ਵਿਆਹ ਤੋਂ ਬਾਅਦ ਦੋਵਾਂ ਦੇ ਤਿੰਨ ਬੱਚੇ ਹੋਏ ਪਰ ਪਿਛਲੇ ਦਿਨੀਂ ਹੀ ਸੇਲੀਨਾ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਪਤੀ ਦਾ ਤਸ਼ੱਦਦ ਹੈ। ਸੇਲੀਨਾ (Celina Jaitly Divorce) ਨੇ ਪਤੀ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ 'ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਪਰਦੇ 'ਤੇ ਦਰਸ਼ਕਾਂ ਦਾ ਦਿਲ ਜਿੱਤਿਆ ਪਰ ਇਕ ਸਮਾਂ ਅਜਿਹਾ ਆਇਆ ਕਿ ਇਹ ਅਦਾਕਾਰਾਂ ਫ਼ਿਲਮੀ ਪਰਦੇ ਤੋਂ ਗਾਇਬ ਹੋ ਗਈਆਂ। ਹਾਲਾਂਕਿ ਕੁਝ ਅਜਿਹੀਆਂ ਅਦਾਕਾਰਾਂ ਅਜੇ ਵੀ ਹਨ ਜੋ ਕੰਮ ਤਾਂ ਨਹੀਂ ਕਰ ਰਹੀਆਂ ਪਰ ਲਾਈਮਲਾਈਟ 'ਚ ਜ਼ਰੂਰ ਹਨ। ਇਕ ਅਜਿਹੀ ਹੀ ਅਦਾਕਾਰਾ ਹੈ ਜਿਸਦੀ ਜ਼ਿੰਦਗੀ ਵਿਚ ਦੁੱਖ ਘੱਟ ਨਹੀਂ ਹੋ ਰਹੇ। ਕਦੇ ਪਰਿਵਾਰ ਲਈ ਪਰੇਸ਼ਾਨ ਹੈ, ਕਦੇ ਬੱਚਿਆਂ ਲਈ ਤੇ ਕਦੇ ਪਤੀ ਵੱਲੋਂ ਦਿੱਤੇ ਦਰਦ ਤੋਂ ਉਹ ਉਭਰ ਨਹੀਂ ਪਾ ਰਹੀ। ਕੌਣ ਹੈ ਇਹ ਅਦਾਕਾਰਾ, ਚਲੋ ਤੁਹਾਨੂੰ ਦੱਸਦੇ ਹਾਂ...
ਜਿਸ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ ਸੇਲੀਨਾ ਜੇਟਲੀ (Celina Jaitly)। ਇਹ ਉਹੀ ਸੇਲੀਨਾ ਹੈ ਜਿਸ ਨੂੰ 2000 ਦੇ ਦਹਾਕੇ ਦੀ ਸ਼ੁਰੂਆਤ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਕਈ ਫ਼ਿਲਮਾਂ 'ਚ ਨਜ਼ਰ ਆਉਣ ਤੋਂ ਬਾਅਦ ਉਹ ਪਰਦੇ ਤੋਂ ਦੂਰ ਹੋ ਗਈ ਤੇ ਸਾਲ 2011 'ਚ ਆਸਟ੍ਰੀਆ ਦੇ ਕਾਰੋਬਾਰੀ ਪੀਟਰ ਹਾਗ ਨਾਲ ਵਿਆਹ ਕਰ ਕੇ ਆਪਣਾ ਘਰ ਵਸਾ ਲਿਆ
ਵਿਆਹ ਤੋਂ ਬਾਅਦ ਦੋਵਾਂ ਦੇ ਤਿੰਨ ਬੱਚੇ ਹੋਏ ਪਰ ਪਿਛਲੇ ਦਿਨੀਂ ਹੀ ਸੇਲੀਨਾ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਪਤੀ ਦਾ ਤਸ਼ੱਦਦ ਹੈ। ਸੇਲੀਨਾ (Celina Jaitly Divorce) ਨੇ ਪਤੀ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਕਿਵੇਂ ਉਹ ਆਪਣੇ ਬੱਚਿਆਂ ਤੋਂ ਦੂਰ ਹੋ ਗਈ ਹੈ ਤੇ ਪਤੀ ਨੇ ਉਨ੍ਹਾਂ ਦੀ 15ਵੀਂ ਵਰ੍ਹੇਗੰਢ (Anniversary) 'ਤੇ ਉਨ੍ਹਾਂ ਨੂੰ ਤਲਾਕ ਦੇ ਕਾਗਜ਼ ਫੜਾ ਦਿੱਤੇ।
