ ਰਹੀ ਹੈ। ਉਸ ਨੂੰ ਅਰਬਾਜ਼ ਖਾਨ ਤੋਂ ਤਲਾਕ ਲੈ ਕੇ, ਅਰਜੁਨ ਕਪੂਰ ਨਾਲ ਬ੍ਰੇਕਅੱਪ ਤੱਕ ਹਰ ਗੱਲ 'ਤੇ ਟਰੋਲ ਕੀਤਾ ਗਿਆ। ਕੀ ਮਲਾਈਕਾ 'ਤੇ ਇਸ ਦਾ ਕੋਈ ਫ਼ਰਕ ਪਿਆ, ਇਸ ਬਾਰੇ ਬੁੱਧਵਾਰ ਨੂੰ ਹੋਏ ਇੱਕ ਸਮਾਰੋਹ ਵਿੱਚ ਅਦਾਕਾਰਾ ਨੇ ਖੁੱਲ੍ਹ ਕੇ ਗੱਲ ਕੀਤੀ ਹੈ।
ਜਿਓ ਅਤੇ ਜੀਣ ਦਿਓ
ਮਲਾਈਕਾ ਦਾ ਕਹਿਣਾ ਹੈ, 'ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਕਤੀਸ਼ਾਲੀ ਔਰਤਾਂ ਪਸੰਦ ਨਹੀਂ ਆਉਂਦੀਆਂ। ਔਰਤਾਂ ਨੂੰ ਮਜ਼ਬੂਤ ਹੋਣ 'ਤੇ ਲਗਾਤਾਰ ਜੱਜ ਕੀਤਾ ਜਾਂਦਾ ਰਿਹਾ ਹੈ। ਮੈਂ ਸਿਰਫ਼ ਆਪਣੀ ਜ਼ਿੰਦਗੀ ਜੀਅ ਰਹੀ ਹਾਂ। ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ 'ਜਿਓ ਅਤੇ ਜੀਣ ਦਿਓ'। ਮੈਂ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਇਹੀ ਚਾਹਾਂਗੀ ਕਿ ਲੋਕ ਮੈਨੂੰ ਇਸੇ ਲਾਈਨ ਲਈ ਯਾਦ ਰੱਖਣ ਕਿ ਮੈਂ ਆਪਣੀ ਜ਼ਿੰਦਗੀ ਕੁਈਨ ਸਾਈਜ਼ ਜੀਅ ਕੇ ਗਈ ਹਾਂ।'
'ਮੇਰੇ ਜੀਵਨ ਵਿੱਚ ਕਈ ਮਹੱਤਵਪੂਰਨ ਤੇ ਸ਼ਾਨਦਾਰ ਪੁਰਸ਼ ਰਹੇ ਹਨ, ਪੁਰਸ਼ਾਂ ਪ੍ਰਤੀ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਸਨਮਾਨ ਅਤੇ ਪਿਆਰ ਹੈ। ਮੈਨੂੰ ਦਿੱਕਤ ਉੱਥੇ ਹੈ, ਜਿੱਥੇ ਜੇਕਰ ਕੋਈ ਪੁਰਸ਼ ਅੱਗੇ ਵਧਣ ਦਾ ਫੈਸਲਾ ਕਰੇ, ਤਲਾਕ ਲਵੇ, ਆਪਣੇ ਤੋਂ ਅੱਧੀ ਉਮਰ ਦੀ ਕਿਸੇ ਕੁੜੀ ਨਾਲ ਵਿਆਹ ਕਰ ਲਵੇ ਤਾਂ ਲੋਕ ਕਹਿੰਦੇ ਹਨ, ਵਾਹ, ਕੀ ਗੱਲ ਹੈ ਪਰ ਜਦੋਂ ਕੋਈ ਔਰਤ ਅਜਿਹਾ ਕਰਦੀ ਹੈ, ਤਾਂ ਉਸ 'ਤੇ ਸਵਾਲ ਉੱਠਦੇ ਹਨ ਕਿ ਅਜਿਹਾ ਕਿਉਂ ਕੀਤਾ? ਕੀ ਸਮਝ ਨਹੀਂ ਹੈ?' ਲਗਾਤਾਰ ਅਜਿਹੀਆਂ ਹੀ ਰੂੜੀਵਾਦੀ ਗੱਲਾਂ ਕਹੀਆਂ ਜਾਂਦੀਆਂ ਹਨ।'
