Dharmendra ਨੇ ਉਸ ਦਿਨ ਦੀ ਯਾਦ ਤਾਜ਼ਾ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਅੱਜ ਤਾਂ 5 ਹਜ਼ਾਰ ਦਾ ਸਾਈਨਿੰਗ ਅਮਾਊਂਟ ਮਿਲੇਗਾ, ਪਰ ਸਾਹਮਣੇ ਬੈਠੇ ਤਿੰਨ ਲੋਕਾਂ ਨੇ ਆਪਣੀ ਜੇਬ 'ਚੋਂ 17-17 ਰੁਪਏ ਕੱਢੇ ਤੇ ਕੁੱਲ 51 ਰੁਪਏ ਦਿੱਤੇ।

ਐਂਟਰਟੇਨਮੈਂਟ ਡੈਸਕ : ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਪਰਦੇ 'ਤੇ ਜਿੰਨੇ ਜੋਸ਼ ਤੇ ਐਕਸ਼ਨ ਨਾਲ ਨਜ਼ਰ ਆਉਂਦੇ ਸਨ, ਅਸਲ ਜ਼ਿੰਦਗੀ 'ਚ ਵੀ ਓਨੇ ਹੀ ਸਰਲ ਤੇ ਸੁਲਝੇ ਹੋਏ ਸਨ। 'ਸ਼ੋਅਲੇ', 'ਜਾਗੀਰ' ਤੇ 'ਜਲਜਲਾ' ਵਰਗੀਆਂ ਸੁਪਰਹਿੱਟ ਫਿਲਮਾਂ ਤੋਂ ਲੈ ਕੇ ਹਾਲ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਤਕ, ਧਰਮਿੰਦਰ ਨੇ ਹਰ ਦੌਰ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਪਰ ਅੱਜ ਜਿਸ ਸਿਤਾਰੇ ਦੇ ਨਾਂ 'ਤੇ ਲੋਕ ਤਾੜੀਆਂ ਮਾਰਦੇ ਹਨ, ਉਸਦੇ ਸ਼ੁਰੂਆਤੀ ਦਿਨ ਕਾਫ਼ੀ ਸੰਘਰਸ਼ ਭਰੇ ਸਨ। ਧਰਮਿੰਦਰ ਨੇ ਇਕ ਪੁਰਾਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਦੇ ਕਿਸੇ ਨਿਰਮਾਤਾ ਜਾਂ ਨਿਰਦੇਸ਼ਕ ਦੇ ਅੱਗੇ ਕੰਮ ਲਈ ਤਰਲੇ ਨਹੀਂ ਪਾਏ, ਸਗੋਂ ਹਮੇਸ਼ਾ ਆਤਮ-ਸਨਮਾਨ ਨੂੰ ਪਹਿਲ ਦਿੱਤੀ।
ਧਰਮਿੰਦਰ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ 1960 'ਚ ਕੀਤੀ ਸੀ। ਉਨ੍ਹਾਂ ਬਲੈਕ ਐਂਡ ਵ੍ਹਾਈਟ ਫਿਲਮਾਂ ਤੋਂ ਲੈ ਕੇ ਕਲਰ ਸਿਨੇਮਾ ਤੇ ਟੀਵੀ ਦੇ ਦੌਰ ਤਕ ਦਾ ਬਦਲਾਅ ਦੇਖਿਆ। ਪ੍ਰਭੂ ਚਾਵਲਾ ਨਾਲ ਇਕ ਗੱਲਬਾਤ 'ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਕਦੇ ਕੰਮ ਲਈ ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਖੁਸ਼ਾਮਦ ਕੀਤੀ ਤਾਂ ਧਰਮਿੰਦਰ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਮੇਰੇ ਆਤਮ-ਸਨਮਾਨ ਤੋਂ ਵੱਡਾ ਮੇਰੇ ਲਈ ਕੁਝ ਨਹੀਂ ਹੈ। ਮੈਂ ਕੰਮ ਮੰਗਿਆ ਹੈ ਕਿਉਂਕਿ ਕਰਮ ਹੀ ਪੂਜਾ ਹੈ, ਪਰ ਉਸ ਲਈ ਤਪੱਸਿਆ ਕਰਨੀ ਪੈਂਦੀ ਹੈ। ਭਿਖਾਰੀਆਂ ਵਾਂਗ ਕੁਝ ਨਹੀਂ ਮਿਲਦਾ, ਭਗਵਾਨ ਕਿਸੇ ਨੂੰ ਉਹ ਨਾ ਬਣਾਏ।"
ਧਰਮਿੰਦਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ 'ਦਿਲ ਬੀ ਤੇਰਾ ਹਮ ਬੀ ਤੇਰੇ' ਉਦੋਂ ਮਿਲੀ ਜਦੋਂ ਉਹ ਅਰਜੁਨ ਮੋਰਾਨੀ ਨੂੰ ਮਿਲੇ ਸਨ। ਮੋਰਾਨੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਫਿਲਮ 'ਚ ਮੌਕਾ ਦੇਣਗੇ।
ਧਰਮਿੰਦਰ ਨੇ ਉਸ ਦਿਨ ਦੀ ਯਾਦ ਤਾਜ਼ਾ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਿਆ ਸੀ ਕਿ ਅੱਜ ਤਾਂ 5 ਹਜ਼ਾਰ ਦਾ ਸਾਈਨਿੰਗ ਅਮਾਊਂਟ ਮਿਲੇਗਾ, ਪਰ ਸਾਹਮਣੇ ਬੈਠੇ ਤਿੰਨ ਲੋਕਾਂ ਨੇ ਆਪਣੀ ਜੇਬ 'ਚੋਂ 17-17 ਰੁਪਏ ਕੱਢੇ ਤੇ ਕੁੱਲ 51 ਰੁਪਏ ਦਿੱਤੇ। ਉਨ੍ਹਾਂ ਹੱਸਦੇ ਹੋਏ ਅੱਗੇ ਦੱਸਿਆ ਕਿ ਉਸ 51 ਰੁਪਏ ਨਾਲ ਉਨ੍ਹਾਂ ਇਕ ਹੋਟਲ 'ਚ ਜਾ ਕੇ ਖਾਣਾ ਖਾਧਾ ਅਤੇ ਫਿਰ ਦੋਸਤਾਂ ਨਾਲ ਛੋਟੀ ਜਿਹੀ ਪਾਰਟੀ ਕੀਤੀ। ਧਰਮਿੰਦਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੀਣ ਦੀ ਆਦਤ ਬਾਲੀਵੁੱਡ ਦੇ ਪਾਰਟੀ ਕਲਚਰ 'ਚ ਸ਼ਾਮਲ ਹੋਣ ਤੋਂ ਬਾਅਦ ਹੀ ਲੱਗੀ।