ਸੇਲੀਨਾ ਨੇ ਇੰਸਟਾਗ੍ਰਾਮ 'ਤੇ ਇੱਕ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਲਿਖਿਆ ਹੈ ਕਿ ਕਿਵੇਂ ਉਹ ਆਪਣੇ ਗੁਆਂਢੀਆਂ ਦੀ ਮਦਦ ਨਾਲ ਰਾਤ ਨੂੰ 11 ਵਜੇ ਆਸਟ੍ਰੀਆ ਤੋਂ ਭੱਜੀ ਅਤੇ ਆਪਣੇ ਸਵੈ-ਮਾਣ (Self-respect) ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਦੂਰ ਹੋਣਾ ਪਿਆ। ਸੇਲੀਨਾ ਨੇ ਲਿਖਿਆ:
"ਮੈਂ ਆਪਣੇ ਸਵੈ-ਮਾਣ ਕਾਰਨ ਆਪਣੇ ਬੱਚਿਆਂ ਨੂੰ ਖੋ ਦਿੱਤਾ, ਇਹ ਉਦੋਂ ਹੋਇਆ ਜਦੋਂ ਮੈਂ ਆਪਣੇ ਭਰਾ ਅਤੇ ਆਪਣੇ ਲਈ ਆਸਟ੍ਰੀਆ ਛੱਡਣ ਦਾ ਫੈਸਲਾ ਕੀਤਾ। ਇਹ ਉਨ੍ਹਾਂ ਸਾਰੀਆਂ ਔਰਤਾਂ ਅਤੇ ਮਰਦਾਂ ਲਈ ਹੈ ਜਿਨ੍ਹਾਂ ਨੇ ਮੈਨੂੰ ਆਪਣੇ ਦੁਖਦਾਈ ਵਿਆਹਾਂ ਦੀਆਂ ਕਹਾਣੀਆਂ ਸੁਣਾਈਆਂ। ਤੁਸੀਂ ਇਕੱਲੇ ਨਹੀਂ ਹੋ। 11 ਅਕਤੂਬਰ 2025 ਦੀ ਰਾਤ 1 ਵਜੇ, ਮੈਂ ਗੁਆਂਢੀਆਂ ਦੀ ਮਦਦ ਨਾਲ ਆਸਟ੍ਰੀਆ ਛੱਡਿਆ ਤਾਂ ਜੋ ਮੈਂ ਉਸ ਜ਼ੁਲਮ ਤੇ ਸ਼ੋਸ਼ਣ ਤੋਂ ਬਚ ਸਕਾਂ ਜਿਸ ਨੂੰ ਮੈਂ ਲੰਬੇ ਸਮੇਂ ਤੋਂ ਝੱਲ ਰਹੀ ਸੀ। ਮੈਨੂੰ ਮਜਬੂਰੀ 'ਚ ਸਿਰਫ਼ ਥੋੜ੍ਹੇ ਜਿਹੇ ਪੈਸਿਆਂ ਨਾਲ ਭਾਰਤ ਵਾਪਸ ਆਉਣਾ ਪਿਆ ਤਾਂ ਜੋ ਮੈਂ ਆਪਣੀ ਅਗਲੀ ਜ਼ਿੰਦਗੀ ਜੀ ਸਕਾਂ। ਭਾਰਤ ਵਿਚ ਮੈਨੂੰ ਆਪਣੇ ਹੀ ਘਰ 'ਚ ਜਾਣ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ ਕਿਉਂਕਿ ਮੇਰਾ ਪਤੀ ਹੁਣ ਉਸ ਘਰ 'ਤੇ ਆਪਣਾ ਹੱਕ ਜਮਾ ਰਿਹਾ ਹੈ। ਇਨ੍ਹਾਂ ਸਾਰੀਆਂ ਕਾਨੂੰਨੀ ਕਾਰਵਾਈਆਂ ਲਈ ਮੈਨੂੰ ਭਾਰੀ ਕਰਜ਼ਾ ਲੈਣਾ ਪਿਆ। ਆਸਟ੍ਰੀਆ ਦੀ ਅਦਾਲਤ ਦੇ 'ਜੁਆਇੰਟ ਕਸਟਡੀ' ਦੇ ਹੁਕਮ ਦੇ ਬਾਵਜੂਦ ਮੈਨੂੰ ਮੇਰੇ ਬੱਚਿਆਂ ਨਾਲ ਗੱਲ ਤੱਕ ਨਹੀਂ ਕਰਨ ਦਿੱਤੀ ਜਾ ਰਹੀ। ਮੇਰੇ ਬੱਚਿਆਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਮਾਂ ਦੇ ਖ਼ਿਲਾਫ਼ ਬੋਲਣ।"