ਅੱਗੇ ਮਲਾਈਕਾ ਨੇ ਕਿਹਾ ਕਿ ਉਨ੍ਹਾਂ 'ਤੇ ਹੁਣ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਨੇ ਆਪਣੀ ਚਮੜੀ ਮੋਟੀ ਕਰ ਲਈ ਹੈ। ਉਹ ਕਹਿੰਦੀ ਹੈ- 'ਮੈਂ ਬਾਹਰੋਂ ਪਤਲੀ-ਦੁਬਲੀ ਲੱਗਦੀ ਹਾਂ, ਪਰ ਸੱਚ ਕਹਾਂ, ਤਾਂ ਮੇਰੀ ਚਮੜੀ ਮੋਟੀ ਹੈ। ਮੈਨੂੰ ਕਿਸੇ ਚੀਜ਼ ਤੋਂ ਪਰੇਸ਼ਾਨੀ ਨਹੀਂ ਹੁੰਦੀ ਹੈ। ਸਾਡੇ ਪੇਸ਼ੇ ਵਿੱਚ ਤੁਸੀਂ ਕਿਵੇਂ ਦਿਖਦੇ ਹੋ, ਕਿੱਥੇ ਜਾਂਦੇ ਹੋ, ਕੀ ਕਰ ਰਹੇ ਹੋ, ਕੀ ਖਾ ਰਹੇ ਹੋ, ਕਿੱਥੇ ਜਾ ਰਹੇ ਹੋ ਹਰ ਚੀਜ਼ 'ਤੇ ਲੋਕ ਨਜ਼ਰ ਰੱਖਦੇ ਹਨ।
'ਮੈਂ ਬਿਨਾਂ ਕਿਸੇ ਸ਼ਿਕਾਇਤ ਦੇ ਸਭ ਸਹਿ ਲੈਂਦੀ ਹਾਂ। ਮੇਰੀ ਸਕਰਟ ਦੀ ਲੰਬਾਈ ਕੀ ਹੈ, ਮੇਰਾ ਤਲਾਕ, ਮਾਂ ਬਣਨ ਤੋਂ ਬਾਅਦ ਵੀ ਫਿਲਮਾਂ ਵਿੱਚ ਮੇਰਾ ਡਾਂਸ ਕਰਨਾ, ਸਭ ਕੁਝ ਮੁੱਦਾ ਬਣ ਗਿਆ ਸੀ। ਲੋਕ ਟਰੋਲ ਕਰਦੇ ਸਨ। ਜੇਕਰ ਹਰ ਛੋਟੀ ਗੱਲ ਦਾ ਅਸਰ ਹੁੰਦਾ, ਤਾਂ ਉਹ ਮੇਰੀ ਜ਼ਿੰਦਗੀ 'ਤੇ ਕੰਟਰੋਲ ਕਰਨ ਲੱਗ ਜਾਂਦੇ। ਜੇਕਰ ਇਹ ਸਭ ਸੋਚਾਂਗੀ ਤਾਂ ਜੀਵਨ ਵਿੱਚ ਅੱਗੇ ਨਹੀਂ ਵਧ ਪਾਵਾਂਗੀ। ਹੁਣ 50 ਸਾਲ ਦੀ ਉਮਰ ਵਿੱਚ ਮੈਂ ਇਹੀ ਸੋਚਦੀ ਹਾਂ ਕਿ ਭੌਂਕਦੇ ਰਹੋ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।'
ਲੇਖਕ ਬਣ ਗਈ ਹੈ ਮਲਾਈਕਾ
ਮਲਾਈਕਾ ਤੋਂ ਅਕਸਰ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਪੁੱਛਿਆ ਜਾਂਦਾ ਸੀ। ਇਸ ਨੂੰ ਮਲਾਈਕਾ ਨੇ ਆਪਣੀ ਕਿਤਾਬ ਦੇ ਪੰਨਿਆਂ ਵਿੱਚ ਸਾਂਭਿਆ ਹੈ। ਉਨ੍ਹਾਂ ਨੇ 'ਇਟਸ ਇਜ਼ੀ ਟੂ ਬੀ ਹੈਲਦੀ' (It's Easy To Be healthy) ਕਿਤਾਬ ਲਿਖੀ ਹੈ। ਉਹ ਕਹਿੰਦੀ ਹੈ, 'ਹਮੇਸ਼ਾ ਮੈਥੋਂ ਪੁੱਛਿਆ ਜਾਂਦਾ ਹੈ ਕਿ ਕੀ ਖਾਂਦੀ ਹੋ, ਕਦੋਂ ਸੌਂਦੀ ਹੋ, ਚਿਹਰੇ 'ਤੇ ਕੀ ਲਗਾਉਂਦੀ ਹੋ। ਇੱਕ ਦਿਨ ਲੱਗਿਆ ਕਿ ਕਿਉਂ ਨਾ ਸਭ ਕੁਝ ਕਿਤਾਬ ਵਿੱਚ ਲਿਖਿਆ ਜਾਵੇ। ਜੀਵਨ ਨੂੰ ਆਸਾਨ ਅਤੇ ਸਾਧਾਰਨ ਬਣਾਉਣ ਲਈ ਮੈਂ ਇਹ ਕਿਤਾਬ ਲਿਖੀ ਹੈ।'