ਸੇਲੀਨਾ ਇੱਥੇ ਹੀ ਨਹੀਂ ਰੁਕੀ, ਉਨ੍ਹਾਂ ਨੇ ਆਪਣੀ ਪੋਸਟ ਵਿੱਚ ਅੱਗੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਐਨੀਵਰਸਰੀ ਦੇ ਮੌਕੇ 'ਤੇ ਪਤੀ ਨੇ ਉਨ੍ਹਾਂ ਨੂੰ ਤਲਾਕ ਦੇ ਕਾਗਜ਼ ਹੱਥ 'ਚ ਫੜਾ ਦਿੱਤੇ। ਸੇਲੀਨਾ ਨੇ ਦੱਸਿਆ:
"ਸਤੰਬਰ 'ਚ ਸਾਡੇ ਵਿਆਹ ਦੀ 15ਵੀਂ ਵਰ੍ਹੇਗੰਢ 'ਤੇ ਮੇਰਾ ਪਤੀ ਮੈਨੂੰ ਪੋਸਟ ਆਫਿਸ ਲੈ ਗਿਆ ਤੇ ਕਿਹਾ ਕਿ ਕੋਈ ਤੋਹਫ਼ਾ ਮੇਰੇ ਲਈ ਆਇਆ ਹੈ। ਜਦੋਂ ਮੈਂ ਉੱਥੇ ਗਈ ਤਾਂ ਉਨ੍ਹਾਂ ਮੈਨੂੰ ਤਲਾਕ ਦਾ ਨੋਟਿਸ ਫੜਾ ਦਿੱਤਾ ਅਤੇ ਕਿਹਾ ਕਿ 'ਇਹ ਲਓ ਤਲਾਕ ਦਾ ਤੋਹਫ਼ਾ'। ਇਸ ਤੋਂ ਬਾਅਦ ਮੈਂ ਬੱਚਿਆਂ ਦੇ ਭਲੇ ਲਈ ਸ਼ਾਂਤੀ ਨਾਲ ਵੱਖ ਹੋਣ ਦੀ ਵਾਰ-ਵਾਰ ਕਾਨੂੰਨੀ ਕੋਸ਼ਿਸ਼ ਕੀਤੀ। ਪਰ ਬਦਲੇ 'ਚ ਮੇਰੇ ਤੋਂ ਮੇਰੀ ਵਿਆਹ ਤੋਂ ਪਹਿਲਾਂ ਦੀ ਜਾਇਦਾਦ ਮੰਗੀ ਗਈ ਤੇ ਅਜਿਹੀਆਂ ਸ਼ਰਤਾਂ ਰੱਖੀਆਂ ਗਈਆਂ ਜੋ ਮੇਰੀ ਆਜ਼ਾਦੀ ਅਤੇ ਸਨਮਾਨ ਖੋਹਣ ਵਾਲੀਆਂ ਸਨ। ਇਕ ਮਾਂ ਵਜੋਂ ਮੈਨੂੰ ਖੁਦ ਨੂੰ ਸਾਬਤ ਕਰਨ ਲਈ ਕਿਹਾ ਗਿਆ, ਜਦਕਿ ਮੈਂ ਆਪਣੇ ਬੱਚਿਆਂ ਦੀ ਹੀ ਦੇਖਭਾਲ ਕਰ ਰਹੀ ਸੀ। ਇੱਕ ਪਲ ਵਿੱਚ ਮੇਰੀ ਦੁਨੀਆ ਖੋਹ ਲਈ ਗਈ।"
ਤੁਹਾਨੂੰ ਦੱਸ ਦੇਈਏ ਕਿ ਇਕ ਪਾਸੇ ਸੇਲੀਨਾ ਆਪਣੇ ਪਤੀ ਨਾਲ ਲੜਾਈ ਲੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦਾ ਭਰਾ UAE ਦੀ ਜੇਲ੍ਹ 'ਚ ਬੰਦ ਹੈ, ਜਿਸ ਲਈ ਉਹ ਲਗਾਤਾਰ ਕਾਨੂੰਨੀ ਲੜਾਈ ਲੜ ਰਹੀ ਹੈ। ਬਾਲੀਵੁੱਡ ਵਿੱਚ ਸੇਲੀਨਾ ਨੇ 'ਨੋ ਐਂਟਰੀ', 'ਜਾਨਸ਼ੀਨ', 'ਟਾਮ, ਡਿਕ ਐਂਡ ਹੈਰੀ' ਅਤੇ 'ਥੈਂਕ ਯੂ' ਸਮੇਤ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ।